ਰਸੂਲ 19
19
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ
1ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉਤਲੇ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਅਫ਼ਸੁਸ ਨੂੰ ਆਇਆ ਅਤੇ ਉੱਥੇ ਉਸ ਨੂੰ ਕੁਝ ਚੇਲੇ ਮਿਲੇ। 2ਉਸ ਨੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਤਾਂ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੁੰਦਾ ਹੈ!” 3ਤਦ ਉਸ ਨੇ ਕਿਹਾ, “ਤਾਂ ਫਿਰ ਤੁਸੀਂ ਕਿਸ ਦਾ ਬਪਤਿਸਮਾ ਲਿਆ?” ਉਨ੍ਹਾਂ ਕਿਹਾ, “ਯੂਹੰਨਾ ਦਾ ਬਪਤਿਸਮਾ।” 4ਪੌਲੁਸ ਨੇ ਕਿਹਾ, “ਯੂਹੰਨਾ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਤੋਬਾ ਦਾ ਬਪਤਿਸਮਾ ਦਿੱਤਾ ਕਿ ਉਹ ਉਸ ਉੱਤੇ ਜਿਹੜਾ ਉਸ ਤੋਂ ਬਾਅਦ ਆਉਣ ਵਾਲਾ ਹੈ, ਵਿਸ਼ਵਾਸ ਕਰਨ ਅਰਥਾਤ ਯਿਸੂ#19:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਉੱਤੇ।” 5ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ। 6ਫਿਰ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਤੇ ਉੱਤਰ ਆਇਆ ਅਤੇ ਉਹ ਗੈਰ-ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ। 7ਉਹ ਸਾਰੇ ਲਗਭਗ ਬਾਰਾਂ ਵਿਅਕਤੀ ਸਨ।
ਤੁਰੰਨੁਸ ਦੀ ਪਾਠਸ਼ਾਲਾ ਵਿੱਚ
8ਉਹ ਸਭਾ-ਘਰ ਵਿੱਚ ਜਾ ਕੇ ਪਰਮੇਸ਼ਰ ਦੇ ਰਾਜ ਵਿਖੇ ਤਰਕ-ਵਿਤਰਕ ਕਰਦਾ ਅਤੇ ਲੋਕਾਂ ਨੂੰ ਸਮਝਾਉਂਦਾ ਹੋਇਆ ਤਿੰਨ ਮਹੀਨੇ ਦਲੇਰੀ ਨਾਲ ਬੋਲਦਾ ਰਿਹਾ। 9ਪਰ ਜਦੋਂ ਕਈਆਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਸਾਹਮਣੇ ਇਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਉਨ੍ਹਾਂ ਤੋਂ ਪਿਛਾਂਹ ਹਟ ਗਿਆ ਅਤੇ ਚੇਲਿਆਂ ਨੂੰ ਅਲੱਗ ਕਰਕੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਤਰਕ-ਵਿਤਰਕ ਕਰਦਾ ਰਿਹਾ। 10ਦੋ ਸਾਲ ਤੱਕ ਇਹੋ ਹੁੰਦਾ ਰਿਹਾ, ਇੱਥੋਂ ਤੱਕ ਕਿ ਅਸਿਯਾ#19:10 ਏਸ਼ੀਆ ਦਾ ਪੱਛਮੀ ਹਿੱਸਾ ਦੇ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ#19:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਦਾ ਵਚਨ ਸੁਣ ਲਿਆ।
ਸਕੇਵਾ ਦੇ ਪੁੱਤਰ
11ਪਰਮੇਸ਼ਰ ਪੌਲੁਸ ਦੇ ਹੱਥੀਂ ਅਨੋਖੇ ਚਮਤਕਾਰ ਕਰਦਾ ਸੀ, 12ਇੱਥੋਂ ਤੱਕ ਕਿ ਰੁਮਾਲ ਅਤੇ ਪਰਨੇ ਉਸ ਦੇ ਸਰੀਰ ਨੂੰ ਛੁਹਾ ਕੇ ਬਿਮਾਰਾਂ ਉੱਤੇ ਪਾਉਣ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ। 13ਤਦ ਇੱਧਰ-ਉੱਧਰ ਫਿਰ ਕੇ ਝਾੜ-ਫੂਕ ਕਰਨ ਵਾਲੇ ਕੁਝ ਯਹੂਦੀਆਂ ਨੇ ਵੀ ਉਨ੍ਹਾਂ ਉੱਤੇ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ ਪ੍ਰਭੂ ਯਿਸੂ ਦਾ ਨਾਮ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, “ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ, ਹੁਕਮ ਦਿੰਦਾ ਹਾਂ।” 14ਸਕੇਵਾ ਨਾਮਕ ਇੱਕ ਯਹੂਦੀ ਪ੍ਰਧਾਨ ਯਾਜਕ ਦੇ ਸੱਤ ਪੁੱਤਰ ਵੀ ਇਹੋ ਕਰ ਰਹੇ ਸਨ। 15ਪਰ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਦਾ ਵੀ ਮੈਨੂੰ ਪਤਾ ਹੈ, ਪਰ ਤੁਸੀਂ ਕੌਣ ਹੋ?” 16ਤਦ ਉਹ ਮਨੁੱਖ ਜਿਸ ਵਿੱਚ ਦੁਸ਼ਟ ਆਤਮਾ ਸੀ ਉਨ੍ਹਾਂ ਉੱਤੇ ਟੁੱਟ ਪਈ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰਕੇ ਉਨ੍ਹਾਂ ਉੱਤੇ ਅਜਿਹੀ ਪਰਬਲ ਹੋਈ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ। 17ਇਹ ਗੱਲ ਅਫ਼ਸੁਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਪਤਾ ਲੱਗੀ ਅਤੇ ਉਨ੍ਹਾਂ ਸਭਨਾਂ ਉੱਤੇ ਭੈ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ। 18ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆ ਕੇ ਆਪਣੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ। 19ਅਤੇ ਜਾਦੂ-ਟੂਣਾ ਕਰਨ ਵਾਲਿਆਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਪੁਸਤਕਾਂ ਇਕੱਠੀਆਂ ਕਰਕੇ ਸਭ ਦੇ ਸਾਹਮਣੇ ਸਾੜ ਦਿੱਤੀਆਂ ਅਤੇ ਜਦੋਂ ਇਨ੍ਹਾਂ ਦਾ ਮੁੱਲ ਜੋੜਿਆ ਗਿਆ ਤਾਂ ਇਹ ਪੰਜਾਹ ਹਜ਼ਾਰ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਹੋਇਆ। 20ਇਸ ਤਰ੍ਹਾਂ ਪ੍ਰਭੂ ਦਾ ਵਚਨ ਸ਼ਕਤੀਸ਼ਾਲੀ ਢੰਗ ਨਾਲ ਵਧਦਾ ਅਤੇ ਪਰਬਲ ਹੁੰਦਾ ਗਿਆ।
ਅਫ਼ਸੁਸ ਵਿੱਚ ਵੱਡਾ ਫਸਾਦ
21ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਆਪਣੇ ਮਨ ਵਿੱਚ ਠਾਣਿਆ ਕਿ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ, “ਉੱਥੇ ਪਹੁੰਚਣ ਤੋਂ ਬਾਅਦ ਮੈਨੂੰ ਰੋਮ ਵੀ ਵੇਖਣਾ ਚਾਹੀਦਾ ਹੈ।” 22ਸੋ ਉਸ ਨੇ ਆਪਣੇ ਦੋ ਸਹਾਇਕਾਂ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਭੇਜ ਦਿੱਤਾ ਅਤੇ ਆਪ ਕੁਝ ਸਮੇਂ ਲਈ ਅਸਿਯਾ ਵਿੱਚ ਰੁਕਿਆ ਰਿਹਾ।
23ਉਸੇ ਸਮੇਂ ਦੌਰਾਨ ਇਸ ਪੰਥ ਦੇ ਵਿਖੇ ਉੱਥੇ ਬਹੁਤ ਖਲਬਲੀ ਮੱਚ ਗਈ। 24ਕਿਉਂਕਿ ਦੇਮੇਤ੍ਰਿਯੁਸ ਨਾਮਕ ਇੱਕ ਸੁਨਿਆਰਾ ਅਰਤਿਮਿਸ ਦੇ ਚਾਂਦੀ ਦੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ। 25ਉਸ ਨੇ ਉਨ੍ਹਾਂ ਨੂੰ ਅਤੇ ਇਹੋ ਕੰਮ ਕਰਨ ਵਾਲੇ ਹੋਰ ਕਾਰੀਗਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਿਹਾ, “ਮਿੱਤਰੋ, ਤੁਸੀਂ ਜਾਣਦੇ ਹੋ ਕਿ ਇਸ ਕਿੱਤੇ ਕਰਕੇ ਸਾਨੂੰ ਬਹੁਤ ਕਮਾਈ ਹੁੰਦੀ ਹੈ। 26ਤੁਸੀਂ ਵੇਖਦੇ ਅਤੇ ਸੁਣਦੇ ਹੋ ਕਿ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ, ਸਗੋਂ ਲਗਭਗ ਸਾਰੇ ਅਸਿਯਾ ਵਿੱਚ ਬਹੁਤ ਲੋਕਾਂ ਨੂੰ ਸਮਝਾ-ਬੁਝਾ ਕੇ ਕੁਰਾਹੇ ਪਾਇਆ ਹੈ ਅਤੇ ਕਹਿੰਦਾ ਹੈ ਕਿ ਜੋ ਹੱਥਾਂ ਦੇ ਬਣਾਏ ਹਨ ਉਹ ਦੇਵਤੇ ਨਹੀਂ ਹਨ। 27ਇਸ ਨਾਲ ਨਾ ਕੇਵਲ ਸਾਡੇ ਕਿੱਤੇ ਦੇ ਬਦਨਾਮ ਹੋਣ ਦਾ ਖ਼ਤਰਾ ਹੈ, ਸਗੋਂ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਨੂੰ ਵੀ ਮਹੱਤਵਹੀਣ ਸਮਝਿਆ ਜਾਵੇਗਾ ਅਤੇ ਜਿਸ ਨੂੰ ਸਾਰਾ ਅਸਿਯਾ ਅਤੇ ਸੰਸਾਰ ਪੂਜਦਾ ਹੈ ਉਸ ਦੀ ਮਹਾਨਤਾ ਵੀ ਖ਼ਤਮ ਹੋ ਜਾਵੇਗੀ।”
28ਇਹ ਸੁਣ ਕੇ ਉਹ ਕ੍ਰੋਧ ਨਾਲ ਭਰ ਗਏ ਅਤੇ ਚੀਕ-ਚੀਕ ਕੇ ਕਹਿਣ ਲੱਗੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।” 29ਤਦ ਸਾਰੇ ਨਗਰ ਵਿੱਚ ਗੜਬੜੀ ਫੈਲ ਗਈ ਅਤੇ ਲੋਕ ਪੌਲੁਸ ਦੇ ਸੰਗੀ ਯਾਤਰੀ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਸਨ, ਫੜ ਕੇ ਇਕੱਠੇ ਤੇਜੀ ਨਾਲ ਦੌੜਦੇ ਹੋਏ ਰੰਗਸ਼ਾਲਾ ਵਿੱਚ ਗਏ। 30ਜਦੋਂ ਪੌਲੁਸ ਨੇ ਲੋਕਾਂ ਦੇ ਕੋਲ ਅੰਦਰ ਜਾਣਾ ਚਾਹਿਆ ਤਾਂ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ। 31ਅਸਿਯਾ ਦੇ ਕੁਝ ਅਧਿਕਾਰੀਆਂ ਨੇ ਵੀ ਜੋ ਉਸ ਦੇ ਮਿੱਤਰ ਸਨ, ਸੁਨੇਹਾ ਭੇਜ ਕੇ ਉਸ ਨੂੰ ਬੇਨਤੀ ਕੀਤੀ ਕਿ ਉਹ ਰੰਗਸ਼ਾਲਾ ਵਿੱਚ ਨਾ ਜਾਵੇ। 32ਉੱਥੇ ਕੋਈ ਕੁਝ ਰੌਲ਼ਾ ਪਾ ਰਿਹਾ ਸੀ ਅਤੇ ਕੋਈ ਕੁਝ, ਕਿਉਂਕਿ ਸਭਾ ਵਿੱਚ ਖਲਬਲੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇਕੱਠੇ ਕਿਉਂ ਹੋਏ ਸਨ। 33ਤਦ ਭੀੜ ਵਿੱਚੋਂ ਕੁਝ ਲੋਕਾਂ ਨੇ ਸਿਕੰਦਰ ਨੂੰ ਜਿਸ ਨੂੰ ਯਹੂਦੀਆਂ ਨੇ ਖੜ੍ਹਾ ਕੀਤਾ ਸੀ, ਸਾਹਮਣੇ ਕੀਤਾ ਅਤੇ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰਕੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹਿਆ। 34ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਯਹੂਦੀ ਹੈ ਤਾਂ ਲਗਭਗ ਦੋ ਘੰਟੇ ਤੱਕ ਸਾਰੇ ਇੱਕੋ ਅਵਾਜ਼ ਵਿੱਚ ਚੀਕਦੇ ਰਹੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”
35ਤਦ ਨਗਰ ਦੇ ਪ੍ਰਬੰਧਕ ਨੇ ਲੋਕਾਂ ਨੂੰ ਸ਼ਾਂਤ ਕਰਕੇ ਕਿਹਾ, “ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਨਗਰ ਮਹਾਨ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਾਦਾਰ ਹੈ। 36ਸੋ ਜਦੋਂ ਇਨ੍ਹਾਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਤਾਂ ਚਾਹੀਦਾ ਹੈ ਕਿ ਤੁਸੀਂ ਸ਼ਾਂਤ ਹੋ ਜਾਓ ਅਤੇ ਬਿਨਾਂ ਸੋਚੇ-ਸਮਝੇ ਕੁਝ ਨਾ ਕਰੋ। 37ਕਿਉਂਕਿ ਤੁਸੀਂ ਜਿਨ੍ਹਾਂ ਮਨੁੱਖਾਂ ਨੂੰ ਲਿਆਏ ਹੋ ਉਹ ਨਾ ਤਾਂ ਮੰਦਰ ਦੇ ਲੁਟੇਰੇ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਾ ਕਰਦੇ ਹਨ। 38ਇਸ ਲਈ ਜੇ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਦੇ ਕਾਰੀਗਰਾਂ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਰਾਜਪਾਲ ਵੀ ਹਨ, ਉੱਥੇ ਉਹ ਇੱਕ ਦੂਜੇ 'ਤੇ ਦੋਸ਼ ਲਾਉਣ। 39ਪਰ ਜੇ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫੈਸਲਾ ਕਾਨੂੰਨੀ ਸਭਾ ਵਿੱਚ ਕੀਤਾ ਜਾਵੇਗਾ। 40ਕਿਉਂਕਿ ਅੱਜ ਦੇ ਵਿਦਰੋਹ ਕਰਕੇ ਸਾਡੇ ਉੱਤੇ ਦੋਸ਼ ਲੱਗਣ ਦਾ ਖ਼ਤਰਾ ਹੈ ਅਤੇ ਸਾਡੇ ਕੋਲ ਕੋਈ ਕਾਰਨ ਵੀ ਨਹੀਂ ਹੈ ਜੋ ਅਸੀਂ ਇਸ ਹੁੱਲੜ ਦੇ ਸੰਬੰਧ ਵਿੱਚ ਦੱਸ ਸਕੀਏ।” 41ਤਦ ਇਹ ਗੱਲਾਂ ਕਹਿ ਕੇ ਉਸ ਨੇ ਸਭਾ ਬਰਖਾਸਤ ਕਰ ਦਿੱਤੀ।
Currently Selected:
ਰਸੂਲ 19: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative