ਉਤਪਤ 32

32
ਯਾਕੂਬ ਦਾ ਦੂਤ ਨਾਲ ਘੋਲ
1ਯਾਕੂਬ ਆਪਣੇ ਰਾਹ ਪੈ ਗਿਆ ਤਾਂ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ 2ਅਰ ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਏਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਰ ਉਸ ਥਾਂ ਦਾ ਨਾਉਂ ਮਹਨਾਯਿਮ ਰੱਖਿਆ ।।
3ਤਾਂ ਯਾਕੂਬ ਨੇ ਆਪਣੇ ਅੱਗੇ ਸੰਦੇਸੀਆਂ ਨੂੰ ਆਪਣੇ ਭਰਾ ਏਸਾਓ ਕੋਲ ਸ਼ੈਈਰ ਦੀ ਧਰਤੀ ਅਰ ਅਦੋਮ ਦੇ ਮਦਾਨ ਵਿੱਚ ਘੱਲਿਆ 4ਅਰ ਉਨ੍ਹਾਂ ਨੂੰ ਹੁਕਮ ਦੇਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਆਖੋ, ਤੁਹਾਡਾ ਦਾਸ ਯਾਕੂਬ ਏਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਟਿਕਿਆ ਅਰ ਹੁਣ ਤੀਕ ਉੱਥੇ ਹੀ ਰਿਹਾ 5ਮੇਰੇ ਕੋਲ ਬਲਦ ਗਧੇ ਇੱਜੜ ਅਰ ਗੋੱਲੇ ਗੋੱਲੀਆਂ ਹਨ ਅਰ ਮੈਂ ਆਪਣੇ ਸਵਾਮੀ ਨੂੰ ਏਹ ਦੱਸਣ ਲਈ ਇਨ੍ਹਾਂ ਨੂੰ ਘੱਲਿਆ ਹੈ ਭਈ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਇਆ ਹੋਵੇ 6ਤਾਂ ਯਾਕੂਬ ਦੇ ਸੰਦੇਸੀਆਂ ਨੇ ਮੁੜ ਆਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ । ਉਹ ਵੀ ਤੁਹਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ 7ਤਾਂ ਯਾਕੂਬ ਅੱਤ ਭੈਮਾਨ ਹੋਇਆ ਅਤੇ ਘਾਬਰਿਆ ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ ਬੱਲਦਾਂ ਅਰ ਊਠਾਂ ਨੂੰ ਲੈਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ 8ਅਰ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਆਣ ਪਵੇ ਅਤੇ ਉਸ ਨੂੰ ਮਾਰ ਸੁੱਟੇ ਤਾਂ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ 9ਤਾਂ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਰ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ 10ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ । ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ 11ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ 12ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ ।।
13ਉਹ ਉਸ ਰਾਤ ਉੱਥੇ ਹੀ ਰਿਹਾ ਅਰ ਉਸ ਨੇ ਉਸ ਥਾਂ ਜੋ ਕੁਝ ਉਸ ਦੇ ਹੱਥ ਆਇਆ ਆਪਣੇ ਭਰਾ ਏਸਾਓ ਦੇ ਨਜ਼ਰਾਨੇ ਲਈ ਲਿਆ 14ਅਰਥਾਤ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ ਅਰ ਦੋ ਸੌ ਭੇਡਾਂ ਅਤੇ ਵੀਹ ਮੇਂਢੇ 15ਅਤੇ ਤੀਹ ਸੂਈਆਂ ਹੋਈਆਂ ਊਠਣੀਆਂ ਬੋਤੀਆਂ ਸਣੇ ਅਰ ਚਾਲੀ ਗਾਊਆਂ ਅਰ ਦਸ ਸਾਹਨ ਅਤੇ ਵੀਹ ਖੋਤੀਆਂ ਦੱਸ ਬੱਚਿਆਂ ਸਣੇ 16ਅਰ ਉਨ੍ਹਾਂ ਦੇ ਵੱਗ ਵੱਖਰੇ ਵੱਖਰੇ ਕਰ ਕੇ ਆਪਣੇ ਟਹਿਲੂਆਂ ਦੇ ਹੱਥ ਦਿੱਤੇ ਅਰ ਆਪਣੇ ਟਹਿਲੂਆਂ ਨੂੰ ਆਖਿਆ ਤੁਸੀਂ ਮੇਰੇ ਅੱਗੇ ਅੱਗੇ ਪਾਰ ਲੰਘ ਜਾਓ ਅਤੇ ਵੱਗਾ ਦੇ ਵਿਚਕਾਰ ਥੋੜ ਥੋੜਾ ਫਾਸਲਾ ਰੱਖੋ 17ਸਭ ਤੋਂ ਅੱਗੇ ਜਾਣ ਵਾਲੇ ਨੂੰ ਓਸ ਏਹ ਹੁਕਮ ਦਿੱਤਾ ਕਿ ਜਦ ਮੈਨੂੰ ਮੇਰਾ ਭਰਾ ਏਸਾਓ ਮਿਲੇ ਅਰ ਪੁੱਛੇ ਕਿ ਤੂੰ ਕਿਹ ਦਾ ਹੈਂ ਅਰ ਕਿਧਰ ਚੱਲਦਾ ਹੈਂ ਅਰ ਏਹ ਤੇਰੇ ਅਗਲੇ ਕਿਹ ਦੇ ਹਨ ? 18ਤਾਂ ਤੂੰ ਆਖੀਂ ਏਹ ਤੁਹਾਡੇ ਦਾਸ ਯਾਕੂਬ ਦੇ ਹਨ । ਏਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਘੱਲਿਆ ਹੈ ਅਤੇ ਵੇਖੋ ਉਹ ਵੀ ਸਾਡੇ ਪਿੱਛੇ ਹੈ 19ਅਰ ਉਸ ਨੇ ਦੂਜੇ ਅਰ ਤੀਜੇ ਅਰ ਸਾਰਿਆਂ ਨੂੰ ਜਿਹੜੇ ਵੱਗ ਦੇ ਪਿੱਛੇ ਆਉਂਦੇ ਸਨ ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਏਵੇਂ ਹੀ ਬੋਲੋ 20ਅਰ ਆਖਿਓ, ਵੇਖੋ ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ ਹੈ ਕਿਉਂਜੋ ਓਸ ਆਖਿਆ ਕਿ ਏਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ ਜਾਂਦਾ ਹੈ ਓਸ ਦੀਆਂ ਅੱਖਾਂ ਠੰਡੀਆਂ ਕਰਾਂਗਾ ਅਰ ਏਸ ਦੇ ਮਗਰੋਂ ਉਹ ਦਾ ਮੂੰਹ ਵੇਖਾਂਗਾ ਸ਼ਾਇਤ ਉਹ ਮੈਨੂੰ ਕਬੂਲ ਕਰੇ 21ਸੋ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਰ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ ।।
22ਉਹ ਉਸੇ ਰਾਤ ਉੱਠਿਆ ਅਰ ਆਪਣੀਆਂ ਦੋਹਾਂ ਤੀਵੀਆਂ ਅਰ ਦੋਹਾਂ ਗੋੱਲੀਆਂ ਅਰ ਗਿਆਰਾਂ ਪੁੱਤ੍ਰਾਂ ਨੂੰ ਲੈਕੇ ਯੱਬੋਕ ਦੇ ਪੱਤਣ ਤੋਂ ਪਾਰ ਲੰਘਿਆ 23ਤਾਂ ਉਸ ਨੇ ਉਨ੍ਹਾਂ ਨੂੰ ਲੈਕੇ ਨਾਲੇ ਤੋਂ ਪਾਰ ਲੰਘਾਇਆ ਅਰ ਜੋ ਉਸ ਦੇ ਕੋਲ ਸੀ ਪਾਰ ਲੰਘਾ ਦਿੱਤਾ 24ਤਾਂ ਯਾਕੂਬ ਇੱਕਲਾ ਰਹਿ ਗਿਆ ਅਰ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜ੍ਹਾਓ ਤੀਕ ਘੁਲਦਾ ਰਿਹਾ 25ਤਾਂ ਜਦ ਓਸ ਵੇਖਿਆ ਕਿ ਮੈਂ ਏਸ ਨੂੰ ਜਿੱਤ ਨਹੀਂ ਸੱਕਦਾ ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਅਰ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿਕੱਲ ਗਿਆ 26ਤਾਂ ਓਸ ਆਖਿਆ, ਮੈਨੂੰ ਜਾਣ ਦੇਹ ਕਿਉਂਜੋ ਦਿਨ ਚੜ੍ਹ ਗਿਆ ਹੈ । ਓਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ 27ਤਾਂ ਓਸ ਉਹ ਨੂੰ ਆਖਿਆ, ਤੇਰਾ ਨਾਉਂ ਕੀ ਹੈ? ਓਸ ਆਖਿਆ, ਯਾਕੂਬ 28ਓਸ ਆਖਿਆ, ਤੇਰਾ ਨਾਉਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਏਲ ਕਿਉਂਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ 29ਤਾਂ ਯਾਕੂਬ ਨੇ ਪੁੱਛ ਕੇ ਆਖਿਆ, ਮੈਨੂੰ ਆਪਣਾ ਨਾ ਦੱਸੀਂ ਤਾਂ ਓਸ ਆਖਿਆ, ਤੂੰ ਮੇਰਾ ਨਾਉਂ ਕਿਉਂ ਪੁੱਛਦਾ ਹੈਂ ? ਤਾਂ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ 30ਉਪਰੰਤ ਯਾਕੂਬ ਨੇ ਉਸ ਅਸਥਾਨ ਦਾ ਨਾਉਂ ਪਨੀਏਲ ਰੱਖਿਆ ਕਿਉਂਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ ਸਾਹਮਣੇ ਵੇਖਿਆ ਅਰ ਉਸ ਦੀ ਜਿੰਦ ਬਚ ਗਈ 31ਅਰ ਜਦ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਰ ਉਹ ਆਪਣੇ ਪੱਟ ਤੋਂ ਲੰਙਾ ਸੀ 32ਏਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ ਅੱਜ ਤੀਕਰ ਨਹੀਂ ਖਾਂਦੇ ਕਿਉਂਜੋ ਉਸ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ ।।

Chwazi Kounye ya:

ਉਤਪਤ 32: PUNOVBSI

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte