YouVersion Logo
Search Icon

ਯੂਹੰਨਾ 19

19
ਯਿਸੂ ਨੂੰ ਕੋਰੜੇ ਮਰਵਾਉਣਾ
1ਤਦ ਪਿਲਾਤੁਸ ਨੇ ਯਿਸੂ ਨੂੰ ਲਿਜਾ ਕੇ ਉਸ ਦੇ ਕੋਰੜੇ ਮਰਵਾਏ। 2ਫਿਰ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਨੂੰ ਬੈਂਗਣੀ ਵਸਤਰ ਪਹਿਨਾ ਦਿੱਤਾ 3ਅਤੇ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜਾ, ਤੇਰੀ ਜੈ ਹੋਵੇ!” ਅਤੇ ਉਸ ਦੇ ਚਪੇੜਾਂ ਮਾਰੀਆਂ। 4ਪਿਲਾਤੁਸ ਨੇ ਫੇਰ ਬਾਹਰ ਆ ਕੇ ਲੋਕਾਂ ਨੂੰ ਕਿਹਾ, “ਵੇਖੋ, ਮੈਂ ਉਸ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂਕਿ ਤੁਸੀਂ ਜਾਣੋ ਕਿ ਮੈਂ ਉਸ ਵਿੱਚ ਕੋਈ ਦੋਸ਼ ਨਹੀਂ ਵੇਖਦਾ।”
ਯਿਸੂ ਨੂੰ ਸਲੀਬੀ ਮੌਤ ਦੀ ਸਜ਼ਾ
5ਤਦ ਯਿਸੂ ਕੰਡਿਆਂ ਦਾ ਤਾਜ ਅਤੇ ਬੈਂਗਣੀ ਵਸਤਰ ਪਹਿਨੇ ਬਾਹਰ ਆਇਆ ਅਤੇ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਵੇਖੋ ਇਸ ਮਨੁੱਖ ਨੂੰ।” 6ਜਦੋਂ ਪ੍ਰਧਾਨ ਯਾਜਕਾਂ ਅਤੇ ਸਿਪਾਹੀਆਂ ਨੇ ਉਸ ਨੂੰ ਵੇਖਿਆ ਤਾਂ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ।” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ 'ਤੇ ਚੜ੍ਹਾਓ, ਕਿਉਂਕਿ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਿਆ।” 7ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਬਿਵਸਥਾ ਦੇ ਅਨੁਸਾਰ ਇਸ ਦਾ ਮਰਨਾ ਜ਼ਰੂਰੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਬਣਾਉਂਦਾ ਹੈ।”
8ਜਦੋਂ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ 9ਅਤੇ ਉਸ ਨੇ ਵਾਪਸ ਰਾਜਭਵਨ#19:9 ਮੂਲ ਸ਼ਬਦ: ਪ੍ਰਾਇਤੋਰੀਅਮ ਵਿੱਚ ਜਾ ਕੇ ਯਿਸੂ ਨੂੰ ਕਿਹਾ, “ਤੂੰ ਕਿੱਥੋਂ ਦਾ ਹੈਂ?” ਪਰ ਯਿਸੂ ਨੇ ਕੋਈ ਉੱਤਰ ਨਾ ਦਿੱਤਾ। 10ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡਣ ਦਾ ਅਧਿਕਾਰ ਅਤੇ ਤੈਨੂੰ ਸਲੀਬ 'ਤੇ ਚੜ੍ਹਾਉਣ ਦਾ ਵੀ ਅਧਿਕਾਰ ਹੈ।” 11ਯਿਸੂ ਨੇ ਉੱਤਰ ਦਿੱਤਾ,“ਜੇ ਇਹ ਤੈਨੂੰ ਉੱਪਰੋਂ ਨਾ ਦਿੱਤਾ ਗਿਆ ਹੁੰਦਾ ਤਾਂ ਤੇਰਾ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਜਿਸ ਨੇ ਮੈਨੂੰ ਤੇਰੇ ਹਵਾਲੇ ਕੀਤਾ ਉਸ ਦਾ ਪਾਪ ਹੋਰ ਵੀ ਵੱਡਾ ਹੈ।” 12ਇਸ ਤੋਂ ਬਾਅਦ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਯਤਨ ਕੀਤਾ, ਪਰ ਯਹੂਦੀਆਂ ਨੇ ਚੀਕ ਕੇ ਕਿਹਾ, “ਜੇ ਤੂੰ ਇਸ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ! ਜੋ ਕੋਈ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ।”
13ਇਹ ਗੱਲਾਂ ਸੁਣ ਕੇ ਪਿਲਾਤੁਸ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ 'ਤੇ ਆਪਣੇ ਨਿਆਂ ਆਸਣ ਉੱਤੇ ਬੈਠ ਗਿਆ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਕਿਹਾ ਜਾਂਦਾ ਹੈ। 14ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਬਾਰਾਂ ਵਜੇ ਦਾ ਸਮਾਂ ਸੀ। ਉਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਤੁਹਾਡਾ ਰਾਜਾ!” 15ਪਰ ਉਹ ਚੀਕ ਕੇ ਬੋਲੇ, “ਲੈ ਜਾਓ! ਲੈ ਜਾਓ, ਇਸ ਨੂੰ ਸਲੀਬ 'ਤੇ ਚੜ੍ਹਾਓ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ 'ਤੇ ਚੜ੍ਹਾਵਾਂ?” ਮਹਾਂਯਾਜਕਾਂ ਨੇ ਉੱਤਰ ਦਿੱਤਾ, “ਕੈਸਰ ਤੋਂ ਇਲਾਵਾ ਸਾਡਾ ਕੋਈ ਰਾਜਾ ਨਹੀਂ।” 16ਤਦ ਉਸ ਨੇ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਉਨ੍ਹਾਂ ਦੇ ਹੱਥ ਸੌਂਪ ਦਿੱਤਾ।
ਯਿਸੂ ਦਾ ਸਲੀਬ 'ਤੇ ਚੜ੍ਹਾਇਆ ਜਾਣਾ
ਸੋ ਉਹ ਯਿਸੂ ਨੂੰ ਲੈ ਗਏ। 17ਯਿਸੂ ਆਪ ਆਪਣੀ ਸਲੀਬ ਚੁੱਕ ਕੇ ਉਸ ਥਾਂ ਨੂੰ ਗਿਆ ਜਿਸ ਨੂੰ “ਖੋਪੜੀ ਦਾ ਥਾਂ” ਕਿਹਾ ਜਾਂਦਾ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਗਲਗਥਾ ਕਹਾਉਂਦਾ ਹੈ। 18ਉੱਥੇ ਉਨ੍ਹਾਂ ਉਸ ਨੂੰ ਅਤੇ ਉਸ ਦੇ ਨਾਲ ਦੋ ਹੋਰਾਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਇੱਧਰ, ਇੱਕ ਨੂੰ ਉੱਧਰ ਅਤੇ ਵਿਚਕਾਰ ਯਿਸੂ ਨੂੰ। 19ਪਿਲਾਤੁਸ ਨੇ ਇੱਕ ਪੱਤਰੀ ਲਿਖਵਾ ਕੇ ਸਲੀਬ ਉੱਤੇ ਲਗਵਾ ਦਿੱਤੀ ਜਿਸ ਉੱਤੇ ਲਿਖਿਆ ਸੀ “ਯਿਸੂ ਨਾਸਰੀ, ਯਹੂਦੀਆਂ ਦਾ ਰਾਜਾ”। 20ਇਸ ਪੱਤਰੀ ਨੂੰ ਬਹੁਤ ਸਾਰੇ ਯਹੂਦੀਆਂ ਨੇ ਪੜ੍ਹਿਆ ਕਿਉਂਕਿ ਇਹ ਥਾਂ ਜਿੱਥੇ ਯਿਸੂ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ, ਨਗਰ ਦੇ ਨੇੜੇ ਸੀ ਅਤੇ ਇਹ ਪੱਤਰੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖੀ ਹੋਈ ਸੀ। 21ਤਦ ਯਹੂਦੀਆਂ ਦੇ ਪ੍ਰਧਾਨ ਯਾਜਕਾਂ ਨੇ ਪਿਲਾਤੁਸ ਨੂੰ ਕਿਹਾ, “ਯਹੂਦੀਆਂ ਦਾ ਰਾਜਾ ਨਾ ਲਿਖੋ, ਸਗੋਂ ਇਹ ਕਿ ਉਸ ਨੇ ਕਿਹਾ, ‘ਮੈਂ ਯਹੂਦੀਆਂ ਦਾ ਰਾਜਾ ਹਾਂ’।” 22ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਸੋ ਲਿਖ ਦਿੱਤਾ।”
23ਜਦੋਂ ਸਿਪਾਹੀ ਯਿਸੂ ਨੂੰ ਸਲੀਬ 'ਤੇ ਚੜ੍ਹਾ ਹਟੇ ਤਾਂ ਉਨ੍ਹਾਂ ਨੇ ਉਸ ਦੇ ਵਸਤਰ ਲੈ ਕੇ ਚਾਰ ਹਿੱਸੇ ਕੀਤੇ; ਹਰੇਕ ਸਿਪਾਹੀ ਲਈ ਇੱਕ ਹਿੱਸਾ ਅਤੇ ਕੁੜਤਾ ਵੀ ਲੈ ਲਿਆ। ਪਰ ਉਹ ਕੁੜਤਾ ਬਿਨਾਂ ਸੀਤੇ ਉੱਪਰ ਤੋਂ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ, 24ਇਸ ਲਈ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਅਸੀਂ ਇਸ ਨੂੰ ਪਾੜੀਏ ਨਾ, ਪਰ ਇਸ ਦੇ ਲਈ ਪਰਚੀ ਪਾਈਏ ਕਿ ਇਹ ਕਿਸ ਦਾ ਹੋਵੇਗਾ।” ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ:
ਉਨ੍ਹਾਂ ਨੇ ਮੇਰੇ ਬਾਹਰੀ ਵਸਤਰ ਆਪਸ ਵਿੱਚ ਵੰਡ ਲਏ
ਅਤੇ ਮੇਰੇ ਕੁੜਤੇ ਲਈ ਪਰਚੀ ਪਾਈ। # ਜ਼ਬੂਰ 22:18
ਇਸੇ ਕਰਕੇ ਸਿਪਾਹੀਆਂ ਨੇ ਇਹ ਕੀਤਾ।
ਸਲੀਬ ਦੇ ਕੋਲ ਯਿਸੂ ਦੀ ਮਾਤਾ
25ਯਿਸੂ ਦੀ ਸਲੀਬ ਕੋਲ ਉਸ ਦੀ ਮਾਤਾ, ਉਸ ਦੀ ਮਾਤਾ ਦੀ ਭੈਣ, ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖੜ੍ਹੀਆਂ ਸਨ। 26ਤਦ ਯਿਸੂ ਨੇ ਆਪਣੀ ਮਾਤਾ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦਾ ਸੀ, ਕੋਲ ਖੜ੍ਹੇ ਵੇਖ ਕੇ ਆਪਣੀ ਮਾਤਾ ਨੂੰ ਕਿਹਾ,“ਹੇ ਔਰਤ, ਵੇਖ ਤੇਰਾ ਪੁੱਤਰ।” 27ਫਿਰ ਉਸ ਨੇ ਚੇਲੇ ਨੂੰ ਕਿਹਾ,“ਵੇਖ, ਤੇਰੀ ਮਾਤਾ।” ਉਸੇ ਸਮੇਂ ਤੋਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।
ਯਿਸੂ ਦੀ ਮੌਤ
28ਇਸ ਤੋਂ ਬਾਅਦ ਯਿਸੂ ਨੇ ਇਹ ਜਾਣ ਕੇ ਜੋ ਹੁਣ ਸਭ ਕੁਝ ਪੂਰਾ ਹੋ ਗਿਆ ਹੈ, ਲਿਖਤ ਦੇ ਪੂਰਾ ਹੋਣ ਲਈ ਕਿਹਾ,“ਮੈਂ ਪਿਆਸਾ ਹਾਂ।” 29ਉੱਥੇ ਸਿਰਕੇ ਦਾ ਭਰਿਆ ਇੱਕ ਭਾਂਡਾ ਰੱਖਿਆ ਸੀ, ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਤਰ ਕੀਤਾ ਹੋਇਆ ਜ਼ੂਫੇ ਦੀ ਟਹਿਣੀ ਉੱਤੇ ਰੱਖ ਕੇ ਉਸ ਦੇ ਮੂੰਹ ਨੂੰ ਲਾਇਆ। 30ਜਦੋਂ ਯਿਸੂ ਨੇ ਸਿਰਕਾ ਲਿਆ ਤਾਂ ਕਿਹਾ,“ਪੂਰਾ ਹੋਇਆ” ਅਤੇ ਸਿਰ ਝੁਕਾ ਕੇ ਪ੍ਰਾਣ ਤਿਆਗ ਦਿੱਤਾ।
ਨੇਜ਼ੇ ਨਾਲ ਯਿਸੂ ਦੀ ਵੱਖੀ ਨੂੰ ਵਿੰਨ੍ਹਿਆ ਜਾਣਾ
31ਇਹ ਤਿਆਰੀ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਲੱਤਾਂ ਤੋੜ ਕੇ ਉਨ੍ਹਾਂ ਨੂੰ ਉਤਾਰਿਆ ਜਾਵੇ ਤਾਂਕਿ ਲਾਸ਼ਾਂ ਸਬਤ ਦੇ ਦਿਨ ਸਲੀਬ 'ਤੇ ਨਾ ਰਹਿਣ, ਕਿਉਂਕਿ ਉਹ ਸਬਤ ਦਾ ਦਿਨ ਇੱਕ ਖਾਸ ਦਿਨ ਸੀ। 32ਤਦ ਸਿਪਾਹੀ ਆਏ ਅਤੇ ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ, ਉਨ੍ਹਾਂ ਵਿੱਚੋਂ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਫਿਰ ਦੂਜੇ ਦੀਆਂ ਵੀ; 33ਪਰ ਜਦੋਂ ਉਨ੍ਹਾਂ ਨੇ ਯਿਸੂ ਕੋਲ ਆ ਕੇ ਵੇਖਿਆ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਸ ਦੀਆਂ ਲੱਤਾਂ ਨਾ ਤੋੜੀਆਂ, 34ਪਰ ਸਿਪਾਹੀਆਂ ਵਿੱਚੋਂ ਇੱਕ ਨੇ ਨੇਜ਼ੇ ਨਾਲ ਉਸ ਦੀ ਵੱਖੀ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਵਹਿ ਨਿੱਕਲਿਆ। 35ਜਿਸ ਨੇ ਇਹ ਵੇਖਿਆ ਉਸੇ ਨੇ ਇਹ ਗਵਾਹੀ ਦਿੱਤੀ ਹੈ ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਕਹਿੰਦਾ ਹੈ ਤਾਂਕਿ ਤੁਸੀਂ ਵੀ ਵਿਸ਼ਵਾਸ ਕਰੋ। 36ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ:
ਉਸ ਦੀ ਇੱਕ ਵੀ ਹੱਡੀ ਤੋੜੀ ਨਾ ਜਾਵੇਗੀ। # ਕੂਚ 12:46; ਗਿਣਤੀ 9:12; ਜ਼ਬੂਰ 34:20
37ਫੇਰ ਇੱਕ ਹੋਰ ਲਿਖਤ ਕਹਿੰਦੀ ਹੈ:
ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ, ਉਹ ਉਸ ਵੱਲ ਤੱਕਣਗੇ। # ਜ਼ਕਰਯਾਹ 12:10
ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
38ਇਨ੍ਹਾਂ ਗੱਲਾਂ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਕਾਰਨ ਗੁਪਤ ਵਿੱਚ ਯਿਸੂ ਦਾ ਚੇਲਾ ਸੀ, ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਲੈ ਜਾਣ ਦੀ ਆਗਿਆ ਮੰਗੀ ਅਤੇ ਪਿਲਾਤੁਸ ਨੇ ਆਗਿਆ ਦੇ ਦਿੱਤੀ। ਸੋ ਉਹ ਆਇਆ ਅਤੇ ਉਸ ਦੀ ਲਾਸ਼ ਲੈ ਗਿਆ। 39ਨਿਕੁਦੇਮੁਸ ਵੀ, ਜੋ ਪਹਿਲਾਂ ਰਾਤ ਨੂੰ ਉਸ ਕੋਲ ਆਇਆ ਸੀ, ਲਗਭਗ ਤੇਤੀ ਕਿੱਲੋ#19:39 ਮੂਲ ਸ਼ਬਦ ਅਰਥ: ਇੱਕ ਸੌ ਲੀਟਰ ਗੰਧਰਸ ਅਤੇ ਊਦ#19:39 ਅਰਥਾਤ ਕੁਆਰ-ਗੰਦਲ ਦਾ ਮਿਸ਼ਰਣ ਲੈ ਕੇ ਆਇਆ। 40ਫਿਰ ਉਨ੍ਹਾਂ ਯਿਸੂ ਦੀ ਲਾਸ਼ ਨੂੰ ਲਿਆ ਅਤੇ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਅਨੁਸਾਰ ਉਸ ਨੂੰ ਖੁਸ਼ਬੂਦਾਰ ਮਸਾਲੇ ਨਾਲ ਮਲਮਲ ਦੇ ਕੱਪੜੇ ਵਿੱਚ ਲਪੇਟਿਆ। 41ਉਸ ਥਾਂ 'ਤੇ ਜਿੱਥੇ ਉਸ ਨੂੰ ਸਲੀਬ 'ਤੇ ਚੜ੍ਹਾਇਆ ਗਿਆ, ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ। 42ਸੋ ਯਹੂਦੀਆਂ ਦਾ ਤਿਆਰੀ ਦਾ ਦਿਨ ਹੋਣ ਕਰਕੇ ਉਨ੍ਹਾਂ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਉਹ ਕਬਰ ਨੇੜੇ ਸੀ।

Currently Selected:

ਯੂਹੰਨਾ 19: PSB

Highlight

Share

Copy

None

Want to have your highlights saved across all your devices? Sign up or sign in