ਯੂਹੰਨਾ 12
12
ਯਿਸੂ ਦੇ ਪੈਰਾਂ ਉੱਤੇ ਅਤਰ ਮਲਣਾ
1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ। 2ਉੱਥੇ ਉਨ੍ਹਾਂ ਨੇ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਭੋਜਨ ਪਰੋਸ ਰਹੀ ਸੀ; ਲਾਜ਼ਰ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਸ ਦੇ ਨਾਲ ਭੋਜਨ ਕਰਨ ਬੈਠੇ ਸਨ।
3ਤਦ ਮਰਿਯਮ ਨੇ ਲਗਭਗ ਅੱਧਾ ਲੀਟਰ ਸ਼ੁੱਧ ਜਟਾਮਾਂਸੀ ਦਾ ਮਹਿੰਗਾ ਅਤਰ ਲੈ ਕੇ ਯਿਸੂ ਦੇ ਪੈਰਾਂ ਉੱਤੇ ਮਲਿਆ ਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ ਅਤੇ ਘਰ ਅਤਰ ਦੀ ਮਹਿਕ ਨਾਲ ਭਰ ਗਿਆ। 4ਪਰ ਉਸ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਯਹੂਦਾ ਇਸਕਰਿਯੋਤੀ ਜਿਹੜਾ ਉਸ ਨੂੰ ਫੜਵਾਉਣਾ ਚਾਹੁੰਦਾ ਸੀ, ਕਹਿਣ ਲੱਗਾ, 5“ਇਹ ਅਤਰ ਤਿੰਨ ਸੌ ਦੀਨਾਰਾਂ ਦਾ ਵੇਚ ਕੇ ਪੈਸਾ ਗਰੀਬਾਂ ਨੂੰ ਕਿਉਂ ਨਹੀਂ ਦਿੱਤਾ ਗਿਆ?” 6ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਕਿ ਉਸ ਨੂੰ ਗਰੀਬਾਂ ਦੀ ਪਰਵਾਹ ਸੀ, ਪਰ ਇਸ ਲਈ ਕਿ ਉਹ ਚੋਰ ਸੀ ਅਤੇ ਥੈਲੀ ਉਸੇ ਕੋਲ ਰਹਿੰਦੀ ਸੀ ਅਤੇ ਜੋ ਉਸ ਵਿੱਚ ਪਾਇਆ ਜਾਂਦਾ ਉਹ ਕੱਢ ਲੈਂਦਾ ਸੀ। 7ਇਸ ਲਈ ਯਿਸੂ ਨੇ ਕਿਹਾ,“ਉਸ ਨੂੰ ਰਹਿਣ ਦੇ, ਉਸ ਨੇ ਇਹ ਮੇਰੇ ਦਫ਼ਨਾਉਣ ਦੇ ਦਿਨ ਲਈ ਰੱਖਿਆ ਸੀ। 8ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।”
ਲਾਜ਼ਰ ਨੂੰ ਮਾਰ ਸੁੱਟਣ ਦੀ ਵਿਉਂਤ
9ਜਦੋਂ ਯਹੂਦੀਆਂ ਦੀ ਵੱਡੀ ਭੀੜ ਨੇ ਜਾਣ ਲਿਆ ਕਿ ਉਹ ਉੱਥੇ ਹੈ ਤਾਂ ਉਹ ਨਾ ਕੇਵਲ ਯਿਸੂ ਕਰਕੇ ਆਏ, ਸਗੋਂ ਇਸ ਲਈ ਵੀ ਕਿ ਲਾਜ਼ਰ ਨੂੰ ਵੇਖਣ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ। 10ਪਰ ਪ੍ਰਧਾਨ ਯਾਜਕਾਂ ਨੇ ਲਾਜ਼ਰ ਨੂੰ ਵੀ ਮਾਰ ਸੁੱਟਣ ਦੀ ਵਿਉਂਤ ਬਣਾਈ, 11ਕਿਉਂਕਿ ਉਸ ਦੇ ਕਾਰਨ ਬਹੁਤ ਸਾਰੇ ਯਹੂਦੀ ਉਨ੍ਹਾਂ ਤੋਂ ਅਲੱਗ ਹੋ ਕੇ ਯਿਸੂ ਉੱਤੇ ਵਿਸ਼ਵਾਸ ਕਰਨ ਲੱਗ ਪਏ ਸਨ।
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਪ੍ਰਵੇਸ਼
12ਅਗਲੇ ਦਿਨ ਤਿਉਹਾਰ 'ਤੇ ਆਈ ਹੋਈ ਵੱਡੀ ਭੀੜ ਨੇ ਜਦੋਂ ਇਹ ਸੁਣਿਆ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਹੈ 13ਤਾਂ ਉਹ ਖਜੂਰ ਦੀਆਂ ਟਹਿਣੀਆਂ ਲੈ ਕੇ ਉਸ ਨੂੰ ਮਿਲਣ ਲਈ ਨਿੱਕਲੇ ਅਤੇ ਉੱਚੀ-ਉੱਚੀ ਪੁਕਾਰਨ ਲੱਗੇ:
ਹੋਸੰਨਾ!
ਧੰਨ ਹੈ ਇਸਰਾਏਲ ਦਾ ਰਾਜਾ
ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ! #
ਜ਼ਬੂਰ 118:25-26
14ਤਦ ਯਿਸੂ ਨੇ ਇੱਕ ਗਧੀ ਦਾ ਬੱਚਾ ਵੇਖਿਆ ਅਤੇ ਉਸ ਉੱਤੇ ਸਵਾਰ ਹੋ ਗਿਆ, ਜਿਵੇਂ ਲਿਖਿਆ ਹੋਇਆ ਹੈ:
15 ਹੇ ਸੀਯੋਨ ਦੀ ਬੇਟੀ, ਨਾ ਡਰ!
ਵੇਖ, ਤੇਰਾ ਰਾਜਾ ਗਧੀ ਦੇ ਬੱਚੇ ਉੱਤੇ
ਸਵਾਰ ਹੋ ਕੇ ਆ ਰਿਹਾ ਹੈ। #
ਜ਼ਕਰਯਾਹ 9:9
16ਉਸ ਦੇ ਚੇਲਿਆਂ ਨੇ ਪਹਿਲਾਂ ਤਾਂ ਇਨ੍ਹਾਂ ਗੱਲਾਂ ਨੂੰ ਨਾ ਸਮਝਿਆ, ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਵਿਖੇ ਲਿਖੀਆਂ ਸਨ ਅਤੇ ਲੋਕਾਂ ਨੇ ਉਸ ਨਾਲ ਉਸੇ ਤਰ੍ਹਾਂ ਕੀਤਾ ਸੀ। 17ਤਦ ਉਹ ਲੋਕ ਜਿਹੜੇ ਉਸ ਸਮੇਂ ਉਸ ਦੇ ਨਾਲ ਸਨ ਜਦੋਂ ਉਸ ਨੇ ਲਾਜ਼ਰ ਨੂੰ ਕਬਰ ਵਿੱਚੋਂ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਇਆ ਸੀ, ਗਵਾਹੀ ਦੇਣ ਲੱਗੇ। 18ਲੋਕ ਇਸ ਕਰਕੇ ਵੀ ਉਸ ਨੂੰ ਮਿਲਣ ਆਏ ਕਿਉਂਕਿ ਉਨ੍ਹਾਂ ਨੇ ਸੁਣਿਆ ਸੀ ਕਿ ਉਸ ਨੇ ਇਹ ਚਿੰਨ੍ਹ ਵਿਖਾਇਆ ਹੈ। 19ਤਦ ਫ਼ਰੀਸੀਆਂ ਨੇ ਆਪਸ ਵਿੱਚ ਕਿਹਾ, “ਤੁਸੀਂ ਵੇਖਦੇ ਹੋ ਕਿ ਤੁਹਾਡੇ ਕੋਲੋਂ ਕੁਝ ਨਹੀਂ ਹੁੰਦਾ। ਵੇਖੋ, ਸੰਸਾਰ ਉਸ ਦੇ ਪਿੱਛੇ ਹੋ ਤੁਰਿਆ ਹੈ!”
ਯੂਨਾਨੀਆਂ ਵੱਲੋਂ ਯਿਸੂ ਦੇ ਦਰਸ਼ਨ ਲਈ ਇੱਛਾ
20ਤਿਉਹਾਰ 'ਤੇ ਅਰਾਧਨਾ ਕਰਨ ਆਏ ਲੋਕਾਂ ਵਿੱਚ ਕੁਝ ਯੂਨਾਨੀ ਸਨ। 21ਉਹ ਫ਼ਿਲਿੱਪੁਸ ਕੋਲ ਜਿਹੜਾ ਗਲੀਲ ਦੇ ਬੈਤਸੈਦੇ ਦਾ ਸੀ, ਆਏ ਅਤੇ ਉਸ ਨੂੰ ਬੇਨਤੀ ਕਰਕੇ ਕਹਿਣ ਲੱਗੇ, “ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ।” 22ਫ਼ਿਲਿੱਪੁਸ ਨੇ ਆ ਕੇ ਅੰਦ੍ਰਿਯਾਸ ਨੂੰ ਦੱਸਿਆ। ਤਦ ਫ਼ਿਲਿੱਪੁਸ ਅਤੇ ਅੰਦ੍ਰਿਯਾਸ ਨੇ ਜਾ ਕੇ ਯਿਸੂ ਨੂੰ ਦੱਸਿਆ। 23ਯਿਸੂ ਨੇ ਉਨ੍ਹਾਂ ਨੂੰ ਕਿਹਾ,“ਸਮਾਂ ਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਵੇ। 24ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰ ਜਾਵੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ। 25ਜਿਹੜਾ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਉਹ ਉਸ ਨੂੰ ਗੁਆ ਦਿੰਦਾ ਹੈ ਅਤੇ ਜਿਹੜਾ ਇਸ ਸੰਸਾਰ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ, ਉਹ ਸਦੀਪਕ ਜੀਵਨ ਲਈ ਉਸ ਨੂੰ ਬਚਾ ਲਵੇਗਾ। 26ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ; ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਸ ਨੂੰ ਆਦਰ ਦੇਵੇਗਾ।
ਸਲੀਬੀ ਮੌਤ ਵੱਲ ਇਸ਼ਾਰਾ
27 “ਹੁਣ ਮੇਰੀ ਜਾਨ ਵਿਆਕੁਲ ਹੈ, ਇਸ ਲਈ ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਘੜੀ ਤੋਂ ਬਚਾ’? ਪਰ ਇਸੇ ਲਈ ਮੈਂ ਇਸ ਘੜੀ ਤੱਕ ਆਇਆ ਹਾਂ। 28ਹੇ ਪਿਤਾ, ਆਪਣੇ ਨਾਮ ਦੀ ਮਹਿਮਾ ਕਰ।” ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਫੇਰ ਮਹਿਮਾ ਕਰਾਂਗਾ।” 29ਤਦ ਜੋ ਲੋਕ ਉੱਥੇ ਖੜ੍ਹੇ ਸਨ, ਇਹ ਸੁਣ ਕੇ ਕਹਿਣ ਲੱਗੇ, “ਗਰਜਣ ਹੋਈ ਹੈ!” ਹੋਰਨਾਂ ਨੇ ਕਿਹਾ, “ਦੂਤ ਨੇ ਉਸ ਨਾਲ ਗੱਲ ਕੀਤੀ ਹੈ।” 30ਯਿਸੂ ਨੇ ਉਨ੍ਹਾਂ ਨੂੰ ਕਿਹਾ,“ਇਹ ਅਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ। 31ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਹੈ; ਇਸ ਸੰਸਾਰ ਦਾ ਪ੍ਰਧਾਨ ਹੁਣ ਬਾਹਰ ਕੱਢਿਆ ਜਾਵੇਗਾ। 32ਜੇ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।” 33ਇਹ ਕਹਿ ਕੇ ਉਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਸ ਨੇ ਕਿਸ ਤਰ੍ਹਾਂ ਦੀ ਮੌਤ ਮਰਨਾ ਹੈ। 34ਤਦ ਲੋਕਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਬਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਸਦਾ ਰਹੇਗਾ। ਫਿਰ ਤੂੰ ਕਿਵੇਂ ਕਹਿੰਦਾ ਹੈਂ ਕਿ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰੀ ਹੈ? ਇਹ ਮਨੁੱਖ ਦਾ ਪੁੱਤਰ ਕੌਣ ਹੈ?” 35ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਚਾਨਣ ਅਜੇ ਥੋੜ੍ਹਾ ਸਮਾਂ ਹੋਰ ਤੁਹਾਡੇ ਨਾਲ ਹੈ। ਜਦੋਂ ਤੱਕ ਚਾਨਣ ਹੈ ਚੱਲਦੇ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਹਨੇਰਾ ਤੁਹਾਨੂੰ ਆ ਘੇਰੇ। ਜਿਹੜਾ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਕਿੱਥੇ ਜਾਂਦਾ ਹੈ। 36ਜਦੋਂ ਤੱਕ ਚਾਨਣ ਤੁਹਾਡੇ ਨਾਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣ ਸਕੋ।” ਯਿਸੂ ਨੇ ਇਹ ਗੱਲਾਂ ਕਹੀਆਂ ਅਤੇ ਜਾ ਕੇ ਆਪ ਨੂੰ ਉਨ੍ਹਾਂ ਤੋਂ ਲੁਕਾਇਆ।
ਯਹੂਦੀਆਂ ਦਾ ਅਵਿਸ਼ਵਾਸ
37ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐਨੇ ਚਿੰਨ੍ਹ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਵਿਸ਼ਵਾਸ ਨਾ ਕੀਤਾ, 38ਤਾਂਕਿ ਯਸਾਯਾਹ ਨਬੀ ਦਾ ਇਹ ਵਚਨ ਪੂਰਾ ਹੋਵੇ ਜਿਹੜਾ ਉਸ ਨੇ ਕਿਹਾ:
ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ
ਅਤੇ ਪ੍ਰਭੂ ਦੀ ਸ਼ਕਤੀਸ਼ਾਲੀ ਬਾਂਹ ਕਿਸ ਉੱਤੇ ਪਰਗਟ ਹੋਈ? #
ਯਸਾਯਾਹ 53:1
39ਇਸ ਕਾਰਨ ਉਹ ਵਿਸ਼ਵਾਸ ਨਾ ਕਰ ਸਕੇ, ਕਿਉਂਕਿ ਯਸਾਯਾਹ ਨੇ ਫੇਰ ਕਿਹਾ:
40 ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ
ਅਤੇ ਉਨ੍ਹਾਂ ਦਾ ਦਿਲ ਕਠੋਰ ਕਰ ਦਿੱਤਾ ਹੈ,
ਕਿ ਕਿਤੇ ਅਜਿਹਾ ਨਾ ਹੋਵੇ ਜੋ
ਉਹ ਅੱਖਾਂ ਨਾਲ ਵੇਖਣ ਅਤੇ ਦਿਲ ਨਾਲ ਸਮਝਣ
ਅਤੇ ਮੁੜ ਆਉਣ ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ। #
ਯਸਾਯਾਹ 6:10
41ਯਸਾਯਾਹ ਨੇ ਇਹ ਗੱਲਾਂ ਇਸ ਲਈ ਕਹੀਆਂ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਅਤੇ ਉਸ ਦੇ ਵਿਖੇ ਬੋਲਿਆ। 42ਭਾਵੇਂ ਪ੍ਰਧਾਨਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਪਰ ਉਨ੍ਹਾਂ ਨੇ ਫ਼ਰੀਸੀਆਂ ਦੇ ਕਾਰਨ ਖੁੱਲ੍ਹੇ ਰੂਪ ਵਿੱਚ ਨਾ ਮੰਨਿਆ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਨ੍ਹਾਂ ਨੂੰ ਸਭਾ-ਘਰ ਵਿੱਚੋਂ ਛੇਕ ਦਿੱਤਾ ਜਾਵੇ, 43ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਲੈਣਾ ਜ਼ਿਆਦਾ ਪਸੰਦ ਕੀਤਾ।
ਯਿਸੂ ਦਾ ਉਦੇਸ਼
44ਯਿਸੂ ਨੇ ਉੱਚੀ ਪੁਕਾਰ ਕੇ ਕਿਹਾ,“ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ, ਪਰ ਮੇਰੇ ਭੇਜਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ 45ਅਤੇ ਜਿਹੜਾ ਮੈਨੂੰ ਵੇਖਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੇਖਦਾ ਹੈ। 46ਮੈਂ ਚਾਨਣ ਹਾਂ ਅਤੇ ਸੰਸਾਰ ਵਿੱਚ ਆਇਆ ਹਾਂ ਤਾਂਕਿ ਹਰੇਕ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਾ ਰਹੇ। 47ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ#12:47 ਕੁਝ ਹਸਤਲੇਖਾਂ ਵਿੱਚ “ਮੰਨੇ” ਦੇ ਸਥਾਨ 'ਤੇ “ਵਿਸ਼ਵਾਸ ਕਰੇ” ਲਿਖਿਆ ਹੈ।ਤਾਂ ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਸੰਸਾਰ ਨੂੰ ਬਚਾਉਣ ਲਈ ਆਇਆ ਹਾਂ। 48ਜਿਹੜਾ ਮੇਰਾ ਇਨਕਾਰ ਕਰਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ; ਉਹ ਵਚਨ ਜਿਹੜਾ ਮੈਂ ਕਿਹਾ, ਉਹੋ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ। 49ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ, ਪਰ ਪਿਤਾ ਜਿਸ ਨੇ ਮੈਨੂੰ ਭੇਜਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਬੋਲਾਂ। 50ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਹੈ। ਇਸ ਲਈ ਮੈਂ ਜੋ ਕੁਝ ਬੋਲਦਾ ਹਾਂ, ਜਿਸ ਤਰ੍ਹਾਂ ਪਿਤਾ ਨੇ ਮੈਨੂੰ ਕਿਹਾ ਹੈ ਉਸੇ ਤਰ੍ਹਾਂ ਬੋਲਦਾ ਹਾਂ।”
Currently Selected:
ਯੂਹੰਨਾ 12: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative