ਲੂਕਾ 1

1
ਯੂਹੰਨਾ ਦਾ ਜਨਮ । ਮਰਿਯਮ ਦਾ ਗੀਤ। ਜ਼ਕਰਯਾਹ ਦਾ ਗੀਤ
1ਜਿਸ ਹਾਲ ਵਿੱਚ ਬਹੁਤਿਆਂ ਨੇ ਉਨ੍ਹਾਂ ਗੱਲਾਂ ਦਾ ਵਿਰਤਾਂਤ ਲਿਖਣ ਨੂੰ ਲੱਕ ਬੰਨ੍ਹਿਆਂ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ 2ਜਿਵੇਂ ਉਨ੍ਹਾਂ ਨੇ ਸਾਨੂੰ ਸੌਪਿਆ ਜਿਹੜੇ ਮੁਢੋਂ ਆਪਣੀਂ ਅੱਖੀਂ ਵੇਖਣ ਵਾਲੇ ਅਤੇ ਬਚਨ ਦੇ ਸੇਵਕ ਸਾਂ 3ਹੇ ਸਰਬ ਉਪਮਾ ਜੋਗ ਥਿਉਫਿਲੁਸ ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕਰ ਕੇ ਉਚਿਤ ਜਾਣਿਆ ਭਈ ਤੇਰੇ ਲਈ ਜਿਵੇਂ ਹੋਇਆ ਹੈ ਤਿਵੇਂ ਲਿਖਾਂ 4ਤਾਂ ਜੋ ਤੂੰ ਉਨ੍ਹਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੈਂ ਸਿੱਖਿਆ ਪਾਈ।।
5ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ ਅਬੀਯਾਹ ਦੇ ਵਾਰੀ ਵਾਲਿਆਂ ਵਿੱਚੋਂ ਜ਼ਕਰਯਾਹ ਕਰਕੇ ਇੱਕ ਜਾਜਕ ਸੀ ਅਤੇ ਉਹ ਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਰ ਉਹ ਦਾ ਨਾਉਂ ਸੀ ਇਲੀਸਬਤ 6ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਸਨ ਅਰ ਪ੍ਰਭੁ ਦੇ ਸਾਰੇ ਹੁਕਮਾਂ ਅਤੇ ਬਿਧਾਂ ਤੇ ਨਿਰਦੋਖ ਚੱਲਦੇ ਸਨ 7ਉਨ੍ਹਾਂ ਦੇ ਉਲਾਦ ਨਾ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਰ ਦੋਵੇਂ ਵੱਡੀ ਉਮਰ ਦੇ ਸਨ 8ਅਤੇ ਐਉਂ ਹੋਇਆ ਕਿ ਜਾਂ ਉਹ ਪਰਮੇਸ਼ੁਰ ਦੀ ਦਰਗਾਹੇ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰਦਾ ਸੀ 9ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹ ਦੇ ਨਾਉਂ ਦਾ ਨਿੱਕਲਿਆ ਭਈ ਪ੍ਰਭੁ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ 10ਅਤੇ ਧੂਪ ਧੁਖਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ 11ਤਦ ਉਹ ਨੂੰ ਪ੍ਰਭੁ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿੱਸਿਆ 12ਅਤੇ ਜ਼ਕਰਯਾਹ ਵੇਖ ਕੇ ਘਬਰਾਇਆ ਅਰ ਉਹ ਨੂੰ ਡਰ ਲੱਗਾ 13ਪਰ ਦੂਤ ਨੇ ਉਹ ਨੂੰ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਅਰ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਉਂ ਯੂਹੰਨਾ ਰੱਖਣਾ 14ਅਰ ਤੈਨੂੰ ਖੁਸ਼ੀ ਅਤੇ ਆਨੰਦ ਹੋਵੇਗਾ ਅਰ ਬਥੇਰੇ ਉਹ ਦੇ ਜੰਮਣ ਤੋਂ ਖੁਸ਼ ਹੋਣਗੇ 15ਕਿਉਂਕਿ ਉਹ ਪ੍ਰਭੁ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈ ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤ੍ਰ ਆਤਮਾ ਨਾਲ ਭਰ ਜਾਵੇਗਾ 16ਅਤੇ ਇਸਰਾਏਲ ਦੀ ਉਲਾਦ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਪ੍ਰਭੁ ਦੀ ਵੱਲ ਮੋੜੇਗਾ 17ਉਹ ਉਸ ਦੇ ਅੱਗੇ ਅੱਗੇ ਏਲੀਯਾਹ ਦੇ ਆਤਮਾ ਅਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਦੀ ਵੱਲ ਮੋੜੇ ਭਈ ਪ੍ਰਭੁ ਦੇ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ 18ਤਾਂ ਜ਼ਕਰਯਾਹ ਨੇ ਦੂਤ ਨੂੰ ਆਖਿਆ, ਮੈਂ ਇਹ ਕਿੱਕੁਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ? 19ਦੂਤ ਨੇ ਉਹ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ ਜੋ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਰਹਿੰਦਾ ਅਤੇ ਇਸ ਲਈ ਘੱਲਿਆ ਹੋਇਆ ਹਾਂ ਭਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ 20ਵੇਖ ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਂਣ ਤੂੰ ਚੁੱਪ ਰਹੇਂਗਾ ਅਤੇ ਬੋਲ ਨਾ ਸੱਕੇਂਗਾ ਇਸ ਲਈ ਜੋ ਤੈਂ ਮੇਰੀਆਂ ਗੱਲਾਂ ਨੂੰ ਸਤ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ 21ਅਤੇ ਲੋਕ ਜ਼ਕਰਯਾਹ ਦਾ ਰਾਹ ਵੇਖਦੇ ਸਨ ਅਰ ਹੈਕਲ ਵਿੱਚ ਉਹ ਦੇ ਚਿਰ ਲਾਉਣ ਕਰਕੇ ਹੈਰਾਨ ਹੁੰਦੇ ਸਨ 22ਫੇਰ ਜਾਂ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸੱਕਿਆ ਅਤੇ ਉਨ੍ਹਾਂ ਮਾਲੂਮ ਕੀਤਾ ਜੋ ਉਹ ਨੇ ਹੈਕਲ ਵਿੱਚ ਕੋਈ ਪਰਤੱਖ ਰੋਇਆ ਵੇਖੀ ਹੈ ਅਰ ਉਹ ਉਨ੍ਹਾਂ ਨੂੰ ਸੈਨਤਾਂ ਮਾਰਦਾ ਸੀ ਅਤੇ ਗੂੰਗਾ ਰਹਿ ਗਿਆ 23ਤਾਂ ਐਉਂ ਹੋਇਆ ਕਿ ਜਦ ਉਹ ਦੀ ਸੇਵਾ ਦੇ ਦਿਨ ਪੂਰੇ ਹੋਏ ਤਦ ਉਹ ਆਪਣੇ ਘਰ ਚੱਲਿਆ ਗਿਆ।।
24ਫੇਰ ਉਨ੍ਹਾਂ ਦਿਨਾਂ ਦੇ ਪਿੱਛੋਂ ਉਹ ਦੀ ਪਤਨੀ ਇਲੀਸਬਤ ਗਰਭਵੰਤੀ ਹੋਈ ਅਤੇ ਉਹ ਨੇ ਪੰਜਾਂ ਮਹੀਨਿਆਂ ਤੀਕਰ ਆਪਣੇ ਤਾਈਂ ਇਹ ਕਹਿ ਕੇ ਲੁਕਾਇਆ 25ਕਿ ਪ੍ਰਭੁ ਨੇ ਜਿਨ੍ਹੀਂ ਦਿਨੀਂ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ ਹੈ ਭਈ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਹਟਾ ਦੇਵੇ।।
26ਛੇਂਵੇ ਮਹੀਨੇ ਜਿਬਰਾਏਲ ਦੂਤ ਪਰਮੇਸ਼ੁਰ ਦੀ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ 27ਇੱਕ ਕੁਆਰੀ ਦੇ ਕੋਲ ਭੇਜਿਆ ਗਿਆ ਜਿਹ ਦੀ ਕੁੜਮਾਈ ਯੂਸੁਫ਼ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਅਰ ਉਸ ਕੁਆਰੀ ਦਾ ਨਾਉਂ ਸੀ ਮਰਿਯਮ 28ਅਤੇ ਉਸ ਨੇ ਉਹ ਦੇ ਕੋਲ ਅੰਦਰ ਆਣ ਕੇ ਕਿਹਾ, ਵਧਾਇਓਂ ਜਿਹ ਦੇ ਉੱਤੇ ਕਿਰਪਾ ਹੋਈ! ਪ੍ਰਭੁ ਤੇਰੇ ਨਾਲ ਹੈ 29ਪਰ ਉਹ ਇਹ ਬਚਨ ਤੋਂ ਬਹੁਤ ਘਬਰਾਈ ਅਰ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ? 30ਦੂਤ ਨੇ ਉਹ ਨੂੰ ਆਖਿਆ, ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ 31ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ
32ਉਹ ਮਹਾਨ ਹੋਵੇਗਾ,
ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ,
ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ
ਤਖ਼ਤ ਉਹ ਨੂੰ ਦੇਵੇਗਾ।।
33ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ
ਕਰੇਗਾ,
ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।।
34ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ 35ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ 36ਅਰ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਬੁਢੇਪੇ ਵਿੱਚ ਪੁੱਤ੍ਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਂਉਦੀ ਸੀ ਉਹ ਦਾ ਛੇਵਾਂ ਮਹੀਨਾਂ ਹੈ 37ਕਿਉਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ 38ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਦ ਦੂਤ ਉਹ ਦੇ ਕੋਲੋਂ ਚੱਲਿਆ ਗਿਆ।।
39ਉਨ੍ਹੀਂ ਦਿਨੀਂ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ 40ਅਰ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਪਰਨਾਮ ਕੀਤਾ 41ਤਾਂ ਐਉਂ ਹੋਇਆ ਕਿ ਜਾਂ ਇਲੀਸਬਤ ਨੇ ਮਰਿਯਮ ਦਾ ਪਰਨਾਮ ਸੁਣਿਆ ਤਾਂ ਬੱਚਾ ਉਹ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤ੍ਰ ਆਤਮਾ ਨਾਲ ਭਰ ਗਈ 42ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈਂ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ 43ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੁ ਦੀ ਮਾਤਾ ਮੇਰੇ ਕੋਲ ਆਈ? 44ਵੇਖ, ਤੇਰੇ ਪਰਨਾਮ ਦੀ ਅਵਾਜ਼ ਪੈਂਦੇ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉੱਛਲ ਪਿਆ 45ਅਰ ਧੰਨ ਹੈ ਉਹ ਜਿਨ ਪਰਤੀਤ ਕੀਤੀ ਕਿਉਂਕਿ ਜਿਹੜੀਆਂ ਗੱਲਾਂ ਪ੍ਰਭੁ ਦੀ ਵੱਲੋਂ ਉਹ ਨੂੰ ਕਹੀਆਂ ਗਈਆਂ ਓਹ ਪੂਰੀਆਂ ਹੋਣਗੀਆਂ 46ਤਾਂ ਮਰਿਯਮ ਨੇ ਆਖਿਆ-
ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ,
47ਅਤੇ ਮੇਰਾ ਆਤਮਾ ਮੇਰੇ ਮੁਕਤੀ ਦਾਤੇ ਪਰਮੇਸ਼ੁਰ
ਤੋਂ ਨਿਹਾਲ ਹੋਇਆ,
48ਕਿਉਂ ਜੋ ਉਹ ਨੇ ਆਪਣੀ ਬਾਂਦੀ ਦੀ ਅਧੀਨਗੀ
ਉੱਤੇ ਨਿਗਾਹ ਕੀਤੀ।
ਵੇਖੋ ਤਾਂ, ਏਦੋਂ ਅੱਗੇ ਸਾਰੀਆਂ ਪੀਹੜੀਆਂ ਮੈਂਨੂੰ
ਧੰਨ ਆਖਣਗੀਆਂ,
49ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ
ਕੀਤੇ ਹਨ,
ਅਤੇ ਪਵਿੱਤ੍ਰ ਹੈ ਉਹ ਦਾ ਨਾਮ।
50ਜਿਹੜੇ ਉਸ ਤੋਂ ਭੌਂ ਰੱਖਦੇ ਹਨ,
ਉਨ੍ਹਾਂ ਉੱਤੇ ਉਹ ਦੀ ਦਯਾ ਪੀਹੜੀਓਂ ਪੀਹੜੀ
ਹੈ।
51ਉਹ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ,
ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ
ਸਨ,
ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।
52ਉਹ ਨੇ ਬਲਵੰਤਾਂ ਨੂੰ ਤਖ਼ਤੋਂ ਡੇਗ ਦਿੱਤਾ,
ਅਤੇ ਅਧੀਨਾਂ ਨੂੰ ਉੱਚਿਆਂ ਕੀਤਾ।
53ਉਹ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ
ਰਜਾਇਆ, ਅਤੇ ਧਨੀਆਂ ਨੂੰ ਸੱਖਣੇ ਹੱਥ ਤਾਹ ਦਿੱਤਾ।
54ਉਹ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ,
ਭਈ ਉਹ ਆਪਣੇ ਰਹਮ ਨੂੰ ਯਾਦ ਕਰੇ,
55ਜਿਵੇਂ ਓਸ ਸਾਡੇ ਪਿਉਦਾਦਿਆਂ ਨਾਲ ਬਚਨ
ਕੀਤਾ,
ਅਬਰਾਹਾਮ ਤੇ ਉਹ ਦੀ ਅੰਸ਼ ਨਾਲ, ਜੁੱਗੋ ਜੁੱਗ
ਤਾਈਂ।।
56ਤਾਂ ਮਰਿਯਮ ਤਿੰਨਕੁ ਮਹੀਨੇ ਉਹ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।। 57ਹੁਣ ਇਲੀਸਬਤ ਦੇ ਜਣਨ ਦਾ ਵੇਲਾ ਆ ਪੁੱਜਾ ਅਤੇ ਉਹ ਪੁੱਤ੍ਰ ਜਣੀ 58ਅਰ ਉਹ ਦੇ ਗੁਆਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੁ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਹ ਦੇ ਨਾਲ ਖੁਸ਼ੀ ਮਨਾਈ 59ਤਾਂ ਐਉਂ ਹੋਇਆ ਜੋ ਓਹ ਅੱਠਵੇਂ ਦਿਨ ਬਾਲਕ ਦੀਆਂ ਸੁੰਨਤਾਂ ਲਈ ਆਏ ਅਰ ਉਹ ਦਾ ਨਾਉਂ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਹ ਦੇ ਪਿਤਾ ਦਾ ਨਾਉਂ ਸੀ 60ਪਰ ਉਹ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਹ ਯੂਹੰਨਾ ਸਦਾਵੇਗਾ 61ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਉਂ ਕਰਕੇ ਸੱਦੀਦਾ ਹੈ 62ਤਦ ਉਨ੍ਹਾਂ ਨੇ ਉਹ ਦੇ ਪਿਤਾ ਵੱਲ ਸੈਨਤ ਕੀਤੀ ਜੋ ਉਹ ਦਾ ਕੀ ਨਾਉਂ ਰੱਖਿਆ ਚਾਹੁੰਦਾ ਹੈ 63ਅਤੇ ਓਨ ਪੱਟੀ ਮੰਗਾ ਕੇ ਲਿਖਿਆ ਭਈ ਉਹ ਦਾ ਨਾਉਂ ਯੂਹੰਨਾ ਹੈ ਤਾਂ ਸੱਭੋ ਹੈਰਾਨ ਰਹਿ ਗਏ 64ਉਸੇ ਵੇਲੇ ਉਹ ਦਾ ਮੂੰਹ ਅਰ ਉਹ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲਿਆ ਅਰ ਪਰਮੇਸ਼ੁਰ ਨੂੰ ਮੁਬਾਰਕ ਕਹਿਣ ਲੱਗਾ 65ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ 66ਅਰ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਭਲਾ, ਇਹ ਕਿਹੋ ਜਿਹਾ ਬਾਲਕ ਹੋਊ? ਕਿਉਂ ਦੋ ਪ੍ਰਭੁ ਦਾ ਹੱਥ ਉਹ ਦੇ ਨਾਲ ਸੀ।।
67ਤਾਂ ਉਹ ਦਾ ਪਿਤਾ ਜ਼ਕਰਯਾਹ ਪਵਿੱਤ੍ਰ ਆਤਮਾ ਨਾਲ ਭਰ ਗਿਆ ਅਤੇ ਅਗੰਮ ਵਾਕ ਕਰਕੇ ਕਹਿਣ ਲੱਗਾ-
68ਮੁਬਾਰਕ ਹੈ ਪ੍ਰਭੁ ਇਸਰਾਏਲ ਦਾ ਪਰਮੇਸ਼ੁਰ,
ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ
ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ,
69ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ
ਘਰਾਣੇ ਵਿੱਚ
ਮੁਕਤੀ ਦਾ ਸਿੰਙ ਖੜਾ ਕੀਤਾ,
70ਜਿਵੇਂ ਉਸ ਨੇ ਆਪਣੇ ਪਵਿੱਤ੍ਰ ਨਬੀਆਂ ਦੀ
ਜ਼ਬਾਨੀ ਮੁੱਢੋਂ ਆਖਿਆ,
71ਭਈ ਉਹ ਸਾਨੂੰ ਸਾਡੇ ਵੈਰੀਆਂ ਤੋਂ
ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕਿੜ
ਰੱਖਦੇ ਹਨ ਛੁਟਕਾਰਾ ਦੇਵੇ,
72ਨਾਲੇ ਉਹ ਸਾਡੇ ਪਿਉਦਾਦਿਆਂ ਉੱਤੇ ਦਯਾ ਕਰੇ,
ਅਤੇ ਆਪਣੇ ਪਵਿੱਤ੍ਰ ਨੇਮ ਨੂੰ ਚੇਤੇ ਰੱਖੇ,
73ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ
ਪਿਤਾ ਅਬਰਾਹਾਮ ਨਾਲ ਖਾਧੀ,
74ਭਈ ਉਹ ਸਾਨੂੰ ਇਹ ਬਖ਼ਸ਼ੇ
ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ
75ਉਮਰ ਭਰ ਉਹ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ
ਨਾਲ ਬੇਧੜਕ ਉਹ ਦੀ ਉਪਾਸਨਾ ਕਰੀਏ।
76ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀਂ
ਅਖਵਾਏਂਗਾ,
ਕਿਉਂ ਜੋ ਤੂੰ ਪ੍ਰਭੁ ਦੇ ਰਸਤਿਆਂ ਨੂੰ ਤਿਆਰ ਕਰਨ
ਲਈ ਉਹ ਦੇ ਅੱਗੇ ਅੱਗੇ ਚੱਲੇਂਗਾ,
77ਭਈ ਉਹ ਦੀ ਪਰਜਾ ਨੂੰ ਮੁਕਤੀ ਦਾ ਗਿਆਨ
ਦੇਵੇਂ
ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,
78ਸਾਡੇ ਪਰਮੇਸ਼ੁਰ ਦੇ ਵੱਡੇ ਰਹਮ ਦੇ ਕਾਰਨ
ਮਿਲੇਗੀ,
ਜਦ ਸਵੇਰ ਦਾ ਚਾਨਣ ਉੱਪਰੋਂ ਸਾਡੇ ਉੱਤੇ
ਚਮਕੇਗਾ,
79ਭਈ ਉਨ੍ਹਾਂ ਨੂੰ ਜੋ ਅਨ੍ਹੇਰੇ ਤੇ ਮੌਤ ਦੇ ਸਾਯੇ ਵਿੱਚ
ਬੈਠੇ ਹੋਏ ਹਨ ਚਾਨਣ ਦੇਵੇ,
ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ।।
80ਅਤੇ ਉਹ ਬਾਲਕ ਵਧਦਾ ਅਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ ਉਜਾੜ ਵਿੱਚ ਰਿਹਾ।।

اکنون انتخاب شده:

ਲੂਕਾ 1: PUNOVBSI

های‌لایت

به اشتراک گذاشتن

کپی

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید