YouVersion logo
Ikona pretraživanja

ਯੂਹੰਨਾ 7

7
ਪ੍ਰਭੁ ਦੇ ਵਿਖੇ ਭਾਂਤ ਭਾਤ ਦੇ ਖਿਆਲ
1ਇਹ ਦੇ ਪਿੱਛੋਂ ਪ੍ਰਭੁ ਯਿਸੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਹ ਨੇ ਯਹੂਦਿਯਾ ਵਿੱਚ ਫਿਰਨਾ ਨਾ ਚਾਹਿਆ ਇਸ ਲਈ ਜੋ ਯਹੂਦੀ ਉਹ ਦੇ ਮਾਰ ਸੁੱਟਣ ਦੇ ਮਗਰ ਪਏ ਸਨ 2ਅਤੇ ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ 3ਇਸ ਲਈ ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ ਭਈ ਤੇਰੇ ਕੰਮਾਂ ਨੂੰ ਜੋ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ 4ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ ਜੇ ਉਹ ਉੱਘਾ ਹੋਣਾ ਚਾਹੁੰਦਾ ਹੋਵੇ । ਜੇ ਤੂੰ ਇਹ ਕੰਮ ਕਰਦਾ ਹੈਂ ਤਾਂ ਆਪ ਨੂੰ ਜਗਤ ਉੱਤੇ ਪਰਗਟ ਕਰ 5ਉਹ ਦੇ ਭਰਾ ਵੀ ਉਸ ਉੱਤੇ ਨਿਹਚਾ ਨਹੀਂ ਸੀ ਕਰਦੇ 6ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ ਪਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ 7ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸੱਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ 8ਤੁਸੀਂ ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ 9ਅਤੇ ਉਹ ਏਹ ਗੱਲਾਂ ਉਨ੍ਹਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ।।
10ਪਰ ਜਾਂ ਉਹ ਦੇ ਭਰਾ ਤਿਉਹਾਰ ਉੱਤੇ ਚੱਲੇ ਗਏ ਤਾਂ ਉਹ ਆਪ ਵੀ ਤੁਰ ਪਿਆ, ਪਰਗਟ ਨਹੀਂ ਪਰ ਮਾਨੋ ਗੁਪਤ ਵਿੱਚ 11ਉਪਰੰਤ ਯਹੂਦੀ ਉਹ ਨੂੰ ਤਿਉਹਾਰ ਦੇ ਕੱਠ ਵਿੱਚ ਲੱਭਣ ਲੱਗੇ ਅਤੇ ਬੋਲੇ, ਉਹ ਕਿੱਥੇ ਹੈ? 12ਲੋਕਾਂ ਵਿੱਚ ਉਹ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕਈਕੁ ਆਖਦੇ ਸਨ ਕਿ ਉਹ ਭਲਾ ਮਾਨਸ ਹੈ ਪਰ ਹੋਰ ਆਖਦੇ ਸਨ, ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ 13ਪਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਹ ਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ।।
14ਤਿਉਹਾਰ ਦੇ ਦਿਨ ਹੁਣ ਅੱਧੇ ਬੀਤ ਗਏ ਸਨ ਕਿ ਯਿਸੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ 15ਤਾਂ ਯਹੂਦੀ ਅਚਰਜ ਮੰਨ ਕੇ ਬੋਲੇ, ਬਿਨ ਪੜੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ? 16ਸੋ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ 17ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ 18ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ ਅਤੇ ਉਹ ਦੇ ਵਿੱਚ ਕੁਧਰਮ ਨਹੀਂ ਹੈ 19ਕੀ ਮੂਸਾ ਨੇ ਤੁਹਾਨੂੰ ਸ਼ਰਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਸ਼ਰਾ ਉੱਤੇ ਨਹੀਂ ਚੱਲਦਾ । ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋ? 20ਲੋਕਾਂ ਨੇ ਉੱਤਰ ਦਿੱਤਾ, ਤੈਨੂੰ ਤਾਂ ਭੂਤ ਚਿੰਬੜਿਆ ਹੋਇਆ ਹੈ। ਕੌਣ ਤੇਰੇ ਮਾਰ ਸੁੱਟਣ ਦੇ ਮਗਰ ਪਿਆ ਹੈ? 21ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸੱਭੇ ਅਚਰਜ ਮੰਨਦੇ ਹੋ 22ਇਸ ਕਾਰਨ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ ਹੈ ਭਾਵੇਂ ਉਹ ਮੂਸਾ ਤੋਂ ਨਹੀਂ ਪਰ ਪਿਉ ਦਾਦਿਆਂ ਤੋਂ ਹੈ, ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ 23ਜਾਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕੀਤੀ ਜਾਂਦੀ ਹੈ ਇਸ ਕਰਕੇ ਜੋ ਮੂਸਾ ਦੀ ਸ਼ਰਾ ਟੁੱਟ ਨਾ ਜਾਏ ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਸਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਕੀਤਾ? 24ਵਿਖਾਵੇ ਦੇ ਅਨੁਸਾਰ ਨਿਆਉਂ ਨਾ ਕਰੋ ਪਰੰਤੂ ਸੱਚਾ ਨਿਆਉਂ ਕਰੋ।।
25ਤਾਂ ਯਰੂਸ਼ਲਮ ਦੇ ਲੋਕਾਂ ਵਿੱਚੋਂ ਕਈ ਆਖਦੇ ਸਨ, ਕੀ ਇਹ ਉਹੋ ਨਹੀਂ ਜਿਹ ਦੇ ਮਾਰ ਸੁੱਟਣ ਦੇ ਮਗਰ ਓਹ ਪਏ ਹਨ? 26ਅਰ ਵੇਖੋ ਉਹ ਤਾਂ ਖੁਲ੍ਹੇ ਬਚਨ ਪਿਆ ਬੋਲਦਾ ਹੈ ਅਤੇ ਓਹ ਉਸ ਨੂੰ ਕੁਝ ਨਹੀਂ ਆਖਦੇ। ਕੀ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੋ ਮਸੀਹ ਹੈ? 27ਪਰ ਅਸੀਂ ਇਹ ਨੂੰ ਜਾਣਦੇ ਹਾਂ ਜੋ ਕਿੱਥੇ ਦਾ ਹੈ ਪਰ ਜਾਂ ਮਸੀਹ ਆਊਗਾ ਤਾਂ ਕੋਈ ਨਹੀਂ ਜਾਣੂ ਜੋ ਉਹ ਕਿੱਥੋਂ ਦਾ ਹੈ 28ਇਸ ਕਰਕੇ ਯਿਸੂ ਹੈਕਲ ਵਿੱਚ ਉਪਦੇਸ਼ ਕਰਦਾ ਇਹ ਉੱਚੀ ਬੋਲਿਆ ਭਈ ਤੁਸੀਂ ਤਾਂ ਮੈਨੂੰ ਜਾਣਦੇ, ਨਾਲੇ ਇਹ ਭੀ ਜਾਣਦੇ ਹੋ ਜੋ ਮੈਂ ਕਿੱਥੇ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ ਪਰ ਜਿਹ ਨੇ ਮੈਨੂੰ ਘੱਲਿਆ ਸੋ ਸੱਚਾ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ 29ਮੈਂ ਉਹ ਨੂੰ ਨਹੀਂ ਜਾਣਦਾ ਕਿਉਂ ਜੋ ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ 30ਤਦ ਓਹ ਉਸ ਦੇ ਫੜਨ ਦੇ ਮਗਰ ਪਏ ਪਰ ਕਿਨ੍ਹੇ ਉਸ ਉੱਤੇ ਹੱਥ ਨਾ ਪਾਇਆ ਇਸ ਲਈ ਜੋਉਹ ਦਾ ਵੇਲਾ ਅਜੇ ਨਹੀਂ ਸੀ ਆਇਆ 31ਪਰ ਉਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਅਤੇ ਬੋਲੇ ਕਿ ਜਾਂ ਮਸੀਹ ਆਊਗਾ ਤਾਂ ਭਲਾ, ਉਹ ਉਨ੍ਹਾਂ ਨਿਸ਼ਾਨਾਂ ਨਾਲੋਂ ਜਿਹੜੇ ਇਸ ਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ? 32ਫ਼ਰੀਸੀਆਂ ਨੇ ਉਹ ਦੇ ਵਿਖੇ ਲੋਕਾਂ ਦੀ ਇਹ ਚਰਚਾ ਸੁਣੀ ਤਾਂ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਸਿਪਾਹੀ ਘੱਲੇ ਜੋ ਉਹ ਨੂੰ ਫੜ ਲੈਣ 33ਸੋ ਯਿਸੂ ਨੇ ਆਖਿਆ, ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਉਹ ਦੇ ਕੋਲ ਚੱਲਿਆ ਜਾਂਦਾ ਹਾਂ 34ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਪਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ 35ਉਪਰੰਤ ਯਹੂਦੀਆਂ ਨੇ ਆਪਸ ਵਿੱਚ ਆਖਿਆ, ਉਹ ਕਿੱਥੇ ਜਾਊ ਜੋ ਅਸੀਂ ਉਹ ਨੂੰ ਨਾ ਲੱਭਾਗੇ? ਭਲਾ, ਉਹ ਉਨ੍ਹਾਂ ਕੋਲ ਜਾਊ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਉਪਦੇਸ਼ ਕਰੂ? 36ਇਹ ਕੀ ਗੱਲ ਹੈ ਜਿਹੜੀ ਉਹ ਨੇ ਆਖੀ ਕਿ ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਅਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ?।।
37ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! 38ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ! 39ਪਰ ਉਹ ਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਨ੍ਹਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਉਸ ਉੱਤੇ ਨਿਹਚਾ ਕੀਤੀ ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਜੋ ਯਿਸੂ ਦਾ ਤੇਜ ਅਜੇ ਪਰਕਾਸ਼ ਨਹੀਂ ਸੀ ਹੋਇਆ 40ਤਾਂ ਭੀੜ ਵਿੱਚੋਂ ਕਈਆਂ ਨੇ ਏਹ ਗੱਲਾਂ ਸੁਣ ਕੇ ਆਖਿਆ ਸੱਚੀ ਮੁੱਚੀ ਇਹ ਉਹੋ ਨਬੀ ਹੈ! 41ਦੂਜਿਆਂ ਨੇ ਆਖਿਆ, ਇਹ ਮਸੀਹ ਹੈ! ਪਰ ਕਈਆਂ ਨੇ ਆਖਿਆ, ਭਲਾ, ਮਸੀਹ ਗਲੀਲ ਵਿੱਚੋਂ ਆਉਂਦਾ ਹੈ? 42ਕੀ ਕਤੇਬ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੀ ਅੰਸ ਵਿੱਚੋਂ ਅਤੇ ਬੈਤਲਹਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ? 43ਸੋ ਉਹ ਦੇ ਕਾਰਨ ਲੋਕਾਂ ਵਿੱਚ ਫੁੱਟ ਪੈ ਗਈ 44ਅਤੇ ਉਨ੍ਹਾਂ ਵਿੱਚੋਂ ਕਿੰਨੇ ਚਾਹੁੰਦੇ ਸਨ ਭਈ ਇਹ ਨੂੰ ਫੜ ਲਈਏ ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਏ।।
45ਉਪਰੰਤ ਓਹ ਸਿਪਾਹੀ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਕੋਲ ਆਏ ਅਤੇ ਉਨ੍ਹਾਂ ਨੇ ਓਹਨਾਂ ਨੂੰ ਆਖਿਆ, ਤੁਸੀਂ ਉਹ ਨੂੰ ਕਿਉਂ ਨਾ ਲਿਆਏ? 46ਸਿਪਾਹੀਆਂ ਨੇ ਉੱਤਰ ਦਿੱਤਾ, ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ! 47ਤਾਂ ਫ਼ਰੀਸੀਆਂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਭੀ ਭਰਮਾਏ ਗਏ? 48ਭਲਾ, ਸਰਦਾਰਾਂ ਅਤੇ ਫ਼ਰੀਸੀਆਂ ਵਿੱਚੋਂ ਕਿਹ ਨੇ ਉਸ ਉੱਤੇ ਨਿਹਚਾ ਕੀਤੀ? 49ਪਰ ਲਾਨਤ ਹੈ ਇੰਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ! 50ਨਿਕੁਦੇਮੁਸ ਨੇ ਜਿਹੜਾ ਪਹਿਲਾਂ ਯਿਸੂ ਦੇ ਕੋਲ ਆਇਆ ਅਤੇ ਉਨ੍ਹਾਂ ਵਿੱਚੋਂ ਇੱਕ ਸੀ ਉਨ੍ਹਾਂ ਨੂੰ ਆਖਿਆ 51ਕੀ ਸਾਡੀ ਸ਼ਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ? 52ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਭੀ ਗਲੀਲ ਤੋਂ ਹੈਂ? 53ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।।

Istaknuto

Podijeli

Kopiraj

None

Želiš li svoje istaknute stihove spremiti na sve svoje uređaje? Prijavi se ili registriraj

Videozapisi za ਯੂਹੰਨਾ 7