ਮੱਤੀਯਾਹ 5

5
ਪਹਾੜੀ ਉਪਦੇਸ਼
1ਇਕੱਠੀ ਹੋ ਰਹੀ ਭੀੜ ਨੂੰ ਵੇਖ ਕੇ ਯਿਸ਼ੂ ਪਹਾੜ ਉੱਤੇ ਚੜ੍ਹ ਗਏ ਅਤੇ ਜਦ ਬੈਠ ਗਏ ਤਾਂ ਚੇਲੇ ਉਸ ਕੋਲ ਆਏ। 2ਤਾਂ ਉਹ ਚੇਲਿਆਂ ਨੂੰ ਇਹ ਉਪਦੇਸ਼ ਦੇਣ ਲੱਗਾ।
ਮੁਬਾਰਕ ਵਚਨ
ਉਸ ਨੇ ਕਿਹਾ:
3“ਮੁਬਾਰਕ ਹਨ ਉਹ, ਜਿਹੜੇ ਦਿਲਾਂ ਦੇ ਗ਼ਰੀਬ ਹਨ,
ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ।
4ਮੁਬਾਰਕ ਹਨ ਉਹ, ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸਾਂਤ ਕੀਤੇ ਜਾਣਗੇ।
5ਮੁਬਾਰਕ ਹਨ ਉਹ, ਜਿਹੜੇ ਹਲੀਮ ਹਨ,
ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ।
6ਮੁਬਾਰਕ ਹਨ ਉਹ, ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ,
ਕਿਉ ਜੋ ਉਹ ਰਜਾਏ ਜਾਣਗੇ।
7ਮੁਬਾਰਕ ਹਨ ਉਹ, ਜਿਹੜੇ ਦਿਆਲੂ ਹਨ,
ਕਿਉਂ ਜੋ ਉਹਨਾਂ ਤੇ ਦਯਾ ਕੀਤੀ ਜਾਵੇਗੀ।
8ਮੁਬਾਰਕ ਹਨ ਉਹ, ਜਿਹੜੇ ਸ਼ੁੱਧ ਮਨ ਹਨ,
ਕਿਉਂ ਜੋ ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ।
9ਮੁਬਾਰਕ ਹਨ ਉਹ, ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ
ਕਿਉਂ ਜੋ ਉਹ ਪਰਮੇਸ਼ਵਰ ਦੇ ਧੀਆਂ ਅਤੇ ਪੁੱਤਰ ਕਹਲਾਉਂਣਗੇ।
10ਮੁਬਾਰਕ ਹਨ ਉਹ, ਜਿਹੜੇ ਧਰਮ ਦੇ ਲਈ ਸਤਾਏ ਜਾਂਦੇ ਹਨ
ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ।
11“ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆ ਗੱਲਾਂ ਬੋਲਣ ਅਤੇ ਤੁਹਾਡੇ ਉੱਤੇ ਝੂਠੇ ਦੋਸ਼ ਲਾਉਣ। 12ਅਨੰਦਿਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੋਵੇਗਾ, ਕਿਉਂਕਿ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨਾਲ ਵੀ ਇਸੇ ਹੀ ਤਰ੍ਹਾ ਕੀਤਾ ਸੀ।
ਨਮਕ ਅਤੇ ਪ੍ਰਕਾਸ਼
13“ਤੁਸੀਂ ਧਰਤੀ ਦੇ ਨਮਕ ਹੋ। ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਉਹ ਫਿਰ ਵਰਤਣ ਦੇ ਯੋਗ ਨਹੀਂ ਰਹਿੰਦਾ ਅਤੇ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠਾਂ ਮਿੱਧਿਆ ਜਾਂਦਾ ਹੈ।
14“ਤੁਸੀਂ ਸੰਸਾਰ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਤੇ ਵੱਸਦਾ ਹੈ ਉਹ ਕਦੇ ਛੁਪਿਆ ਨਹੀਂ ਰਹਿ ਸਕਦਾ। 15ਕੋਈ ਵੀ ਦੀਵਾ ਬਾਲ ਕੇ ਕਟੋਰੇ ਹੇਠਾਂ ਨਹੀਂ ਰੱਖਦਾ ਅਰਥਾਤ ਉਸ ਨੂੰ ਉੱਚੇ ਥਾਂ ਤੇ ਰੱਖਿਆ ਜਾਦਾਂ ਹੈ ਤਾਂ ਜੋ ਜਿਹੜੇ ਘਰ ਵਿੱਚ ਹਨ ਉਹਨਾਂ ਨੂੰ ਚਾਨਣ ਦੇਵੇ। 16ਇਸੇ ਤਰ੍ਹਾ ਤੁਹਾਡਾ ਚਾਨਣ ਵੀ ਲੋਕਾਂ ਸਾਮ੍ਹਣੇ ਅਜਿਹਾ ਚਮਕੇ, ਤਾਂ ਜੋ ਉਹ ਤੁਹਾਡੇ ਚੰਗੇ ਕੰਮ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਵਡਿਆਈ ਕਰਨ ਜਿਹੜਾ ਸਵਰਗ ਵਿੱਚ ਹੈ।
ਕਾਨੂੰਨ ਦੀ ਪੂਰਤੀ ਅਤੇ ਸਿੱਖਿਆ
17“ਇਹ ਨਾ ਸੋਚੋ ਕਿ ਮੇਰੇ ਆਉਣ ਦਾ ਉਦੇਸ਼ ਕਾਨੂੰਨ ਜਾਂ ਭਵਿੱਖਬਾਣੀਆ ਨੂੰ ਰੱਦ ਕਰਨਾ ਹੈ; ਮੈਂ ਰੱਦ ਕਰਨ ਨਹੀਂ ਸਗੋਂ ਉਹਨਾਂ ਨੂੰ ਪੂਰਿਆ ਕਰਨ ਆਇਆ ਹਾਂ। 18ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜਦੋਂ ਤੱਕ ਸਵਰਗ ਅਤੇ ਧਰਤੀ ਟਲ ਨਾ ਜਾਣ, ਬਿਵਸਥਾ ਦਾ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਾ ਟਲੇਗੀ, ਜਦ ਤੱਕ ਸਭ ਕੁਝ ਪੂਰਾ ਨਾ ਜੋ ਜਾਵੇ। 19ਇਸ ਲਈ ਇਨ੍ਹਾਂ ਸਭਨਾਂ ਵਿੱਚੋਂ ਜੇ ਕੋਈ ਛੋਟੇ ਤੋਂ ਛੋਟੇ ਹੁਕਮ ਦੀ ਵੀ ਉਲੰਘਣਾ ਕਰੇ ਅਤੇ ਇਸੇ ਤਰ੍ਹਾ ਦੂਸਰਿਆ ਨੂੰ ਵੀ ਸਿਖਾਵੇ ਸਵਰਗ ਰਾਜ ਵਿੱਚ ਸਾਰਿਆ ਨਾਲੋਂ ਛੋਟਾ ਕਹਾਵੇਗਾ, ਪਰੰਤੂ ਜਿਹੜਾ ਇਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਕੇ ਸਿਖਾਵੇ ਉਹ ਸਵਰਗ ਰਾਜ ਵਿੱਚ ਮਹਾਨ ਹੋਵੇਗਾ। 20ਮੈਂ ਤੁਹਾਨੂੰ ਇਸ ਸਚਿਆਈ ਬਾਰੇ ਵੀ ਦੱਸ ਦਿੰਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ ਉਪਦੇਸ਼ਕਾ ਅਤੇ ਫ਼ਰੀਸੀਆਂ ਦੇ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਿਸੇ ਵੀ ਤਰ੍ਹਾ ਨਾਲ ਨਹੀਂ ਵੜੋਂਗੇ।
ਕ੍ਰੋਧ ਅਤੇ ਹੱਤਿਆ ਬਾਰੇ ਸਿੱਖਿਆ
21“ਤੁਸੀਂ ਇਹ ਸੁਣ ਹੀ ਚੁੱਕੇ ਹੋ ਬਹੁਤ ਸਮਾਂ ਪਹਿਲਾਂ ਕਿਹਾ ਗਿਆ ਸੀ, ‘ਕਿ ਤੂੰ ਕਿਸੇ ਮਨੁੱਖ ਦਾ ਕਤਲ ਨਾ ਕਰਨਾ#5:21 ਕੂਚ 20:13 ਅਤੇ ਜੇ ਕੋਈ ਕਤਲ ਕਰਦਾ ਹੈ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ।’ 22ਪਰ ਮੈਂ ਤੁਹਾਨੂੰ ਕਹਿੰਦਾ ਹਾਂ ਹਰੇਕ ਜੋ ਆਪਣੇ ਭਰਾ-ਭੈਣ ਉੱਤੇ ਗੁੱਸਾ ਕਰਦਾ ਹੈ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ। ਅਤੇ ਜਿਹੜਾ ਆਪਣੇ ਭਰਾ ਨੂੰ ਜਾ ਭੈਣ ਨੂੰ ਗਾਲ ਕੱਢੇ, ਉਹ ਵੀ ਅਦਾਲਤ ਵਿੱਚ ਸਜ਼ਾ ਦਾ ਭਾਗੀਦਾਰ ਹੋਵੇਗਾ। ਪਰ ਜਿਹੜਾ ਵੀ ਆਖਦਾ ਹੈ ਹੇ ਮੂਰਖ! ਉਹ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।
23“ਇਸ ਲਈ ਜਦੋਂ ਤੁਸੀਂ ਜਗਵੇਦੀ ਉੱਤੇ ਭੇਂਟ ਚੜ੍ਹਾਉਣ ਲਈ ਜਾਉ ਅਤੇ ਉੱਥੇ ਤੁਹਾਨੂੰ ਇਹ ਯਾਦ ਆ ਜਾਵੇ ਕਿ ਤੁਹਾਡੇ ਭਰਾ-ਭੈਣ ਦੇ ਮਨ ਵਿੱਚ ਤੁਹਾਡੇ ਲਈ ਗੁੱਸਾ ਹੈ, 24ਤਾਂ ਉੱਥੇ ਆਪਣੀ ਭੇਂਟ ਜਗਵੇਦੀ ਦੇ ਸਾਹਮਣੇ ਰੱਖ ਕੇ। ਪਹਿਲਾਂ ਆਪਣੇ ਭਰਾ ਨਾਲ ਜਾ ਕੇ ਮੇਲ-ਮਿਲਾਪ ਕਰ ਫਿਰ ਆ ਕੇ ਆਪਣੀ ਭੇਂਟ ਚੜ੍ਹਾ।
25“ਜੇ ਤੁਹਾਡਾ ਵਿਰੋਧੀ ਤੁਹਾਨੂੰ ਅਦਾਲਤ ਲੈ ਜਾ ਰਿਹਾ ਹੋਵੇ। ਤਾਂ ਰਸਤੇ ਵਿੱਚ ਹੀ ਛੇਤੀ ਉਸ ਨਾਲ ਸੁਲ੍ਹਾ ਕਰ ਲਓ ਇਸ ਤਰ੍ਹਾ ਨਾ ਹੋਵੇ ਉਹ ਤੁਹਾਨੂੰ ਜੱਜ ਦੇ ਹਵਾਲੇ ਕਰੇ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰੇ ਅਤੇ ਤੁਹਾਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਵੇ। 26ਮੈਂ ਤੈਨੂੰ ਸੱਚ ਕਹਿੰਦਾ ਹਾਂ, ਕਿ ਜਦੋਂ ਤੱਕ ਤੂੰ ਇੱਕ-ਇੱਕ ਸਿੱਕਾ ਨਾ ਭਰ ਦੇਵੇ ਉਦੋਂ ਤੱਕ ਤੂੰ ਕਿਸੇ ਵੀ ਤਰ੍ਹਾ ਨਾਲ ਉੱਥੋਂ ਨਾ ਛੁੱਟੇਂਗਾ।
ਵਿਭਚਾਰ ਬਾਰੇ ਸਿੱਖਿਆ
27“ਤੁਸੀਂ ਇਹ ਸੁਣ ਹੀ ਚੁੱਕੇ ਹੋ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਵਿਭਚਾਰ ਨਾ ਕਰਨਾ।’#5:27 ਕੂਚ 20:14 28ਪਰੰਤੂ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਇੱਕ, ਜੋ ਕਿਸੇ ਔਰਤ ਨੂੰ ਬੁਰੀ ਇੱਛਾ ਨਾਲ ਵੀ ਵੇਖਦਾ ਹੈ ਉਹ ਉਸੇ ਵਕਤ ਹੀ ਉਸ ਨਾਲ ਆਪਣੇ ਮਨ ਵਿੱਚ ਵਿਭਚਾਰ ਕਰ ਚੁੱਕਾ ਹੈ। 29ਅਗਰ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਕੱਢ ਕੇ ਸੁੱਟ ਦਿਓ। ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇਂ। 30ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਕਿਉਂ ਜੋ ਤੁਹਾਡੇ ਲਈ ਇਹ ਚੰਗਾ ਹੈ ਕਿ ਤੁਹਾਡੇ ਇੱਕ ਅੰਗ ਦਾ ਨਾਸ ਜੋ ਜਾਵੇ ਪਰ ਤੁਹਾਡਾ ਸਰੀਰ ਨਰਕ ਵਿੱਚ ਨਾ ਸੁੱਟਿਆ ਜਾਵੇ।
ਤਲਾਕ ਦੇ ਵਿਸੇ ਬਾਰੇ ਸਿੱਖਿਆ
31“ਇਹ ਵੀ ਕਿਹਾ ਗਿਆ ਸੀ, ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦੇਵੇ, ਉਹ ਉਸ ਨੂੰ ਤਲਾਕ-ਨਾਮਾ ਲਿਖ ਕੇ ਦੇਵੇ।’ 32ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ, ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਤਲਾਕ ਦੇਵੇ ਉਹ ਉਸ ਕੋਲੋਂ ਵਿਭਚਾਰ ਕਰਵਾਉਂਦਾ ਹੈ ਅਤੇ ਜੋ ਕੋਈ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਾਏ ਸੋ ਵਿਭਚਾਰ ਕਰਦਾ ਹੈ।
ਸਹੁੰ ਦੇ ਵਿਸੇ ਬਾਰੇ ਸਿੱਖਿਆ
33“ਤੁਸੀਂ ਸੁਣਿਆ ਹੈ ਜੋ ਬਹੁਤ ਸਮਾਂ ਪਹਿਲਾਂ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਕਿ ਤੁਸੀਂ ਝੂਠੀ ਸਹੁੰ ਨਾ ਖਾਣਾ ਪਰ ਪ੍ਰਭੂ ਦੇ ਲਈ ਆਪਣੇ ਵਅਦਿਆ ਨੂੰ ਪੂਰਾ ਕਰਨਾ।’ 34ਪਰੰਤੂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਦੇ ਵੀ ਸਹੁੰ ਨਾ ਖਾਓ: ਨਾ ਸਵਰਗ ਦੀ, ਕਿਉਂਕਿ ਉਹ ਪਰਮੇਸ਼ਵਰ ਦਾ ਸਿੰਘਾਸਣ ਹੈ; 35ਨਾ ਧਰਤੀ ਦੀ, ਕਿਉਂ ਜੋ ਉਹ ਪਰਮੇਸ਼ਵਰ ਦੇ ਪੈਰ ਰੱਖਣ ਦੀ ਜਗ੍ਹਾ ਹੈ; ਅਤੇ ਨਾ ਯੇਰੂਸ਼ਲੇਮ ਦੀ, ਕਿਉਂ ਜੋ ਉਹ ਮਹਾਨ ਰਾਜੇ ਦਾ ਸ਼ਹਿਰ ਹੈ। 36ਨਾ ਹੀ ਆਪਣੇ ਸਿਰ ਦੀ ਸਹੁੰ ਖਾਓ, ਕਿਉਂ ਜੋ ਨਾ ਇੱਕ ਵਾਲ਼ ਨੂੰ ਤੁਸੀਂ ਸਫੇਦ ਕਰ ਸਕਦੇ ਹੋ, ਅਤੇ ਨਾ ਕਾਲਾ ਕਰ ਸਕਦੇ ਹੋ। 37ਪਰੰਤੂ ਤੁਹਾਡੀ ਗੱਲਬਾਤ ‘ਹਾਂ ਦੀ ਹਾਂ’ ਅਤੇ ‘ਨਾਂਹ ਦੀ ਨਾਂਹ’ ਹੋਵੇ; ਜੋ ਇਸ ਤੋਂ ਵੱਧ ਹੈ ਉਹ ਦੁਸ਼ਟ ਵੱਲੋਂ ਹੁੰਦਾ ਹੈ।
ਬਦਲਾ ਲੈਣ ਦੇ ਵਿਸੇ ਬਾਰੇ ਸਿੱਖਿਆ
38“ਤੁਸੀਂ ਸੁਣਿਆ ਹੋਵੇਗਾ ਜੋ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ 39ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਬੁਰੇ ਵਿਅਕਤੀ ਦਾ ਸਾਹਮਣਾ ਹੀ ਨਾ ਕਰੋ ਜੇ ਕੋਈ ਤੁਹਾਡੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਸਰੀ ਗੱਲ੍ਹ ਵੀ ਉਸ ਦੇ ਵੱਲ ਕਰਦੇ। 40ਜੇ ਕੋਈ ਤੁਹਾਡੇ ਉੱਤੇ ਮੁਕੱਦਮਾ ਕਰਕੇ ਤੁਹਾਡੀ ਕਮੀਜ਼ ਲੈਣਾ ਚਾਹੇ ਤਾਂ ਉਸ ਨੂੰ ਚੋਗਾ ਵੀ ਦੇ ਦਿਓ। 41ਜੇ ਤੁਹਾਨੂੰ ਕੋਈ ਇੱਕ ਕਿਲੋਮੀਟਰ ਚੱਲਣ ਲਈ ਮਜਬੂਰ ਕਰੇ ਤਾਂ ਉਸ ਨਾਲ ਦੋ ਕਿਲੋਮੀਟਰ ਤੱਕ ਜਾਓ। 42ਜੇ ਕੋਈ ਤੁਹਾਡੇ ਕੋਲੋ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ। ਅਗਰ ਤੁਹਾਡੇ ਕੋਲੋ ਕੋਈ ਉਧਾਰ ਲੈਣਾ ਚਹਾਉਂਦਾ ਹੈ, ਤਾਂ ਉਸ ਤੋਂ ਮੂੰਹ ਨਾ ਮੋੜੋ।
ਦੁਸ਼ਮਣਾਂ ਨਾਲ ਪਿਆਰ
43“ਤੁਸੀਂ ਇਹ ਤਾਂ ਸੁਣਿਆ ਹੈ ਜੋ ਕਿਹਾ ਗਿਆ ਸੀ, ‘ਕਿ ਤੁਸੀਂ ਆਪਣੇ ਗੁਆਂਢੀ ਨਾਲ ਪਿਆਰ ਕਰੋ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖੋ।’ 44ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ। 45ਤਾਂ ਜੋ ਤੁਸੀਂ ਆਪਣੇ ਸਵਰਗੀ ਪਿਤਾ ਦੀ ਸੰਤਾਨ ਹੋਵੋ। ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਭਲਿਆ ਤੇ ਚੜਾਉਂਦਾ ਹੈ ਅਤੇ ਇਸੇ ਪ੍ਰਕਾਰ ਉਹ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਾਉਂਦਾ ਹੈ। 46ਜੇ ਤੁਸੀਂ ਸਿਰਫ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸਦਾ ਤੁਹਾਨੂੰ ਕੀ ਫਲ ਮਿਲੇਗਾ? ਕੀ ਚੁੰਗੀ ਲੈਣ ਵੀ ਇਸ ਤਰ੍ਹਾ ਨਹੀਂ ਕਰਦੇ? 47ਅਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਕੀ ਪਰਾਈਆਂ ਕੌਮਾਂ ਦੇ ਲੋਕ ਇਸ ਤਰ੍ਹਾ ਨਹੀਂ ਕਰਦੇ ਹਨ? 48ਇਸ ਲਈ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤੁਸੀਂ ਵੀ ਉਸੇ ਤਰ੍ਹਾ ਸੰਪੂਰਨ ਬਣੋ।

હાલમાં પસંદ કરેલ:

ਮੱਤੀਯਾਹ 5: PMT

Highlight

શેર કરો

નકલ કરો

None

Want to have your highlights saved across all your devices? Sign up or sign in