ਲੂਕਾ 7
7
ਨਾਇਨ ਵਿਧਵਾ ਦੇ ਪੁੱਤ੍ਰ ਨੂੰ ਜੁਆਲਣਾ । ਯੂਹੰਨਾ ਲਈ ਉਸਤਤ
1ਜਾਂ ਉਹ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਦੇ ਕੰਨੀ ਪਾ ਚੁੱਕਿਆ ਤਾਂ ਕਫ਼ਰਨਾਹੂਮ ਵਿੱਚ ਆਇਆ 2ਅਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਹ ਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨਾਊ ਸੀ 3ਉਹ ਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦਿਆਂ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਘੱਲਿਆ ਅਤੇ ਉਸ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ 4ਸੋ ਜਾਂ ਓਹ ਯਿਸੂ ਦੇ ਕੋਲ ਅੱਪੜੇ ਉਨ੍ਹਾਂ ਨੇ ਉਸ ਦੀ ਵੱਡੀ ਮਿੰਨਤ ਕਰਕੇ ਆਖਿਆ ਭਈ ਉਹ ਇਸ ਲਾਇਕ ਹੈ ਜੋ ਤੂੰ ਉਹ ਦੇ ਲਈ ਇਹ ਕੰਮ ਕਰੇਂ 5ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਹ ਨੇ ਆਪ ਸਾਡੇ ਲਈ ਸਮਾਜ ਮੰਦਰ ਬਣਵਾਇਆ ਹੈ 6ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਰ ਜਾਂ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਲਾਇਕ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੇਂ 7ਇਸੇ ਕਾਰਨ ਮੈਂ ਆਪਣੇ ਤਾਈਂ ਤੇਰੇ ਕੋਲ ਆਉਣ ਦੇ ਭੀ ਜੋਗ ਨਾ ਸਮਝਿਆ ਪਰ ਤੂੰ ਨਿਰਾ ਬਚਨ ਹੀ ਉਚਾਰ ਤਾਂ ਮੇਰਾ ਛੋਕਰਾ ਚੰਗਾ ਹੋ ਜਾਵੇਗਾ 8ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਕੀਤਾ ਹੋਇਆ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ ਕਿ ਆ, ਤਾਂ ਉਹ ਆਉਂਦਾ ਹੈ ਅਰ ਆਪਣੇ ਨੌਕਰ ਨੂੰ ਕਿ ਇਹ ਕਰ, ਤਾਂ ਉਹ ਕਰਦਾ ਹੈ 9ਯਿਸੂ ਨੇ ਇਹ ਗੱਲਾਂ ਸੁਣ ਕੇ ਉਸ ਤੇ ਅਚਰਜ ਮੰਨਿਆ ਅਤੇ ਉਸ ਭੀੜ ਦੀ ਵੱਲ ਜੋ ਉਹ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਜੋ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ! 10ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਹੋਇਆ ਡਿੱਠਾ।।
11ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਜੋ ਉਹ ਨਾਇਨ ਨਾਉਂ ਦੇ ਇੱਕ ਨਗਰ ਨੂੰ ਗਿਆ ਅਰ ਉਹ ਦੇ ਚੇਲੇ ਅਤੇ ਵੱਡੀ ਭੀੜ ਉਹ ਦੇ ਨਾਲ ਤੁਰੀ ਜਾਂਦੀ ਸੀ 12ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਆ ਪੁੱਜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤਰ ਸੀ ਅਤੇ ਉਹ ਵਿਧਵਾ ਸੀ ਅਰ ਨਗਰ ਦੀ ਵੱਡੀ ਭੀੜ ਉਹ ਦੇ ਨਾਲ ਹੈਸੀ 13ਪ੍ਰਭੁ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ 14ਅਰ ਨੇੜੇ ਆਣ ਕੇ ਸਿੜ੍ਹੀ ਨੂੰ ਛੋਹਿਆ ਅਰ ਚੁੱਕਣ ਵਾਲੇ ਖਲੋ ਗਏ। ਤਦ ਉਹ ਨੇ ਕਿਹਾ, ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ ! 15ਤਾਂ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ 16ਤਾਂ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਭਈ ਸਾਡੇ ਵਿੱਚ ਵੱਡਾ ਨਬੀ ਉੱਠਿਆ, ਨਾਲੇ ਪਰਮੇ਼ਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ 17ਅਰ ਉਹ ਦੇ ਵਿਖੇ ਇਹ ਗੱਲ ਸਾਰੇ ਯਹੂਦਿਯਾ ਅਤੇ ਉਸ ਤਮਾਮ ਇਲਾਕੇ ਵਿੱਚ ਖਿੰਡ ਗਈ।।
18ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਖਬਰ ਦਿੱਤੀ 19ਅਰ ਯੂਹੰਨਾ ਨੇ ਆਪਣੇ ਚੇਲਿਆਂ ਵਿੱਚੋਂ ਦੋ ਜਣੇ ਕੋਲ ਸੱਦ ਕੇ ਪ੍ਰਭੁ ਨੂੰ ਕਹਾ ਭੇਜਿਆ ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀ ਕਿਸੇ ਹੋਰ ਨੂੰ ਉਡੀਕੀਏ? 20ਸੋ ਉਨ੍ਹਾਂ ਮਨੁੱਖਾਂ ਨੇ ਉਹ ਦੇ ਕੋਲ ਆਣ ਕੇ ਕਿਹਾ ਕਿ ਯੂਹੰਨਾ ਬਪਤਿਸਮਾਂ ਦੇਣ ਵਾਲੇ ਨੇ ਸਾਡੀ ਜ਼ਬਾਨੀ ਤੈਨੂੰ ਇਹ ਕਹਾ ਭੇਜਿਆ ਹੈ ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ? 21ਉਸ ਨੇ ਉਸ ਘੜੀ ਬਹੁਤਿਆਂ ਨੂੰ ਰੋਗਾਂ ਅਰ ਬਲਾਈਆਂ ਅਤੇ ਬਦ ਰੂਹਾਂ ਤੋਂ ਚੰਗਾ ਕੀਤਾ ਅਤੇ ਬਹੁਤਿਆਂ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਸੀ 22ਤਦ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਜੋ ਕੁਝ ਤੁਸਾਂ ਵੇਖਿਆਂ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਕੇ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਙੇ ਤੁਰਦੇ ਹਨ, ਕੋੜੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ 23ਅਤੇ ਧੰਨ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।।
24ਜਾਂ ਯੂਹੰਨਾ ਦੇ ਭੇਜੇ ਹੋਏ ਚੱਲੇ ਗਏ ਤਾਂ ਉਹ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸਾਓ? ਭਲਾ, ਇੱਕ ਕਾਨੇ ਨੂੰ ਜਿਹੜਾ ਵਾਉ ਨਾਲ ਹਿਲਦਾ ਹੈ? 25ਫੇਰ ਤੁਸੀਂ ਕੀ ਵੇਖਣ ਨਿੱਕਲੇ ਸਾਓ? ਕੀ ਮਹੀਨ ਬਸਤ੍ਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ, ਓਹ ਜੋ ਭੜਕੀਲੀ ਪੁਸ਼ਾਕ ਪਹਿਨਦੇ ਅਤੇ ਅਨੰਦ ਭੋਗਦੇ ਹਨ ਸੋ ਰਾਜਿਆਂ ਦੇ ਮਹਿਲਾਂ ਵਿੱਚ ਹੁੰਦੇ ਹਨ 26ਫੇਰ ਤੁਸੀਂ ਕੀ ਵੇਖਣ ਨਿੱਕਲੇ ਸਾਓ? ਕੀ ਇੱਕ ਨਬੀ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ 27ਇਹ ਉਹੋ ਹੈ ਜਿਹ ਦੇ ਹੱਕ ਵਿੱਚ ਲਿਖਿਆ, #ਮਲ. 3:1
ਵੇਖੋ, ਮੈਂ ਆਪਣਾ ਦੂਤ ਤੇਰੇ ਅੱਗੇ ਘੱਲਦਾ ਹਾਂ,
ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।।
28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਤੀਵੀਆਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ 29ਅਰ ਸਭਨਾਂ ਲੋਕਾਂ ਨੇ ਜਾਂ ਸੁਣਿਆਂ ਅਤੇ ਮਸੂਲੀਆਂ ਨੇ ਬੀ ਯੂਹੰਨਾ ਦਾ ਬਪਤਿਸਮਾਂ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ 30ਪਰ ਫ਼ਰੀਸੀਆਂ ਅਤੇ ਸ਼ਰ੍ਹਾ ਦੇ ਸਿਖਾਉਣ ਵਾਲਿਆਂ ਨੇ ਉਸ ਕੋਲੋਂ ਬਪਤਿਸਮਾਂ ਨਾ ਲੈ ਕੇ ਆਪਣੇ ਲਈ ਪਰਮੇਸ਼ੁਰ ਦੀ ਜੁਗਤ ਨੂੰ ਟਾਲ ਦਿੱਤਾ 31ਫੇਰ ਮੈਂ ਇਸ ਪੀਹੜੀ ਦੇ ਲੋਕਾਂ ਨੂੰ ਕਿਹ ਦੇ ਵਰਗਾ ਦੱਸਾਂ ਅਤੇ ਓਹ ਕਿਹ ਦੇ ਸਮਾਨ ਹਨ? 32ਓਹ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜ਼ਾਰ ਵਿੱਚ ਬੈਠੇ ਇੱਕ ਦੂਏ ਨੂੰ ਅਵਾਜ਼ ਮਾਰਦੇ ਜੋ ਆਖਦੇ ਹਨ ਭਈ
ਅਸਾਂ ਤੁਹਾਡੇ ਲਈ ਬੌਂਸਰੀ ਬਜਾਈ ਪਰ ਤੁਸੀਂ
ਨਾ ਨੱਚੇ।
ਅਸਾਂ ਸਿਆਪਾ ਕੀਤਾ ਪਰ ਤੁਸੀਂ ਨਾ ਰੋਏ।।
33ਯੂਹੰਨਾ ਬਪਤਿਸਮਾਂ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ, ਨਾ ਮੈ ਪੀਂਦਾ ਆਇਆ ਹੈ ਅਰ ਤੁਸੀਂ ਕਹਿੰਦੇ ਹੋ ਕਿ ਉਹ ਦੇ ਵਿੱਚ ਇੱਕ ਭੂਤ ਹੈ 34ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ, ਮਸੂਲੀਆਂ ਅਰ ਪਾਪੀਆਂ ਦਾ ਯਾਰ! 35ਸੋ ਗਿਆਨ ਆਪਣੇ ਸਾਰੇ ਬਾਲਕਾਂ ਤੋਂ ਸੱਚਾ ਠਹਿਰਿਆ! ।। 36ਫੇਰ ਫ਼ਰੀਸੀਆਂ ਵਿੱਚੋਂ ਇੱਕ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਮੇਰੇ ਨਾਲ ਰੋਟੀ ਖਾਹ। ਤਾਂ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠਾ 37ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈਸੀ ਜਿਹੜੀ ਪਾਪਣ ਸੀ ਅਤੇ ਉਹ ਇਹ ਜਾਣ ਕੇ ਭਈ ਉਹ ਫ਼ਰੀਸੀ ਜੇ ਘਰ ਖਾਣ ਬੈਠਾ ਹੈ ਇੱਕ ਸ਼ੀਸ਼ੀ ਵਿੱਚ ਅਤਰ ਲਿਆਈ 38ਅਰ ਪਿਛਲੀ ਵੱਲ ਉਹ ਦੇ ਚਰਨਾਂ ਕੋਲ ਖਲੋ ਕੇ ਰੋਂਦੀ ਰੋਂਦੀ ਅੰਝੂਆਂ ਨਾਲ ਉਹ ਦੇ ਚਰਨ ਭੇਉਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂਝ ਕੇ ਉਹ ਦੇ ਚਰਨ ਚੁੰਮੇ ਅਤੇ ਅਤਰ ਮਲਿਆ 39ਅਰ ਇਹ ਵੇਖ ਕੇ ਫ਼ਰੀਸੀ ਜਿਹ ਨੇ ਉਹ ਨੂੰ ਨੇਉਤਾ ਦਿੱਤਾ ਸੀ ਆਪਣੇ ਜੀ ਵਿੱਚ ਕਹਿਣ ਲੱਗਾ ਭਈ ਇਹ ਮਨੁੱਖ ਜੇ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹ ਨੂੰ ਛੋਹੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ 40ਯਿਸੂ ਨੇ ਅੱਗੋਂ ਉਸ ਨੂੰ ਕਿਹਾ, ਸ਼ਮਊਨ ਮੈਂ ਤੈਨੂੰ ਕੁਝ ਆਖਣਾ ਹੈ। ਤਾਂ ਉਹ ਬੋਲਿਆ, ਗੁਰੂ ਜੀ ਫ਼ਰਮਾਓ 41ਕਿਸੇ ਸ਼ਾਹੂਕਾਰ ਦੇ ਦੋ ਕਰਜਾਈ ਸਨ, ਇੱਕ ਢਾਈ ਸੌ ਰੁਪਏ ਅਤੇ ਦੂਆ ਪੰਜਾਹਾਂ ਦਾ 42ਜਾਂ ਉਨ੍ਹਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਾਂ ਉਹ ਨੇ ਦੋਹਾਂ ਨੂੰ ਬਖ਼ਸ਼ ਦਿੱਤਾ ਸੋ ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ? 43ਸ਼ਮਊਨ ਨੇ ਉੱਤਰ ਦਿੱਤਾ, ਮੇਰੀ ਜਾਚ ਵਿੱਚ ਉਹ ਜਿਹ ਨੂੰ ਉਹ ਨੇ ਵਧੀਕ ਬਖ਼ਸ਼ਿਆ। ਤਾਂ ਉਹ ਨੇ ਉਸ ਨੂੰ ਆਖਿਆ, ਤੈਂ ਠੀਕ ਨਬੇੜਾ ਕੀਤਾ 44ਫੇਰ ਉਸ ਤੀਵੀਂ ਦੀ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਹ ਤੀਵੀਂ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ, ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਪਰ ਇਹ ਨੇ ਮੇਰੇ ਪੈਰ ਅੰਝੂਆਂ ਨਾਲ ਭੇਵੇ ਅਤੇ ਆਪਣੇ ਵਾਲਾਂ ਨਾਲ ਪੂੰਝੇ 45ਤੈਂ ਮੈਨੂੰ ਨਾ ਚੁੰਮਿਆਂ ਪਰ ਇਹ ਜਦੋਂ ਦਾ ਮੈਂ ਐਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ 46ਤੈਂ ਮੇਰੇ ਸਿਰ ਤੇ ਤੇਲ ਨਾ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ 47ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਹ ਦੇ ਪਾਪ ਜੋ ਬਹੁਤੇ ਹਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਪਿਆਰ ਬਹੁਤ ਕੀਤਾ, ਪਰ ਜਿਹ ਨੂੰ ਥੋੜਾ ਮਾਫ਼ ਕੀਤਾ ਗਿਆ ਸੋ ਥੋੜਾ ਪਿਆਰ ਕਰਦਾ ਹੈ 48ਫੇਰ ਓਨ ਤੀਵੀਂ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ 49ਅਤੇ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ ਆਪਣੇ ਮਨ ਵਿੱਚ ਕਹਿਣ ਲੱਗੇ ਭਈ ਇਹ ਕੌਣ ਹੈ ਜੋ ਪਾਪ ਭੀ ਮਾਫ਼ ਕਰਦਾ ਹੈ? 50ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚੱਲੀ ਜਾਹ ।।
اکنون انتخاب شده:
ਲੂਕਾ 7: PUNOVBSI
هایلایت
به اشتراک گذاشتن
کپی
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.