ਰਸੂਲ 7
7
ਇਸਤੀਫ਼ਾਨ ਦਾ ਉਪਦੇਸ਼
1ਫਿਰ ਮਹਾਂਯਾਜਕ ਨੇ ਕਿਹਾ, “ਕੀ ਇਹ ਗੱਲਾਂ ਸੱਚ ਹਨ?” 2ਇਸਤੀਫ਼ਾਨ ਨੇ ਕਿਹਾ, “ਹੇ ਭਾਈਓ ਅਤੇ ਬਜ਼ੁਰਗੋ, ਸੁਣੋ: ਤੇਜ ਦਾ ਪਰਮੇਸ਼ਰ ਸਾਡੇ ਪੁਰਖੇ ਅਬਰਾਹਾਮ ਉੱਤੇ ਜਦੋਂ ਉਹ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮਸੋਪੋਤਾਮਿਯਾ ਵਿੱਚ ਸੀ, ਪਰਗਟ ਹੋਇਆ। 3ਅਤੇ ਉਸ ਨੂੰ ਕਿਹਾ, ‘ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ ਨੂੰ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ’।#ਉਤਪਤ 12:1 4ਤਦ ਉਹ ਕਲਦੀਆਂ ਦੇ ਦੇਸ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ; ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਮੇਸ਼ਰ ਨੇ ਉਸ ਨੂੰ ਉੱਥੋਂ ਇਸ ਦੇਸ ਵਿੱਚ ਵਸਾ ਦਿੱਤਾ ਜਿਸ ਵਿੱਚ ਹੁਣ ਤੁਸੀਂ ਰਹਿੰਦੇ ਹੋ। 5ਉਸ ਨੇ ਉਸ ਨੂੰ ਇਸ ਦੇਸ ਵਿੱਚ ਨਾ ਕੋਈ ਮਿਰਾਸ ਅਤੇ ਨਾ ਹੀ ਪੈਰ ਰੱਖਣ ਦੀ ਥਾਂ ਦਿੱਤੀ, ਪਰ ਇਹ ਵਾਇਦਾ ਕੀਤਾ ਕਿ ਮੈਂ ਇਹ ਦੇਸ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਅੰਸ ਨੂੰ ਮਲਕੀਅਤ ਦੇ ਤੌਰ 'ਤੇ ਦਿਆਂਗਾ, ਜਦਕਿ ਉਸ ਦੀ ਅਜੇ ਕੋਈ ਸੰਤਾਨ ਨਹੀਂ ਸੀ। 6ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ ਕਿਤੇਰੀ ਅੰਸ ਪਰਾਏ ਦੇਸ ਵਿੱਚ ਪਰਦੇਸੀ ਹੋਵੇਗੀ ਅਤੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਨਗੇ।#ਉਤਪਤ 15:13 7ਫਿਰ ਪਰਮੇਸ਼ਰ ਨੇ ਕਿਹਾ,‘ਮੈਂ ਉਸ ਕੌਮ ਨੂੰ ਦੰਡ ਦਿਆਂਗਾ ਜਿਸ ਦੇ ਉਹ ਗੁਲਾਮ ਹੋਣਗੇ ਅਤੇ ਇਸ ਤੋਂ ਬਾਅਦ ਉਹ ਨਿੱਕਲ ਆਉਣਗੇ ਅਤੇ ਇਸ ਥਾਂ 'ਤੇ ਮੇਰੀ ਉਪਾਸਨਾ ਕਰਨਗੇ’।#ਉਤਪਤ 15:14 8ਪਰਮੇਸ਼ਰ ਨੇ ਅਬਰਾਹਾਮ ਨਾਲ ਸੁੰਨਤ ਦਾ ਨੇਮ ਬੰਨ੍ਹਿਆ। ਸੋ ਇਸ ਤਰ੍ਹਾਂ ਉਸ ਤੋਂ ਇਸਹਾਕ ਪੈਦਾ ਹੋਇਆ ਅਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ। ਫਿਰ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰਾਂ ਕੁਲਪਤੀ ਪੈਦਾ ਹੋਏ।
ਯੂਸੁਫ਼ ਦਾ ਮਿਸਰ ਉੱਤੇ ਸ਼ਾਸਕ ਹੋਣਾ
9“ਕੁਲਪਤੀਆਂ ਨੇ ਯੂਸੁਫ਼ ਨਾਲ ਈਰਖਾ ਕਰਕੇ ਉਸ ਨੂੰ ਮਿਸਰ ਜਾਣ ਵਾਲਿਆਂ ਦੇ ਹੱਥ ਵੇਚ ਦਿੱਤਾ, ਪਰ ਪਰਮੇਸ਼ਰ ਉਸ ਦੇ ਨਾਲ ਸੀ 10ਅਤੇ ਉਸ ਦੇ ਸਾਰੇ ਕਸ਼ਟਾਂ ਤੋਂ ਉਸ ਨੂੰ ਛੁਡਾਇਆ। ਉਸ ਨੇ ਉਸ ਨੂੰ ਮਿਸਰ ਦੇ ਰਾਜੇ ਫ਼ਿਰਊਨ ਦੇ ਸਾਹਮਣੇ ਕਿਰਪਾ ਅਤੇ ਬੁੱਧ ਬਖਸ਼ੀ ਅਤੇ ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਉੱਤੇ ਹਾਕਮ ਠਹਿਰਾਇਆ। 11ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪੁਰਖਿਆਂ ਨੂੰ ਭੋਜਨ ਨਹੀਂ ਮਿਲਦਾ ਸੀ। 12ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ। 13ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ ਅਤੇ ਫ਼ਿਰਊਨ ਨੂੰ ਵੀ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ। 14ਫਿਰ ਯੂਸੁਫ਼ ਨੇ ਸੰਦੇਸ਼ ਭੇਜ ਕੇ ਆਪਣੇ ਪਿਤਾ ਯਾਕੂਬ ਅਤੇ ਸਾਰੇ ਪਰਿਵਾਰ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ। 15ਸੋ ਯਾਕੂਬ ਮਿਸਰ ਵਿੱਚ ਗਿਆ; ਉਹ ਅਤੇ ਸਾਡੇ ਪੁਰਖੇ ਉੱਥੇ ਹੀ ਮਰ ਗਏ 16ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਸ਼ਕਮ ਵਿੱਚ ਲਿਆਂਦੇ ਗਏ ਤੇ ਉਸ ਕਬਰਸਤਾਨ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ ਕੇ ਖਰੀਦਿਆ ਸੀ।
17“ਪਰ ਜਿਵੇਂ ਜਿਵੇਂ ਉਸ ਵਾਇਦੇ ਦਾ ਸਮਾਂ ਨੇੜੇ ਆਉਂਦਾ ਗਿਆ ਜੋ ਪਰਮੇਸ਼ਰ ਨੇ ਅਬਰਾਹਾਮ ਨਾਲ ਕੀਤਾ ਸੀ#7:17 ਕੁਝ ਹਸਤਲੇਖਾਂ ਵਿੱਚ “ਜੋ ਪਰਮੇਸ਼ਰ ਨੇ ਅਬਰਾਹਾਮ ਨਾਲ ਕੀਤਾ ਸੀ” ਦੇ ਸਥਾਨ 'ਤੇ “ਜਿਸ ਦੀ ਸੌਂਹ ਪਰਮੇਸ਼ਰ ਨੇ ਅਬਰਾਹਾਮ ਨਾਲ ਖਾਧੀ ਸੀ” ਲਿਖਿਆ ਹੈ। ਤਾਂ ਮਿਸਰ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਗਈ। 18ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਹੋਇਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 19ਉਸ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪੁਰਖਿਆਂ ਉੱਤੇ ਅਜਿਹਾ ਅੱਤਿਆਚਾਰ ਕੀਤਾ ਕਿ ਉਨ੍ਹਾਂ ਨੂੰ ਆਪਣੇ ਨਵਜਾਤ ਬੱਚਿਆਂ ਨੂੰ ਬਾਹਰ ਸੁੱਟਣਾ ਪਿਆ ਤਾਂਕਿ ਉਹ ਜੀਉਂਦੇ ਨਾ ਰਹਿਣ। 20ਉਸੇ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਨੂੰ ਬਹੁਤ ਪਿਆਰਾ ਸੀ। ਤਿੰਨ ਮਹੀਨੇ ਉਸ ਦਾ ਪਾਲਣ-ਪੋਸ਼ਣ ਉਸ ਦੇ ਪਿਤਾ ਦੇ ਘਰ ਵਿੱਚ ਹੋਇਆ 21ਅਤੇ ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ ਤਾਂ ਫ਼ਿਰਊਨ ਦੀ ਬੇਟੀ ਨੇ ਉਸ ਨੂੰ ਲਿਆ ਅਤੇ ਆਪਣਾ ਪੁੱਤਰ ਕਰਕੇ ਪਾਲਿਆ। 22ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿੱਦਿਆ ਸਿਖਾਈ ਗਈ ਅਤੇ ਉਹ ਆਪਣੀ ਕਥਨੀ ਅਤੇ ਕਰਨੀ ਵਿੱਚ ਸਮਰੱਥ ਸੀ।
23“ਪਰ ਜਦੋਂ ਉਹ ਚਾਲ੍ਹੀਆਂ ਸਾਲਾਂ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਆਪਣੇ ਇਸਰਾਏਲੀ ਭਾਈਆਂ ਦੀ ਸੁੱਧ ਲਵੇ। 24ਤਦ ਇੱਕ ਨਾਲ ਅਨਿਆਂ ਹੁੰਦਾ ਵੇਖ ਕੇ ਉਸ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਸਤਾਏ ਹੋਏ ਦਾ ਬਦਲਾ ਲਿਆ। 25ਉਸ ਨੇ ਸੋਚਿਆ ਕਿ ਉਸ ਦੇ ਭਾਈ ਸਮਝਣਗੇ ਕਿ ਪਰਮੇਸ਼ਰ ਉਸ ਦੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇ ਰਿਹਾ ਹੈ, ਪਰ ਉਹ ਨਾ ਸਮਝੇ। 26ਫਿਰ ਅਗਲੇ ਦਿਨ ਉਸ ਨੇ ਉਨ੍ਹਾਂ ਨੂੰ ਆਪਸ ਵਿੱਚ ਲੜਦੇ ਵੇਖਿਆ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਸਮਝੌਤਾ ਕਰਾਉਣ ਲੱਗਾ, ‘ਮਿੱਤਰੋ, ਤੁਸੀਂ ਤਾਂ ਭਾਈ-ਭਾਈ ਹੋ, ਫਿਰ ਇੱਕ ਦੂਜੇ ਨੂੰ ਕਿਉਂ ਮਾਰਦੇ ਹੋ’? 27ਪਰ ਜਿਹੜਾ ਆਪਣੇ ਗੁਆਂਢੀ ਨੂੰ ਮਾਰ ਰਿਹਾ ਸੀ ਉਸ ਨੇ ਮੂਸਾ ਨੂੰ ਧੱਕਾ ਦੇ ਕੇ ਕਿਹਾ,‘ਤੈਨੂੰ ਕਿਸ ਨੇ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ?#ਕੂਚ 2:14 28ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ, ਜਿਵੇਂ ਕੱਲ੍ਹ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ’? 29ਇਹ ਸੁਣ ਕੇ ਮੂਸਾ ਦੌੜ ਗਿਆ ਅਤੇ ਮਿਦਯਾਨ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਲੱਗਾ ਜਿੱਥੇ ਉਸ ਦੇ ਦੋ ਪੁੱਤਰ ਹੋਏ।
30“ਜਦੋਂ ਚਾਲੀ ਸਾਲ ਬੀਤ ਗਏ ਤਾਂ ਸੀਨਈ ਪਹਾੜ ਦੀ ਉਜਾੜ ਵਿੱਚ ਬਲਦੀ ਹੋਈ ਝਾੜੀ ਦੀ ਲਾਟ ਵਿੱਚੋਂ ਇੱਕ ਸਵਰਗਦੂਤ ਉਸ 'ਤੇ ਪਰਗਟ ਹੋਇਆ। 31ਇਹ ਦ੍ਰਿਸ਼ ਵੇਖ ਕੇ ਮੂਸਾ ਹੈਰਾਨ ਰਹਿ ਗਿਆ ਅਤੇ ਜਦੋਂ ਧਿਆਨ ਨਾਲ ਵੇਖਣ ਲਈ ਕੋਲ ਗਿਆ ਤਾਂ ਪ੍ਰਭੂ ਦੀ ਇਹ ਅਵਾਜ਼ ਆਈ, 32‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ; ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ’।#ਕੂਚ 3:6 ਤਦ ਮੂਸਾ ਕੰਬ ਉੱਠਿਆ ਅਤੇ ਉਸ ਨੇ ਵੇਖਣ ਦਾ ਹੌਸਲਾ ਨਾ ਕੀਤਾ। 33ਤਦ ਪ੍ਰਭੂ ਨੇ ਉਸ ਨੂੰ ਕਿਹਾ,‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ, ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਧਰਤੀ ਹੈ। 34ਮੈਂ ਮਿਸਰ ਵਿੱਚ ਆਪਣੇਲੋਕਾਂ ਦੇ ਕਸ਼ਟ ਨੂੰ ਵੇਖਿਆ ਅਤੇ ਉਨ੍ਹਾਂ ਦੇ ਹਉਕਿਆਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ। ਸੋ ਹੁਣ ਆ, ਤਾਂਕਿ ਮੈਂ ਤੈਨੂੰ ਮਿਸਰ ਨੂੰ ਭੇਜਾਂ’।#ਕੂਚ 3:5,7,8,10 35ਇਹ ਉਹੀ ਮੂਸਾ ਹੈ ਜਿਸ ਨੂੰ ਉਨ੍ਹਾਂ ਇਹ ਕਹਿ ਕੇ ਰੱਦਿਆ,‘ਕਿਸ ਨੇ ਤੈਨੂੰ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ’? ਉਸੇ ਨੂੰ ਪਰਮੇਸ਼ਰ ਨੇ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਉਸ ਸਵਰਗਦੂਤ ਦੇ ਦੁਆਰਾ ਭੇਜਿਆ ਜਿਸ ਨੇ ਉਸ ਨੂੰ ਝਾੜੀ ਵਿੱਚ ਦਰਸ਼ਨ ਦਿੱਤਾ ਸੀ। 36ਇਹੋ ਮਨੁੱਖ ਮਿਸਰ ਦੇਸ ਅਤੇ ਲਾਲ ਸਮੁੰਦਰ ਅਤੇ ਉਜਾੜ ਵਿੱਚ ਚਾਲ੍ਹੀਆਂ ਸਾਲਾਂ ਤੱਕ ਅਚਰਜ ਕੰਮ ਅਤੇ ਚਿੰਨ੍ਹ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ।
ਇਸਰਾਏਲੀਆਂ ਦੁਆਰਾ ਪਰਮੇਸ਼ਰ ਦੀ ਅਣਆਗਿਆਕਾਰੀ
37“ਇਹ ਉਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ,‘ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ’।#ਬਿਵਸਥਾ 18:15 38ਇਹੋ ਹੈ ਜਿਹੜਾ ਉਜਾੜ ਵਿੱਚ ਮੰਡਲੀ ਦੇ ਵਿਚਕਾਰ ਸਾਡੇ ਪੁਰਖਿਆਂ ਦੇ ਨਾਲ ਸੀ ਅਤੇ ਜਿਸ ਨਾਲ ਸੀਨਈ ਦੇ ਪਹਾੜ ਉੱਤੇ ਸਵਰਗਦੂਤ ਨੇ ਗੱਲ ਕੀਤੀ। ਉਸ ਨੇ ਸਾਨੂੰ ਦੇਣ ਲਈ ਜੀਉਂਦੇ ਵਚਨ ਪ੍ਰਾਪਤ ਕੀਤੇ। 39ਪਰ ਸਾਡੇ ਪੁਰਖਿਆਂ ਨੇ ਉਸ ਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਸ ਨੂੰ ਠੁਕਰਾ ਕੇ ਆਪਣੇ ਦਿਲਾਂ ਨੂੰ ਮਿਸਰ ਵੱਲ ਫੇਰਿਆ। 40ਉਨ੍ਹਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ-ਅੱਗੇ ਚੱਲਣ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਉਸ ਦਾ ਕੀ ਬਣਿਆ’।#ਕੂਚ 32:1 41ਤਦ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਦੀ ਮੂਰਤੀ ਦੇ ਸਾਹਮਣੇ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਉਸ ਕੰਮ 'ਤੇ ਅਨੰਦ ਮਨਾਇਆ। 42ਪਰ ਪਰਮੇਸ਼ਰ ਨੇ ਉਨ੍ਹਾਂ ਤੋਂ ਮੂੰਹ ਫੇਰ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਕਿ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੈ:‘ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਚਾਲੀ ਸਾਲ ਉਜਾੜ ਵਿੱਚ ਪਸ਼ੂ ਬਲੀਆਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ? 43ਨਹੀਂ! ਤੁਸੀਂ ਮੋਲੋਖ ਦੇ ਤੰਬੂ ਅਤੇ ਆਪਣੇ ਦੇਵਤੇ ਰਿਫ਼ਾਨ ਦੇ ਤਾਰੇ ਨੂੰ ਅਰਥਾਤ ਉਨ੍ਹਾਂ ਮੂਰਤਾਂ ਨੂੰ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਚੁੱਕੀ ਫਿਰਦੇ ਰਹੇ। ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰੇ ਲਿਜਾ ਕੇ ਵਸਾਵਾਂਗਾ’।#ਆਮੋਸ 5:25-27 44ਉਜਾੜ ਵਿੱਚ ਸਾਡੇ ਪੁਰਖਿਆਂ ਕੋਲ ਗਵਾਹੀ ਦਾ ਤੰਬੂ ਸੀ ਅਤੇ ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨਾਲ ਬੋਲਣ ਵਾਲੇ ਨੇ ਆਗਿਆ ਦਿੱਤੀ ਸੀ ਕਿ ਉਹ ਇਸ ਨੂੰ ਉਸ ਨਮੂਨੇ ਦੇ ਅਨੁਸਾਰ ਬਣਾਵੇ ਜੋ ਉਸ ਨੇ ਵੇਖਿਆ ਸੀ। 45ਇਸੇ ਤੰਬੂ ਨੂੰ ਸਾਡੇ ਪੁਰਖੇ ਵਿਰਸੇ ਵਿੱਚ ਪ੍ਰਾਪਤ ਕਰਕੇ ਯਹੋਸ਼ੁਆ ਦੇ ਨਾਲ ਉਸ ਸਮੇਂ ਲਿਆਏ ਜਦੋਂ ਉਨ੍ਹਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ। 46ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਉਸ ਨੇ ਆਗਿਆ ਮੰਗੀ ਕਿ ਉਹ ਯਾਕੂਬ ਦੇ ਪਰਮੇਸ਼ਰ#7:46 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਘਰਾਣੇ” ਲਿਖਿਆ ਹੈ। ਲਈ ਇੱਕ ਨਿਵਾਸ ਸਥਾਨ ਬਣਾਵੇ। 47ਪਰ ਉਹ ਨਿਵਾਸ ਸਥਾਨ ਸੁਲੇਮਾਨ ਨੇ ਉਸ ਦੇ ਲਈ ਬਣਾਇਆ। 48ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਸਥਾਨਾਂ ਵਿੱਚ ਨਹੀਂ ਵੱਸਦਾ, ਜਿਵੇਂ ਕਿ ਨਬੀ ਕਹਿੰਦਾ ਹੈ: 49‘ਪ੍ਰਭੂ ਕਹਿੰਦਾ ਹੈ,“ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਫਿਰ ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਨਿਵਾਸ ਸਥਾਨ ਬਣਾਓਗੇ ਜਾਂ ਮੇਰੇ ਅਰਾਮ ਦਾ ਥਾਂ ਕਿਹੜਾ ਹੈ? 50ਕੀ ਇਹ ਸਭ ਵਸਤਾਂ ਮੇਰੇ ਹੀ ਹੱਥ ਨੇ ਨਹੀਂ ਬਣਾਈਆਂ”?’#ਯਸਾਯਾਹ 66:1-2
ਪਵਿੱਤਰ ਆਤਮਾ ਦਾ ਵਿਰੋਧ ਕਰਨਾ
51“ਹੇ ਹਠੀਓ ਅਤੇ ਮਨ ਅਤੇ ਕੰਨਾਂ ਦੇ ਅਸੁੰਨਤੀਓ, ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਹੋ; ਤੁਸੀਂ ਵੀ ਆਪਣੇ ਪੁਰਖਿਆਂ ਵਰਗੇ ਹੋ। 52ਨਬੀਆਂ ਵਿੱਚੋਂ ਕਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਅਗੇਤੀ ਖ਼ਬਰ ਦੇਣ ਵਾਲਿਆਂ ਨੂੰ ਮਾਰ ਸੁੱਟਿਆ ਜਿਸ ਦੇ ਹੁਣ ਤੁਸੀਂ ਵਿਸ਼ਵਾਸਘਾਤੀ ਅਤੇ ਕਾਤਲ ਹੋਏ। 53ਤੁਸੀਂ ਉਹ ਹੋ ਜਿਨ੍ਹਾਂ ਨੇ ਸਵਰਗਦੂਤਾਂ ਦੇ ਦੁਆਰਾ ਠਹਿਰਾਈ ਗਈ ਬਿਵਸਥਾ ਨੂੰ ਪ੍ਰਾਪਤ ਤਾਂ ਕੀਤਾ, ਪਰ ਇਸ ਦੀ ਪਾਲਣਾ ਨਾ ਕੀਤੀ।”
ਇਸਤੀਫ਼ਾਨ ਉੱਤੇ ਪਥਰਾਓ
54ਇਹ ਗੱਲਾਂ ਸੁਣਦੇ ਹੀ ਉਨ੍ਹਾਂ ਦੇ ਮਨ ਗੁੱਸੇ ਨਾਲ ਬਲ ਉੱਠੇ ਅਤੇ ਉਹ ਉਸ ਉੱਤੇ ਦੰਦ ਪੀਹਣ ਲੱਗੇ। 55ਪਰ ਇਸਤੀਫ਼ਾਨ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਤਾਂਹ ਅਕਾਸ਼ ਵੱਲ ਤੱਕਿਆ ਅਤੇ ਪਰਮੇਸ਼ਰ ਦੇ ਤੇਜ ਅਤੇ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਿਆ 56ਅਤੇ ਕਿਹਾ, “ਵੇਖੋ, ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।” 57ਤਦ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਚੀਕ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇਕੱਠੇ ਉਸ ਉੱਤੇ ਟੁੱਟ ਪਏ 58ਅਤੇ ਉਸ ਨੂੰ ਨਗਰ ਤੋਂ ਬਾਹਰ ਕੱਢ ਕੇ ਪਥਰਾਓ ਕੀਤਾ ਅਤੇ ਗਵਾਹਾਂ ਨੇ ਆਪਣੇ ਵਸਤਰ ਲਾਹ ਕੇ ਸੌਲੁਸ ਨਾਮਕ ਇੱਕ ਨੌਜਵਾਨ ਦੇ ਪੈਰਾਂ ਕੋਲ ਰੱਖ ਦਿੱਤੇ। 59ਉਹ ਇਸਤੀਫ਼ਾਨ ਨੂੰ ਪਥਰਾਓ ਕਰ ਰਹੇ ਸਨ, ਪਰ ਉਹ ਇਹ ਕਹਿ ਕੇ ਪ੍ਰਾਰਥਨਾ ਕਰਦਾ ਰਿਹਾ, “ਹੇ ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰ।” 60ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਪ੍ਰਭੂ, ਇਹ ਪਾਪ ਤੂੰ ਉਨ੍ਹਾਂ ਦੇ ਜਿੰਮੇ ਨਾ ਲਾ!” ਅਤੇ ਇਹ ਕਹਿ ਕੇ ਉਹ ਸੌਂ ਗਿਆ।
Pilihan Saat Ini:
ਰਸੂਲ 7: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative