ਮੱਤੀ 5
5
ਪਹਾੜੀ ਉਪਦੇਸ਼
1ਯਿਸੂ ਭੀੜ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦੋਂ ਉਹ ਬੈਠ ਗਿਆ ਤਾਂ ਉਸ ਦੇ ਚੇਲੇ ਉਸ ਦੇ ਕੋਲ ਆਏ 2ਅਤੇ ਉਹ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਇਹ ਉਪਦੇਸ਼ ਦੇਣ ਲੱਗਾ,
ਧੰਨ ਵਚਨ
3 “ਧੰਨ ਹਨ ਉਹ ਜਿਹੜੇ ਮਨ ਦੇ ਦੀਨ ਹਨ,
ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
4 ਧੰਨ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।
5 ਧੰਨ ਹਨ ਉਹ ਜਿਹੜੇ ਹਲੀਮ ਹਨ,
ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।
6 ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ,
ਕਿਉਂਕਿ ਉਹ ਤ੍ਰਿਪਤ ਕੀਤੇ ਜਾਣਗੇ।
7 ਧੰਨ ਹਨ ਉਹ ਜਿਹੜੇ ਦਇਆਵਾਨ ਹਨ,
ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।
8 ਧੰਨ ਹਨ ਉਹ ਜਿਹੜੇ ਮਨ ਦੇ ਸ਼ੁੱਧ ਹਨ,
ਕਿਉਂਕਿ ਉਹ ਪਰਮੇਸ਼ਰ ਨੂੰ ਵੇਖਣਗੇ।
9 ਧੰਨ ਹਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ,
ਕਿਉਂਕਿ ਉਹ ਪਰਮੇਸ਼ਰ ਦੇ ਪੁੱਤਰ ਕਹਾਉਣਗੇ।
10 ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ,
ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
11 ਧੰਨ ਹੋ ਤੁਸੀਂ ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨ ਅਤੇ ਸਤਾਉਣ ਅਤੇ ਝੂਠ ਬੋਲ-ਬੋਲ ਕੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀ ਬੁਰੀ ਗੱਲ ਕਹਿਣ। 12ਅਨੰਦ ਕਰੋ ਅਤੇ ਖੁਸ਼ੀ ਮਨਾਓ; ਕਿਉਂਕਿ ਸਵਰਗ ਵਿੱਚ ਤੁਹਾਡਾ ਪ੍ਰਤਿਫਲ ਬਹੁਤ ਹੈ; ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।
ਨਮਕ ਅਤੇ ਚਾਨਣ
13 “ਤੁਸੀਂ ਧਰਤੀ ਦੇ ਨਮਕ ਹੋ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਿਸ ਨਾਲ ਨਮਕੀਨ ਕੀਤਾ ਜਾਵੇਗਾ? ਉਹ ਫਿਰ ਕਿਸੇ ਕੰਮ ਦਾ ਨਹੀਂ, ਸਿਵਾਏ ਇਸ ਦੇ ਕਿ ਬਾਹਰ ਸੁੱਟਿਆ ਅਤੇ ਲੋਕਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। 14ਤੁਸੀਂ ਜਗਤ ਦੇ ਚਾਨਣ ਹੋ। ਜੋ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਲੁਕਿਆ ਨਹੀਂ ਰਹਿ ਸਕਦਾ। 15ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖਦੇ ਹਨ; ਤਦ ਉਹ ਸਾਰਿਆਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। 16ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂਕਿ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਵਡਿਆਈ ਕਰਨ।
ਬਿਵਸਥਾ ਅਤੇ ਯਿਸੂ ਮਸੀਹ
17 “ਇਹ ਨਾ ਸਮਝੋ ਕਿ ਮੈਂ ਬਿਵਸਥਾ ਜਾਂ ਨਬੀਆਂ ਦੀਆਂ ਲਿਖਤਾਂ ਨੂੰ ਰੱਦ ਕਰਨ ਆਇਆ ਹਾਂ; ਮੈਂ ਰੱਦ ਕਰਨ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ। 18ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਟਲ਼ ਨਾ ਜਾਣ ਅਤੇ ਸਭ ਕੁਝ ਪੂਰਾ ਨਾ ਹੋ ਜਾਵੇ, ਬਿਵਸਥਾ ਦਾ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਹੀਂ ਟਲ਼ੇਗੀ। 19ਇਸ ਲਈ ਜੋ ਕੋਈ ਇਨ੍ਹਾਂ ਛੋਟੇ ਤੋਂ ਛੋਟੇ ਹੁਕਮਾਂ ਵਿੱਚੋਂ ਇੱਕ ਨੂੰ ਵੀ ਤੋੜੇ ਅਤੇ ਇਸੇ ਤਰ੍ਹਾਂ ਦੂਜਿਆਂ ਨੂੰ ਸਿਖਾਵੇ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਕਹਾਵੇਗਾ; ਪਰ ਜੋ ਕੋਈ ਇਨ੍ਹਾਂ ਦੀ ਪਾਲਣਾ ਕਰੇ ਅਤੇ ਸਿਖਾਵੇ, ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ। 20ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਅਤੇ ਫ਼ਰੀਸੀਆਂ ਦੀ ਧਾਰਮਿਕਤਾ ਨਾਲੋਂ ਵਧਕੇ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ।
ਕ੍ਰੋਧ ਦੇ ਵਿਖੇ ਸਿੱਖਿਆ
21 “ਤੁਸੀਂ ਸੁਣਿਆ ਹੈ ਕਿ ਪੁਰਖਿਆਂ ਨੂੰ ਕਿਹਾ ਗਿਆ ਸੀ,‘ਖੂਨ ਨਾ ਕਰ #
ਕੂਚ 20:13; ਬਿਵਸਥਾ 5:17 ਅਤੇ ਜੋ ਕੋਈ ਖੂਨ ਕਰੇ, ਉਹ ਸਜ਼ਾ ਦੇ ਲਾਇਕ ਹੋਵੇਗਾ’। 22ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੇ ਭਰਾ ਉੱਤੇ#5:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਿਨਾਂ ਕਿਸੇ ਕਾਰਨ ਦੇ” ਲਿਖਿਆ ਹੈ।ਕ੍ਰੋਧ ਕਰੇ ਉਹ ਸਜ਼ਾ ਦੇ ਲਾਇਕ ਹੋਵੇਗਾ; ਜੋ ਕੋਈ ਆਪਣੇ ਭਰਾ ਨੂੰ ‘ਨਿਕੰਮਾ’ ਕਹੇ, ਉਹ ਮਹਾਂਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ; ਜੋ ਕੋਈ ਆਪਣੇ ਭਰਾ ਨੂੰ ‘ਮੂਰਖ’ ਕਹੇ, ਉਹ ਨਰਕ ਦੀ ਅੱਗ ਦੀ ਸਜ਼ਾ ਦੇ ਲਾਇਕ ਹੋਵੇਗਾ। 23ਇਸ ਲਈ ਜੇ ਤੂੰ ਆਪਣੀ ਭੇਟ ਜਗਵੇਦੀ 'ਤੇ ਲਿਆਵੇਂ ਅਤੇ ਉੱਥੇ ਤੈਨੂੰ ਯਾਦ ਆਵੇ ਕਿ ਮੇਰੇ ਭਰਾ ਨੂੰ ਮੇਰੇ ਨਾਲ ਕੁਝ ਨਰਾਜ਼ਗੀ ਹੈ 24ਤਾਂ ਆਪਣੀ ਭੇਟ ਉੱਥੇ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਾ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਫਿਰ ਆ ਕੇ ਆਪਣੀ ਭੇਟ ਚੜ੍ਹਾ। 25ਜਦੋਂ ਤੂੰ ਆਪਣੇ ਮੁਦਈ ਨਾਲ ਰਾਹ ਵਿੱਚ ਹੀ ਹੋਵੇਂ ਤਾਂ ਛੇਤੀ ਉਸ ਨਾਲ ਸਮਝੌਤਾ ਕਰ ਲੈ, ਕਿਤੇ ਅਜਿਹਾ ਨਾ ਹੋਵੇ ਕਿ ਮੁਦਈ ਤੈਨੂੰ ਨਿਆਂਕਾਰ ਦੇ ਅਤੇ ਨਿਆਂਕਾਰ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਜਾਵੇਂ। 26ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਇੱਕ-ਇੱਕ ਪੈਸਾ ਨਾ ਭਰ ਦੇਵੇਂ, ਉੱਥੋਂ ਛੁੱਟ ਨਾ ਸਕੇਂਗਾ।
ਵਿਭਚਾਰ ਦੇ ਵਿਖੇ ਸਿੱਖਿਆ
27 “ਤੁਸੀਂ ਸੁਣਿਆ ਹੈ ਕਿ # 5:27 ਕੁਝ ਹਸਤਲੇਖਾਂ ਵਿੱਚ ਇਸ ਸਥਾਨ 'ਤੇ “ਤੁਹਾਡੇ ਪੂਰਵਜਾਂ ਤੋਂ” ਲਿਖਿਆ ਹੈ। ਇਹ ਕਿਹਾ ਗਿਆ ਸੀ,‘ਤੂੰ ਵਿਭਚਾਰ ਨਾ ਕਰ’। #
ਕੂਚ 20:14; ਬਿਵਸਥਾ 5:18 28ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰੇਕ ਜਿਹੜਾ ਔਰਤ ਨੂੰ ਵਾਸਨਾ ਭਰੀ ਨਜ਼ਰ ਨਾਲ ਵੇਖਦਾ ਹੈ ਉਹ ਆਪਣੇ ਮਨ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਿਆ। 29ਜੇ ਤੇਰੀ ਸੱਜੀ ਅੱਖ ਤੇਰੇ ਕੋਲੋਂ ਪਾਪ ਕਰਾਵੇ ਤਾਂ ਇਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਸੁੱਟਿਆ ਜਾਵੇ। 30ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਾਵੇ ਤਾਂ ਇਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਚਲਾ ਜਾਵੇ।
ਤਲਾਕ ਦੇ ਵਿਖੇ ਸਿੱਖਿਆ
31 “ਇਹ ਕਿਹਾ ਗਿਆ ਸੀ,‘ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਤਲਾਕਨਾਮਾ ਲਿਖ ਦੇਵੇ’ #
ਬਿਵਸਥਾ 24:1
। 32ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੀ ਪਤਨੀ ਨੂੰ ਵਿਭਚਾਰ ਤੋਂ ਇਲਾਵਾ ਕਿਸੇ ਹੋਰ ਵਜ੍ਹਾ ਕਰਕੇ ਤਲਾਕ ਦਿੰਦਾ ਹੈ, ਉਹ ਉਸ ਤੋਂ ਵਿਭਚਾਰ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਲਾਕਸ਼ੁਦਾ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ।
ਸੌਂਹ ਦੇ ਵਿਖੇ ਸਿੱਖਿਆ
33 “ਫੇਰ ਤੁਸੀਂ ਸੁਣਿਆ ਹੈ ਕਿ ਪੁਰਖਿਆਂ ਨੂੰ ਕਿਹਾ ਗਿਆ ਸੀ,
‘ਝੂਠੀ ਸੌਂਹ ਨਾ ਖਾਣਾ
ਪਰ ਪ੍ਰਭੂ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰਨਾ’ #
ਲੇਵੀਆਂ 19:12
।
34 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਦੇ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਕਿਉਂਕਿ ਉਹ ਪਰਮੇਸ਼ਰ ਦਾ ਸਿੰਘਾਸਣ ਹੈ; 35ਨਾ ਧਰਤੀ ਦੀ ਕਿਉਂਕਿ ਉਹ ਉਸ ਦੇ ਪੈਰਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਕਿਉਂਕਿ ਉਹ ਮਹਾਰਾਜੇ ਦਾ ਨਗਰ ਹੈ। 36ਇੱਥੋਂ ਤੱਕ ਕਿ ਆਪਣੇ ਸਿਰ ਦੀ ਵੀ ਸੌਂਹ ਨਾ ਖਾਣੀ, ਕਿਉਂਕਿ ਤੂੰ ਇੱਕ ਵਾਲ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37ਪਰ ਤੁਹਾਡੀ ਗੱਲ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ; ਜੋ ਇਸ ਤੋਂ ਵੱਧ ਹੈ ਉਹ ਬੁਰਾਈ ਤੋਂ ਹੁੰਦਾ ਹੈ।
ਬਦਲੇ ਦੀ ਭਾਵਨਾ ਬਾਰੇ ਸਿੱਖਿਆ
38 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ,‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ’ #
ਕੂਚ 21:24; ਲੇਵੀਆਂ 24:20 । 39ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬੁਰੇ ਦਾ ਸਾਹਮਣਾ ਨਾ ਕਰਨਾ, ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ, ਦੂਜੀ ਵੀ ਉਸ ਦੇ ਵੱਲ ਕਰ ਦੇ 40ਅਤੇ ਜੋ ਤੇਰੇ ਉੱਤੇ ਦੋਸ਼ ਲਾ ਕੇ ਤੇਰਾ ਕੁੜਤਾ ਲੈਣਾ ਚਾਹੇ, ਉਸ ਨੂੰ ਚੋਗਾ ਵੀ ਲੈਣ ਦੇ। 41ਜੋ ਕੋਈ ਤੈਨੂੰ ਇੱਕ ਕਿਲੋਮੀਟਰ ਵਗਾਰੇ ਲੈ ਜਾਵੇ, ਉਸ ਨਾਲ ਦੋ ਕਿਲੋਮੀਟਰ ਚਲਾ ਜਾ। 42ਜਿਹੜਾ ਤੇਰੇ ਕੋਲੋਂ ਮੰਗੇ, ਉਸ ਨੂੰ ਦੇ ਅਤੇ ਜਿਹੜਾ ਤੇਰੇ ਕੋਲੋਂ ਉਧਾਰ ਲੈਣਾ ਚਾਹੇ, ਉਸ ਤੋਂ ਮੂੰਹ ਨਾ ਫੇਰ।
ਵੈਰੀਆਂ ਨਾਲ ਪਿਆਰ ਕਰਨ ਬਾਰੇ ਸਿੱਖਿਆ
43 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ,‘ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀਆਂ ਨਾਲ ਵੈਰ ਰੱਖ’ #
ਲੇਵੀਆਂ 19:18
। 44ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ#5:44 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੋ ਤੁਹਾਨੂੰ ਸਰਾਪ ਦਿੰਦੇ ਹਨ ਉਨ੍ਹਾਂ ਨੂੰ ਅਸੀਸ ਦਿਓ, ਜੋ ਤੁਹਾਡੇ ਨਾਲ ਵੈਰ ਕਰਦੇ ਹਨ ਉਨ੍ਹਾਂ ਦਾ ਭਲਾ ਕਰੋ,” ਲਿਖਿਆ ਹੈ।ਜੋ#5:44 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਡਾ ਅਪਮਾਨ ਕਰਨ ਅਤੇ” ਲਿਖਿਆ ਹੈ।ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ, 45ਤਾਂਕਿ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਪੁੱਤਰ ਬਣ ਸਕੋ, ਕਿਉਂਕਿ ਉਹ ਬੁਰਿਆਂ ਅਤੇ ਭਲਿਆਂ ਦੋਹਾਂ ਉੱਤੇ ਆਪਣਾ ਸੂਰਜ ਚੜ੍ਹਾਉਂਦਾ ਹੈ ਅਤੇ ਧਰਮੀਆਂ ਅਤੇ ਅਧਰਮੀਆਂ ਦੋਹਾਂ ਉੱਤੇ ਮੀਂਹ ਵਰਸਾਉਂਦਾ ਹੈ। 46ਕਿਉਂਕਿ ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੀ ਪ੍ਰਤਿਫਲ ਮਿਲੇਗਾ? ਕੀ ਮਹਿਸੂਲੀਏ ਵੀ ਇਸੇ ਤਰ੍ਹਾਂ ਨਹੀਂ ਕਰਦੇ? 47ਅਤੇ ਜੇ ਤੁਸੀਂ ਕੇਵਲ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਕੀ ਪਰਾਈਆਂ ਕੌਮਾਂ#5:47 ਕੁਝ ਹਸਤਲੇਖਾਂ ਵਿੱਚ “ਪਰਾਈਆਂ ਕੌਮਾਂ” ਦੇ ਸਥਾਨ 'ਤੇ “ਮਸੂਲੀਏ” ਲਿਖਿਆ ਹੈ।ਵੀ ਇਸੇ ਤਰ੍ਹਾਂ ਨਹੀਂ ਕਰਦੀਆਂ? 48ਇਸ ਲਈ ਤੁਸੀਂ ਸੰਪੂਰਨ ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ।
Արդեն Ընտրված.
ਮੱਤੀ 5: PSB
Ընդգծել
Կիսվել
Պատճենել
Ցանկանու՞մ եք պահպանել ձեր նշումները ձեր բոլոր սարքերում: Գրանցվեք կամ մուտք գործեք
PUNJABI STANDARD BIBLE©
Copyright © 2023 by Global Bible Initiative