ਯੂਹੰਨਾ 16
16
1“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸ ਦਿੱਤੀਆਂ ਹਨ ਕਿ ਤੁਸੀਂ ਭਟਕ ਨਾ ਜਾਓ । 2ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਕੱਢ ਦੇਣਗੇ ਸਮਾਂ ਆ ਰਿਹਾ ਹੈ ਕਿ ਤੁਹਾਨੂੰ ਕਤਲ ਕਰਨ ਵਾਲਾ ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ । 3ਇਹ ਕੰਮ ਉਹ ਇਸ ਲਈ ਕਰਨਗੇ ਕਿ ਨਾ ਤਾਂ ਉਹਨਾਂ ਨੇ ਪਿਤਾ ਨੂੰ ਪਛਾਣਿਆ ਹੈ ਅਤੇ ਨਾ ਹੀ ਮੈਨੂੰ । 4ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ । ਮੈਂ ਤੁਹਾਨੂੰ ਸ਼ੁਰੂ ਤੋਂ ਇਹ ਗੱਲਾਂ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ ।”
ਪਵਿੱਤਰ ਆਤਮਾ ਦਾ ਕੰਮ
5“ਪਰ ਹੁਣ ਮੈਂ ਆਪਣੇ ਭੇਜਣ ਵਾਲੇ ਦੇ ਕੋਲ ਜਾ ਰਿਹਾ ਹਾਂ ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਕੋਲੋਂ ਨਹੀਂ ਪੁੱਛਿਆ, ‘ਤੁਸੀਂ ਕਿੱਥੇ ਜਾ ਰਹੇ ਹੋ ?’ 6ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ ਇਸ ਲਈ ਤੁਹਾਡਾ ਦਿਲ ਸੋਗ ਨਾਲ ਭਰ ਗਿਆ ਹੈ । 7ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਦਾਇਕ ਹੈ ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ । ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ । 8ਜਦੋਂ ਉਹ ਆਵੇਗਾ ਤਾਂ ਉਹ ਦੁਨੀਆਂ ਨੂੰ ਪਾਪ ਦੇ ਬਾਰੇ, ਨੇਕੀ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ । 9ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ, 10ਨੇਕੀ ਦੇ ਬਾਰੇ ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਅਤੇ ਥੋੜ੍ਹੀ ਦੇਰ ਦੇ ਬਾਅਦ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ, 11ਨਿਆਂ ਦੇ ਬਾਰੇ ਕਿਉਂਕਿ ਦੁਨੀਆਂ ਦਾ ਹਾਕਮ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ।
12“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਇਸ ਵੇਲੇ ਉਸ ਨੂੰ ਸਹਿਣ ਦੀ ਸਮਰੱਥਾ ਤੁਹਾਡੇ ਵਿੱਚ ਨਹੀਂ ਹੈ । 13ਪਰ ਜਦੋਂ ਸੱਚ ਦਾ ਆਤਮਾ ਆਵੇਗਾ, ਉਹ ਤੁਹਾਡੀ ਸੰਪੂਰਨ ਸੱਚ ਵੱਲ ਅਗਵਾਈ ਕਰੇਗਾ । ਉਹ ਆਪਣੇ ਵੱਲੋਂ ਕੁਝ ਨਹੀਂ ਕਹੇਗਾ ਪਰ ਉਹ ਹੀ ਕਹੇਗਾ ਜੋ ਉਹ ਸੁਣਦਾ ਅਤੇ ਅੱਗੇ ਆਉਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ । 14ਉਹ ਮੇਰੀ ਵਡਿਆਈ ਕਰੇਗਾ ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ । 15ਸਭ ਕੁਝ ਜੋ ਪਿਤਾ ਦਾ ਹੈ, ਮੇਰਾ ਹੈ । ਇਸੇ ਕਾਰਨ ਮੈਂ ਕਿਹਾ ਕਿ ਜੋ ਕੁਝ ਮੇਰਾ ਹੈ ਆਤਮਾ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ ।”
ਉਦਾਸੀ ਦਾ ਖ਼ੁਸ਼ੀ ਵਿੱਚ ਬਦਲਨਾ
16“ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਪਰ ਫਿਰ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ।” 17ਉਹਨਾਂ ਦੇ ਕੁਝ ਚੇਲੇ ਆਪਸ ਵਿੱਚ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ ? ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਪਰ ਫਿਰ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ।’” 18ਉਹਨਾਂ ਨੇ ਕਿਹਾ, “ਇਹ ‘ਥੋੜ੍ਹੀ ਦੇਰ’ ਕੀ ਹੈ ਜਿਸ ਦੇ ਬਾਰੇ ਇਹ ਕਹਿ ਰਹੇ ਹਨ ? ਅਸੀਂ ਕੁਝ ਸਮਝ ਨਹੀਂ ਸਕੇ ਕਿ ਇਹ ਕੀ ਕਹਿ ਰਹੇ ਹਨ ।” 19ਯਿਸੂ ਨੇ ਇਹ ਜਾਣਦੇ ਹੋਏ ਕਿ ਚੇਲੇ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਹਨ, ਚੇਲਿਆਂ ਨੂੰ ਕਿਹਾ, “ਕੀ ਤੁਸੀਂ ਆਪਸ ਵਿੱਚ ਇਸ ਬਾਰੇ ਗੱਲਾਂ ਕਰ ਰਹੇ ਹੋ ਕਿ ਮੈਂ ਤੁਹਾਨੂੰ ਕਿਹਾ ਹੈ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ਪਰ ਫਿਰ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ’ ? 20ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਸੰਸਾਰ ਖ਼ੁਸ਼ ਹੋਵੇਗਾ, ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ । 21ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਬਹੁਤ ਪੀੜ ਹੁੰਦੀ ਹੈ ਕਿਉਂਕਿ ਉਸ ਦਾ ਜਨਮ ਦੇਣ ਦਾ ਸਮਾਂ ਆ ਚੁੱਕਾ ਹੁੰਦਾ ਹੈ ਪਰ ਬੱਚੇ ਦੇ ਜਨਮ ਦੇ ਬਾਅਦ ਉਹ ਆਪਣੀਆਂ ਪੀੜਾਂ ਨੂੰ ਭੁੱਲ ਜਾਂਦੀ ਹੈ ਕਿਉਂਕਿ ਉਹ ਖ਼ੁਸ਼ ਹੁੰਦੀ ਹੈ ਕਿ ਸੰਸਾਰ ਵਿੱਚ ਇੱਕ ਬੱਚਾ ਪੈਦਾ ਹੋਇਆ ਹੈ । 22ਇਸੇ ਤਰ੍ਹਾਂ ਤੁਸੀਂ ਇਸ ਵੇਲੇ ਉਦਾਸ ਹੋ ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਹਾਡੇ ਦਿਲ ਅਨੰਦ ਦੇ ਨਾਲ ਭਰ ਜਾਣਗੇ ਜਿਸ ਅਨੰਦ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕੇਗਾ ।
23“ਉਸ ਦਿਨ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਮੰਗੋਗੇ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਤੋਂ ਕੁਝ ਵੀ ਮੰਗੋਗੇ ਤਾਂ ਉਹ ਤੁਹਾਨੂੰ ਦੇਣਗੇ । 24ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਵੀ ਨਹੀਂ ਮੰਗਿਆ । ਮੰਗੋ ਤਾਂ ਤੁਹਾਨੂੰ ਮਿਲੇਗਾ ਤਾਂ ਜੋ ਤੁਹਾਡਾ ਅਨੰਦ ਪੂਰਾ ਹੋਵੇ ।”
ਸੰਸਾਰ ਉੱਤੇ ਜਿੱਤ
25“ਮੈਂ ਤੁਹਾਨੂੰ ਇਹ ਸਭ ਕੁਝ ਦ੍ਰਿਸ਼ਟਾਂਤਾਂ ਵਿੱਚ ਕਿਹਾ ਹੈ ਪਰ ਉਹ ਸਮਾਂ ਆ ਰਿਹਾ ਹੈ, ਜਦੋਂ ਮੈਂ ਦ੍ਰਿਸ਼ਟਾਂਤਾਂ ਰਾਹੀਂ ਨਹੀਂ ਕਹਾਂਗਾ ਸਗੋਂ ਮੈਂ ਤੁਹਾਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਪਿਤਾ ਦੇ ਬਾਰੇ ਦੱਸਾਂਗਾ । 26ਉਸ ਦਿਨ ਤੁਸੀਂ ਆਪ ਹੀ ਮੇਰੇ ਨਾਮ ਵਿੱਚ ਮੰਗੋਗੇ ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਪਿਤਾ ਅੱਗੇ ਬੇਨਤੀ ਕਰਾਂਗਾ 27ਇਸ ਲਈ ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦੇ ਹਨ ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਮੇਰੇ ਵਿੱਚ ਵਿਸ਼ਵਾਸ ਕੀਤਾ ਹੈ ਕਿ ਮੈਂ ਪਿਤਾ ਦੇ ਕੋਲੋਂ ਆਇਆ ਹਾਂ । 28ਮੈਂ ਪਿਤਾ ਦੇ ਕੋਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਫਿਰ ਮੈਂ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਵਾਪਸ ਜਾ ਰਿਹਾ ਹਾਂ ।”
29ਤਦ ਉਹਨਾਂ ਦੇ ਚੇਲਿਆਂ ਨੇ ਕਿਹਾ, “ਹੁਣ ਤੁਸੀਂ ਸਾਫ਼ ਸਾਫ਼ ਬੋਲ ਰਹੇ ਹੋ, ਦ੍ਰਿਸ਼ਟਾਂਤਾਂ ਵਿੱਚ ਨਹੀਂ । 30ਹੁਣ ਅਸੀਂ ਜਾਣ ਗਏ ਹਾਂ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਕਿਸੇ ਨੂੰ ਇਹ ਲੋੜ ਨਹੀਂ ਕਿ ਉਹ ਤੁਹਾਡੇ ਕੋਲੋਂ ਕੁਝ ਪੁੱਛੇ । ਇਸ ਦੁਆਰਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਪਰਮੇਸ਼ਰ ਕੋਲੋਂ ਆਏ ਹੋ ।” 31ਯਿਸੂ ਨੇ ਉੱਤਰ ਦਿੱਤਾ, “ਕੀ ਹੁਣ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ ? 32ਦੇਖੋ, ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਤੁਸੀਂ ਤਿੱਤਰ-ਬਿੱਤਰ ਕੀਤੇ ਜਾਵੋਗੇ, ਤੁਸੀਂ ਸਾਰੇ ਆਪਣੇ ਆਪਣੇ ਘਰ ਨੂੰ ਚਲੇ ਜਾਵੋਗੇ ਅਤੇ ਮੈਨੂੰ ਇਕੱਲਾ ਛੱਡ ਜਾਵੋਗੇ ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰੇ ਪਿਤਾ ਮੇਰੇ ਨਾਲ ਹਨ । 33ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ । ਸੰਸਾਰ ਵਿੱਚ ਤੁਸੀਂ ਦੁੱਖ ਪਾਓਗੇ ਪਰ ਹੌਸਲਾ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ ਹੈ ।”
Currently Selected:
ਯੂਹੰਨਾ 16: CL-NA
Highlight
Share
Copy
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India