ਯੂਹੰਨਾ 18
18
ਯਿਸੂ ਦਾ ਫੜਵਾਇਆ ਜਾਣਾ
1ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਨਾਲੇ ਦੇ ਪਾਰ ਚਲਾ ਗਿਆ। ਉੱਥੇ ਇੱਕ ਬਾਗ ਸੀ, ਜਿਸ ਵਿੱਚ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਪ੍ਰਵੇਸ਼ ਕੀਤਾ।
2ਯਹੂਦਾ ਵੀ, ਜਿਹੜਾ ਉਸ ਨੂੰ ਫੜਵਾਉਣ ਵਾਲਾ ਸੀ, ਉਸ ਥਾਂ ਬਾਰੇ ਜਾਣਦਾ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦਾ ਹੁੰਦਾ ਸੀ। 3ਤਦ ਯਹੂਦਾ ਸੈਨਾ ਦੇ ਇੱਕ ਦਲ#18:3 ਰੋਮੀ ਸੈਨਾ ਦਾ ਦਲ ਨੂੰ ਅਤੇ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਦੇ ਸੇਵਕਾਂ ਨੂੰ ਲੈ ਕੇ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰਾਂ ਨਾਲ ਉੱਥੇ ਆਇਆ। 4ਤਦ ਯਿਸੂ ਉਹ ਸਭ ਜਾਣ ਕੇ ਜੋ ਉਸ ਨਾਲ ਵਾਪਰਨ ਵਾਲਾ ਸੀ, ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਸ ਨੂੰ ਲੱਭਦੇ ਹੋ?” 5ਉਨ੍ਹਾਂ ਨੇ ਉੱਤਰ ਦਿੱਤਾ, “ਯਿਸੂ ਨਾਸਰੀ ਨੂੰ।” ਉਸ ਨੇ ਉਨ੍ਹਾਂ ਨੂੰ ਕਿਹਾ,“ਮੈਂ ਹੀ ਹਾਂ।” ਉਸ ਨੂੰ ਫੜਵਾਉਣ ਵਾਲਾ ਯਹੂਦਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਸੀ। 6ਸੋ ਜਦੋਂ ਉਸ ਨੇ ਕਿਹਾ, “ਮੈਂ ਹੀ ਹਾਂ,” ਤਾਂ ਉਹ ਪਿਛਾਂਹ ਹਟ ਗਏ ਅਤੇ ਜ਼ਮੀਨ 'ਤੇ ਡਿੱਗ ਪਏ। 7ਤਦ ਉਸ ਨੇ ਫੇਰ ਉਨ੍ਹਾਂ ਨੂੰ ਪੁੱਛਿਆ,“ਤੁਸੀਂ ਕਿਸ ਨੂੰ ਲੱਭਦੇ ਹੋ?” ਉਨ੍ਹਾਂ ਨੇ ਕਿਹਾ, “ਯਿਸੂ ਨਾਸਰੀ ਨੂੰ।” 8ਯਿਸੂ ਨੇ ਉੱਤਰ ਦਿੱਤਾ,“ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਮੈਂ ਹੀ ਹਾਂ; ਤੁਸੀਂ ਮੈਨੂੰ ਲੱਭਦੇ ਹੋ ਤਾਂ ਇਨ੍ਹਾਂ ਨੂੰ ਜਾਣ ਦਿਓ।” 9ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਕਿਹਾ ਸੀ,“ਜਿਹੜੇ ਤੂੰ ਮੈਨੂੰ ਦਿੱਤੇ ਹਨ, ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।” 10ਤਦ ਸ਼ਮਊਨ ਪਤਰਸ ਨੇ ਉਹ ਤਲਵਾਰ ਜਿਹੜੀ ਉਸ ਦੇ ਕੋਲ ਸੀ, ਖਿੱਚੀ ਅਤੇ ਮਹਾਂਯਾਜਕ ਦੇ ਦਾਸ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਸੁੱਟਿਆ। ਉਸ ਦਾਸ ਦਾ ਨਾਮ ਮਲਖੁਸ ਸੀ। 11ਤਦ ਯਿਸੂ ਨੇ ਪਤਰਸ ਨੂੰ ਕਿਹਾ,“ਤਲਵਾਰ ਨੂੰ ਮਿਆਨ ਵਿੱਚ ਰੱਖ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਮੈਂ ਉਸ ਨੂੰ ਨਾ ਪੀਵਾਂ?”
ਮਹਾਂਯਾਜਕ ਅੰਨਾਸ ਦੇ ਸਾਹਮਣੇ ਯਿਸੂ
12ਤਦ ਸੈਨਾ ਦੇ ਦਲ, ਸੈਨਾਪਤੀ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ 13ਅਤੇ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ, ਕਿਉਂਕਿ ਉਹ ਉਸ ਸਾਲ ਦੇ ਮਹਾਂਯਾਜਕ ਕਯਾਫ਼ਾ ਦਾ ਸਹੁਰਾ ਸੀ। 14ਇਹ ਉਹੀ ਕਯਾਫ਼ਾ ਸੀ ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
ਪਤਰਸ ਦੁਆਰਾ ਯਿਸੂ ਦਾ ਇਨਕਾਰ
15ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ-ਪਿੱਛੇ ਗਏ। ਉਹ ਚੇਲਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਇਸ ਲਈ ਉਹ ਯਿਸੂ ਦੇ ਨਾਲ ਮਹਾਂਯਾਜਕ ਦੇ ਵਿਹੜੇ ਵਿੱਚ ਗਿਆ, 16ਪਰ ਪਤਰਸ ਬਾਹਰ ਦਰਵਾਜ਼ੇ ਕੋਲ ਖੜ੍ਹਾ ਰਿਹਾ। ਤਦ ਉਹ ਦੂਜਾ ਚੇਲਾ ਜਿਹੜਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਬਾਹਰ ਆਇਆ ਅਤੇ ਦਰਬਾਨਣ ਨਾਲ ਗੱਲ ਕਰਕੇ ਪਤਰਸ ਨੂੰ ਅੰਦਰ ਲੈ ਗਿਆ। 17ਤਦ ਉਸ ਦਾਸੀ ਨੇ ਜੋ ਦਰਬਾਨਣ ਸੀ, ਪਤਰਸ ਨੂੰ ਕਿਹਾ, “ਕੀ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।” 18ਦਾਸ ਅਤੇ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜ੍ਹੇ ਸੇਕ ਰਹੇ ਸਨ ਕਿਉਂਕਿ ਠੰਡ ਸੀ ਅਤੇ ਪਤਰਸ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੋ ਕੇ ਸੇਕ ਰਿਹਾ ਸੀ।
ਮਹਾਂਯਾਜਕ ਵੱਲੋਂ ਪੁੱਛ-ਗਿੱਛ
19ਤਦ ਮਹਾਂਯਾਜਕ ਨੇ ਯਿਸੂ ਤੋਂ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪੁੱਛਿਆ। 20ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਮੈਂ ਸੰਸਾਰ ਨਾਲ ਖੁੱਲ੍ਹੇਆਮ ਗੱਲਾਂ ਕੀਤੀਆਂ; ਮੈਂ ਹਮੇਸ਼ਾ ਹੀ ਸਭਾ-ਘਰ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ, ਉਪਦੇਸ਼ ਦਿੱਤਾ ਅਤੇ ਗੁਪਤ ਵਿੱਚ ਕੁਝ ਨਹੀਂ ਕਿਹਾ। 21ਤੂੰ ਮੈਨੂੰ ਕਿਉਂ ਪੁੱਛਦਾ ਹੈਂ? ਸੁਣਨ ਵਾਲਿਆਂ ਤੋਂ ਪੁੱਛ ਲੈ ਕਿ ਮੈਂ ਉਨ੍ਹਾਂ ਨੂੰ ਕੀ ਕਿਹਾ। ਵੇਖ, ਉਹ ਜਾਣਦੇ ਹਨ ਕਿ ਮੈਂ ਕੀ ਕਿਹਾ।” 22ਜਦੋਂ ਉਸ ਨੇ ਇਹ ਕਿਹਾ ਤਾਂ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜ੍ਹਾ ਸੀ, ਯਿਸੂ ਨੂੰ ਚਪੇੜ ਮਾਰ ਕੇ ਕਿਹਾ, “ਤੂੰ ਮਹਾਂਯਾਜਕ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?” 23ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਜੇ ਮੈਂ ਗਲਤ ਕਿਹਾ ਹੈ ਤਾਂ ਤੂੰ ਉਸ ਗਲਤੀ ਨੂੰ ਸਾਬਤ ਕਰ, ਪਰ ਜੇ ਸਹੀ ਕਿਹਾ ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈਂ?” 24ਤਦ ਅੰਨਾਸ ਨੇ ਉਸ ਨੂੰ ਬੱਝੇ ਹੋਏ ਨੂੰ ਮਹਾਂਯਾਜਕ ਕਯਾਫ਼ਾ ਕੋਲ ਭੇਜ ਦਿੱਤਾ।
ਪਤਰਸ ਦੁਆਰਾ ਯਿਸੂ ਦਾ ਦੂਜੀ ਅਤੇ ਤੀਜੀ ਵਾਰ ਇਨਕਾਰ
25ਹੁਣ ਸ਼ਮਊਨ ਪਤਰਸ ਖੜ੍ਹਾ ਅੱਗ ਸੇਕ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਇਨਕਾਰ ਕਰਕੇ ਕਿਹਾ, “ਮੈਂ ਨਹੀਂ ਹਾਂ।” 26ਮਹਾਂਯਾਜਕ ਦੇ ਦਾਸਾਂ ਵਿੱਚੋਂ ਇੱਕ ਨੇ ਜਿਹੜਾ ਉਸ ਵਿਅਕਤੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਲਾਹ ਸੁੱਟਿਆ ਸੀ, ਕਿਹਾ, “ਕੀ ਮੈਂ ਤੈਨੂੰ ਉਸ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ ਸੀ?” 27ਤਦ ਪਤਰਸ ਨੇ ਫੇਰ ਇਨਕਾਰ ਕੀਤਾ ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦੇ ਦਿੱਤੀ।
ਪਿਲਾਤੁਸ ਦੇ ਸਾਹਮਣੇ ਯਿਸੂ ਦੀ ਪੇਸ਼ੀ
28ਫਿਰ ਉਹ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਰਾਜਭਵਨ#18:28 ਮੂਲ ਸ਼ਬਦ: ਪ੍ਰਾਇਤੋਰੀਅਮ ਵਿੱਚ ਲੈ ਗਏ ਅਤੇ ਅਜੇ ਤੜਕਾ ਹੀ ਸੀ, ਪਰ ਉਹ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਭ੍ਰਿਸ਼ਟ ਨਾ ਹੋ ਜਾਣ ਅਤੇ ਪਸਾਹ ਖਾ ਸਕਣ।
29ਤਦ ਪਿਲਾਤੁਸ ਨੇ ਉਨ੍ਹਾਂ ਕੋਲ ਬਾਹਰ ਆ ਕੇ ਕਿਹਾ, “ਤੁਸੀਂ ਇਸ ਮਨੁੱਖ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹੋ?” 30ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਜੇ ਇਹ ਆਦਮੀ ਬੁਰਾ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ।” 31ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ।” ਯਹੂਦੀਆਂ ਨੇ ਕਿਹਾ, “ਕਿਸੇ ਦੀ ਜਾਨ ਲੈਣਾ ਸਾਡੇ ਲਈ ਯੋਗ ਨਹੀਂ ਹੈ!” 32ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਇਸ ਗੱਲ ਦਾ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਣੀ ਹੈ।
33ਤਦ ਪਿਲਾਤੁਸ ਫੇਰ ਰਾਜਭਵਨ ਵਿੱਚ ਆਇਆ ਅਤੇ ਯਿਸੂ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” 34ਯਿਸੂ ਨੇ ਉੱਤਰ ਦਿੱਤਾ,“ਕੀ ਤੂੰ ਇਹ ਆਪਣੇ ਵੱਲੋਂ ਪੁੱਛਦਾ ਹੈਂ ਜਾਂ ਹੋਰਨਾਂ ਨੇ ਤੈਨੂੰ ਮੇਰੇ ਵਿਖੇ ਦੱਸਿਆ ਹੈ?” 35ਪਿਲਾਤੁਸ ਨੇ ਕਿਹਾ, “ਮੈਂ ਕੋਈ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਮਹਾਂਯਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ; ਤੂੰ ਕੀ ਕੀਤਾ ਹੈ?” 36ਯਿਸੂ ਨੇ ਉੱਤਰ ਦਿੱਤਾ,“ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ; ਜੇ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰਾ ਰਾਜ ਤਾਂ ਇੱਥੋਂ ਦਾ ਨਹੀਂ ਹੈ।” 37ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ,“ਤੂੰ ਸਹੀ ਕਹਿੰਦਾ ਹੈਂ ਕਿ ਮੈਂ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਤਾਂਕਿ ਮੈਂ ਸੱਚ ਦੀ ਗਵਾਹੀ ਦੇਵਾਂ। ਹਰੇਕ ਜਿਹੜਾ ਸੱਚ ਤੋਂ ਹੈ, ਮੇਰੀ ਅਵਾਜ਼ ਸੁਣਦਾ ਹੈ।” 38ਪਿਲਾਤੁਸ ਨੇ ਉਸ ਨੂੰ ਕਿਹਾ, “ਸੱਚ ਕੀ ਹੈ?”
ਯਿਸੂ ਜਾਂ ਬਰੱਬਾਸ
ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਦਾ। 39ਤੁਹਾਡੀ ਰੀਤ ਹੈ ਕਿ ਪਸਾਹ ਦੇ ਤਿਉਹਾਰ 'ਤੇ ਮੈਂ ਤੁਹਾਡੇ ਲਈ ਕਿਸੇ ਨੂੰ ਛੱਡਾਂ! ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?” 40ਪਰ ਉਹ ਫੇਰ ਚੀਕ ਕੇ ਬੋਲੇ, “ਇਸ ਨੂੰ ਨਹੀਂ, ਸਗੋਂ ਬਰੱਬਾਸ ਨੂੰ!” ਬਰੱਬਾਸ ਇੱਕ ਡਾਕੂ ਸੀ।
Currently Selected:
ਯੂਹੰਨਾ 18: PSB
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative