ਉਤਪਤ 8

8
ਜਲ ਪਰਲੋ ਦਾ ਅੰਤ
1ਫੇਰ ਪਰਮੇਸ਼ੁਰ ਨੇ ਨੂਹ ਨੂੰ ਅਰ ਹਰ ਜੰਗਲੀ ਜਾਨਵਰ ਨੂੰ ਅਰ ਹਰ ਡੰਗਰ ਨੂੰ ਜੋ ਉਹ ਦੇ ਨਾਲ ਕਿਸ਼ਤੀ ਵਿੱਚ ਸੀ ਯਾਦ ਕੀਤਾ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਵਾਉ ਵਗਾਈ ਅਤੇ ਪਾਣੀ ਘਟਣ ਲਗ ਪਏ 2ਡੁੰਘਿਆਈ ਦੇ ਸੋਤੇ ਅਰ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਅਕਾਸ਼ੋਂ ਵਰਖਾ ਥੰਮ ਗਈ 3ਅਤੇ ਪਾਣੀ ਧਰਤੀ ਉੱਤੋਂ ਮੋੜੇ ਪਏ ਜਾਂਦੇ ਸਨ ਅਰ ਡੂਢ ਸੌ ਦਿਨਾਂ ਦੇ ਅੰਤ ਵਿੱਚ ਪਾਣੀ ਲਹਿ ਗਿਆ 4ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ 5ਅਤੇ ਪਾਣੀ ਦਸਵੇਂ ਮਹੀਨੇ ਤੀਕਰ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ।।
6ਤਾਂ ਐਉਂ ਹੋਇਆ ਕਿ ਚਾਲੀਆਂ ਦਿਨਾਂ ਦੇ ਅੰਤ ਵਿੱਚ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਖੋਲ੍ਹ ਦਿੱਤਾ 7ਅਤੇ ਉਸ ਨੇ ਇੱਕ ਪਹਾੜੀ ਕਾਉਂ ਛੱਡਿਆ ਅਰ ਜਦ ਤਾਈ ਪਾਣੀ ਧਰਤੀ ਤੋਂ ਨਾ ਸੁੱਕ ਗਏ ਉਹ ਆਉਂਦਾ ਜਾਂਦਾ ਰਿਹਾ 8ਫੇਰ ਉਸ ਨੇ ਘੁੱਗੀ ਭੀ ਆਪਣੇ ਵੱਲੋਂ ਛੱਡੀ ਤਾਂਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘਟ ਗਿਆ ਹੈ ਕਿ ਨਹੀਂ 9ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਕੋਈ ਟਿਕਾਣਾ ਨਾ ਲੱਭਾ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ ਕਿਉਂਜੋ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾਕੇ ਉਹ ਨੂੰ ਫੜ ਲਿਆ ਅਰ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ 10ਅਤੇ ਉਹ ਨੇ ਸੱਤ ਦਿਨ ਹੋਰ ਠਹਿਰਕੇ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ 11ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ ਸੋ ਨੂਹ ਨੇ ਜਾਣ ਲਿਆ ਭਈ ਪਾਣੀ ਧਰਤੀ ਉੱਤੋਂ ਘਟ ਗਿਆ ਹੈ 12ਤਦ ਉਹ ਨੇ ਸੱਤ ਦਿਨ ਹੋਰ ਵੀ ਠਹਿਰਕੇ ਘੁੱਗੀ ਨੂੰ ਫਿਰ ਛਡਿਆ ਅਰ ਉਹ ਮੁੜ ਉਹ ਦੇ ਕੋਲ ਨਾ ਆਈ।।
13ਤਾਂ ਐਉਂ ਹੋਇਆ ਕਿ ਛੇ ਸੌ ਇੱਕ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ 14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਸੁੱਕੀ ਪਈ ਸੀ 15ਤਦ ਪਰਮੇਸ਼ੁਰ ਨੂਹ ਨਾਲ ਬੋਲਿਆ 16ਕਿ ਕਿਸ਼ਤੀ ਵਿੱਚੋਂ ਨਿੱਕਲ ਜਾਹ ਤੂੰ ਅਰ ਤੇਰੀ ਤੀਵੀਂ ਅਤੇ ਤੇਰੇ ਪੁੱਤ੍ਰ ਅਰ ਤੇਰੀਆਂ ਨੂਹਾਂ ਵੀ 17ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਸਰੀਰਾਂ ਵਿੱਚੋਂ ਹੈ ਅਰਥਾਤ ਪੰਛੀ ਅਰ ਡੰਗਰ ਅਰ ਹਰ ਧਰਤੀ ਪੁਰ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾਹ ਤਾਂਜੋ ਓਹ ਧਰਤੀ ਉੱਤੇ ਫੈਲਣ ਅਰ ਫ਼ਲਣ ਅਰ ਧਰਤੀ ਪੁਰ ਵਧਣ 18ਤਦ ਨੂਹ ਅਰ ਉਹ ਦੇ ਪੁੱਤ੍ਰ ਅਰ ਉਹ ਦੀ ਤੀਵੀਂ ਅਰ ਉਹ ਦੀਆਂ ਨੂਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ 19ਅਤੇ ਹਰ ਜਾਨਵਰ ਅਰ ਹਰ ਘਿੱਸਰਨ ਵਾਲਾ ਅਰ ਹਰ ਪੰਛੀ ਅਰ ਹਰ ਧਰਤੀ ਪੁਰ ਚੱਲਣ ਵਾਲਾ ਆਪੋ ਆਪਣੀ ਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਗਿਆ 20ਤਾਂ ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ 21ਅਤੇ ਯਹੋਵਾਹ ਨੇ ਉਹ ਸੁਗੰਧ ਸੁੰਘੀ ਸੋ ਯਹੋਵਾਹ ਨੇ ਆਪਣੇ ਮਨ ਵਿੱਚ ਆਖਿਆ,ਮੈਂ ਫੇਰ ਕਦੀ ਜ਼ਮੀਨ ਨੂੰ ਆਦਮੀ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ ਅਤੇ ਮੈਂ ਫੇਰ ਕਦੀ ਸਰਬੱਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ 22ਧਰਤੀ ਦੇ ਸਾਰੇ ਦਿਨਾਂ ਤੀਕ ਬੀਜਣ ਅਰ ਵੱਢਣ, ਪਾਲਾ ਅਰ ਧੁੱਪ, ਹਾੜੀ ਅਰ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ ।।

S'ha seleccionat:

ਉਤਪਤ 8: PUNOVBSI

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió