ਉਤਪਤ 8

8
ਹੜ੍ਹਾਂ ਦੀ ਸਮਾਪਤੀ
1ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ।
2ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3-4ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। 5ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ।
6ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ। 7ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚੱਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। 8ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ।
9ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲੱਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢੱਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵੱਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸ ਨੂੰ ਕਿਸ਼ਤੀ ਵਿੱਚ ਲੈ ਆਂਦਾ।
10ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12ਉਸ ਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ।
13ਇਸ ਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ।
15ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16“ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”
18ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ।
20ਫ਼ੇਰ ਨੂਹ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਨੂਹ ਨੇ ਪਾਕ ਪੰਛੀਆਂ ਵਿੱਚੋਂ ਕੁਝ ਪੰਛੀਆਂ ਨੂੰ ਲਿਆ ਅਤੇ ਸ਼ੁੱਧ ਜਾਨਵਰਾਂ ਵਿੱਚੋਂ ਕੁਝ ਜਾਨਵਰਾਂ ਨੂੰ ਲਿਆ, ਅਤੇ ਉਨ੍ਹਾਂ ਨੂੰ ਸੁਗਾਤ ਵਜੋਂ ਪਰਮੇਸ਼ੁਰ ਨੂੰ ਚੜ੍ਹਾ ਦਿੱਤਾ।
21ਯਹੋਵਾਹ ਨੇ ਇਨ੍ਹਾਂ ਬਲੀਆਂ ਦੀ ਸੁਗੰਧ ਲਈ ਅਤੇ ਇਸ ਨਾਲ ਪ੍ਰਸੰਨ ਹੋ ਗਿਆ। ਯਹੋਵਾਹ ਨੇ ਮਨ ਵਿੱਚ ਆਖਿਆ, “ਮੈਂ ਫ਼ੇਰ ਕਦੇ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ। ਜਵਾਨੀ ਵੇਲੇ ਤੋਂ ਲੋਕ ਮੰਦੇ ਹੁੰਦੇ ਹਨ। ਇਸ ਲਈ ਮੈਂ ਫ਼ੇਰ ਕਦੇ ਵੀ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰਾਂਗਾ ਜਿਵੇਂ ਹੁਣੇ ਕੀਤਾ ਹੈ। 22ਜਿੰਨਾ ਚਿਰ ਧਰਤੀ ਕਾਇਮ ਹੈ, ਇੱਥੇ ਸਦਾ ਹੀ ਬੀਜ ਬੀਜਣ ਅਤੇ ਫ਼ਸਲ ਕੱਟਣ ਦਾ ਸਮਾਂ ਰਹੇਗਾ। ਇੱਥੇ ਧਰਤੀ ਉੱਤੇ ਸਦਾ ਹੀ ਸਰਦੀ ਤੇ ਗਰਮੀ, ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ, ਦਿਨ ਅਤੇ ਰਾਤ ਰਹਿਣਗੇ।”

נבחרו כעת:

ਉਤਪਤ 8: PERV

הדגשה

שתף

העתק

None

רוצים לשמור את ההדגשות שלכם בכל המכשירים שלכם? הירשמו או היכנסו