YouVersion Logo
Search Icon

ਯੂਹੰਨਾ 11

11
ਲਾਜ਼ਰ ਦੀ ਮੌਤ
1ਮਰਿਯਮ ਅਤੇ ਉਸ ਦੀ ਭੈਣ ਮਾਰਥਾ ਦੇ ਪਿੰਡ ਬੈਤਅਨੀਆ ਦਾ ਇੱਕ ਮਨੁੱਖ ਲਾਜ਼ਰ ਬਿਮਾਰ ਸੀ। 2ਇਹ ਉਹੋ ਮਰਿਯਮ ਸੀ ਜਿਸ ਨੇ ਪ੍ਰਭੂ 'ਤੇ ਅਤਰ ਪਾਇਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰਾਂ ਨੂੰ ਪੂੰਝਿਆ ਸੀ; ਉਸੇ ਦਾ ਭਰਾ ਲਾਜ਼ਰ ਬਿਮਾਰ ਸੀ। 3ਸੋ ਇਨ੍ਹਾਂ ਭੈਣਾਂ ਨੇ ਉਸ ਨੂੰ ਸੁਨੇਹਾ ਭੇਜਿਆ, “ਪ੍ਰਭੂ ਜੀ, ਵੇਖ, ਜਿਸ ਨਾਲ ਤੂੰ ਪ੍ਰੀਤ ਰੱਖਦਾ ਹੈਂ ਉਹ ਬਿਮਾਰ ਹੈ।” 4ਇਹ ਸੁਣ ਕੇ ਯਿਸੂ ਨੇ ਕਿਹਾ,“ਇਹ ਬਿਮਾਰੀ ਮੌਤ ਦੀ ਨਹੀਂ, ਸਗੋਂ ਪਰਮੇਸ਼ਰ ਦੀ ਮਹਿਮਾ ਲਈ ਹੈ ਤਾਂਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਦੀ ਮਹਿਮਾ ਹੋਵੇ।” 5ਯਿਸੂ, ਮਾਰਥਾ ਅਤੇ ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ। 6ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸੀ, ਦੋ ਦਿਨ ਹੋਰ ਉੱਥੇ ਹੀ ਰਿਹਾ। 7ਫਿਰ ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਆਓ, ਫੇਰ ਯਹੂਦਿਯਾ ਨੂੰ ਚੱਲੀਏ।” 8ਚੇਲਿਆਂ ਨੇ ਉਸ ਨੂੰ ਕਿਹਾ, “ਹੇ ਰੱਬੀ#11:8 ਅਰਥਾਤ ਗੁਰੂ, ਹੁਣੇ ਤਾਂ ਯਹੂਦੀ ਤੈਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾ ਰਿਹਾ ਹੈਂ?” 9ਯਿਸੂ ਨੇ ਉੱਤਰ ਦਿੱਤਾ,“ਕੀ ਦਿਨ ਦੇ ਬਾਰਾਂ ਘੰਟੇ ਨਹੀਂ ਹੁੰਦੇ? ਜੇ ਕੋਈ ਦਿਨ ਨੂੰ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਇਸ ਸੰਸਾਰ ਦਾ ਚਾਨਣ ਵੇਖਦਾ ਹੈ। 10ਪਰ ਜੇ ਕੋਈ ਰਾਤ ਨੂੰ ਚੱਲੇ ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ।” 11ਉਸ ਨੇ ਇਹ ਗੱਲਾਂ ਕਹੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ,“ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਜਾ ਰਿਹਾ ਹਾਂ ਕਿ ਉਸ ਨੂੰ ਜਗਾਵਾਂ।” 12ਤਦ ਚੇਲਿਆਂ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਜੇ ਉਹ ਸੌਂ ਗਿਆ ਹੈ ਤਾਂ ਬਚ ਜਾਵੇਗਾ।” 13ਯਿਸੂ ਨੇ ਤਾਂ ਉਸ ਦੀ ਮੌਤ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਸਮਝਿਆ ਕਿ ਉਹ ਨੀਂਦ ਦੇ ਅਰਾਮ ਦੀ ਗੱਲ ਕਰ ਰਿਹਾ ਹੈ। 14ਤਦ ਯਿਸੂ ਨੇ ਉਨ੍ਹਾਂ ਨੂੰ ਸਾਫ-ਸਾਫ ਕਹਿ ਦਿੱਤਾ,“ਲਾਜ਼ਰ ਮਰ ਗਿਆ ਹੈ 15ਅਤੇ ਮੈਂ ਤੁਹਾਡੇ ਕਾਰਨ ਅਨੰਦ ਹਾਂ ਕਿ ਮੈਂ ਉੱਥੇ ਨਹੀਂ ਸੀ ਤਾਂਕਿ ਤੁਸੀਂ ਵਿਸ਼ਵਾਸ ਕਰੋ। ਪਰ ਆਓ, ਅਸੀਂ ਉਸ ਕੋਲ ਚੱਲੀਏ।” 16ਤਦ ਥੋਮਾ ਨੇ ਜਿਹੜਾ ਦੀਦੁਮੁਸ ਕਹਾਉਂਦਾ ਹੈ, ਆਪਣੇ ਸਾਥੀ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂਕਿ ਉਸ ਦੇ ਨਾਲ ਮਰੀਏ।”
ਪੁਨਰ-ਉਥਾਨ ਅਤੇ ਜੀਵਨ
17ਯਿਸੂ ਨੇ ਆ ਕੇ ਜਾਣਿਆ ਕਿ ਉਸ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਚੁੱਕੇ ਹਨ। 18ਬੈਤਅਨੀਆ ਯਰੂਸ਼ਲਮ ਦੇ ਨੇੜੇ ਲਗਭਗ ਤਿੰਨ ਕਿਲੋਮੀਟਰ#11:18 ਮੂਲ ਸ਼ਬਦ ਅਰਥ: 15 ਸਟਾਡੀਆ 'ਤੇ ਸੀ। 19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਤਾਂਕਿ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਨੂੰ ਦਿਲਾਸਾ ਦੇਣ। 20ਸੋ ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰਿਯਮ ਘਰ ਹੀ ਬੈਠੀ ਰਹੀ। 21ਤਦ ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। 22ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਤੂੰ ਜੋ ਕੁਝ ਪਰਮੇਸ਼ਰ ਤੋਂ ਮੰਗੇਂ, ਪਰਮੇਸ਼ਰ ਤੈਨੂੰ ਦੇਵੇਗਾ।” 23ਯਿਸੂ ਨੇ ਉਸ ਨੂੰ ਕਿਹਾ,“ਤੇਰਾ ਭਰਾ ਜੀ ਉੱਠੇਗਾ।” 24ਮਾਰਥਾ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਅੰਤ ਦੇ ਦਿਨ ਪੁਨਰ-ਉਥਾਨ ਦੇ ਸਮੇਂ ਉਹ ਜੀ ਉੱਠੇਗਾ।” 25ਯਿਸੂ ਨੇ ਉਸ ਨੂੰ ਕਿਹਾ,“ਪੁਨਰ-ਉਥਾਨ ਅਤੇ ਜੀਵਨ ਮੈਂ ਹੀ ਹਾਂ। ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ; 26ਅਤੇ ਜੋ ਕੋਈ ਜੀਉਂਦਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ 'ਤੇ ਵਿਸ਼ਵਾਸ ਕਰਦੀ ਹੈਂ?” 27ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਮੈਂ ਤਾਂ ਵਿਸ਼ਵਾਸ ਕਰ ਚੁੱਕੀ ਹਾਂ ਕਿ ਤੂੰ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ।”
ਯਿਸੂ ਰੋਇਆ
28ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ-ਚਪੀਤੇ ਸੱਦ ਕੇ ਕਹਿਣ ਲੱਗੀ, “ਗੁਰੂ ਇੱਥੇ ਹੈ ਅਤੇ ਤੈਨੂੰ ਬੁਲਾਉਂਦਾ ਹੈ।” 29ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਤੁਰੰਤ ਉੱਠ ਕੇ ਉਸ ਦੇ ਕੋਲ ਗਈ। 30ਯਿਸੂ ਅਜੇ ਪਿੰਡ ਵਿੱਚ ਨਹੀਂ ਆਇਆ ਸੀ, ਸਗੋਂ ਉਸੇ ਥਾਂ 'ਤੇ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ। 31ਤਦ ਯਹੂਦੀਆਂ ਨੇ ਜਿਹੜੇ ਉਸ ਦੇ ਨਾਲ ਘਰ ਵਿੱਚ ਸਨ ਅਤੇ ਉਸ ਨੂੰ ਦਿਲਾਸਾ ਦੇ ਰਹੇ ਸਨ, ਜਦੋਂ ਮਰਿਯਮ ਨੂੰ ਵੇਖਿਆ ਕਿ ਉਹ ਛੇਤੀ ਉੱਠ ਕੇ ਬਾਹਰ ਗਈ ਹੈ ਤਾਂ ਉਸ ਦੇ ਪਿੱਛੇ ਗਏ, ਕਿਉਂਕਿ ਉਨ੍ਹਾਂ ਸਮਝਿਆ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ। 32ਸੋ ਜਦੋਂ ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਚਰਨਾਂ 'ਤੇ ਡਿੱਗ ਪਈ ਅਤੇ ਉਸ ਨੂੰ ਕਹਿਣ ਲੱਗੀ, “ਹੇ ਪ੍ਰਭੂ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।” 33ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਵੀ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਵਿਆਕੁਲ ਹੋਇਆ। 34ਉਸ ਨੇ ਕਿਹਾ,“ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਉਸ ਨੂੰ ਕਿਹਾ “ਪ੍ਰਭੂ ਜੀ, ਆਓ ਅਤੇ ਵੇਖ ਲਵੋ।” 35ਯਿਸੂ ਰੋਇਆ। 36ਤਦ ਯਹੂਦੀ ਕਹਿਣ ਲੱਗੇ, “ਵੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!” 37ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਕੀ ਇਹ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ, ਐਨਾ ਵੀ ਨਾ ਕਰ ਸਕਿਆ ਕਿ ਇਹ ਮਨੁੱਖ ਨਾ ਮਰਦਾ?”
ਲਾਜ਼ਰ ਦਾ ਜਿਵਾਇਆ ਜਾਣਾ
38ਤਦ ਯਿਸੂ ਫੇਰ ਆਪਣੇ ਮਨ ਵਿੱਚ ਕਲਪਦਾ ਹੋਇਆ ਕਬਰ ਉੱਤੇ ਆਇਆ। ਇਹ ਇੱਕ ਗੁਫਾ ਸੀ ਜਿਸ ਉੱਤੇ ਇੱਕ ਪੱਥਰ ਰੱਖਿਆ ਹੋਇਆ ਸੀ। 39ਯਿਸੂ ਨੇ ਕਿਹਾ,“ਪੱਥਰ ਹਟਾ ਦਿਓ।” ਪਰ ਉਸ ਮਰੇ ਹੋਏ ਦੀ ਭੈਣ ਮਾਰਥਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਸੜ੍ਹਿਆਂਦ ਆਉਂਦੀ ਹੈ, ਕਿਉਂਕਿ ਚਾਰ ਦਿਨ ਹੋ ਗਏ ਹਨ।” 40ਯਿਸੂ ਨੇ ਉਸ ਨੂੰ ਕਿਹਾ,“ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂ ਤਾਂ ਪਰਮੇਸ਼ਰ ਦੀ ਮਹਿਮਾ ਵੇਖੇਂਗੀ?” 41ਤਦ ਉਨ੍ਹਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ#11:41 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿੱਥੇ ਮੁਰਦੇ ਨੂੰ ਰੱਖਿਆ ਗਿਆ ਸੀ” ਲਿਖਿਆ ਹੈ। ਅਤੇ ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਕਿਹਾ,“ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣੀ 42ਅਤੇ ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਪਰ ਇਹ ਮੈਂ ਆਲੇ-ਦੁਆਲੇ ਖੜ੍ਹੀ ਇਸ ਭੀੜ ਦੇ ਕਾਰਨ ਕਿਹਾ ਤਾਂਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।” 43ਇਹ ਕਹਿ ਕੇ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ,“ਲਾਜ਼ਰ, ਬਾਹਰ ਆ।” 44ਤਦ ਜਿਹੜਾ ਮਰਿਆ ਹੋਇਆ ਸੀ ਉਹ ਕਫ਼ਨ ਨਾਲ ਹੱਥ ਪੈਰ ਬੰਨ੍ਹੇ ਹੋਏ ਬਾਹਰ ਨਿੱਕਲ ਆਇਆ ਅਤੇ ਉਸ ਦਾ ਚਿਹਰਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ,“ਇਸ ਨੂੰ ਖੋਲ੍ਹੋ ਅਤੇ ਜਾਣ ਦਿਓ।”
ਯਿਸੂ ਨੂੰ ਮਾਰਨ ਦੀ ਵਿਉਂਤ
45ਤਦ ਯਹੂਦੀਆਂ ਵਿੱਚੋਂ ਬਹੁਤਿਆਂ ਨੇ ਜਿਹੜੇ ਮਰਿਯਮ ਕੋਲ ਆਏ ਸਨ, ਯਿਸੂ ਦੇ ਇਸ ਕੰਮ ਨੂੰ ਵੇਖ ਕੇ ਉਸ ਉੱਤੇ ਵਿਸ਼ਵਾਸ ਕੀਤਾ। 46ਪਰ ਉਨ੍ਹਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਨ੍ਹਾਂ ਨੂੰ ਦੱਸਿਆ।
47ਇਸ ਲਈ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਮਹਾਂਸਭਾ ਬੁਲਾ ਕੇ ਕਿਹਾ, “ਅਸੀਂ ਕੀ ਕਰੀਏ? ਕਿਉਂਕਿ ਇਹ ਮਨੁੱਖ ਬਹੁਤ ਸਾਰੇ ਚਿੰਨ੍ਹ ਵਿਖਾਉਂਦਾ ਹੈ। 48ਜੇ ਅਸੀਂ ਉਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਭ ਉਸ ਉੱਤੇ ਵਿਸ਼ਵਾਸ ਕਰਨਗੇ ਅਤੇ ਰੋਮੀ ਆ ਕੇ ਸਾਡੀ ਜਗ੍ਹਾ ਅਤੇ ਕੌਮ ਨੂੰ ਲੈ ਲੈਣਗੇ।” 49ਤਦ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਕਯਾਫ਼ਾ ਨੇ ਜਿਹੜਾ ਉਸ ਸਾਲ ਮਹਾਂਯਾਜਕ ਸੀ, ਉਨ੍ਹਾਂ ਨੂੰ ਕਿਹਾ, “ਤੁਸੀਂ ਕੁਝ ਨਹੀਂ ਜਾਣਦੇ; 50ਅਤੇ ਨਾ ਹੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਲਈ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।” 51ਪਰ ਇਹ ਉਸ ਨੇ ਆਪਣੇ ਵੱਲੋਂ ਨਹੀਂ ਕਿਹਾ ਸੀ, ਸਗੋਂ ਉਸ ਸਾਲ ਮਹਾਂਯਾਜਕ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਕੌਮ ਦੇ ਲਈ ਮਰਨ ਵਾਲਾ ਹੈ 52ਅਤੇ ਕੇਵਲ ਕੌਮ ਦੇ ਲਈ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਸੰਤਾਨ ਨੂੰ ਜੋ ਖਿੰਡੀ ਹੋਈ ਹੈ ਇਕੱਠਾ ਕਰਕੇ ਇੱਕ ਕਰੇ। 53ਸੋ ਉਸੇ ਦਿਨ ਤੋਂ ਉਨ੍ਹਾਂ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ।
54ਇਸ ਲਈ ਯਿਸੂ ਯਹੂਦੀਆਂ ਵਿਚਕਾਰ ਫਿਰ ਖੁੱਲ੍ਹੇਆਮ ਨਾ ਫਿਰਿਆ, ਪਰ ਉੱਥੋਂ ਇਫ਼ਰਾਈਮ ਨਾਮਕ ਨਗਰ ਨੂੰ ਚਲਾ ਗਿਆ ਜੋ ਉਜਾੜ ਦੇ ਨੇੜਲੇ ਇਲਾਕੇ ਵਿੱਚ ਹੈ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਿਹਾ।
55ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਅਤੇ ਪਸਾਹ ਤੋਂ ਪਹਿਲਾਂ ਉਸ ਇਲਾਕੇ ਤੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਨੂੰ ਗਏ। 56ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਤਿਉਹਾਰ ਵਿੱਚ ਨਹੀਂ ਆਵੇਗਾ?” 57ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਹੁਕਮ ਜਾਰੀ ਕੀਤਾ ਸੀ ਕਿ ਜੇ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਹੈ ਤਾਂ ਦੱਸ ਦੇਵੇ, ਤਾਂਕਿ ਉਹ ਉਸ ਨੂੰ ਫੜ ਸਕਣ।

Currently Selected:

ਯੂਹੰਨਾ 11: PSB

Highlight

Share

Copy

None

Want to have your highlights saved across all your devices? Sign up or sign in