ਲੂਕਾ 5

5
ਇੱਕ ਕੋੜ੍ਹੀ ਦਾ ਸ਼ੁੱਧ ਹੋਣਾ। ਅਧਰੰਗੀ ਦਾ ਚੰਗਾ ਹੋਣਾ
1ਐਉਂ ਹੋਇਆ ਕਿ ਜਾਂ ਲੋਕ ਉਹ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ 2ਅਤੇ ਉਹ ਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਪਰ ਮਾਛੀ ਉਨ੍ਹਾਂ ਵਿੱਚੋਂ ਨਿੱਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ 3ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਉਸ ਤੋਂ ਚਾਹਿਆ ਜੋ ਕੰਢਿਓਂ ਰਤੀਕੁ ਹਟਾ ਲੈ ਤਾਂ ਉਹ ਬੈਠ ਕੇ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ 4ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮਊਨ ਨੂੰ ਕਿਹਾ ਭਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ 5ਸ਼ਮਊਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ 6ਜਾਂ ਉਨ੍ਹਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਨ੍ਹਾਂ ਦੇ ਜਾਲ ਟੁੱਟਣ ਲੱਗੇ 7ਤਦ ਉਨ੍ਹਾਂ ਆਪਣੇ ਸਾਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ ਜੋ ਆਣ ਕੇ ਸਾਡੀ ਮੱਦਤ ਕਰੋ। ਸੋ ਓਹ ਆਏ ਅਰ ਦੋਵੇਂ ਬੇੜੀਆਂ ਅਜੇਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ 8ਸ਼ਮਊਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਪਿਆ ਅਤੇ ਬੋਲਿਆ, ਪ੍ਰਭੁ ਜੀ ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ 9ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹ ਦੇ ਨਾਲ ਦੇ ਸੱਭੇ ਹੈਰਾਨ ਹੋਏ 10ਅਤੇ ਇਸੇ ਤਰਾਂ ਜ਼ਬਦੀ ਦੇ ਪੁੱਤ੍ਰ ਯਾਕੂਬ ਅਤੇ ਯੂਹੰਨਾ ਵੀ ਜੋ ਸ਼ਮਊਨ ਦੇ ਸਾਂਝੀ ਸਨ ਹੈਰਾਨ ਹੋਏ ਤਦ ਸ਼ਮਊਨ ਨੂੰ ਆਖਿਆ, ਨਾ ਡਰ, ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਂਵੋਗਾ 11ਤਦ ਓਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।।
12ਤਾਂ ਐਉਂ ਹੋਇਆ ਕਿ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਓੱਥੇ ਸੀ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਰ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ 13ਤਾਂ ਉਸ ਨੇ ਹੱਥ ਲੰਮਾ ਕਰ ਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਰ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ! 14ਤਾਂ ਉਸ ਨੇ ਉਹ ਨੂੰ ਹੁਕਮ ਕੀਤਾ ਭਈ ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਠਹਿਰਾਇਆ ਹੈ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ 15ਪਰ ਉਸ ਦੀ ਚਰਚਾ ਵਧੀਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਂਦਗੀਆਂ ਤੋਂ ਚੰਗੇ ਹੋਣ ਲਈ ਇੱਕਠੀ ਹੋਈ 16ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ।।
17ਇੱਕ ਦਿਨ ਐਉਂ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਕਈ ਫ਼ਰੀਸੀ ਅਤੇ ਤੁਰੇਤ ਦੇ ਪੜ੍ਹਾਉਣ ਵਾਲੇ ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਉੱਥੇ ਬੈਠੇ ਅਰ ਪ੍ਰਭੁ ਦੀ ਸਮਰੱਥਾ ਚੰਗਾ ਕਰਨ ਲਈ ਉਹ ਦੇ ਨਾਲ ਸੀ 18ਅਰ ਵੇਖੋ, ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹ ਨੂੰ ਅੰਦਰ ਲੈ ਜਾਕੇ ਉਹ ਦੇ ਅੱਗੇ ਰੱਖਣ 19ਅਰ ਜਾਂ ਉਨ੍ਹਾਂ ਨੇ ਭੀੜ ਦੇ ਕਾਰਨ ਉਹ ਨੂੰ ਅੰਦਰ ਲੈ ਜਾਣ ਦਾ ਕੋਈ ਢੰਗ ਨਾ ਵੇਖਿਆ ਤਾਂ ਕੋਠੇ ਉੱਤੇ ਚੜ੍ਹ ਗਏ ਅਤੇ ਖਪਰੈਲਾਂ ਦੇ ਵਿੱਚੋਂ ਦੀ ਉਹ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਵਿਚਕਾਰ ਲਮਕਾ ਦਿੱਤਾ 20ਅਤੇ ਉਸ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਤੈਨੂੰ ਮਾਫ਼ ਹੋਏ 21ਤਾਂ ਗ੍ਰੰਥੀ ਅਰ ਫ਼ਰੀਸੀ ਵਿਚਾਰ ਕਰਨ ਲੱਗੇ ਭਈ ਇਹ ਕੌਣ ਹੈ ਜਿਹੜਾ ਕੁਫ਼ਰ ਬਕਦਾ ਹੈ? ਇੱਕ ਪਰਮੇਸ਼ੁਰ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ? 22ਪਰ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ,ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ? 23ਕਿਹੜੀ ਗੱਲ ਸੁਖਾਲੀ ਹੈ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ? 24ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਸ ਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਰ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ 25ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਰ ਜਿਸ ਉੱਤੇ ਪਿਆ ਉਹ ਨੂੰ ਚੁੱਕ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ 26ਅਤੇ ਓਹ ਸੱਭੇ ਵੱਡੇ ਹੈਰਾਨ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਅਰ ਅੱਤ ਭੈਮਾਨ ਹੋ ਕੇ ਬੋਲੇ ਕਿ ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ! ।।
27ਇਹ ਦੇ ਪਿੱਛੋਂ ਉਹ ਬਾਹਰ ਗਿਆ ਅਰ ਲੇਵੀ ਨਾਉਂ ਦੇ ਇੱਕ ਮਸੂਲੀਏ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ 28ਤਾਂ ਉਹ ਸੱਭੋ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ 29ਅਰ ਲੇਵੀ ਨੇ ਆਪਣੇ ਘਰ ਉਸ ਦੀ ਖ਼ਾਤਰ ਵੱਡੀ ਦਾਉਤ ਕੀਤੀ ਅਰ ਉੱਥੇ ਮਸੂਲੀਆਂ ਅਤੇ ਹੋਰਨਾਂ ਦੀ ਜੋ ਉਨ੍ਹਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ 30ਫ਼ਰੀਸੀ ਅਰ ਉਨ੍ਹਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੜਾ ਕੇ ਕਹਿਣ ਲੱਗੇ ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ? 31ਯਿਸੂ ਨੇ ਉਨ੍ਹਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ 32ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ 33ਅੱਗੇ ਉਨ੍ਹਾਂ ਉਸ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਬੇਨਤੀ ਕਰਦੇ ਹਨ ਅਰ ਇਸੇ ਤਰਾਂ ਨਾਲ ਫ਼ਰੀਸੀਆਂ ਦੇ ਭੀ ਪਰ ਤੇਰੇ ਚੇਲੇ ਖਾਂਦੇ ਪੀਂਦੇ ਹਨ 34ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਤੁਸੀਂ ਉਨ੍ਹਾਂ ਤੋਂ ਵਰਤ ਰਖਾ ਸੱਕਦੇ ਹੋ? 35ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਕੋਲੋਂ ਅੱਡ ਕੀਤੀ ਜਾਵੇਗਾ ਤਦ ਉਨ੍ਹੀਂ ਦਿਨੀਂ ਓਹ ਵਰਤ ਰੱਖਣਗੇ 36ਅਤੇ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ ਭਈ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਕੱਪੜੇ ਨਾਲ ਸੱਜਨੀ ਵੀ ਨਹੀਂ 37ਅਰ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ ਨਹੀਂ ਤਾਂ ਨਵੀਂ ਮੈ ਮਸ਼ਕਾ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ 38ਪਰ ਨਵੀਂ ਮੈ ਨਵੀਆਂ ਮਸ਼ਕਾ ਵਿੱਚ ਭਰਨੀ ਚਾਹੀਦੀ ਹੈ 39ਅਤੇ ਪੁਰਾਣੀ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂ ਜੋ ਉਹ ਕਹਿੰਦਾ ਹੈ ਭਈ ਪੁਰਾਣੀ ਚੰਗੀ ਹੈ।।

اکنون انتخاب شده:

ਲੂਕਾ 5: PUNOVBSI

های‌لایت

به اشتراک گذاشتن

کپی

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید