ਰਸੂਲ 4
4
ਪਤਰਸ ਅਤੇ ਯੂਹੰਨਾ ਨੂੰ ਹਵਾਲਾਤ ਵਿੱਚ ਰੱਖਣਾ
1ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਤਾਂ ਯਾਜਕ ਅਤੇ ਹੈਕਲ ਦਾ ਸੁਰੱਖਿਆ ਅਧਿਕਾਰੀ ਅਤੇ ਸਦੂਕੀ ਉਨ੍ਹਾਂ ਦੇ ਕੋਲ ਆਏ। 2ਉਹ ਬਹੁਤ ਗੁੱਸੇ ਵਿੱਚ ਸਨ, ਕਿਉਂਕਿ ਇਹ ਲੋਕਾਂ ਨੂੰ ਸਿੱਖਿਆ ਦਿੰਦੇ ਅਤੇ ਯਿਸੂ ਦਾ ਉਦਾਹਰਣ ਦੇ ਕੇ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ। 3ਤਦ ਉਨ੍ਹਾਂ ਨੇ ਉਨ੍ਹਾਂ ਨੂੰ ਫੜ ਕੇ ਅਗਲੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ। 4ਪਰ ਵਚਨ ਸੁਣਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਆਦਮੀਆਂ ਦੀ ਗਿਣਤੀ ਲਗਭਗ ਪੰਜ ਹਜ਼ਾਰ ਹੋ ਗਈ।
ਮਹਾਂਸਭਾ ਦੇ ਸਾਹਮਣੇ ਪਤਰਸ ਅਤੇ ਯੂਹੰਨਾ
5ਫਿਰ ਇਸ ਤਰ੍ਹਾਂ ਹੋਇਆ ਕਿ ਅਗਲੇ ਦਿਨ ਉਨ੍ਹਾਂ ਦੇ ਪ੍ਰਧਾਨ, ਬਜ਼ੁਰਗ#4:5 ਅਰਥਾਤ ਯਹੂਦੀ ਆਗੂ ਅਤੇ ਸ਼ਾਸਤਰੀ ਯਰੂਸ਼ਲਮ ਵਿੱਚ ਇਕੱਠੇ ਹੋਏ 6ਅਤੇ ਅੰਨਾਸ ਮਹਾਂਯਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਜਿੰਨੇ ਮਹਾਂਯਾਜਕ ਦੇ ਘਰਾਣੇ ਵਿੱਚੋਂ ਸਨ, ਸਭ ਉੱਥੇ ਸਨ। 7ਉਹ ਉਨ੍ਹਾਂ ਨੂੰ ਵਿਚਕਾਰ ਖੜ੍ਹਾ ਕਰਕੇ ਪੁੱਛਣ ਲੱਗੇ, “ਤੁਸੀਂ ਇਹ ਕੰਮ ਕਿਸ ਸ਼ਕਤੀ ਜਾਂ ਕਿਸ ਨਾਮ ਨਾਲ ਕੀਤਾ?” 8ਤਦ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਹੇ ਕੌਮ ਦੇ ਪ੍ਰਧਾਨੋ ਅਤੇ ਬਜ਼ੁਰਗੋ#4:8 ਅਰਥਾਤ ਯਹੂਦੀ ਆਗੂਓ, 9ਜੇ ਅੱਜ ਇੱਕ ਅਪਾਹਜ ਵਿਅਕਤੀ ਨਾਲ ਕੀਤੀ ਗਈ ਭਲਾਈ ਦੇ ਕਰਕੇ ਸਾਡੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ 10ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਭ ਲੋਕ ਇਹ ਜਾਣ ਲੈਣ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ ਅਤੇ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ, ਉਸੇ ਦੇ ਦੁਆਰਾ ਇਹ ਤੁਹਾਡੇ ਸਾਹਮਣੇ ਤੰਦਰੁਸਤ ਖੜ੍ਹਾ ਹੈ।
11 ਇਹ ਉਹੀ ਪੱਥਰ ਹੈ ਜਿਸ ਨੂੰ ਤੁਸੀਂ ਰਾਜ ਮਿਸਤਰੀਆਂ ਨੇ ਰੱਦਿਆ,
ਪਰ ਇਹ ਕੋਨੇ ਦਾ ਮੁੱਖ ਪੱਥਰ ਹੋ ਗਿਆ।#ਜ਼ਬੂਰ 118:22
12“ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂਕਿ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।”
ਯਿਸੂ ਦੇ ਨਾਮ ਵਿੱਚ ਬੋਲਣ ਤੋਂ ਮਨਾਹੀ
13ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਪਛਾਣ ਲਿਆ ਕਿ ਉਹ ਯਿਸੂ ਦੇ ਨਾਲ ਸਨ। 14ਫਿਰ ਉਹ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜ੍ਹਾ ਵੇਖ ਕੇ ਉਸ ਦੇ ਵਿਰੁੱਧ ਕੁਝ ਨਾ ਕਹਿ ਸਕੇ। 15ਤਦ ਉਨ੍ਹਾਂ ਨੂੰ ਮਹਾਂਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ 16ਅਤੇ ਕਿਹਾ, “ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਨ੍ਹਾਂ ਦੇ ਰਾਹੀਂ ਤਾਂ ਇੱਕ ਪਰਤੱਖ ਚਿੰਨ੍ਹ ਵਿਖਾਇਆ ਗਿਆ ਹੈ ਜੋ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। 17ਪਰ ਕਿਤੇ ਅਜਿਹਾ ਨਾ ਹੋਵੇ ਕਿ ਇਹ ਗੱਲ ਲੋਕਾਂ ਵਿੱਚ ਹੋਰ ਜ਼ਿਆਦਾ ਫੈਲ ਜਾਵੇ, ਇਸ ਲਈ ਅਸੀਂ ਇਨ੍ਹਾਂ ਨੂੰ ਦਬਕਾਈਏ ਕਿ ਅੱਗੇ ਤੋਂ ਕਿਸੇ ਮਨੁੱਖ ਨਾਲ ਇਸ ਨਾਮ ਦੀ ਚਰਚਾ ਨਾ ਕਰਨ।” 18ਤਦ ਉਨ੍ਹਾਂ ਨੇ ਉਨ੍ਹਾਂ ਨੂੰ ਬੁਲਾ ਕੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਬਿਲਕੁਲ ਨਾ ਬੋਲਣਾ ਅਤੇ ਨਾ ਹੀ ਸਿੱਖਿਆ ਦੇਣਾ। 19ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕੀ ਪਰਮੇਸ਼ਰ ਦੇ ਸਾਹਮਣੇ ਇਹ ਠੀਕ ਹੈ ਕਿ ਅਸੀਂ ਪਰਮੇਸ਼ਰ ਦੀ ਬਜਾਇ ਤੁਹਾਡੀ ਸੁਣੀਏ? ਤੁਸੀਂ ਆਪ ਹੀ ਫੈਸਲਾ ਕਰੋ, 20ਕਿਉਂਕਿ ਸਾਥੋਂ ਇਹ ਨਹੀਂ ਹੋ ਸਕਦਾ ਕਿ ਜੋ ਅਸੀਂ ਵੇਖਿਆ ਅਤੇ ਸੁਣਿਆ ਉਹ ਨਾ ਦੱਸੀਏ।” 21ਤਦ ਉਨ੍ਹਾਂ ਨੇ ਉਨ੍ਹਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਰਕੇ ਉਨ੍ਹਾਂ ਨੂੰ ਕੋਈ ਕਾਰਨ ਨਾ ਮਿਲਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸਜ਼ਾ ਦੇਣ; ਇਸ ਲਈ ਕਿ ਜੋ ਹੋਇਆ ਸੀ ਉਸ ਦੇ ਕਰਕੇ ਸਭ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ। 22ਕਿਉਂਕਿ ਜਿਸ ਮਨੁੱਖ ਉੱਤੇ ਇਹ ਚੰਗਾਈ ਦਾ ਚਿੰਨ੍ਹ ਵਿਖਾਇਆ ਗਿਆ ਸੀ ਉਹ ਚਾਲ੍ਹੀਆਂ ਸਾਲਾਂ ਤੋਂ ਉੱਤੇ ਦਾ ਸੀ।
ਦਲੇਰੀ ਲਈ ਪ੍ਰਾਰਥਨਾ
23ਜਦੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਆਪਣੇ ਸਾਥੀਆਂ ਕੋਲ ਆਏ ਅਤੇ ਜੋ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਿਹਾ, ਦੱਸ ਦਿੱਤਾ। 24ਇਹ ਸੁਣ ਕੇ ਉਨ੍ਹਾਂ ਨੇ ਇੱਕ ਮਨ ਨਾਲ ਉੱਚੀ ਅਵਾਜ਼ ਵਿੱਚ ਪਰਮੇਸ਼ਰ ਨੂੰ ਕਿਹਾ, “ਹੇ ਸੁਆਮੀ, ਤੂੰ ਹੀ ਹੈਂ ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਉਹ ਸਭ ਜੋ ਇਨ੍ਹਾਂ ਦੇ ਵਿੱਚ ਹੈ, ਸਿਰਜਿਆ ਹੈ। 25ਤੂੰ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਿਹਾ:
ਪਰਾਈਆਂ ਕੌਮਾਂ ਨੇ ਕਿਉਂ ਸ਼ੋਰ ਮਚਾਇਆ
ਅਤੇ ਲੋਕਾਂ ਨੇ ਕਿਉਂ ਵਿਅਰਥ ਗੱਲਾਂ ਸੋਚੀਆਂ?
26 ਪ੍ਰਭੂ ਅਤੇ ਉਸ ਦੇ ਮਸੀਹ # 4:26 ਅਰਥਾਤ ਮਸਹ ਕੀਤਾ ਹੋਇਆ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ
ਅਤੇ ਪ੍ਰਧਾਨ ਆਪਸ ਵਿੱਚ ਇਕੱਠੇ ਹੋਏ। #
ਜ਼ਬੂਰ 2:1-2
27“ਕਿਉਂਕਿ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਦੋਵੇਂ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਤੇਰੇ ਪਵਿੱਤਰ ਦਾਸ ਯਿਸੂ ਦੇ ਵਿਰੁੱਧ ਜਿਸ ਨੂੰ ਤੂੰ ਮਸਹ ਕੀਤਾ ਸੱਚਮੁੱਚ ਇਸੇ ਨਗਰ ਵਿੱਚ ਇਕੱਠੇ ਹੋਏ, 28ਤਾਂਕਿ ਉਹੀ ਕਰਨ ਜੋ ਤੇਰੇ ਹੱਥ ਨੇ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਤੋਂ ਠਹਿਰਾਇਆ ਹੋਇਆ ਸੀ। 29ਹੁਣ ਹੇ ਪ੍ਰਭੂ, ਉਨ੍ਹਾਂ ਦੀਆਂ ਧਮਕੀਆਂ ਵੱਲ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਬਖਸ਼ ਕਿ ਉਹ ਪੂਰੀ ਦਲੇਰੀ ਨਾਲ ਤੇਰਾ ਵਚਨ ਸੁਣਾਉਣ। 30ਜਦੋਂ ਤੂੰ ਚੰਗਾਈ ਲਈ ਆਪਣਾ ਹੱਥ ਅੱਗੇ ਵਧਾਵੇਂ ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਚਿੰਨ੍ਹ ਅਤੇ ਅਚਰਜ ਕੰਮ ਹੋਣ।” 31ਜਦੋਂ ਉਹ ਪ੍ਰਾਰਥਨਾ ਕਰ ਹਟੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਸਨ, ਹਿੱਲ ਗਿਆ ਅਤੇ ਉਹ ਸਭ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਤੇ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਣ ਲੱਗੇ।
ਵਿਸ਼ਵਾਸੀਆਂ ਵਿੱਚ ਸਾਂਝ
32ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕੋਈ ਵੀ ਆਪਣੀ ਸੰਪਤੀ ਨੂੰ ਆਪਣੀ ਨਹੀਂ ਸਮਝਦਾ ਸੀ, ਸਗੋਂ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ। 33ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ। ਉਨ੍ਹਾਂ ਸਭਨਾਂ ਦੇ ਉੱਤੇ ਵੱਡੀ ਕਿਰਪਾ ਸੀ। 34ਉਨ੍ਹਾਂ ਵਿੱਚ ਕਿਸੇ ਨੂੰ ਕੋਈ ਥੁੜ੍ਹ ਨਹੀਂ ਸੀ, ਕਿਉਂਕਿ ਜਿਹੜੇ ਜ਼ਮੀਨਾਂ ਜਾਂ ਘਰਾਂ ਦੇ ਮਾਲਕ ਸਨ, ਉਹ ਇਨ੍ਹਾਂ ਨੂੰ ਵੇਚਦੇ ਅਤੇ ਵਿਕੀਆਂ ਹੋਈਆਂ ਚੀਜ਼ਾਂ ਦਾ ਮੁੱਲ ਲਿਆ ਕੇ 35ਰਸੂਲਾਂ ਦੇ ਚਰਨਾਂ 'ਤੇ ਰੱਖ ਦਿੰਦੇ ਸਨ ਅਤੇ ਉਹ ਹਰੇਕ ਨੂੰ ਜਿਹੀ ਜਿਸ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ। 36ਯੂਸੁਫ਼#4:36 ਕੁਝ ਹਸਤਲੇਖਾਂ ਵਿੱਚ “ਯੂਸੁਫ਼” ਦੇ ਸਥਾਨ 'ਤੇ “ਯੋਸੇਸ” ਲਿਖਿਆ ਹੈ। ਜਿਸ ਨੂੰ ਰਸੂਲਾਂ ਵੱਲੋਂ ਬਰਨਬਾਸ ਨਾਮ ਦਿੱਤਾ ਗਿਆ ਸੀ ਅਤੇ ਜਿਸ ਦਾ ਅਰਥ ਹੈ “ਦਿਲਾਸੇ ਦਾ ਪੁੱਤਰ”, ਉਹ ਇੱਕ ਲੇਵੀ ਅਤੇ ਕੁਪਰੁਸ#4:36 ਸ਼ਬਦ ਅਰਥ: ਸਾਈਪ੍ਰਸ ਦਾ ਰਹਿਣ ਵਾਲਾ ਸੀ। 37ਉਸ ਦਾ ਇੱਕ ਖੇਤ ਸੀ ਅਤੇ ਉਸ ਨੇ ਇਸ ਨੂੰ ਵੇਚਿਆ ਅਤੇ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ।
Currently Selected:
ਰਸੂਲ 4: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative