YouVersion Logo
Search Icon

ਲੂਕਸ 2

2
ਯਿਸ਼ੂ ਦਾ ਜਨਮ
1ਉਹਨਾਂ ਦਿਨਾਂ ਵਿੱਚ ਰੋਮੀ ਰਾਜੇ ਕੈਸਰ ਔਗੁਸਤਾਸ ਨੇ ਇੱਕ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਰੋਮ ਦੇਸ਼ ਵਿੱਚ ਜਨਗਣਨਾ ਕੀਤੀ ਜਾਵੇ। 2ਇਹ ਸੀਰੀਆ ਰਾਜ ਉੱਤੇ ਰਾਜਪਾਲ ਕੁਰੀਨੀਉਸ ਦੇ ਰਾਜ ਵਿੱਚ ਪਹਿਲੀ ਜਨਗਣਨਾ ਸੀ। 3ਸਾਰੇ ਨਾਗਰਿਕ ਆਪਣੇ ਨਾਮ ਦਰਜ ਕਰਵਾਉਣ ਲਈ ਆਪਣੇ-ਆਪਣੇ ਜਨਮ ਸਥਾਨ ਨੂੰ ਜਾਣ ਲੱਗੇ।
4ਯੋਸੇਫ਼, ਦਾਵੀਦ ਦੇ ਵੰਸ਼ ਵਿੱਚੋਂ ਸੀ, ਇਸ ਲਈ ਉਹ ਗਲੀਲ ਪ੍ਰਦੇਸ਼ ਦੇ ਨਾਜ਼ਰੇਥ ਨਗਰ ਤੋਂ ਯਹੂਦਿਯਾ ਪ੍ਰਦੇਸ਼ ਦੇ ਬੇਥਲੇਹੇਮ ਅਰਥਾਤ ਦਾਵੀਦ ਦੇ ਨਗਰ ਗਿਆ। 5ਉਹ ਵੀ ਆਪਣੀ ਮੰਗੇਤਰ ਮਰਿਯਮ ਦੇ ਨਾਲ, ਜੋ ਗਰਭਵਤੀ ਸੀ, ਨਾਮ ਦਰਜ ਕਰਾਉਣ ਲਈ ਉੱਥੇ ਗਿਆ। 6ਬੇਥਲੇਹੇਮ ਵਿੱਚ ਹੀ ਮਰਿਯਮ ਦੇ ਜਨਣ ਦੇ ਦਿਨ ਪੂਰੇ ਹੋ ਗਏ 7ਅਤੇ ਉਸਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਮਰਿਯਮ ਨੇ ਉਹਨਾਂ ਨੂੰ ਕੱਪੜਿਆਂ ਵਿੱਚ ਲਪੇਟ ਕੇ ਖੁਰਲੀ ਵਿੱਚ ਪਾ ਦਿੱਤਾ ਕਿਉਂਕਿ ਸਰਾਂ ਵਿੱਚ ਉਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ।
8ਉੱਥੇ ਕੁਝ ਚਰਵਾਹੇ ਰਾਤ ਦੇ ਵੇਲੇ ਖੇਤਾਂ ਵਿੱਚ ਆਪਣੀਆਂ ਭੇਡਾਂ ਦੀ ਰਾਖੀ ਰੱਖ ਰਹੇ ਸਨ। 9ਅਚਾਨਕ ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਫੈਲ ਗਿਆ ਅਤੇ ਚਰਵਾਹੇ ਬਹੁਤ ਡਰ ਗਏ। 10ਇਸ ਉੱਤੇ ਸਵਰਗਦੂਤ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, “ਡਰੋ ਨਾ! ਕਿਉਂਕਿ ਮੈਂ ਖੁਸ਼ਖ਼ਬਰੀ ਲੈ ਕੇ ਆਇਆ ਹਾਂ, ਜੋ ਸਾਰਿਆਂ ਲੋਕਾਂ ਲਈ ਵੱਡੀ ਖੁਸ਼ੀ ਦਾ ਕਾਰਣ ਹੋਵੇਗੀ: 11ਅੱਜ ਦਾਵੀਦ ਦੇ ਨਗਰ ਵਿੱਚ ਤੁਹਾਡੇ ਮੁਕਤੀਦਾਤੇ ਨੇ ਜਨਮ ਲਿਆ ਹੈ, ਪ੍ਰਭੂ ਮਸੀਹ ਉਹੀ ਹਨ। 12ਉਹਨਾਂ ਦੀ ਪਹਿਚਾਣ ਦਾ ਚਿੰਨ੍ਹ ਇਹ ਹੈ: ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਿੱਪਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।”
13ਅਚਾਨਕ ਉਸ ਸਵਰਗਦੂਤ ਦੇ ਨਾਲ ਸਵਰਗਦੂਤਾਂ ਦਾ, ਇੱਕ ਵੱਡਾ ਇਕੱਠ ਪ੍ਰਗਟ ਹੋਇਆ, ਜੋ ਪਰਮੇਸ਼ਵਰ ਦੀ ਵਡਿਆਈ ਇਸ ਗੀਤ ਦੇ ਦੁਆਰਾ ਕਰ ਰਿਹਾ ਸੀ:
14“ਸਭ ਤੋਂ ਉੱਚੇ ਸਵਰਗ ਵਿੱਚ ਪਰਮੇਸ਼ਵਰ ਦੀ ਵਡਿਆਈ;
ਅਤੇ ਧਰਤੀ ਤੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਹੋਈ ਹੈ, ਸ਼ਾਂਤੀ ਸਥਾਪਤ ਹੋਵੇ।”
15ਜਦੋਂ ਸਵਰਗਦੂਤ ਸਵਰਗ ਚੱਲੇ ਗਏ ਤੱਦ ਚਰਵਾਹਿਆਂ ਨੇ ਆਪਸ ਵਿੱਚ ਵਿਚਾਰ ਕੀਤਾ, “ਆਓ ਅਸੀਂ ਬੇਥਲੇਹੇਮ ਜਾ ਕੇ ਉਹ ਸੱਭ ਵੇਖੀਈਏ, ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ।”
16ਇਸ ਲਈ ਉਹ ਤੁਰੰਤ ਚੱਲ ਪਏ ਅਤੇ ਬੇਥਲੇਹੇਮ ਨਗਰ ਪਹੁੰਚ ਕੇ ਮਰਿਯਮ, ਯੋਸੇਫ਼ ਅਤੇ ਉਸ ਬੱਚੇ ਨੂੰ ਵੇਖਿਆ, ਜੋ ਖੁਰਲੀ ਵਿੱਚ ਪਿਆ ਹੋਇਆ ਸੀ। 17ਜਦੋਂ ਉਹਨਾਂ ਨੇ ਉਸ ਬੱਚੇ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬੱਚੇ ਬਾਰੇ ਉਹਨਾਂ ਨੂੰ ਕਿਹਾ ਗਿਆ ਸੀ। 18ਸਾਰੇ ਸੁਨਣ ਵਾਲਿਆਂ ਲਈ ਚਰਵਾਹਿਆਂ ਦਾ ਸਮਾਚਾਰ ਹੈਰਾਨੀ ਦਾ ਵਿਸ਼ਾ ਸੀ। 19ਪਰ ਮਰਿਯਮ ਨੇ ਇਹ ਸੱਭ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਬਾਰੇ ਸੋਚ-ਵਿਚਾਰ ਕਰਦੀ ਰਹੀ। 20ਚਰਵਾਹੇ ਪਰਮੇਸ਼ਵਰ ਦੀ ਵਡਿਆਈ ਅਤੇ ਗੁਣਗਾਨ ਕਰਦੇ ਹੋਏ ਪਰਤ ਗਏ ਕਿਉਂਕਿ ਜੋ ਕੁਝ ਉਹਨਾਂ ਨੇ ਸੁਣਿਆ ਸੀ ਅਤੇ ਵੇਖਿਆ ਸੀ, ਉਹ ਠੀਕ ਉਹੇ ਜਿਹਾ ਹੀ ਸੀ, ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਗਿਆ ਸੀ।
21ਜਨਮ ਦੇ ਅੱਠਵੇਂ ਦਿਨ, ਸੁੰਨਤ ਦੇ ਵੇਲੇ, ਉਸ ਬੱਚੇ ਦਾ ਨਾਮ ਯਿਸ਼ੂ ਰੱਖਿਆ ਗਿਆ, ਉਹੀ ਨਾਮ, ਜੋ ਉਹਨਾਂ ਦੇ ਕੁੱਖ ਵਿੱਚ ਆਉਣ ਤੋਂ ਪਹਿਲਾਂ ਹੀ ਸਵਰਗਦੂਤ ਦੁਆਰਾ ਦੱਸਿਆ ਗਿਆ ਸੀ।
ਯਿਸ਼ੂ ਦਾ ਹੈਕਲ ਵਿੱਚ ਭੇਂਟ ਕੀਤਾ ਜਾਣਾ
22ਜਦੋਂ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਮਰਿਯਮ ਅਤੇ ਯੋਸੇਫ਼ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ, ਉਹ ਬੱਚੇ ਨੂੰ ਯੇਰੂਸ਼ਲੇਮ ਲਿਆਏ ਕਿ ਓਹ ਪ੍ਰਭੂ ਨੂੰ ਭੇਂਟ ਕੀਤਾ ਜਾਵੇ। 23ਜਿਵੇਂ ਕੀ ਬਿਵਸਥਾ ਦਾ ਆਦੇਸ਼ ਹੈ, “ਹਰ ਇੱਕ ਜੇਠਾ ਪੁੱਤਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ#2:23 ਕੂਚ 13:2।” 24ਅਤੇ ਪ੍ਰਭੂ ਦੇ ਬਿਵਸਥਾ ਦੀ ਆਗਿਆ ਦੇ ਅਨੁਸਾਰ: “ਇੱਕ ਜੋੜਾ ਘੁੱਗੀਆਂ ਦਾ ਜਾਂ ਕਬੂਤਰ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਈ ਜਾਵੇ।”#2:24 ਲੇਵਿ 12:8
25ਯੇਰੂਸ਼ਲੇਮ ਵਿੱਚ ਸ਼ਿਮਓਨ ਨਾਮਕ ਇੱਕ ਵਿਅਕਤੀ ਸੀ। ਉਹ ਧਰਮੀ ਅਤੇ ਸ਼ਰਧਾਲੂ ਸੀ। ਉਹ ਇਸਰਾਏਲ ਦੀ ਸ਼ਾਂਤੀ ਅਤੇ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਕਰ ਰਿਹਾ ਸੀ। ਅਤੇ ਪਵਿੱਤਰ ਆਤਮਾ ਉਸਦੇ ਉੱਤੇ ਸੀ। 26ਪਵਿੱਤਰ ਆਤਮਾ ਦੇ ਦੁਆਰਾ ਉਸ ਉੱਤੇ ਇਹ ਪ੍ਰਗਟ ਕੀਤਾ ਗਿਆ ਸੀ ਕਿ ਪ੍ਰਭੂ ਦੇ ਮਸੀਹ ਨੂੰ ਵੇਖੇ ਬਿਨਾਂ ਉਸਦੀ ਮੌਤ ਨਹੀਂ ਹੋਵੇਗੀ। 27ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ ਸ਼ਿਮਓਨ ਹੈਕਲ ਦੇ ਵਿਹੜੇ ਵਿੱਚ ਆਏ। ਉਸ ਸਮੇਂ ਮਰਿਯਮ ਅਤੇ ਯੋਸੇਫ਼ ਨੇ ਬਿਵਸਥਾ ਦੁਆਰਾ ਨਿਰਧਾਰਤ ਵਿਧੀਆਂ ਨੂੰ ਪੂਰਾ ਕਰਨ ਲਈ ਬਾਲਕ ਯਿਸ਼ੂ ਦੇ ਨਾਲ ਉੱਥੇ ਪਰਵੇਸ਼ ਕੀਤਾ। 28ਬਾਲਕ ਯਿਸ਼ੂ ਨੂੰ ਵੇਖ ਕੇ ਸ਼ਿਮਓਨ ਨੇ ਉਹਨਾਂ ਨੂੰ ਗੋਦ ਵਿੱਚ ਲੈ ਕੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਿਹਾ:
29“ਸਰਵ ਸ਼ਕਤੀਮਾਨ ਪ੍ਰਭੂ, ਜਿਵੇਂ ਤੁਸੀਂ ਵਾਅਦਾ ਕੀਤਾ ਹੈ,
ਹੁਣ ਆਪਣੇ ਸੇਵਕ ਨੂੰ ਸ਼ਾਂਤੀ ਵਿੱਚ ਵਿਦਾ ਕਰੋ,
30ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਤੁਹਾਡੀ ਮੁਕਤੀ ਨੂੰ ਦੇਖ ਲਿਆ ਹੈ,
31ਜਿਸ ਨੂੰ ਤੁਸੀਂ ਸਾਰਿਆਂ ਲੋਕਾਂ ਲਈ ਤਿਆਰ ਕੀਤਾ ਹੈ:
32ਇਹ ਤੁਹਾਡੀ ਪ੍ਰਜਾ ਇਸਰਾਏਲ ਦੀ ਵਡਿਆਈ
ਅਤੇ ਸਾਰੇ ਰਾਸ਼ਟਰਾਂ ਲਈ ਗਿਆਨ ਦੀ ਜੋਤੀ ਹੈ।”
33ਮਰਿਯਮ ਅਤੇ ਯੋਸੇਫ਼ ਆਪਣੇ ਪੁੱਤਰ ਦੇ ਬਾਰੇ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਏ। 34ਤਦ ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਬਾਲਕ ਦੀ ਮਾਤਾ ਮਰਿਯਮ ਨੂੰ ਕਿਹਾ: “ਇਹ ਬੱਚਾ ਇਸਰਾਏਲ ਵਿੱਚ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੈ, ਅਤੇ ਇਹ ਇੱਕ ਨਿਸ਼ਾਨ ਚਿੰਨ੍ਹ ਹੋਵੇਗਾ ਜਿਸ ਦੇ ਵਿਰੁੱਧ ਬੋਲਿਆ ਜਾਵੇਗਾ, 35ਇਹ ਤਲਵਾਰ ਤੁਹਾਡੇ ਪ੍ਰਾਣ ਨੂੰ ਆਰ-ਪਾਰ ਬਿੰਨ੍ਹ ਦੇਵੇਗੀ, ਕਿ ਅਨੇਕਾਂ ਦੇ ਦਿਲਾਂ ਦੇ ਵਿਚਾਰ ਜ਼ਾਹਰ ਹੋ ਜਾਣ।”
36ਹੰਨਾ ਨਾਮਕ ਇੱਕ ਨਬੀ ਸੀ, ਜੋ ਅਸ਼ੇਰ ਖ਼ਾਨਦਾਨ ਦੇ ਫਨੁਏਲ ਨਾਮਕ ਵਿਅਕਤੀ ਦੀ ਧੀ ਸੀ। ਉਹ ਬਹੁਤ ਬੁੱਢੀ ਸੀ ਅਤੇ ਵਿਆਹ ਦੇ ਬਾਅਦ ਪਤੀ ਦੇ ਨਾਲ ਸਿਰਫ ਸੱਤ ਸਾਲ ਰਹਿ ਕੇ ਵਿਧਵਾ ਹੋ ਗਈ ਸੀ। 37ਇਸ ਸਮੇਂ ਉਸਦੀ ਉਮਰ ਚੁਰਾਸੀ ਸਾਲ#2:37 ਅਤੇ ਉਹ ਚੁਰਾਸੀ ਸਾਲਾਂ ਤੋਂ ਵਿਧਵਾ ਸੀ ਸੀ। ਉਹਨਾਂ ਨੇ ਹੈਕਲ ਕਦੇ ਨਹੀਂ ਛੱਡਿਆ ਅਤੇ ਉਹ ਦਿਨ-ਰਾਤ ਵਰਤ ਅਤੇ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਵਰ ਦੀ ਉਪਾਸਨਾ ਵਿੱਚ ਲੀਨ ਰਹਿੰਦੀ ਸੀ। 38ਉਸੇ ਵੇਲੇ ਉਹਨਾਂ ਦੇ ਕੋਲ ਆ ਕੇ ਹੰਨਾ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਾਰਿਆਂ ਨਾਲ ਇਸ ਬਾਲਕ ਬਾਰੇ ਗੱਲ ਕੀਤੀ ਜੋ ਯੇਰੂਸ਼ਲੇਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ।
39ਜਦੋਂ ਯੋਸੇਫ਼ ਅਤੇ ਮਰਿਯਮ ਪ੍ਰਭੂ ਦੀ ਬਿਵਸਥਾ ਅਨੁਸਾਰ ਸੱਭ ਕੁਝ ਕੀਤਾ, ਤਾਂ ਉਹ ਗਲੀਲ ਪ੍ਰਦੇਸ਼ ਵਿੱਚ ਆਪਣੇ ਨਗਰ ਨਾਜ਼ਰੇਥ ਪਰਤ ਗਏ। 40ਅਤੇ ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ, ਉਹ ਬੁੱਧੀ ਨਾਲ ਭਰਪੂਰ ਸੀ ਅਤੇ ਪਰਮੇਸ਼ਵਰ ਦੀ ਕਿਰਪਾ ਉਸ ਉੱਤੇ ਸੀ।
ਯਿਸ਼ੂ ਵਿਦਵਾਨਾਂ ਵਿੱਚ
41ਯਿਸ਼ੂ ਦੇ ਮਾਪੇ ਹਰ ਸਾਲ ਪਸਾਹ ਦੇ ਤਿਉਹਾਰ ਤੇ ਯੇਰੂਸ਼ਲੇਮ ਜਾਂਦੇ ਸਨ। 42ਜਦੋਂ ਯਿਸ਼ੂ ਬਾਰ੍ਹਾਂ ਸਾਲਾਂ ਦੇ ਸਨ, ਤਦ ਉਹ ਆਪਣੇ ਮਾਪਿਆਂ ਨਾਲ ਰਿਵਾਜ ਅਨੁਸਾਰ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ। 43ਤਿਉਹਾਰ ਦੇ ਅੰਤ ਵਿੱਚ, ਜਦੋਂ ਉਹਨਾਂ ਦੇ ਮਾਤਾ-ਪਿਤਾ ਘਰ ਪਰਤ ਰਹੇ ਸਨ, ਤਾਂ ਬਾਲਕ ਯਿਸ਼ੂ ਯੇਰੂਸ਼ਲੇਮ ਵਿੱਚ ਹੀ ਰਹਿ ਗਏ ਪਰ ਉਹਨਾਂ ਦੇ ਮਾਪੇ ਇਸ ਗੱਲ ਤੋਂ ਅਣਜਾਣ ਸਨ। 44ਇਹ ਸੋਚਦਿਆਂ ਕਿ ਬਾਲਕ ਕਿਤੇ ਯਾਤਰੀ ਸਮੂਹ ਵਿੱਚ ਹੋਵੇਗਾ, ਉਹ ਉਸ ਦਿਨ ਦੀ ਯਾਤਰਾ#2:44 ਲਗਭਗ 15-20 ਕਿਲੋਮੀਟਰ ਵਿੱਚ ਅੱਗੇ ਵੱਧਦੇ ਗਏ। ਫਿਰ ਉਹਨਾਂ ਨੇ ਪਰਿਵਾਰਕ ਦੋਸਤਾਂ-ਮਿੱਤਰਾਂ ਵਿੱਚ ਯਿਸ਼ੂ ਨੂੰ ਭਾਲਣਾ ਸ਼ੁਰੂ ਕੀਤਾ, 45ਜਦੋਂ ਯਿਸ਼ੂ ਉਹਨਾਂ ਨੂੰ ਨਾ ਲੱਭੇ ਤਾਂ ਉਹ ਉਹਨਾਂ ਨੂੰ ਲੱਭਣ ਲਈ ਯੇਰੂਸ਼ਲੇਮ ਵਾਪਸ ਪਰਤੇ। 46ਤਿੰਨ ਦਿਨਾਂ ਬਾਅਦ ਉਹਨਾਂ ਨੇ ਯਿਸ਼ੂ ਨੂੰ ਹੈਕਲ ਦੇ ਵਿਹੜੇ ਵਿੱਚ ਅਧਿਆਪਕਾਂ ਨਾਲ ਬੈਠੇ ਉਹਨਾਂ ਦੀ ਗੱਲ ਸੁਣਦੇ ਅਤੇ ਉਹਨਾਂ ਨੂੰ ਪ੍ਰਸ਼ਨ ਕਰਦੇ ਵੇਖਿਆ। 47ਜਿਸਨੇ ਵੀ ਉਹਨਾਂ ਨੂੰ ਸੁਣਿਆ ਉਹ ਉਹਨਾਂ ਦੀ ਸਮਝ ਅਤੇ ਉਹਨਾਂ ਦੇ ਜਵਾਬਾਂ ਤੋਂ ਹੈਰਾਨ ਸਨ। 48ਉਹਨਾਂ ਦੇ ਮਾਤਾ-ਪਿਤਾ ਉਹਨਾਂ ਨੂੰ ਵੇਖ ਕੇ ਹੈਰਾਨ ਹੋਏ। ਯਿਸ਼ੂ ਦੀ ਮਾਂ ਨੇ ਉਹਨਾਂ ਨੂੰ ਸਵਾਲ ਕੀਤਾ, “ਪੁੱਤਰ! ਤੁਸੀਂ ਸਾਡੇ ਨਾਲ ਅਜਿਹਾ ਕਿਉਂ ਕੀਤਾ? ਤੁਹਾਡੇ ਪਿਤਾ ਅਤੇ ਮੈਂ ਤੁਹਾਨੂੰ ਕਿੰਨੀ ਬੇਚੈਨੀ ਨਾਲ ਲੱਭ ਰਹੇ ਸੀ!”
49“ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ?” ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੈਨੂੰ ਮੇਰੇ ਪਿਤਾ ਜੀ ਦੇ ਘਰ ਹੋਣਾ ਚਾਹੀਦਾ ਹੈ?” 50ਮਰਿਯਮ ਅਤੇ ਯੋਸੇਫ਼ ਨੂੰ ਯਿਸ਼ੂ ਦੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ।
51ਯਿਸ਼ੂ ਆਪਣੇ ਮਾਪਿਆਂ ਨਾਲ ਨਾਜ਼ਰੇਥ ਵਾਪਸ ਆਏ ਅਤੇ ਉਹਨਾਂ ਦੇ ਆਗਿਆਕਾਰੀ ਰਹੇ। ਉਹਨਾਂ ਦੀ ਮਾਤਾ ਨੇ ਇਹ ਸੱਭ ਚੀਜ਼ਾਂ ਆਪਣੇ ਦਿਲ ਵਿੱਚ ਸਾਂਭ ਕੇ ਰੱਖੀਆਂ। 52ਯਿਸ਼ੂ ਬੁੱਧੀ ਅਤੇ ਕੱਦ ਵਿੱਚ ਵੱਧਦੇ ਗਏ ਅਤੇ ਪਰਮੇਸ਼ਵਰ ਅਤੇ ਆਦਮੀ ਦੀ ਕਿਰਪਾ ਉਹ ਦੇ ਉੱਤੇ ਸੀ।

Currently Selected:

ਲੂਕਸ 2: PMT

Highlight

Share

Copy

None

Want to have your highlights saved across all your devices? Sign up or sign in