ਰਸੂਲ 5
5
ਹਨਾਨਿਯਾ ਅਤੇ ਸਫ਼ੀਰਾ
1ਹਨਾਨਿਯਾ ਨਾਮਕ ਇੱਕ ਮਨੁੱਖ ਨੇ ਵੀ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਸੰਪਤੀ ਵੇਚੀ 2ਅਤੇ ਮੁੱਲ ਵਿੱਚੋਂ ਕੁਝ ਰੱਖ ਲਿਆ ਜਿਸ ਬਾਰੇ ਉਸ ਦੀ ਪਤਨੀ ਵੀ ਜਾਣਦੀ ਸੀ ਅਤੇ ਬਾਕੀ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ। 3ਪਰ ਪਤਰਸ ਨੇ ਕਿਹਾ, “ਹਨਾਨਿਯਾ, ਸ਼ੈਤਾਨ ਨੇ ਇਹ ਗੱਲ ਤੇਰੇ ਮਨ ਵਿੱਚ ਕਿਉਂ ਪਾਈ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਖੇਤ ਦੇ ਮੁੱਲ ਵਿੱਚੋਂ ਰੱਖ ਲਵੇਂ? 4ਜਦੋਂ ਇਹ ਤੇਰੇ ਕੋਲ ਸੀ ਤਾਂ ਤੇਰਾ ਨਾ ਸੀ, ਅਤੇ ਜਦੋਂ ਵੇਚਿਆ ਗਿਆ, ਕੀ ਤੇਰੇ ਅਧਿਕਾਰ ਵਿੱਚ ਨਹੀਂ ਸੀ? ਤੂੰ ਆਪਣੇ ਮਨ ਵਿੱਚ ਇਹ ਗੱਲ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ।” 5ਇਹ ਗੱਲਾਂ ਸੁਣਦੇ ਹੀ ਹਨਾਨਿਯਾ ਡਿੱਗ ਪਿਆ ਅਤੇ ਮਰ ਗਿਆ ਅਤੇ ਸਭ ਸੁਣਨ ਵਾਲਿਆਂ ਉੱਤੇ ਵੱਡਾ ਭੈ ਛਾ ਗਿਆ। 6ਤਦ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਵਿੱਚ ਲਪੇਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।
7ਫਿਰ ਲਗਭਗ ਤਿੰਨ ਘੰਟੇ ਬਾਅਦ ਉਸ ਦੀ ਪਤਨੀ, ਜੋ ਵਾਪਰਿਆ ਸੀ ਨਾ ਜਾਣਦੇ ਹੋਏ, ਅੰਦਰ ਆਈ। 8ਤਦ ਪਤਰਸ ਨੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੁਸੀਂ ਖੇਤ ਐਨੇ ਦਾ ਹੀ ਵੇਚਿਆ?” ਉਸ ਨੇ ਕਿਹਾ, “ਹਾਂ, ਐਨੇ ਦਾ ਹੀ।” 9ਪਤਰਸ ਨੇ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਖਣ ਲਈ ਕਿਉਂ ਏਕਾ ਕੀਤਾ? ਵੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।” 10ਉਹ ਉਸੇ ਘੜੀ ਉਸ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਮਰ ਗਈ। ਤਦ ਜਵਾਨਾਂ ਨੇ ਆ ਕੇ ਉਸ ਨੂੰ ਮਰੀ ਵੇਖਿਆ ਅਤੇ ਬਾਹਰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ। 11ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ, ਉਨ੍ਹਾਂ ਸਭਨਾਂ ਉੱਤੇ ਵੱਡਾ ਭੈ ਛਾ ਗਿਆ।
ਰਸੂਲਾਂ ਦੁਆਰਾ ਚਿੰਨ੍ਹ ਅਤੇ ਅਦਭੁਤ ਕੰਮ
12ਰਸੂਲਾਂ ਦੇ ਹੱਥੀਂ ਲੋਕਾਂ ਦੇ ਵਿਚਕਾਰ ਬਹੁਤ ਸਾਰੇ ਚਿੰਨ੍ਹ ਅਤੇ ਅਚਰਜ ਕੰਮ ਹੋ ਰਹੇ ਸਨ। ਉਹ#5:12 ਅਰਥਾਤ ਰਸੂਲ ਅਤੇ ਵਿਸ਼ਵਾਸੀ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ। 13ਹਾਲਾਂਕਿ ਹੋਰਨਾਂ ਵਿੱਚੋਂ ਕਿਸੇ ਦਾ ਵੀ ਹੌਸਲਾ ਨਹੀਂ ਪੈਂਦਾ ਸੀ ਕਿ ਉਨ੍ਹਾਂ ਵਿੱਚ ਸ਼ਾਮਲ ਹੋਣ, ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ 14ਅਤੇ ਵਿਸ਼ਵਾਸ ਕਰਨ ਵਾਲੇ ਆਦਮੀ ਅਤੇ ਔਰਤਾਂ ਦੀਆਂ ਭੀੜਾਂ ਦੀਆਂ ਭੀੜਾਂ ਪ੍ਰਭੂ ਵਿੱਚ ਸ਼ਾਮਲ ਹੁੰਦੀਆਂ ਜਾਂਦੀਆਂ ਸਨ। 15ਇੱਥੋਂ ਤੱਕ ਕਿ ਲੋਕ ਬਿਮਾਰਾਂ ਨੂੰ ਲਿਆ-ਲਿਆ ਕੇ ਚੌਂਕਾਂ ਵਿੱਚ ਮੰਜੀਆਂ ਅਤੇ ਬਿਸਤਰਿਆਂ ਉੱਤੇ ਲਿਟਾ ਦਿੰਦੇ ਸਨ ਤਾਂਕਿ ਜਦੋਂ ਪਤਰਸ ਆਵੇ ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। 16ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਤੋਂ ਵੀ ਬਹੁਤ ਸਾਰੇ ਲੋਕ ਬਿਮਾਰਾਂ ਅਤੇ ਭ੍ਰਿਸ਼ਟ ਆਤਮਾਵਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ ਇਕੱਠੇ ਹੁੰਦੇ ਸਨ ਅਤੇ ਉਹ ਸਭ ਚੰਗੇ ਕੀਤੇ ਜਾਂਦੇ ਸਨ।
ਰਸੂਲਾਂ ਦਾ ਕੈਦ ਵਿੱਚੋਂ ਕੱਢੇ ਜਾਣਾ
17ਤਦ ਮਹਾਂਯਾਜਕ ਅਤੇ ਉਸ ਦੇ ਨਾਲ ਦੇ ਸਭ ਜਿਹੜੇ ਸਦੂਕੀ ਪੰਥ ਵਿੱਚੋਂ ਸਨ, ਈਰਖਾ ਨਾਲ ਭਰੇ ਹੋਏ ਉੱਠੇ 18ਅਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਪਾ ਦਿੱਤਾ। 19ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ, 20“ਜਾਓ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਸੁਣਾਓ।” 21ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ।
ਮਹਾਂਸਭਾ ਦੇ ਸਾਹਮਣੇ ਦੁਬਾਰਾ ਪੇਸ਼ੀ
ਮਹਾਂਯਾਜਕ ਅਤੇ ਉਸ ਦੇ ਨਾਲ ਦਿਆਂ ਨੇ ਆ ਕੇ ਮਹਾਂਸਭਾ ਅਤੇ ਇਸਰਾਏਲ ਦੇ ਸਭ ਬਜ਼ੁਰਗਾਂ ਨੂੰ ਇਕੱਠੇ ਕੀਤਾ ਅਤੇ ਕੈਦਖ਼ਾਨੇ ਵਿੱਚੋਂ ਰਸੂਲਾਂ ਨੂੰ ਲਿਆਉਣ ਲਈ ਸੁਨੇਹਾ ਭੇਜਿਆ। 22ਪਰ ਜਦੋਂ ਸਿਪਾਹੀ ਪਹੁੰਚੇ ਅਤੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਨਾ ਵੇਖਿਆ ਤਾਂ ਵਾਪਸ ਆ ਕੇ ਖ਼ਬਰ ਦਿੱਤੀ 23ਅਤੇ ਕਿਹਾ, “ਅਸੀਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ਿਆਂ 'ਤੇ ਖੜ੍ਹੇ ਵੇਖਿਆ, ਪਰ ਜਦੋਂ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਕੋਈ ਨਾ ਮਿਲਿਆ” 24ਜਦੋਂ#5:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਹਾਂਯਾਜਕ ਅਤੇ” ਲਿਖਿਆ ਹੈ। ਹੈਕਲ ਦੇ ਸੁਰੱਖਿਆ ਅਧਿਕਾਰੀ ਅਤੇ ਪ੍ਰਧਾਨ ਯਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਨ੍ਹਾਂ ਦੇ ਵਿਖੇ ਦੁਬਿਧਾ ਵਿੱਚ ਪੈ ਗਏ ਕਿ ਹੁਣ ਕੀ ਹੋਵੇਗਾ। 25ਫਿਰ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਵੇਖੋ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖ਼ਾਨੇ ਵਿੱਚ ਪਾਇਆ ਸੀ ਉਹ ਹੈਕਲ ਵਿੱਚ ਖੜ੍ਹੇ ਹਨ ਅਤੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ। 26ਤਦ ਹੈਕਲ ਦਾ ਸੁਰੱਖਿਆ ਅਧਿਕਾਰੀ ਸਿਪਾਹੀਆਂ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਇਆ, ਪਰ ਸਖ਼ਤੀ ਨਾਲ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪਥਰਾਓ ਨਾ ਕਰਨ 27ਅਤੇ ਉਨ੍ਹਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜ੍ਹੇ ਕੀਤਾ। ਤਦ ਮਹਾਂਯਾਜਕ ਨੇ ਉਨ੍ਹਾਂ ਨੂੰ ਪੁੱਛਿਆ, 28“ਕੀ ਅਸੀਂ ਤੁਹਾਨੂੰ ਸਖ਼ਤੀ ਨਾਲ ਹਿਦਾਇਤ ਨਹੀਂ ਕੀਤੀ ਸੀ ਕਿ ਇਸ ਨਾਮ ਦੇ ਵਿਖੇ ਉਪਦੇਸ਼ ਨਾ ਦੇਣਾ? ਪਰ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਮਨੁੱਖ ਦਾ ਲਹੂ ਸਾਡੇ ਜਿੰਮੇ ਲਾਉਣਾ ਚਾਹੁੰਦੇ ਹੋ।” 29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ, “ਮਨੁੱਖਾਂ ਨਾਲੋਂ ਪਰਮੇਸ਼ਰ ਦੀ ਆਗਿਆ ਮੰਨਣਾ ਜ਼ਿਆਦਾ ਜ਼ਰੂਰੀ ਹੈ। 30ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰ ਦਿੱਤਾ, ਜਿਸ ਨੂੰ ਤੁਸੀਂ ਕਾਠ#5:30 ਅਰਥਾਤ ਸਲੀਬ ਉੱਤੇ ਲਟਕਾ ਕੇ ਮਾਰ ਸੁੱਟਿਆ। 31ਉਸੇ ਨੂੰ ਪਰਮੇਸ਼ਰ ਨੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾ ਕੇ ਆਪਣੇ ਸੱਜੇ ਹੱਥ ਉੱਚਾ ਕੀਤਾ ਕਿ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖਸ਼ੇ। 32ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ ਅਤੇ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ, ਜਿਹੜਾ ਪਰਮੇਸ਼ਰ ਨੇ ਆਪਣੇ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ।”
ਗਮਲੀਏਲ ਦੀ ਸਲਾਹ
33ਇਹ ਸੁਣ ਕੇ ਉਹ ਭੜਕ ਉੱਠੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਾ ਚਾਹਿਆ। 34ਪਰ ਗਮਲੀਏਲ ਨਾਮਕ ਇੱਕ ਫ਼ਰੀਸੀ ਨੇ ਜਿਹੜਾ ਬਿਵਸਥਾ ਦਾ ਸਿਖਾਉਣ ਵਾਲਾ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲਿਜਾਣ ਦਾ ਹੁਕਮ ਦਿੱਤਾ। 35ਅਤੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲੀਓ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕਰਨ ਜਾ ਰਹੇ ਹੋ, ਸੋਚ ਸਮਝ ਕੇ ਕਰਨਾ! 36ਕਿਉਂਕਿ ਇਨ੍ਹਾਂ ਦਿਨਾਂ ਤੋਂ ਪਹਿਲਾਂ ਥੇਉਦਾਸ ਇਹ ਕਹਿੰਦੇ ਹੋਏ ਉੱਠਿਆ ਕਿ ਮੈਂ ਵੀ ਕੁਝ ਹਾਂ ਅਤੇ ਗਿਣਤੀ ਵਿੱਚ ਲਗਭਗ ਚਾਰ ਸੌ ਮਨੁੱਖ ਉਸ ਦੇ ਨਾਲ ਜੁੜ ਗਏ; ਪਰ ਉਹ ਮਾਰਿਆ ਗਿਆ ਅਤੇ ਜਿੰਨੇ ਵੀ ਉਸ ਦੀ ਮੰਨਦੇ ਸਨ ਉਹ ਸਭ ਖਿੰਡ ਗਏ ਅਤੇ ਉਨ੍ਹਾਂ ਦਾ ਕੁਝ ਨਾ ਬਣਿਆ। 37ਇਸ ਤੋਂ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਯਹੂਦਾ ਗਲੀਲੀ ਉੱਠਿਆ ਅਤੇ#5:37 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬਹੁਤ ਸਾਰੇ” ਲਿਖਿਆ ਹੈ। ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਪਿੱਛੇ ਲਾ ਲਿਆ। ਪਰ ਉਹ ਵੀ ਨਾਸ ਹੋ ਗਿਆ ਅਤੇ ਜਿੰਨੇ ਉਸ ਦੀ ਮੰਨਦੇ ਸਨ ਸਭ ਖਿੰਡ ਗਏ। 38ਸੋ ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਪਰੇ ਰਹੋ ਅਤੇ ਉਨ੍ਹਾਂ ਨੂੰ ਛੱਡ ਦਿਓ, ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਮਨੁੱਖਾਂ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗਾ। 39ਪਰ ਜੇ ਇਹ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਨ੍ਹਾਂ ਨੂੰ ਨਸ਼ਟ ਨਹੀਂ ਕਰ ਸਕੋਗੇ; ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਰ ਦਾ ਵਿਰੋਧ ਕਰਨ ਵਾਲੇ ਠਹਿਰੋ।” ਤਦ ਉਨ੍ਹਾਂ ਨੇ ਉਸ ਦੀ ਮੰਨ ਲਈ 40ਅਤੇ ਰਸੂਲਾਂ ਨੂੰ ਸੱਦ ਕੇ ਕੁਟਵਾਇਆ ਅਤੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਨਾ ਬੋਲਣਾ; ਫਿਰ ਉਨ੍ਹਾਂ ਨੂੰ ਨਾ ਜਾਣ ਦਿੱਤਾ। 41ਤਦ ਰਸੂਲ ਅਨੰਦ ਮਨਾਉਂਦੇ ਹੋਏ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ ਕਿ ਅਸੀਂ ਉਸ ਦੇ ਨਾਮ ਦੇ ਕਾਰਨ ਬੇਇੱਜ਼ਤ ਹੋਣ ਦੇ ਯੋਗ ਤਾਂ ਠਹਿਰੇ। 42ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਉਪਦੇਸ਼ ਦੇਣ ਅਤੇ ਖੁਸ਼ਖ਼ਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ।
Currently Selected:
ਰਸੂਲ 5: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative