ਉਤਪਤ 37
37
ਸੁਪਨੇਬਾਜ਼ ਯੂਸੁਫ਼
1ਯਾਕੂਬ ਕਨਾਨ ਦੀ ਧਰਤੀ ਵਿੱਚ ਠਹਿਰ ਗਿਆ ਅਤੇ ਰਹਿਣ ਲੱਗਾ। ਇਹ ਓਹੀ ਧਰਤੀ ਹੈ ਜਿੱਥੇ ਉਸ ਦਾ ਪਿਤਾ ਰਹਿੰਦਾ ਸੀ। 2ਯਾਕੂਬ ਦੇ ਪਰਿਵਾਰ ਦੀ ਕਹਾਣੀ ਇਸ ਪ੍ਰਕਾਰ ਹੈ।
ਯੂਸੁਫ਼ 17 ਵਰ੍ਹਿਆਂ ਦਾ ਨੌਜਵਾਨ ਸੀ। ਉਸ ਦਾ ਕਿੱਤਾ ਭੇਡਾਂ ਅਤੇ ਬੱਕਰੀਆਂ ਚਾਰਨਾ ਸੀ। ਯੂਸੁਫ਼ ਨੇ ਇਹ ਕੰਮ ਆਪਣੇ ਭਰਾਵਾਂ ਨਾਲ ਮਿਲਕੇ ਕੀਤਾ; ਜਿਹੜੇ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰ ਸਨ। (ਬਿਲਹਾਹ ਅਤੇ ਜ਼ਿਲਪਾਹ ਉਸ ਦੇ ਪਿਤਾ ਦੀਆਂ ਪਤਨੀਆਂ ਸਨ।) ਯੂਸੁਫ਼ ਨੇ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਦੀਆਂ ਬੁਰੀਆਂ ਗੱਲਾਂ ਦੱਸੀਆਂ। 3ਯੂਸੁਫ਼ ਉਸ ਵੇਲੇ ਜੰਮਿਆ ਸੀ ਜਦੋਂ ਉਸ ਦਾ ਪਿਤਾ ਯਾਕੂਬ ਬਹੁਤ ਬਿਰਧ ਹੋ ਚੁੱਕਾ ਸੀ। ਇਸ ਲਈ ਯਾਕੂਬ ਯੂਸੁਫ਼ ਨੂੰ ਆਪਣੇ ਹੋਰਨਾਂ ਪੁੱਤਰਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ। ਯਾਕੂਬ ਨੇ ਆਪਣੇ ਪੁੱਤਰ ਨੂੰ ਇੱਕ ਖਾਸ ਕੋਟ ਦਿੱਤਾ। ਇਹ ਕੋਟ ਲੰਮਾ ਸੀ ਅਤੇ ਬਹੁਤ ਖੂਬਸੂਰਤ ਸੀ। 4ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸ ਨੂੰ ਨਮਸੱਕਾਰ ਵੀ ਨਹੀਂ ਬੁਲਾਉਂਦੇ ਸਨ।
5ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸ ਤੋਂ ਮਗਰੋਂ ਉਸ ਦੇ ਭਰਾ ਉਸ ਨੂੰ ਹੋਰ ਵੀ ਵੱਧੇਰੇ ਨਫ਼ਰਤ ਕਰਨ ਲੱਗੇ।
6ਯੂਸੁਫ਼ ਨੇ ਆਖਿਆ, “ਉਸ ਸੁਪਨੇ ਨੂੰ ਸੁਣੋ ਜੋ ਮੈਨੂੰ ਆਇਆ। 7ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉੱਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੀ ਭਰੀ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।”
8ਉਸ ਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸ ਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸ ਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ।
9ਫ਼ੇਰ ਯੂਸੁਫ਼ ਨੂੰ ਇੱਕ ਹੋਰ ਸੁਪਨਾ ਆਇਆ। ਯੂਸੁਫ਼ ਨੇ ਇਸ ਸੁਪਨੇ ਬਾਰੇ ਆਪਣੇ ਭਰਾਵਾ ਨੂੰ ਦੱਸਿਆ। ਯੂਸੁਫ਼ ਨੇ ਆਖਿਆ, “ਮੈਨੂੰ ਇੱਕ ਹੋਰ ਸੁਪਨਾ ਆਇਆ ਹੈ। ਮੈਂ ਸੂਰਜ, ਚੰਨ ਅਤੇ 11 ਤਾਰਿਆਂ ਨੂੰ ਮੇਰੇ ਅੱਗੇ ਝੁਕਦਿਆਂ ਵੇਖਿਆ।”
10ਜਦੋਂ ਯੂਸੁਫ਼ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸੁਣਾਇਆ, ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ, “ਇਹ ਕਿਹੋ ਜਿਹਾ ਸੁਪਨਾ ਹੈ? ਕੀ ਤੇਰੀ ਮਾਂ, ਤੇਰੇ ਭਰਾ ਅਤੇ ਮੈਂ ਤੇਰੇ ਅੱਗੇ ਧਰਤੀ ਉੱਤੇ ਝੁਕਾਂਗੇ?” 11ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਰਹੇ। ਪਰ ਯੂਸੁਫ਼ ਦੇ ਪਿਤਾ ਨੇ ਇਨ੍ਹਾਂ ਗੱਲਾਂ ਬਾਰੇ ਬਹੁਤ ਸੋਚ ਵਿੱਚਾਰ ਕੀਤੀ ਅਤੇ ਇਹ ਸੋਚਕੇ ਹੈਰਾਨ ਹੋਣ ਲੱਗਾ ਕਿ ਇਸਦਾ ਕੀ ਅਰਥ ਹੋ ਸੱਕਦਾ।
12ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚੱਲੇ ਗਏ। 13ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚੱਲਾ ਜਾਹ। ਉੱਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”
ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚੱਲਾ ਜਾਵਾਂਗਾ।”
14ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰੱਖਿਅਤ ਤਾਂ ਹਨ। ਆਕੇ ਮੈਨੂੰ ਇਹ ਦੱਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ।
15ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸ ਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?”
16ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸੱਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿੱਥੇ ਹਨ?”
17ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ।
ਯੂਸੁਫ਼ ਦਾ ਗੁਲਾਮੀ ਲਈ ਵੇਚਿਆ ਜਾਣਾ
18ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਵਿਉਂਤ ਘੜੀ। 19ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਦੇਖਣ ਵਾਲਾ। 20ਸਾਨੂੰ ਜੇ ਹੋ ਸੱਕੇ ਤਾਂ ਹੁਣੇ ਹੀ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸ ਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸੱਕਦੇ ਹਾਂ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸ ਦੇ ਸੁਪਨੇ ਝੂਠੇ ਹਨ।”
21ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸ ਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸ ਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22-23ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 24ਫ਼ੇਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।
25ਜਦੋਂ ਯੂਸੁਫ਼ ਖੂਹ ਵਿੱਚ ਸੀ ਤਾਂ ਭਰਾ ਰੋਟੀ ਖਾਣ ਬੈਠ ਗਏ। ਫ਼ੇਰ ਉਨ੍ਹਾਂ ਨੇ ਦੇਖਿਆ ਕਿ ਵਪਾਰੀਆਂ ਦਾ ਇੱਕ ਟੋਲਾ ਗਿਲਆਦ ਤੋਂ ਮਿਸਰ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਬਹੁਤ ਤਰ੍ਹਾਂ ਦੇ ਮਸਾਲੇ ਅਤੇ ਦੌਲਤਾਂ ਲੱਦੀਆਂ ਹੋਈਆਂ ਸਨ। 26ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸ ਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ? 27ਜੇ ਅਸੀਂ ਉਸ ਨੂੰ ਇਨ੍ਹਾਂ ਵਪਾਰੀਆਂ ਹੱਥ ਵੇਚ ਦੇਈਏ ਤਾਂ ਸਾਨੂੰ ਵੱਧੇਰੇ ਲਾਭ ਹੋਵੇਗਾ। ਫ਼ੇਰ ਸਾਨੂੰ ਆਪਣੇ ਭਰਾ ਨੂੰ ਮਾਰਨ ਦਾ ਪਾਪ ਵੀ ਨਹੀਂ ਲੱਗੇਗਾ।” ਦੂਸਰੇ ਭਰਾ ਮੰਨ ਗਏ। 28ਜਦੋਂ ਮਿਦਿਯਾਨੀ ਵਪਾਰੀ ਨੇੜੇ ਆਏ, ਭਰਾਵਾਂ ਨੇ ਯੂਸੁਫ਼ ਨੂੰ ਖੂਹ ਵਿੱਚੋਂ ਕੱਢ ਲਿਆਂਦਾ। ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਵਪਾਰੀਆਂ ਦੇ ਹੱਥ ਵੇਚ ਦਿੱਤਾ। ਵਪਾਰੀ ਉਸ ਨੂੰ ਮਿਸਰ ਲੈ ਗਏ।
29ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸ ਨੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ। 30ਰਊਬੇਨ ਭਰਾਵਾਂ ਕੋਲ ਗਿਆ ਅਤੇ ਆਖਿਆ, “ਮੁੰਡਾ ਤਾਂ ਖੂਹ ਵਿੱਚ ਨਹੀਂ ਹੈ! ਹੁਣ ਮੈਂ ਕੀ ਕਰਾਂ?” 31ਭਰਾਵਾਂ ਨੇ ਇੱਕ ਬੱਕਰੇ ਨੂੰ ਮਾਰਿਆ ਅਤੇ ਯੂਸੁਫ਼ ਦੇ ਖੂਬਸੂਰਤ ਕੋਟ ਉੱਤੇ ਬੱਕਰੇ ਦਾ ਖੂਨ ਮਲ ਦਿੱਤਾ। 32ਫ਼ੇਰ ਉਨ੍ਹਾਂ ਭਰਾਵਾਂ ਨੇ ਉਸ ਕੋਟ ਨੂੰ ਸੰਦੇਸ਼ ਦੇ ਨਾਲ ਆਪਣੇ ਪਿਤਾ ਕੋਲ ਵਾਪਸ ਭੇਜ ਦਿੱਤਾ, “ਸਾਨੂੰ ਇੱਕ ਕੋਟ ਲੱਭਿਆ ਹੈ। ਕੀ ਇਹ ਯੂਸੁਫ਼ ਦਾ ਕੋਟ ਹੈ?”
33ਪਿਤਾ ਨੇ ਕੋਟ ਵੇਖਿਆ ਅਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਯੂਸੁਫ਼ ਦਾ ਹੀ ਸੀ। ਪਿਤਾ ਨੇ ਆਖਿਆ, “ਹਾਂ, ਇਹ ਉਸੇ ਦਾ ਹੀ ਹੈ! ਸ਼ਾਇਦ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਮਾਰ ਦਿੱਤਾ ਹੈ। ਮੇਰੇ ਪੁੱਤਰ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ!” 34ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਬਸਤਰ ਪਹਿਨ ਲਏ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ। 35ਯਾਕੂਬ ਦੇ ਸਾਰੇ ਪੁੱਤਰਾਂ, ਧੀਆਂ ਨੇ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਾਕੂਬ ਨੇ ਦਿਲ ਨਾ ਧਰਿਆ। ਯਾਕੂਬ ਨੇ ਆਖਿਆ, “ਮੈਂ ਆਪਣੇ ਪੁੱਤਰ ਦਾ ਉਸ ਦਿਨ ਤੱਕ ਸੋਗ ਮਨਾਉਂਦਾ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਹੀਂ ਜਾਂਦਾ।”#37:35 ਮੈਂ ਮਰ ਨਹੀਂ ਜਾਂਦਾ ਮੂਲਅਰਥ, “ਮੈਂ ਆਪਣੇ ਪੁੱਤਰ ਕੋਲ ਹੇਠਾਂ ਸ਼ਿਓਲ (ਮੌਤ ਦੇ ਸਥਾਨ ਤੇ) ਉਦਾਸੀ ਵਿੱਚ ਰਹਾਂਗਾ।” ਇਸ ਲਈ ਯਾਕੂਬ ਆਪਣੇ ਪੁੱਤਰ ਯੂਸੁਫ਼ ਦਾ ਸੋਗ ਮਨਾਉਂਦਾ ਰਿਹਾ।
36ਮਿਦਿਯਾਨੀ ਵਪਾਰੀਆਂ ਨੇ ਬਾਦ ਵਿੱਚ ਯੂਸੁਫ਼ ਨੂੰ ਮਿਸਰ ਵਿੱਚ ਵੇਚ ਦਿੱਤਾ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੇ ਸੁਰੱਖਿਆ ਗਾਰਦਾਂ ਦੇ ਕਪਤਾਨ ਪੋਟੀਫ਼ਰ ਨੂੰ ਵੇਚ ਦਿੱਤਾ।
Valgt i Øjeblikket:
ਉਤਪਤ 37: PERV
Markering
Del
Kopiér

Vil du have dine markeringer gemt på tværs af alle dine enheder? Tilmeld dig eller log ind
Punjabi Holy Bible: Easy-to-Read Version
All rights reserved.
© 2002 Bible League International