ਉਤਪਤ 9
9
ਨਵੀਂ ਸ਼ੁਰੂਆਤ
1ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ। 2ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲਾ ਹਰ ਜੀਵ ਅਤੇ ਸਮੁੰਦਰ ਵਿੱਚਲਾ ਹਰ ਜੰਤੂ ਤੁਹਾਡੇ ਕੋਲੋਂ ਡਰੇਗਾ। ਉਹ ਸਾਰੇ ਹੀ ਤੁਹਾਡੇ ਕਾਬੂ ਵਿੱਚ ਹੋਣਗੇ। 3(ਅਤੀਤ ਵਿੱਚ) ਮੈਂ ਤੁਹਾਨੂੰ ਖਾਣ ਵਾਸਤੇ ਹਰੇ ਪੌਦੇ ਦਿੱਤੇ ਸਨ। ਹੁਣ ਹਰ ਜਾਨਵਰ ਵੀ ਤੁਹਾਡਾ ਭੋਜਨ ਹੋਵੇਗਾ। ਮੈਂ ਧਰਤੀ ਉਤਲੀ ਹਰ ਸ਼ੈਅ ਤੁਹਾਨੂੰ ਦੇਵਾਂਗਾ-ਇਹ ਤੁਹਾਡੀ ਹੈ। 4ਪਰ ਮੈਂ ਤੁਹਾਨੂੰ ਇੱਕ ਆਦੇਸ਼ ਦੇਵਾਂਗਾ। ਤੁਹਾਨੂੰ ਉਹ ਮਾਸ ਕਦੇ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਜਾਨ (ਖੂਨ) ਹੋਵੇ। 5ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ।
6“ਪਰਮੇਸ਼ੁਰ ਨੇ ਲੋਕਾਂ ਨੂੰ ਆਪਣੇ ਸਰੂਪ ਉੱਤੇ ਸਾਜਿਆ ਸੀ।
ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹੱਥੋਂ ਮਾਰਿਆ ਜਾਵੇਗਾ।
7“ਨੂਹ, ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।”
8ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, 9“ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ। 10ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ। 11ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ੍ਹ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ੍ਹ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।”
12ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ: 13ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿੱਚਕਾਰ ਇਕਰਾਰਨਾਮੇ ਦਾ ਸਬੂਤ ਹੈ। 14ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ। 15ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ੍ਹ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ। 16ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿੱਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।”
17ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।”
ਮੁਸ਼ਕਿਲਾਂ ਫ਼ੇਰ ਸ਼ੁਰੂ ਹੁੰਦੀਆਂ ਹਨ
18ਨੂਹ ਦੇ ਪੁੱਤਰ ਉਸ ਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।) 19ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ।
20ਨੂਹ ਇੱਕ ਕਿਸਾਨ ਬਣ ਗਿਆ। ਉਸ ਨੇ ਅੰਗੂਰਾਂ ਦਾ ਬਾਗ ਲਾਇਆ। 21ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ। 22ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ। 23ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿੱਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ। 25ਇਸ ਲਈ ਨੂਹ ਨੇ ਆਖਿਆ,
“ਕਨਾਨ ਨੂੰ ਸਰਾਪ ਲੱਗੇ!
ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”
26ਨੂਹ ਨੇ ਇਹ ਵੀ ਆਖਿਆ,
“ਸ਼ੇਮ ਦਾ ਯਹੋਵਾਹ ਪਰਮੇਸ਼ੁਰ ਧੰਨ ਹੋਵੇ!
ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ।
27ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,
ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।
ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।”
28ਹੜ੍ਹ ਮਗਰੋਂ ਨੂਹ 350 ਵਰ੍ਹੇ ਜੀਵਿਆ। 29ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।
Punjabi Holy Bible: Easy-to-Read Version
All rights reserved.
© 2002 Bible League International