ਯੂਹੰਨਾ 13
13
ਯਿਸੂ ਦਾ ਆਪਣੇ ਚੇਲਿਆਂ ਦੇ ਪੈਰ ਧੋਣਾ
1ਹੁਣ ਪਸਾਹ ਦੇ ਤਿਉਹਾਰ ਤੋਂ ਪਹਿਲਾਂ ਜਦੋਂ ਯਿਸੂ ਨੇ ਇਹ ਜਾਣ ਲਿਆ ਕਿ ਮੇਰਾ ਇਸ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਪਹੁੰਚਿਆ ਹੈ, ਤਾਂ ਆਪਣੇ ਲੋਕਾਂ ਨੂੰ ਜੋ ਸੰਸਾਰ ਵਿੱਚ ਸਨ ਜਿਸ ਤਰ੍ਹਾਂ ਪਿਆਰ ਕਰਦਾ ਸੀ, ਅੰਤ ਤੱਕ ਉਸੇ ਤਰ੍ਹਾਂ ਪਿਆਰ ਕਰਦਾ ਰਿਹਾ। 2ਭੋਜਨ ਕਰਦੇ ਸਮੇਂ ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਾ ਸੀ ਕਿ ਉਹ ਉਸ ਨੂੰ ਫੜਵਾ ਦੇਵੇ। 3ਯਿਸੂ ਇਹ ਜਾਣ ਕੇ ਜੋ ਪਿਤਾ ਨੇ ਸਭ ਕੁਝ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ ਅਤੇ ਮੈਂ ਪਰਮੇਸ਼ਰ ਕੋਲੋਂ ਆਇਆ ਹਾਂ ਤੇ ਪਰਮੇਸ਼ਰ ਕੋਲ ਜਾਂਦਾ ਹਾਂ, 4ਭੋਜਨ ਤੋਂ ਉੱਠਿਆ ਅਤੇ ਆਪਣੇ ਬਾਹਰੀ ਵਸਤਰ ਉਤਾਰ ਕੇ ਪਾਸੇ ਰੱਖੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ। 5ਫਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਉਸ ਨੇ ਲੱਕ ਨੂੰ ਬੰਨ੍ਹਿਆ ਹੋਇਆ ਸੀ, ਪੂੰਝਣ ਲੱਗਾ। 6ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਆਇਆ ਤਾਂ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਤੂੰ ਮੇਰੇ ਪੈਰ ਧੋਂਦਾ ਹੈਂ?” 7ਯਿਸੂ ਨੇ ਉਸ ਨੂੰ ਕਿਹਾ,“ਜੋ ਮੈਂ ਕਰਦਾ ਹਾਂ ਤੂੰ ਹੁਣ ਨਹੀਂ ਸਮਝਦਾ, ਪਰ ਬਾਅਦ ਵਿੱਚ ਇਸ ਨੂੰ ਸਮਝੇਂਗਾ।” 8ਪਤਰਸ ਨੇ ਕਿਹਾ, “ਤੂੰ ਮੇਰੇ ਪੈਰ ਕਦੇ ਨਾ ਧੋਵੇਂਗਾ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਜੇ ਮੈਂ ਤੇਰੇ ਪੈਰ ਨਾ ਧੋਵਾਂ ਤਾਂ ਮੇਰੇ ਨਾਲ ਤੇਰੀ ਕੋਈ ਸਾਂਝ ਨਹੀਂ ਹੈ।” 9ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫਿਰ ਕੇਵਲ ਮੇਰੇ ਪੈਰ ਹੀ ਨਹੀਂ, ਸਗੋਂ ਹੱਥ ਅਤੇ ਸਿਰ ਵੀ ਧੋ ਦੇ।” 10ਯਿਸੂ ਨੇ ਉਸ ਨੂੰ ਕਿਹਾ,“ਜੋ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਤੋਂ ਇਲਾਵਾ ਕੁਝ ਧੋਣ ਦੀ ਜ਼ਰੂਰਤ ਨਹੀਂ, ਸਗੋਂ ਉਹ ਪੂਰਾ ਸ਼ੁੱਧ ਹੈ; ਤੁਸੀਂ ਸ਼ੁੱਧ ਹੋ ਪਰ ਸਾਰੇ ਨਹੀਂ।” 11ਉਹ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ; ਇਸੇ ਲਈ ਉਸ ਨੇ ਕਿਹਾ,“ਤੁਸੀਂ ਸਾਰੇ ਸ਼ੁੱਧ ਨਹੀਂ ਹੋ।”
ਪੈਰ ਧੋਣ ਦਾ ਅਰਥ
12ਜਦੋਂ ਉਹ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਆਪਣੇ ਬਾਹਰੀ ਵਸਤਰ ਪਹਿਨ ਕੇ ਫੇਰ ਭੋਜਨ ਕਰਨ ਬੈਠ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? 13ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਬੁਲਾਉਂਦੇ ਹੋ; ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ। 14ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਦੇ ਦਿੱਤਾ ਹੈ, ਤਾਂਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਕਰੋ। 16ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ। 17ਜੇ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਵੀ ਕਰਦੇ ਹੋ ਤਾਂ ਤੁਸੀਂ ਧੰਨ ਹੋ। 18ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਕਹਿੰਦਾ; ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ, ਪਰ ਇਸ ਲਈ ਕਿ ਲਿਖਤ ਪੂਰੀ ਹੋਵੇ,
‘ਜੋ ਮੇਰੀ ਰੋਟੀ ਖਾਂਦਾ ਹੈ, ਉਸੇ ਨੇ ਮੇਰੇ ਉੱਤੇ ਆਪਣੀ ਲੱਤ ਚੁੱਕੀ’। #
ਜ਼ਬੂਰ 41:9
19 “ਹੁਣ ਮੈਂ ਇਸ ਗੱਲ ਦੇ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਹਾਂ ਤਾਂਕਿ ਜਦੋਂ ਇਹ ਪੂਰੀ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹੋ ਹਾਂ। 20ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।”
ਯਿਸੂ ਵੱਲੋਂ ਧੋਖੇ ਨਾਲ ਫੜਵਾਏ ਜਾਣ ਦੀ ਭਵਿੱਖਬਾਣੀ
21ਇਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਵਿਆਕੁਲ ਹੋਇਆ ਅਤੇ ਗਵਾਹੀ ਦੇ ਕੇ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।” 22ਚੇਲੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਵੱਲ ਵੇਖਣ ਲੱਗੇ ਕਿ ਉਹ ਕਿਸ ਦੀ ਗੱਲ ਕਰ ਰਿਹਾ ਹੈ। 23ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਯਿਸੂ ਦੀ ਛਾਤੀ 'ਤੇ ਢਾਸਣਾ ਲਾਇਆ ਹੋਇਆ ਸੀ। 24ਇਸ ਲਈ ਸ਼ਮਊਨ ਪਤਰਸ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਪੁੱਛੇ ਕਿ ਉਹ ਕੌਣ ਹੈ ਜਿਸ ਦੀ ਉਹ ਗੱਲ ਕਰ ਰਿਹਾ ਹੈ। 25ਤਦ ਉਸ ਨੇ ਉਸੇ ਤਰ੍ਹਾਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ, “ਪ੍ਰਭੂ ਜੀ, ਉਹ ਕੌਣ ਹੈ?” 26ਯਿਸੂ ਨੇ ਉੱਤਰ ਦਿੱਤਾ,“ਜਿਸ ਨੂੰ ਮੈਂ ਬੁਰਕੀ ਡੁਬੋ ਕੇ ਦਿਆਂਗਾ, ਉਹੋ ਹੈ।” ਤਦ ਉਸ ਨੇ ਬੁਰਕੀ ਲਈ ਅਤੇ ਡੁਬੋ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ। 27ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ। ਤਦ ਯਿਸੂ ਨੇ ਉਸ ਨੂੰ ਕਿਹਾ,“ਜੋ ਤੂੰ ਕਰਨਾ ਹੈ ਛੇਤੀ ਕਰ।” 28ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਸਮਝਿਆ ਕਿ ਉਸ ਨੇ ਇਹ ਉਸ ਨੂੰ ਕਿਉਂ ਕਿਹਾ। 29ਥੈਲੀ ਯਹੂਦਾ ਕੋਲ ਰਹਿੰਦੀ ਸੀ, ਇਸ ਲਈ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਸਾਨੂੰ ਜ਼ਰੂਰਤ ਹੈ ਖਰੀਦ ਲਿਆ, ਜਾਂ ਇਹ ਕਿ ਗਰੀਬਾਂ ਨੂੰ ਕੁਝ ਦੇ। 30ਤਦ ਉਹ ਬੁਰਕੀ ਲੈਣ ਤੋਂ ਬਾਅਦ ਤੁਰੰਤ ਬਾਹਰ ਨਿੱਕਲ ਗਿਆ; ਇਹ ਰਾਤ ਦਾ ਸਮਾਂ ਸੀ।
ਇੱਕ ਨਵਾਂ ਹੁਕਮ
31ਜਦੋਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਕਿਹਾ,“ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਅਤੇ ਉਸੇ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ। 32ਜੇ ਉਸ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ ਹੈ ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਮਹਿਮਾ ਕਰੇਗਾ, ਸਗੋਂ ਤੁਰੰਤ ਹੀ ਉਸ ਦੀ ਮਹਿਮਾ ਕਰੇਗਾ। 33ਹੇ ਬੱਚਿਓ, ਹੁਣ ਥੋੜ੍ਹੀ ਦੇਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ ਅਤੇ ਜਿਵੇਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ, ਹੁਣ ਮੈਂ ਤੁਹਾਨੂੰ ਵੀ ਕਹਿੰਦਾ ਹਾਂ। 34ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ; ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। 35ਜੇ ਤੁਸੀਂ ਆਪਸ ਵਿੱਚ ਪਿਆਰ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
36ਸ਼ਮਊਨ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਤੂੰ ਕਿੱਥੇ ਜਾਂਦਾ ਹੈਂ?” ਯਿਸੂ ਨੇ ਉੱਤਰ ਦਿੱਤਾ,“ਜਿੱਥੇ ਮੈਂ ਜਾਂਦਾ ਹਾਂ, ਉੱਥੇ ਤੂੰ ਹੁਣ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਬਾਅਦ ਵਿੱਚ ਆਵੇਂਗਾ।” 37ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਹੁਣ ਮੈਂ ਤੇਰੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੇਰੇ ਲਈ ਆਪਣੀ ਜਾਨ ਵੀ ਦਿਆਂਗਾ।” 38ਯਿਸੂ ਨੇ ਉੱਤਰ ਦਿੱਤਾ,“ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ? ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਤਿੰਨ ਵਾਰ ਮੇਰਾ ਇਨਕਾਰ ਨਾ ਕਰ ਲਵੇਂ, ਮੁਰਗਾ ਬਾਂਗ ਨਾ ਦੇਵੇਗਾ।”
Pilihan Saat Ini:
ਯੂਹੰਨਾ 13: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative