ਉਤਪਤ 38

38
ਯਹੂਦਾਹ ਅਤੇ ਤਾਮਾਰ
1ਤਕਰੀਬਨ ਉਸੇ ਵੇਲੇ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਗਿਆ ਅਤੇ ਹੀਰਾਹ ਨਾਮ ਦੇ ਇੱਕ ਆਦਮੀ ਦੇ ਕੋਲ ਰਹਿਣ ਲਈ ਚੱਲਾ ਗਿਆ। ਹੀਰਾਹ ਅਦੂਲਾਮ ਕਸਬੇ ਦਾ ਸੀ। 2ਯਹੂਦਾਹ ਨੂੰ ਉੱਥੇ ਇੱਕ ਕਨਾਨੀ ਕੁੜੀ ਮਿਲ ਪਈ ਅਤੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ। ਕੁੜੀ ਦੇ ਪਿਤਾ ਦਾ ਨਾਮ ਸ਼ੂਆ ਸੀ। 3ਕਨਾਨੀ ਕੁੜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਏਰ ਰੱਖਿਆ। 4ਬਾਦ ਵਿੱਚ ਉਸ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਦਾ ਨਾਮ ਉਸ ਨੇ ਓਨਾਨ ਰੱਖਿਆ। 5ਬਾਦ ਵਿੱਚ ਉਸ ਦਾ ਇੱਕ ਹੋਰ ਪੁੱਤਰ ਹੋਇਆ ਜਿਸਦਾ ਨਾਮ ਸ਼ੇਲਾਹ ਸੀ। ਜਦੋਂ ਇਸ ਤੀਸਰੇ ਪੁੱਤਰ ਦਾ ਜਨਮ ਹੋਇਆ ਤਾਂ ਯਹੂਦਾਹ ਕਜ਼ੀਬ ਵਿੱਚ ਰਹਿੰਦਾ ਸੀ।
6ਯਹੂਦਾਹ ਨੇ ਆਪਣੇ ਪਹਿਲੇ ਪੁੱਤਰ ਏਰ ਲਈ ਇੱਕ ਵਹੁਟੀ ਲੱਭੀ। ਔਰਤ ਦਾ ਨਾਮ ਤਾਮਾਰ ਸੀ। 7ਪਰ ਏਰ ਨੇ ਬਹੁਤ ਸਾਰੇ ਮੰਦੇ ਕੰਮ ਕੀਤੇ। ਯਹੋਵਾਹ ਉਸ ਉੱਪਰ ਪ੍ਰਸੰਨ ਨਹੀਂ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਦਿੱਤਾ। 8ਫ਼ੇਰ ਯਹੂਦਾਹ ਨੇ ਓਨਾਨ ਨੂੰ ਆਖਿਆ, “ਆਪਣੇ ਮ੍ਰਿਤਕ ਭਰਾ ਦੀ ਪਤਨੀ ਕੋਲ ਜਾਹ ਅਤੇ ਆਪਣੇ ਭਰਾ ਦੇ ਪਰਿਵਾਰ ਦੀ ਪੰਗਤ ਨੂੰ ਜਿਉਂਦਿਆਂ ਰੱਖਣ ਲਈ, ਉਸ ਨਾਲ ਆਪਣਾ ਫ਼ਰਜ਼ ਪੂਰਾ ਕਰ।”
9ਓਨਾਨ ਜਾਣਦਾ ਸੀ ਕਿ ਇਸ ਸੰਭੋਗ ਵਿੱਚੋਂ ਪੈਦਾ ਹੋਇਆ ਬੱਚਾ ਉਸ ਦਾ ਨਹੀਂ ਅਖਵਾਏਗਾ। ਓਨਾਨ ਨੇ ਤਾਮਾਰ ਨਾਲ ਜਿਨਸੀ ਰਿਸ਼ਤਾ ਜੋੜਿਆ ਪਰ ਉਸ ਨੇ ਆਪਣਾ ਵੀਰਜ ਜ਼ਮੀਨ ਉੱਤੇ ਵਗਾ ਦਿੱਤਾ। ਉਸ ਨੇ ਅਜਿਹਾ ਆਪਣੇ ਭਰਾ ਨੂੰ ਉੱਤਰਾਧਿਕਾਰੀ ਨਾ ਦੇਣ ਦੀ ਤਵਜੋ ਨਾਲ ਕੀਤਾ। 10ਇਸ ਨਾਲ ਯਹੋਵਾਹ ਨੂੰ ਗੁੱਸਾ ਆ ਗਿਆ। ਇਸ ਲਈ ਯਹੋਵਾਹ ਨੇ ਓਨਾਨ ਨੂੰ ਵੀ ਮਾਰ ਦਿੱਤਾ। 11ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉੱਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ।
12ਬਾਦ ਵਿੱਚ, ਯਹੂਦਾਹ ਦੀ ਪਤਨੀ, ਸ਼ੂਆ ਦੀ ਧੀ, ਮਰ ਗਈ। ਸੋਗ ਦੇ ਦਿਨਾਂ ਤੋਂ ਮਗਰੋਂ ਯਹੂਦਾਹ ਉਸ ਅਦੂਲਾਮੀ ਦੇ ਆਪਣੇ ਮਿੱਤਰ ਹੀਰਾਹ ਨਾਲ ਤਿਮਨਾਥ ਕੋਲ ਚੱਲਾ ਗਿਆ। ਯਹੂਦਾਹ ਤਿਮਨਾਥ ਨੂੰ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਗਿਆ ਸੀ। 13ਤਾਮਾਰ ਨੂੰ ਪਤਾ ਲੱਗਿਆ ਕਿ ਉਸ ਦਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਲਈ ਤਿਮਨਾਥ ਜਾ ਰਿਹਾ ਸੀ। 14ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸ ਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢੱਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁੱਕਿਆ ਸੀ। ਪਰ ਯਹੂਦਾਹ ਉਸ ਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ।
15ਯਹੂਦਾਹ ਉਸ ਸੜਕ ਉੱਤੇ ਸਫ਼ਰ ਕਰ ਰਿਹਾ ਸੀ। ਉਸ ਨੇ ਉਸ ਨੂੰ ਦੇਖਿਆ ਪਰ ਇਹ ਸੋਚਿਆ ਕਿ ਸ਼ਾਇਦ ਇਹ ਵੇਸਵਾ ਹੈ। (ਉਸ ਦਾ ਚਿਹਰਾ ਵੇਸਵਾ ਵਾਂਗ ਨਕਾਬ ਨਾਲ ਕਜਿਆ ਹੋਇਆ ਸੀ।) 16ਇਸ ਲਈ ਯਹੂਦਾਹ ਉਸ ਕੋਲ ਗਿਆ ਅਤੇ ਆਖਿਆ, “ਕੀ ਮੈਂ ਤੇਰੇ ਨਾਲ ਜਿਨਸੀ ਸੰਬੰਧ ਜੋੜ ਸੱਕਦਾ ਹਾਂ।” (ਯਹੂਦਾਹ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਨੂੰਹ ਤਾਮਾਰ ਸੀ।)
ਉਸ ਨੇ ਆਖਿਆ, “ਇਸ ਬਦਲੇ ਤੂੰ ਮੈਨੂੰ ਕੀ ਦੇਵੇਂਗਾ?”
17ਯਹੂਦਾਹ ਨੇ ਜਵਾਬ ਦਿੱਤਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਜਵਾਨ ਬੱਕਰਾ ਦੇਵਾਂਗਾ।” ਉਸ ਨੇ ਜਵਾਬ ਦਿੱਤਾ, “ਮੈਨੂੰ ਇਹ ਮੰਜ਼ੂਰ ਹੈ। ਪਰ ਇਸ ਤੋਂ ਪਹਿਲਾਂ ਕਿ ਤੂੰ ਮੈਨੂੰ ਬੱਕਰਾਂ ਭੇਜੇ ਤੂੰ ਮੈਨੂੰ ਰੱਖਣ ਵਾਸਤੇ ਕੋਈ ਚੀਜ਼ ਦੇਹ।”
18ਯਹੂਦਾਹ ਨੇ ਪੁੱਛਿਆ, “ਤੂੰ ਮੇਰੇ ਪਾਸੋਂ ਇਸ ਗੱਲ ਦੇ ਸਬੂਤ ਵਜੋਂ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਬੱਕਰਾਂ ਭੇਜਾਂਗਾ?”
ਤਾਮਾਰ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਮੋਹਰ ਅਤੇ ਇਸਦੀ ਰਸੀ ਦੇ ਜਿਹੜੀ ਤੂੰ ਆਪਣੀਆਂ ਚਿਠੀਆਂ ਉੱਤੇ ਇਸਤੇਮਾਲ ਕਰਦਾ ਹੈਂ ਅਤੇ ਮੈਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦੇ।” ਯਹੂਦਾਹ ਨੇ ਉਸ ਨੂੰ ਇਹ ਚੀਜ਼ਾਂ ਦੇ ਦਿੱਤੀਆਂ। ਫ਼ੇਰ ਯਹੂਦਾਹ ਅਤੇ ਤਾਮਾਰ ਨੇ ਸੰਭੋਗ ਕੀਤਾ ਅਤੇ ਤਾਮਾਰ ਗਰਭਵਤੀ ਹੋ ਗਈ। 19ਤਾਮਾਰ ਘਰ ਗਈ ਅਤੇ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ। ਫ਼ੇਰ ਉਸ ਨੇ ਉਹੀ ਕੱਪੜੇ ਦੁਬਾਰਾ ਪਹਿਨ ਲਈ ਜਿਹੜੇ ਉਸ ਨੂੰ ਵਿਧਵਾ ਦਰਸ਼ਾਉਂਦੇ ਸਨ।
20ਬਾਦ ਵਿੱਚ ਯਹੂਦਾਹ ਨੇ ਆਪਣੇ ਮਿੱਤਰ ਹੀਰਾਹ ਨੂੰ ਏਨਯਿਮ ਘਲਿਆ ਤਾਂ ਜੋ ਉਹ ਵੇਸਵਾ ਨੂੰ ਇਕਰਾਰ ਕੀਤਾ ਹੋਇਆ ਬੱਕਰਾ ਦੇ ਆਵੇ। ਯਹੂਦਾਹ ਨੇ ਹੀਰਾਹ ਨੂੰ ਇਹ ਵੀ ਆਖਿਆ ਕਿ ਉਸ ਪਾਸੋਂ ਖਾਸ ਮੋਹਰ ਅਤੇ ਸੋਟੀ ਵੀ ਲੈਂਦਾ ਆਵੇ। ਪਰ ਹੀਰਾਹ ਉਸ ਨੂੰ ਨਾ ਲੱਭ ਸੱਕਿਆ। 21ਹੀਰਾਹ ਨੇ ਏਨਯਿਮ ਜਿਲ੍ਹੇ ਦੇ ਕੁਝ ਲੋਕਾਂ ਨੂੰ ਪੁੱਛਿਆ, “ਉਹ ਮੰਦਰ ਦੀ ਵੇਸਵਾ ਕਿੱਥੇ ਹੈ ਜਿਹੜੀ ਸੜਕ ਕੰਢੇ ਬੈਠੀ ਹੋਈ ਸੀ?”
ਆਦਮੀਆਂ ਨੇ ਜਵਾਬ ਦਿੱਤਾ, “ਇੱਥੇ ਕਦੇ ਕੋਈ ਵੇਸਵਾ ਨਹੀਂ ਰਹੀ ਹੈ।”
22ਇਸ ਲਈ ਯਹੂਦਾਹ ਦਾ ਮਿੱਤਰ ਯਹੂਦਾਹ ਕੋਲ ਵਾਪਸ ਚੱਲਾ ਗਿਆ ਅਤੇ ਕਹਿਣ ਲੱਗਾ, “ਮੈਨੂੰ ਤਾਂ ਉਹ ਔਰਤ ਲੱਭੀ ਨਹੀਂ। ਉਸ ਥਾਂ ਰਹਿਣ ਵਾਲੇ ਆਦਮੀਆਂ ਨੇ ਆਖਿਆ ਹੈ ਕਿ ਇੱਥੇ ਤਾਂ ਕੋਈ ਵੇਸਵਾ ਹੈ ਹੀ ਨਹੀਂ ਸੀ।”
23ਇਸ ਲਈ ਯਹੂਦਾਹ ਨੇ ਆਖਿਆ, “ਉਸ ਨੂੰ ਚੀਜ਼ਾਂ ਰੱਖ ਲੈਣ ਦਿਉ। ਮੈਂ ਨਹੀਂ ਚਾਹੁੰਦਾ ਕਿ ਲੋਕ ਸਾਡੇ ਉੱਪਰ ਹੱਸਣ। ਮੈਂ ਉਸ ਨੂੰ ਬੱਕਰਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਉਸ ਨੂੰ ਲੱਭ ਨਹੀਂ ਸੱਕੇ, ਇੰਨੀ ਗੱਲ ਕਾਫ਼ੀ ਹੈ।”
ਤਾਮਾਰ ਗਰਭਵਤੀ ਹੈ
24ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।”
ਤਾਂ ਯਹੂਦਾਹ ਨੇ ਆਖਿਆ, “ਉਸ ਨੂੰ ਬਾਹਰ ਕੱਢੋ ਅਤੇ ਜਲਾ ਦਿਉ।”
25ਫ਼ੇਰ ਆਦਮੀ ਤਾਮਾਰ ਨੂੰ ਮਾਰਨ ਲਈ ਉਸ ਵੱਲ ਗਏ। ਪਰ ਉਸ ਨੇ ਆਪਣੇ ਸੌਹਰੇ ਵੱਲ ਇੱਕ ਸੰਦੇਸ਼ ਭੇਜਿਆ। ਤਾਮਾਰ ਨੇ ਆਖਿਆ, “ਜਿਸ ਆਦਮੀ ਨੇ ਮੈਨੂੰ ਗਰਭਵਤੀ ਕੀਤਾ ਹੈ। ਉਹ ਉਹੀ ਹੈ ਜਿਸ ਦੀਆਂ ਇਹ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਵੱਲ ਵੇਖ ਲਵੋ। ਇਹ ਕਿਸ ਦੀਆਂ ਹਨ? ਇਹ ਖਾਸ ਮੋਹਰ ਅਤੇ ਰੱਸੀ ਕਿਸਦੀ ਹੈ? ਇਹ ਚੱਲਣ ਵਾਲੀ ਸੋਟੀ ਕਿਸਦੀ ਹੈ?”
26ਯਹੂਦਾਹ ਨੇ ਇਹ ਚੀਜ਼ਾਂ ਪਛਾਣ ਲਈਆਂ ਅਤੇ ਆਖਿਆ, “ਉਹ ਠੀਕ ਹੈ। ਮੈਂ ਗਲਤ ਸਾਂ। ਮੈਂ ਉਸ ਨੂੰ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਵਿਆਹਿਆ ਜਿਹਾ ਕਿ ਮੈਂ ਇਕਰਾਰ ਕੀਤਾ ਸੀ।” ਅਤੇ ਯਹੂਦਾਹ ਫ਼ੇਰ ਦੋਬਾਰਾ ਉਸ ਨਾਲ ਨਹੀਂ ਸੁੱਤਾ।
27ਤਾਮਾਰ ਦੇ ਬੱਚਾ ਜਨਣ ਦਾ ਸਮਾਂ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਉਹ ਜੌੜੇ ਬੱਚੇ ਜਨਣ ਜਾ ਰਹੀ ਸੀ। 28ਜਦੋਂ ਉਹ ਬਚੇ ਜਣ ਰਹੀ ਸੀ, ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ, ਦਾਈ ਨੇ ਹੱਥ ਉੱਤੇ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, “ਇਹ ਬੱਚਾ ਪਹਿਲਾਂ ਜੰਮਿਆ ਸੀ।” 29ਪਰ ਫ਼ੇਰ ਉਸ ਬੱਚੇ ਨੇ ਆਪਣਾ ਹੱਥ ਵਾਪਸ ਅੰਦਰ ਖਿੱਚ ਲਿਆ। ਫ਼ੇਰ ਦੂਸਰਾ ਬੱਚਾ ਪਹਿਲਾਂ ਬਾਹਰ ਆਇਆ। ਇਸ ਲਈ ਦਾਈ ਨੇ ਆਖਿਆ, “ਤੂੰ ਆਪਣਾ ਰਸਤਾ ਜ਼ਬਰਦਸਤੀ ਬਣਾਇਆ।” ਇਸ ਲਈ ਉਨ੍ਹਾਂ ਨੇ ਉਸ ਦਾ ਨਾਮ ਪਾਰਸ ਰੱਖਿਆ। 30ਇਸ ਤੋਂ ਮਗਰੋਂ ਦੂਸਰਾ ਬੱਚਾ ਜਨਮਿਆ। ਇਸ ਬੱਚਾ ਉਹੀ ਸੀ ਜਿਸ ਦੇ ਹੱਥ ਉੱਤੇ ਲਾਲ ਧਾਗਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸ ਦਾ ਨਾਮ ਜ਼ਰਾਹ ਰੱਖ ਦਿੱਤਾ।

Valgt i Øjeblikket:

ਉਤਪਤ 38: PERV

Markering

Del

Kopiér

None

Vil du have dine markeringer gemt på tværs af alle dine enheder? Tilmeld dig eller log ind