ਲੂਕਸ 1
1
ਭੂਮਿਕਾ
1ਅਨੇਕ ਆਦਮੀਆਂ ਨੇ ਉਹਨਾਂ ਘਟਨਾਵਾਂ ਨੂੰ ਲਿਖ ਕੇ ਇਕੱਠਾ ਕਰਨ ਦਾ ਕੰਮ ਕੀਤਾ ਹੈ, ਜੋ ਸਾਡੇ ਵਿੱਚਕਾਰ ਵਾਪਰੀਆਂ ਸਨ। 2ਇਹ ਪ੍ਰਮਾਣ ਸਾਨੂੰ ਉਹਨਾਂ ਤੋਂ ਪ੍ਰਾਪਤ ਹੋਏ ਹਨ, ਜੋ ਸ਼ੁਰੂ ਤੋਂ ਹੀ ਇਨ੍ਹਾਂ ਗੱਲ੍ਹਾਂ ਦੇ ਚਸ਼ਮਦੀਦ ਗਵਾਹ ਅਤੇ ਪਰਮੇਸ਼ਵਰ ਦੇ ਬਚਨ ਦੇ ਸੇਵਕ ਰਹੇ। 3ਇਹ ਗੱਲ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪ ਹਰ ਇੱਕ ਘਟਨਾ ਦੀ ਸ਼ੁਰੂਆਤ ਤੋਂ ਸਾਵਧਾਨੀ ਨਾਲ ਜਾਂਚ ਕੀਤੀ ਹੈ। ਇਸ ਲਈ ਬਹੁਤ ਆਦਰਯੋਗ ਥਿਯੋਫਿਲਾਸ, ਮੈਨੂੰ ਇਹ ਸਹੀ ਲੱਗਿਆ ਕਿ ਤੁਹਾਡੇ ਲਈ ਮੈਂ ਇਹ ਸਭ ਕ੍ਰਮ ਦੇ ਅਨੁਸਾਰ ਲਿਖਾਂ 4ਤਾਂ ਕਿ ਜੋ ਸਿੱਖਿਆਵਾਂ ਤੁਹਾਨੂੰ ਦਿੱਤੀਆਂ ਗਈਆਂ ਹਨ, ਤੁਸੀਂ ਉਸਦੀ ਦੀ ਪੂਰੀ ਸੱਚਾਈ ਨੂੰ ਜਾਣ ਸਕੋਂ।
ਯੋਹਨ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਭਵਿੱਖਬਾਣੀ
5ਯਹੂਦਿਯਾ ਪ੍ਰਦੇਸ਼ ਦੇ ਰਾਜੇ ਹੇਰੋਦੇਸ ਦੇ ਰਾਜ ਵਿੱਚ ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ, ਜੋਂ ਕੀ ਅਬੀਯਾਹ ਦੇ ਜਾਜਕ ਸਮੂਹ ਤੋਂ ਸੀ; ਉਸਦੀ ਪਤਨੀ ਦਾ ਨਾਮ ਏਲਿਜਾਬੇਥ ਸੀ, ਜੋ ਹਾਰੋਨ ਦੇ ਵੰਸ਼ ਵਿੱਚੋਂ ਸੀ। 6ਉਹ ਦੋਵੇਂ ਹੀ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਵਿੱਚ ਦੋਸ਼ਹੀਨ ਸਨ। 7ਪਰ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਏਲਿਜਾਬੇਥ ਬਾਂਝ ਸੀ ਅਤੇ ਉਹ ਦੋਵੇਂ ਹੀ ਹੁਣ ਬੁੱਢੇ ਹੋ ਚੁੱਕੇ ਸਨ।
8ਇੱਕ ਵਾਰ ਜਦੋਂ ਜ਼ਕਰਯਾਹ ਆਪਣੀ ਵਾਰੀ ਸਿਰ ਪਰਮੇਸ਼ਵਰ ਦੇ ਸਾਹਮਣੇ ਆਪਣੀ ਜਾਜਕ ਸੇਵਾ ਭੇਂਟ ਕਰ ਰਿਹਾ ਸੀ, 9ਜ਼ਕਰਯਾਹ ਨੂੰ ਜਾਜਕਾਈ ਦੀ ਰੀਤ ਦੇ ਅਨੁਸਾਰ ਪਰਚੀ ਦੁਆਰਾ ਚੁਣਿਆ ਗਿਆ ਕੇ ਉਹ ਪ੍ਰਭੂ ਦੀ ਹੈਕਲ#1:9 ਹੈਕਲ ਯਹੂਦੀਆਂ ਦਾ ਮੰਦਰ ਵਿੱਚ ਜਾਵੇ ਅਤੇ ਧੂਪ ਧੁਖਾਵੇ। 10ਅਤੇ ਜਦੋਂ ਧੂਪ ਧੁਖੌਣ ਦਾ ਵੇਲਾ ਆਇਆ ਤਾਂ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।
11ਫਿਰ ਪ੍ਰਭੂ ਦਾ ਇੱਕ ਦੂਤ ਜ਼ਕਰਯਾਹ ਦੇ ਸਾਹਮਣੇ ਪ੍ਰਗਟ ਹੋਇਆ, ਜੋ ਧੂਪ ਵੇਦੀ ਦੇ ਸੱਜੇ ਪਾਸੇ ਖੜ੍ਹਾ ਸੀ। 12ਸਵਰਗਦੂਤ ਨੂੰ ਵੇਖ ਕੇ ਜ਼ਕਰਯਾਹ ਚੌਂਕ ਗਿਆ ਅਤੇ ਡਰ ਗਿਆ। 13ਪਰ ਉਸ ਸਵਰਗਦੂਤ ਨੇ ਉਸਨੂੰ ਕਿਹਾ, “ਨਾ ਡਰ, ਜ਼ਕਰਯਾਹ! ਤੇਰੀ ਪ੍ਰਾਰਥਨਾ ਸੁਣ ਲਈ ਗਈ ਹੈ। ਤੇਰੀ ਪਤਨੀ ਏਲਿਜਾਬੇਥ ਇੱਕ ਪੁੱਤਰ ਜਣੇਗੀ। ਤੂੰ ਉਸਦਾ ਨਾਮ ਯੋਹਨ ਰੱਖੀ। 14ਉਹ ਤੇਰੇ ਲਈ ਖੁਸ਼ੀ ਅਤੇ ਆਨੰਦ ਹੋਵੇਗਾ ਅਤੇ ਅਨੇਕ ਉਸਦੇ ਜਨਮ ਦੇ ਕਾਰਣ ਖੁਸ਼ੀ ਮਨਾਓਣਗੇ। 15ਇਹ ਬਾਲਕ ਪ੍ਰਭੂ ਦੀ ਨਜ਼ਰ ਵਿੱਚ ਮਹਾਨ ਹੋਵੇਗਾ। ਉਹ ਦਾਖਰਸ ਅਤੇ ਸ਼ਰਾਬ ਦਾ ਸੇਵਨ ਕਦੇ ਨਹੀਂ ਕਰੇਗਾ ਅਤੇ ਉਹ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੋਵੇਗਾ। 16ਉਹ ਇਸਰਾਏਲ ਦੇ ਅਨੇਕਾਂ ਲੋਕਾਂ ਨੂੰ ਉਹਨਾਂ ਦੇ ਪਰਮੇਸ਼ਵਰ ਕੋਲ ਮੋੜ ਲੈ ਆਵੇਗਾ। 17ਉਹ ਏਲੀਯਾਹ ਦੀ ਆਤਮਾ ਅਤੇ ਸਮਰੱਥ ਵਿੱਚ ਪ੍ਰਭੂ ਦੇ ਅੱਗੇ ਚੱਲਣ ਵਾਲਾ ਬਣ ਕੇ ਪਿਤਾਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਅਣ-ਆਗਿਆਕਾਰੀਆਂ ਨੂੰ ਧਰਮੀ ਦੇ ਗਿਆਨ ਵੱਲ ਮੋੜੇਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰ ਸਕੇ।”
18ਜ਼ਕਰਯਾਹ ਨੇ ਸਵਰਗਦੂਤ ਨੂੰ ਪੁੱਛਿਆ, “ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰਾ ਕਿਉਂਕਿ ਮੈਂ ਬੁੱਢਾ ਹੋ ਚੁੱਕਿਆ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ?”
19ਸਵਰਗਦੂਤ ਨੇ ਉਸਨੂੰ ਜਵਾਬ ਦਿੱਤਾ, “ਮੈਂ ਗਬਰਿਏਲ ਹਾਂ। ਮੈਂ ਨਿੱਤ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਤੇ ਤੈਨੂੰ ਇਹ ਖੁਸ਼ਖ਼ਬਰੀ ਦੱਸਣ ਲਈ ਹੀ ਭੇਜਿਆ ਗਿਆ ਹੈ। 20ਅਤੇ ਹੁਣ! ਜਦੋਂ ਤੱਕ ਇਹ ਗੱਲ ਪੂਰੀ ਨਾ ਹੋ ਜਾਵੇ, ਤੱਦ ਤੱਕ ਲਈ ਤੂੰ ਗੂੰਗਾ ਰਹੇਗਾ, ਅਤੇ ਬੋਲ ਨਾ ਸਕੇਗਾ, ਕਿਉਂਕਿ ਤੂੰ ਮੇਰੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਜਿਨ੍ਹਾਂ ਦਾ ਠਹਿਰਾਏ ਹੋਏ ਵੇਲੇ ਤੇ ਪੂਰਾ ਹੋਣਾ ਤੈਅ ਹੈ।”
21ਇਸ ਦੌਰਾਨ, ਜੋ ਲੋਕ ਬਾਹਰ ਜ਼ਕਰਯਾਹ ਨੂੰ ਉਡੀਕ ਰਹੇ ਸਨ, ਉਹ ਹੈਰਾਨ ਸਨ ਕਿ ਉਸਨੂੰ ਹੈਕਲ ਵਿੱਚ ਇਨ੍ਹਾਂ ਚਿਰ ਕਿਉਂ ਲੱਗ ਰਿਹਾ ਹੈ। 22ਜਦੋਂ ਜ਼ਕਰਯਾਹ ਬਾਹਰ ਆਇਆ, ਉਹ ਉਹਨਾਂ ਨਾਲ ਬੋਲ ਨਾ ਸਕਿਆ। ਇਸ ਲਈ ਉਹ ਸਮਝ ਗਏ ਕਿ ਜ਼ਕਰਯਾਹ ਨੂੰ ਹੈਕਲ ਵਿੱਚ ਕੋਈ ਦਰਸ਼ਨ ਹੋਇਆ ਹੈ। ਜ਼ਕਰਯਾਹ ਉਹਨਾਂ ਨਾਲ ਇਸ਼ਾਰਿਆਂ ਦੁਆਰਾ ਗੱਲਬਾਤ ਕਰਦਾ ਰਿਹਾ ਅਤੇ ਗੂੰਗਾ ਬਣ ਕੇ ਰਿਹਾ।
23ਆਪਣੀ ਜਾਜਕਾਈ ਦੀ ਸੇਵਾ ਦੇ ਦਿਨ ਪੂਰੇ ਹੋਣ ਬਾਅਦ ਜ਼ਕਰਯਾਹ ਆਪਣੇ ਘਰ ਚਲਿਆ ਗਿਆ। 24ਇਸ ਤੋਂ ਬਾਅਦ ਜ਼ਕਰਯਾਹ ਦੀ ਪਤਨੀ ਏਲਿਜਾਬੇਥ ਗਰਭਵਤੀ ਹੋਈ ਅਤੇ ਇਹ ਕਹਿੰਦੇ ਹੋਏ ਪੰਜ ਮਹੀਨਿਆਂ ਤੱਕ ਇਕਾਂਤ ਵਿੱਚ ਰਹੀ, 25“ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਲੋਕਾਂ ਵਿੱਚ ਮੇਰੇ ਬਾਂਝ ਹੋਣ ਦੀ ਬਦਨਾਮੀ ਨੂੰ ਦੂਰ ਕਰ ਦਿੱਤਾ ਹੈ।”
ਯਿਸ਼ੂ ਦੇ ਜਨਮ ਦਾ ਪਰਮੇਸ਼ਵਰੀ ਐਲਾਨ
26ਏਲਿਜਾਬੇਥ ਦੇ ਗਰਭਵਤੀ ਹੋਣ ਦੇ ਛੇਵੇਂ ਮਹੀਨੇ ਵਿੱਚ ਪਰਮੇਸ਼ਵਰ ਨੇ ਸਵਰਗਦੂਤ ਗਬਰਿਏਲ ਨੂੰ ਗਲੀਲ ਦੇ ਨਾਜ਼ਰੇਥ ਨਾਮ ਦੇ ਇੱਕ ਨਗਰ ਵਿੱਚ, 27ਇੱਕ ਕੁਆਰੀ ਕੁੜੀ ਦੇ ਕੋਲ ਭੇਜਿਆ ਗਿਆ, ਜਿਸ ਦਾ ਵਿਆਹ ਯੋਸੇਫ਼ ਨਾਮ ਦੇ ਇੱਕ ਆਦਮੀ ਨਾਲ ਤੈਅ ਹੋਇਆ ਸੀ। ਯੋਸੇਫ਼, ਰਾਜਾ ਦਾਵੀਦ ਦੇ ਘਰਾਣੇ ਵਿੱਚੋਂ ਸੀ। ਉਸ ਕੁਆਰੀ ਕੁੜੀ ਦਾ ਨਾਮ ਮਰਿਯਮ ਸੀ। 28ਸਵਰਗਦੂਤ ਨੇ ਮਰਿਯਮ ਕੋਲ ਜਾ ਕੇ ਉਸ ਨੂੰ ਕਿਹਾ, “ਵਧਾਈ ਹੋਵੇ! ਤੈਨੂੰ ਜਿਸਨੇ ਪ੍ਰਭੂ ਦੀ ਨਿਗਾਹ ਵਿੱਚ ਕਿਰਪਾ ਪਾਈ ਹੈ, ਪ੍ਰਭੂ ਤੇਰੇ ਨਾਲ ਹੈ।”
29ਇਹ ਸ਼ਬਦ ਸੁਣ ਕੇ ਮਰਿਯਮ ਬਹੁਤ ਹੀ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਪ੍ਰਕਾਰ ਦੀ ਵਧਾਈ ਹੋ ਸਕਦੀ ਹੈ। 30ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਨਾ ਡਰ, ਮਰਿਯਮ! ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ। 31ਸੁਣ! ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖੀ। 32ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਸ ਪੁੱਤਰ ਨੂੰ ਉਸ ਦੇ ਬਜ਼ੁਰਗ ਦਾਵੀਦ ਦਾ ਸਿੰਘਾਸਣ ਸੌਂਪਣਗੇ, 33ਉਹ ਯਾਕੋਬ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਾਜ ਕਰਣਗੇ ਅਤੇ ਉਹਨਾਂ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।”
34ਮਰਿਯਮ ਨੇ ਸਵਰਗਦੂਤ ਨੂੰ ਪੁੱਛਿਆ, “ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਮੈਂ ਤਾਂ ਕੁਆਰੀ ਹਾਂ?”
35ਸਵਰਗਦੂਤ ਨੇ ਜਵਾਬ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਜਨਮ ਲੈਣਗੇ, ਉਹ ਪਵਿੱਤਰ ਅਤੇ ਪਰਮੇਸ਼ਵਰ ਦੇ ਪੁੱਤਰ ਕਹੋਣਗੇ#1:35 ਅਤੇ ਇਸ ਲਈ ਜੋ ਜਨਮ ਲੈਣ ਵਾਲਾ ਬੱਚਾ ਹੈ ਪਵਿੱਤਰ ਕਹਾਵੇਗਾ,। 36ਅਤੇ ਇਹ ਵੀ ਸੁਣ ਤੇਰੀ ਰਿਸ਼ਤੇਦਾਰ ਏਲਿਜਾਬੇਥ, ਜੋ ਬਾਂਝ ਕਹੋਂਦੀ ਸੀ ਅਤੇ ਆਪਣੇ ਬੁੱਢੇਪੇ ਵਿੱਚ ਹੈ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। 37ਪਰਮੇਸ਼ਵਰ ਲਈ ਕੁਝ ਵੀ ਅਣਹੋਣਾ ਨਹੀਂ।”
38ਮਰਿਯਮ ਨੇ ਕਿਹਾ, “ਮੈਂ ਪ੍ਰਭੂ ਦੀ ਦਾਸੀ ਹਾਂ। ਤੁਹਾਡਾ ਬਚਨ ਮੇਰੇ ਲਈ ਪੂਰਾ ਹੋਵੇ।” ਤੱਦ ਉਹ ਸਵਰਗਦੂਤ ਉਸ ਦੇ ਕੋਲੋ ਚਲਾ ਗਿਆ।
ਮਰਿਯਮ ਏਲਿਜਾਬੇਥ ਨੂੰ ਮਿਲਣ ਗਈ
39ਉਸ ਵਕਤ ਮਰਿਯਮ ਤਿਆਰ ਹੋ ਗਈ ਅਤੇ ਜਲਦੀ ਨਾਲ ਯਹੂਦਿਯਾ ਦੇ ਪਹਾੜੀ ਦੇਸ਼ ਦੇ ਇੱਕ ਨਗਰ ਨੂੰ ਚੱਲੀ ਗਈ। 40ਉੱਥੇ ਉਸ ਨੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਏਲਿਜਾਬੇਥ ਨੂੰ ਵਧਾਈ ਦਿੱਤੀ। 41ਜਿਵੇਂ ਹੀ ਏਲਿਜਾਬੇਥ ਨੇ ਮਰਿਯਮ ਦੀ ਵਧਾਈ ਬਾਰੇ ਸੁਣਿਆ, ਤਾਂ ਬੱਚਾ ਏਲਿਜਾਬੇਥ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਈ। 42ਉਹ ਉੱਚੀ ਆਵਾਜ਼ ਵਿੱਚ ਬੋਲ ਉੱਠੀ, “ਤੂੰ ਸਾਰਿਆਂ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ! 43ਪਰ ਮੇਰੇ ਉੱਤੇ ਇਹ ਕਿਹੋ ਜੀ ਕਿਰਪਾ ਦੀ ਨਿਗਾਹ ਹੋਈ ਹੈ, ਜੋ ਮੇਰੇ ਪ੍ਰਭੂ ਦੀ ਮਾਤਾ ਮੈਨੂੰ ਮਿਲਣ ਆਈ ਹੈ? 44ਵੇਖ, ਜਿਵੇਂ ਹੀ ਤੇਰੀ ਵਧਾਈ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਖੁਸ਼ੀ ਵਿੱਚ ਬੱਚਾ ਮੇਰੀ ਕੁੱਖ ਵਿੱਚ ਉੱਛਲ ਪਿਆ। 45ਧੰਨ ਹੈ ਉਹ, ਜਿਸ ਨੇ ਪ੍ਰਭੂ ਦੁਆਰਾ ਕਹੀਆਂ ਹੋਈਆਂ ਗੱਲਾਂ ਦੇ ਪੂਰੇ ਹੋਣ ਦਾ ਵਿਸ਼ਵਾਸ ਕੀਤਾ ਹੈ!”
ਮਰਿਯਮ ਦਾ ਵਡਿਆਈ ਗੀਤ
46ਅਤੇ ਮਰਿਯਮ ਨੇ ਕਿਹਾ:
“ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ
47ਅਤੇ ਮੇਰੀ ਆਤਮਾ ਪਰਮੇਸ਼ਵਰ, ਮੇਰੇ ਮੁਕਤੀਦਾਤਾ ਵਿੱਚ ਖ਼ੁਸ਼ ਹੋਈ ਹੈ,
48ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ
ਦੀਨਤਾ ਦੇ ਵੱਲ ਨਜ਼ਰ ਕੀਤੀ ਹੈ।
ਹੁਣ ਤੋਂ ਸਾਰਿਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,
49ਕਿਉਂਕਿ ਸਰਵ ਸ਼ਕਤੀਮਾਨ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ।
ਪਵਿੱਤਰ ਹੈ ਉਹਨਾਂ ਦਾ ਨਾਮ।
50ਜਿਹੜੇ ਉਹਨਾਂ ਦਾ ਡਰ ਮੰਨਦੇ ਹਨ ਉਹਨਾਂ ਤੇ ਉਸਦੀ ਦਯਾ
ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਬਣੀ ਰਹਿੰਦੀ ਹੈ।
51ਆਪਣੇ ਬਾਹੂਬਲ ਨਾਲ ਉਹਨਾਂ ਨੇ ਵੱਡੇ ਕੰਮ ਕੀਤੇ ਹਨ
ਅਤੇ ਮਨ ਦੇ ਹੰਕਾਰੀਆਂ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ।
52ਪਰਮੇਸ਼ਵਰ ਨੇ ਰਾਜਿਆਂ ਨੂੰ ਉਹਨਾਂ ਦੇ ਸਿੰਘਾਸਣਾਂ ਤੋਂ ਹੇਠਾਂ ਉਤਾਰ ਦਿੱਤਾ
ਅਤੇ ਹਲੀਮਾਂ ਨੂੰ ਉੱਚਾ ਕੀਤਾ ਹੈ।
53ਉਹਨਾਂ ਨੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕੀਤਾ
ਅਤੇ ਧਨੀਆਂ ਨੂੰ ਖਾਲੀ ਹੱਥ ਮੋੜ ਦਿੱਤਾ।
54ਉਹਨਾਂ ਨੇ ਆਪਣੇ ਸੇਵਕ ਇਸਰਾਏਲ ਦੀ ਸਹਾਇਤਾ ਕੀਤੀ
ਕਿ ਉਹ ਆਪਣੀ ਦਯਾ ਨੂੰ ਯਾਦ ਰੱਖੇ,
55ਜਿਸ ਦਾ ਵਾਅਦਾ ਉਸਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਤੇ
ਅਬਰਾਹਾਮ ਅਤੇ ਉਹਨਾਂ ਦੇ ਵੰਸ਼ ਨਾਲ ਸਦਾ ਤੱਕ।”
56ਲਗਭਗ ਤਿੰਨ ਮਹੀਨੇ ਏਲਿਜਾਬੇਥ ਦੇ ਨਾਲ ਰਹਿ ਕੇ ਮਰਿਯਮ ਆਪਣੇ ਘਰ ਵਾਪਸ ਚਲੀ ਗਈ।
ਬਪਤਿਸਮਾ ਦੇਣ ਵਾਲੇ ਯੋਹਨ ਦਾ ਜਨਮ
57ਜਦੋਂ ਏਲਿਜਾਬੇਥ ਦੇ ਜਨਣ ਦਾ ਵੇਲਾ ਆਇਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 58ਜਦੋਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਕਿ ਏਲਿਜਾਬੇਥ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ, ਤਾਂ ਉਹ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ।
59ਅੱਠਵੇਂ ਦਿਨ ਉਹ ਬੱਚੇ ਦੀ ਸੁੰਨਤ ਲਈ ਇਕੱਠੇ ਹੋਏ ਅਤੇ ਉਹ ਬੱਚੇ ਦਾ ਨਾਮ ਉਸਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ। 60ਪਰ ਬੱਚੇ ਦੀ ਮਾਤਾ ਨੇ ਕਿਹਾ, “ਨਹੀਂ! ਇਸਦਾ ਨਾਮ ਯੋਹਨ ਹੋਵੇਗਾ!”
61ਇਸ ਉੱਤੇ ਉਹਨਾਂ ਨੇ ਏਲਿਜਾਬੇਥ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚ ਤਾਂ ਇਸ ਨਾਮ ਦਾ ਕੋਈ ਵੀ ਆਦਮੀ ਨਹੀਂ ਹੈ!”
62ਤੱਦ ਉਹਨਾਂ ਨੇ ਬੱਚੇ ਦੇ ਪਿਤਾ ਨੂੰ ਇਸ਼ਾਰਿਆਂ ਨਾਲ ਪੁੱਛਿਆ ਕਿ ਉਹ ਬੱਚੇ ਦਾ ਨਾਮ ਕੀ ਰੱਖਣਾ ਚਾਹੁੰਦਾ ਹੈ? 63ਜ਼ਕਰਯਾਹ ਨੇ ਇੱਕ ਫੱਟੀ ਮੰਗਾ ਕੇ ਉਸ ਉੱਤੇ ਲਿਖਿਆ, “ਇਸਦਾ ਨਾਮ ਯੋਹਨ ਹੈ।” ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ। 64ਉਸੇ ਵੇਲੇ ਉਸ ਦੀ ਆਵਾਜ਼ ਵਾਪਿਸ ਆ ਗਈ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। 65ਸਾਰੇ ਗੁਆਢੀਆਂ ਵਿੱਚ ਪਰਮੇਸ਼ਵਰ ਦੇ ਪ੍ਰਤੀ ਸ਼ਰਧਾ ਆ ਗਈ ਅਤੇ ਯਹੂਦਿਯਾ ਦੇ ਪਹਾੜੀ ਦੇਸ਼ ਦੇ ਨਗਰ ਵਿੱਚ ਇਨ੍ਹਾਂ ਗੱਲਾਂ ਦੀ ਚਰਚਾ ਹੋਣ ਲੱਗੀ। 66ਜਿਨ੍ਹਾਂ ਨੇ ਇਹ ਸੁਣਿਆ ਉਹ ਸਾਰੇ ਇਹ ਵਿਚਾਰ ਕਰਦੇ ਰਹੇ: “ਇਹ ਬੱਚਾ ਕਿਹੋ ਜਿਹਾ ਬਣੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਉੱਤੇ ਸੀ।
ਜ਼ਕਰਯਾਹ ਦਾ ਗੀਤ
67ਪਵਿੱਤਰ ਆਤਮਾ ਨਾਲ ਭਰ ਕੇ ਉਹਨਾਂ ਦੇ ਪਿਤਾ ਜ਼ਕਰਯਾਹ ਨੇ ਇਸ ਪ੍ਰਕਾਰ ਭਵਿੱਖਬਾਣੀਆਂ ਕੀਤੀਆਂ:
68“ਧੰਨ ਹੈ ਪ੍ਰਭੂ, ਇਸਰਾਏਲ ਦੇ ਪਰਮੇਸ਼ਵਰ,
ਕਿਉਂਕਿ ਉਹਨਾਂ ਨੇ ਆਪਣੀ ਪ੍ਰਜਾ ਦੀ ਸੁਧ ਲਈ ਅਤੇ ਉਹਨਾਂ ਨੂੰ ਅਜ਼ਾਦ ਕੀਤਾ।
69ਉਹਨਾਂ ਨੇ ਸਾਡੇ ਲਈ ਆਪਣੇ ਸੇਵਕ ਦਾਵੀਦ ਦੇ ਖ਼ਾਨਦਾਨ#1:69 ਖ਼ਾਨਦਾਨ ਇੱਥੇ ਇੱਕ ਤਾਕਤਵਰ ਰਾਜੇ ਨੂੰ ਦਰਸਾਉਂਦਾ ਹੈ। ਵਿੱਚੋਂ
ਇੱਕ ਮੁਕਤੀਦਾਤਾ ਪੈਦਾ ਕੀਤਾ ਹੈ,
70(ਜਿਵੇਂ ਉਹਨਾਂ ਨੇ ਪ੍ਰਾਚੀਨ ਕਾਲ ਦੇ ਆਪਣੇ ਪਵਿੱਤਰ ਨਬੀਆਂ ਦੁਆਰਾ ਜ਼ਾਹਰ ਕੀਤਾ),
71ਸਾਡੇ ਦੁਸ਼ਮਣਾਂ ਤੋਂ ਮੁਕਤੀ,
ਅਤੇ ਉਹਨਾਂ ਸਾਰਿਆਂ ਦੇ ਹੱਥੋਂ ਜੋ ਸਾਨੂੰ ਨਫ਼ਰਤ ਕਰਦੇ ਹਨ
72ਕਿ ਉਹ ਸਾਡੇ ਪੁਰਖਿਆਂ ਤੇ ਦਯਾ ਕਰਨ
ਅਤੇ ਆਪਣੀ ਪਵਿੱਤਰ ਵਾਚਾ ਨੂੰ ਯਾਦ ਰੱਖਣ;
73ਉਹ ਸਹੁੰ ਜੋ ਉਹਨਾਂ ਨੇ ਸਾਡੇ ਪੂਰਵਜ ਅਬਰਾਹਾਮ ਨਾਲ ਖਾਧੀ ਸੀ:
74ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਓਣਗੇ,
ਅਤੇ ਬਿਨਾਂ ਕਿਸੇ ਡਰ ਦੇ ਉਹਨਾਂ ਦੀ ਸੇਵਾ ਕਰਨ ਦੇ ਯੋਗ ਬਣਾਓਣਗੇ
75ਕਿ ਅਸੀਂ ਪਵਿੱਤਰਤਾ ਅਤੇ ਧਾਰਮਿਕਤਾ ਵਿੱਚ ਜੀਵਨ ਭਰ ਉਹਨਾਂ ਦੀ ਸੇਵਾ ਕਰ ਸਕੀਏ।
76“ਅਤੇ ਤੁਸੀਂ ਮੇਰੇ ਬਾਲਕ, ਮੇਰੇ ਪੁੱਤਰ, ਅੱਤ ਮਹਾਨ ਪਰਮੇਸ਼ਵਰ ਦੇ ਨਬੀ ਕਹਾਓਗੇ;
ਕਿਉਂਕਿ ਤੁਸੀਂ ਰਸਤਾ ਤਿਆਰ ਕਰਨ ਲਈ ਪ੍ਰਭੂ ਦੇ ਅੱਗੇ-ਅੱਗੇ ਚਲੋਗੇ,
77ਤੁਸੀਂ ਪਰਮੇਸ਼ਵਰ ਦੀ ਪ੍ਰਜਾ ਨੂੰ
ਉਹਨਾਂ ਦੇ ਪਾਪਾਂ ਦੀ ਮਾਫ਼ੀ ਦੇ ਦੁਆਰਾ ਮੁਕਤੀ ਦਾ ਗਿਆਨ ਦੇਵੋਗੇ।
78ਕਿਉਂਕਿ ਸਾਡੇ ਪਰਮੇਸ਼ਵਰ ਦੀ ਬਹੁਤ ਜ਼ਿਆਦਾ ਕਿਰਪਾ ਦੇ ਕਾਰਨ,
ਸਵਰਗ ਵਿੱਚੋਂ ਸਾਡੇ ਤੇ ਸੂਰਜ ਦਾ ਪ੍ਰਕਾਸ਼ ਹੋਵੇਂਗਾ,
79ਉਹਨਾਂ ਲੋਕਾਂ ਉੱਤੇ ਚਮਕਣ ਲਈ ਜੋ ਹਨੇਰੇ ਵਿੱਚ ਰਹਿੰਦੇ ਹਨ
ਅਤੇ ਮੌਤ ਦੇ ਪਰਛਾਵੇਂ ਵਿੱਚ ਜੀ ਰਹੇ ਹਨ,
ਕਿ ਇਸਦੇ ਦੁਆਰਾ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਤੇ ਲਿਜਾ ਸਕਣ।”
80ਬਾਲਕ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣ ਗਿਆ। ਇਸਰਾਏਲ ਦੇ ਸਾਹਮਣੇ ਜਨਤਕ ਤੌਰ ਤੇ ਪ੍ਰਗਟ ਹੋਣ ਤੋਂ ਪਹਿਲਾਂ ਉਹ ਉਜਾੜ ਵਿੱਚ ਨਿਵਾਸ ਕਰਦਾ ਰਿਹਾ।
Currently Selected:
ਲੂਕਸ 1: PMT
Highlight
Share
Copy
Want to have your highlights saved across all your devices? Sign up or sign in
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.