YouVersion Logo
Search Icon

ਰਸੂਲਾਂ ਦੇ ਕੰਮ 9

9
ਸੌਲੁਸ ਦਾ ਜੀਵਨ ਬਦਲਣਾ
(ਰਸੂਲਾਂ ਦੇ ਕੰਮ 22:6-16, 26:12-18)
1 ਸੌਲੁਸ ਅਜੇ ਤੱਕ ਪ੍ਰਭੂ ਦੇ ਚੇਲਿਆਂ ਨੂੰ ਪੂਰੀ ਤਰ੍ਹਾਂ ਕਤਲ ਕਰਨ ਦੀਆਂ ਧਮਕੀਆਂ ਦੇਣ ਵਿੱਚ ਲੱਗਾ ਹੋਇਆ ਸੀ । ਉਹ ਮਹਾਂ-ਪੁਰੋਹਿਤ ਕੋਲ ਗਿਆ 2ਅਤੇ ਦਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਂ ਲਈ ਚਿੱਠੀਆਂ ਮੰਗੀਆਂ ਕਿ ਜੇਕਰ ਉੱਥੇ ਇਸ ‘ਰਾਹ’ ਦੇ ਮੰਨਣ ਵਾਲੇ ਉਸ ਨੂੰ ਮਿਲਣ, ਆਦਮੀ ਜਾਂ ਔਰਤਾਂ, ਉਹਨਾਂ ਨੂੰ ਗਰਿਫ਼ਤਾਰ ਕਰ ਕੇ ਯਰੂਸ਼ਲਮ ਵਿੱਚ ਲਿਆਵੇ ।
3ਯਾਤਰਾ ਕਰਦੇ ਹੋਏ ਜਦੋਂ ਉਹ ਦਮਿਸ਼ਕ ਸ਼ਹਿਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਅਕਾਸ਼ ਤੋਂ ਇੱਕ ਤੇਜ ਉਸ ਦੇ ਆਲੇ-ਦੁਆਲੇ ਚਮਕਿਆ । 4ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਉਸ ਨੇ ਇੱਕ ਆਵਾਜ਼ ਸੁਣੀ ਜਿਹੜੀ ਉਸ ਨੂੰ ਕਹਿ ਰਹੀ ਸੀ, “ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?” 5ਸੌਲੁਸ ਨੇ ਪੁੱਛਿਆ, “ਪ੍ਰਭੂ ਜੀ, ਤੁਸੀਂ ਕੌਣ ਹੋ ?” ਆਵਾਜ਼ ਨੇ ਕਿਹਾ, “ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ । 6ਹੁਣ ਉੱਠ ਅਤੇ ਸ਼ਹਿਰ ਵਿੱਚ ਜਾ । ਉੱਥੇ ਤੈਨੂੰ ਦੱਸ ਦਿੱਤਾ ਜਾਵੇਗਾ ਕਿ ਤੈਨੂੰ ਕੀ ਕਰਨਾ ਹੋਵੇਗਾ ।” 7ਉਹ ਆਦਮੀ ਜਿਹੜੇ ਸੌਲੁਸ ਦੇ ਨਾਲ ਯਾਤਰਾ ਕਰ ਰਹੇ ਸਨ, ਹੈਰਾਨ ਖੜ੍ਹੇ ਸਨ । ਉਹਨਾਂ ਨੇ ਆਵਾਜ਼ ਤਾਂ ਸੁਣੀ ਪਰ ਉਹ ਕਿਸੇ ਨੂੰ ਦੇਖ ਨਾ ਸਕੇ । 8ਸੌਲੁਸ ਨੇ ਜ਼ਮੀਨ ਤੋਂ ਉੱਠ ਕੇ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਦੇਖ ਨਾ ਸਕਿਆ । ਇਸ ਲਈ ਲੋਕ ਉਸ ਦਾ ਹੱਥ ਫੜ ਕੇ ਉਸ ਨੂੰ ਦਮਿਸ਼ਕ ਵਿੱਚ ਲੈ ਗਏ । 9ਤਿੰਨ ਦਿਨ ਤੱਕ ਉਹ ਕੁਝ ਨਾ ਦੇਖ ਸਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ ।
10ਦਮਿਸ਼ਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਚੇਲਾ ਸੀ । ਪ੍ਰਭੂ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, “ਹਨਾਨਿਯਾਹ !” ਉਸ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ, ਪ੍ਰਭੂ ਜੀ ।” 11ਪ੍ਰਭੂ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਗਲੀ ਵਿੱਚ ਜਿਹੜੀ ‘ਸਿੱਧੀ’ ਅਖਵਾਉਂਦੀ ਹੈ, ਜਾ ਅਤੇ ਯਹੂਦਾਹ ਦੇ ਘਰ ਵਿੱਚ ਤਰਸੁਸ ਨਿਵਾਸੀ ਸੌਲੁਸ ਦਾ ਪਤਾ ਕਰ, ਉਹ ਪ੍ਰਾਰਥਨਾ ਕਰ ਰਿਹਾ ਹੈ । 12ਉਸ ਨੇ ਦਰਸ਼ਨ ਦੇਖਿਆ ਹੈ ਕਿ ਹਨਾਨਿਯਾਹ ਨਾਂ ਦੇ ਆਦਮੀ ਨੇ ਅੰਦਰ ਆ ਕੇ ਉਸ ਉੱਤੇ ਹੱਥ ਰੱਖਿਆ ਹੈ ਕਿ ਉਹ ਫਿਰ ਸੁਜਾਖਾ ਹੋ ਜਾਵੇ ।” 13ਹਨਾਨਿਯਾਹ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਇਸ ਆਦਮੀ ਦੇ ਬਾਰੇ ਬਹੁਤ ਲੋਕਾਂ ਕੋਲੋਂ ਸੁਣਿਆ ਹੈ ਕਿ ਉਸ ਨੇ ਯਰੂਸ਼ਲਮ ਵਿੱਚ ਤੁਹਾਡੇ ਪਵਿੱਤਰ ਲੋਕਾਂ ਨੂੰ ਕਿਸ ਤਰ੍ਹਾਂ ਦੁੱਖ ਦਿੱਤੇ ਹਨ । 14ਉਸ ਨੂੰ ਮਹਾਂ-ਪੁਰੋਹਿਤਾਂ ਤੋਂ ਅਧਿਕਾਰ ਮਿਲਿਆ ਹੈ ਕਿ ਇੱਥੇ ਜਿਹੜੇ ਤੁਹਾਡਾ ਨਾਮ ਲੈਂਦੇ ਹਨ, ਉਹਨਾਂ ਨੂੰ ਗਰਿਫ਼ਤਾਰ ਕਰੇ ।” 15ਪਰ ਪ੍ਰਭੂ ਨੇ ਉਸ ਨੂੰ ਕਿਹਾ, “ਜਾ, ਕਿਉਂਕਿ ਇਹ ਆਦਮੀ ਮੇਰਾ ਚੁਣਿਆ ਹੋਇਆ ਪਾਤਰ ਹੈ । ਉਹ ਮੇਰਾ ਨਾਮ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਕੋਲ ਲੈ ਜਾਵੇਗਾ । 16ਮੈਂ ਉਸ ਨੂੰ ਦੱਸਾਂਗਾ ਕਿ ਉਸ ਨੂੰ ਮੇਰੇ ਨਾਮ ਦੇ ਲਈ ਕਿੰਨਾਂ ਦੁੱਖ ਸਹਿਣਾ ਪਵੇਗਾ ।”
17ਤਦ ਹਨਾਨਿਯਾਹ ਗਿਆ ਅਤੇ ਘਰ ਦੇ ਅੰਦਰ ਜਾ ਕੇ ਸੌਲੁਸ ਦੇ ਉੱਤੇ ਹੱਥ ਰੱਖ ਕੇ ਕਿਹਾ, “ਭਰਾ ਸੌਲੁਸ, ਪ੍ਰਭੂ ਯਿਸੂ ਜਿਹਨਾਂ ਨੇ ਰਾਹ ਵਿੱਚ ਤੈਨੂੰ ਦਰਸ਼ਨ ਦਿੱਤੇ ਸਨ ਮੈਨੂੰ ਭੇਜਿਆ ਹੈ ਕਿ ਤੂੰ ਫਿਰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ ।” 18ਇਕਦਮ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫਿਰ ਦੇਖਣ ਲੱਗ ਪਿਆ । ਇਸ ਦੇ ਬਾਅਦ ਉਸ ਨੇ ਬਪਤਿਸਮਾ ਲਿਆ 19ਅਤੇ ਭੋਜਨ ਕਰ ਕੇ ਬਲ ਪ੍ਰਾਪਤ ਕੀਤਾ । ਫਿਰ ਸੌਲੁਸ ਦਮਿਸ਼ਕ ਵਿੱਚ ਚੇਲਿਆਂ ਦੇ ਨਾਲ ਕੁਝ ਦਿਨ ਰਿਹਾ ।
ਸੌਲੁਸ ਦਾ ਦਮਿਸ਼ਕ ਵਿੱਚ ਪ੍ਰਚਾਰ ਕਰਨਾ
20ਉਹ ਛੇਤੀ ਹੀ ਪ੍ਰਾਰਥਨਾ-ਘਰਾਂ ਵਿੱਚ ਜਾ ਕੇ ਯਿਸੂ ਦਾ ਇਹ ਪ੍ਰਚਾਰ ਕਰਨ ਲੱਗਾ ਕਿ, “ਉਹ ਪਰਮੇਸ਼ਰ ਦੇ ਪੁੱਤਰ ਹਨ ।” 21ਤਦ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ਼ ਕਰ ਰਿਹਾ ਸੀ ? ਅਤੇ ਇੱਥੇ ਵੀ ਇਸ ਇਰਾਦੇ ਨਾਲ ਆਇਆ ਸੀ ਕਿ ਉਹਨਾਂ ਨੂੰ ਗਿਰਫ਼ਤਾਰ ਕਰ ਕੇ ਮਹਾਂ-ਪੁਰੋਹਿਤਾਂ ਕੋਲ ਲੈ ਜਾਵੇ ?” 22ਪਰ ਸੌਲੁਸ ਨੂੰ ਹੋਰ ਵੀ ਤਾਕਤ ਮਿਲੀ ਅਤੇ ਇਸ ਗੱਲ ਦਾ ਸਬੂਤ ਦਿੰਦੇ ਹੋਏ ਕਿ ਯਿਸੂ ਹੀ ‘ਮਸੀਹ’ ਹਨ, ਦਮਿਸ਼ਕ ਦੇ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ।
ਸੌਲੁਸ ਦਾ ਯਹੂਦੀਆਂ ਤੋਂ ਬਚਾਅ
23 # 2 ਕੁਰਿ 11:32-33 ਕੁਝ ਦਿਨਾਂ ਦੇ ਬਾਅਦ ਯਹੂਦੀਆਂ ਨੇ ਮਿਲ ਕੇ ਸੌਲੁਸ ਨੂੰ ਮਾਰਨ ਦੀ ਵਿਓਂਤ ਬਣਾਈ 24ਪਰ ਉਸ ਨੂੰ ਉਹਨਾਂ ਦੀ ਵਿਓਂਤ ਦਾ ਪਤਾ ਲੱਗ ਗਿਆ । ਯਹੂਦੀ ਦਿਨ ਰਾਤ ਸ਼ਹਿਰ ਦੇ ਫਾਟਕਾਂ ਦੀ ਰਾਖੀ ਕਰ ਰਹੇ ਸਨ ਕਿ ਉਸ ਨੂੰ ਮਾਰ ਦੇਣ 25ਪਰ ਸੌਲੁਸ ਦੇ ਚੇਲਿਆਂ ਨੇ ਉਸ ਨੂੰ ਟੋਕਰੇ ਵਿੱਚ ਬਿਠਾ ਕੇ ਰਾਤ ਦੇ ਵੇਲੇ ਸ਼ਹਿਰ ਦੀ ਚਾਰ ਦਿਵਾਰੀ ਤੋਂ ਥੱਲੇ ਉਤਾਰ ਦਿੱਤਾ ।
ਸੌਲੁਸ ਯਰੂਸ਼ਲਮ ਵਿੱਚ
26ਜਦੋਂ ਸੌਲੁਸ ਯਰੂਸ਼ਲਮ ਵਿੱਚ ਪਹੁੰਚ ਗਿਆ ਤਾਂ ਉਸ ਨੇ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕ ਉਸ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਹੈ । 27ਪਰ ਬਰਨਬਾਸ ਉਸ ਨੂੰ ਰਸੂਲਾਂ ਦੇ ਕੋਲ ਲੈ ਗਿਆ । ਉਸ ਨੇ ਉਹਨਾਂ ਨੂੰ ਸਭ ਕੁਝ ਦੱਸਿਆ ਕਿ ਸੌਲੁਸ ਨੇ ਕਿਸ ਤਰ੍ਹਾਂ ਰਾਹ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਪ੍ਰਭੂ ਨੇ ਉਸ ਨਾਲ ਗੱਲਾਂ ਕੀਤੀਆਂ ਹਨ । ਉਸ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਦਮਿਸ਼ਕ ਵਿੱਚ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕੀਤਾ ਹੈ । 28ਤਦ ਸੌਲੁਸ ਉਹਨਾਂ ਦੇ ਨਾਲ ਰਿਹਾ ਅਤੇ ਉਹ ਯਰੂਸ਼ਲਮ ਵਿੱਚ ਘੁੰਮ-ਫਿਰ ਕੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਨ ਲੱਗਾ । 29ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਦੇ ਨਾਲ ਗੱਲਾਂ ਅਤੇ ਵਿਵਾਦ ਕਰਦਾ ਸੀ । ਇਸ ਲਈ ਉਹ ਲੋਕ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵਿੱਚ ਸਨ । 30ਪਰ ਜਦੋਂ ਵਿਸ਼ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਯਾ ਵਿੱਚ ਲੈ ਗਏ ਅਤੇ ਤਰਸੁਸ ਨੂੰ ਭੇਜ ਦਿੱਤਾ ।
31ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸੀਯਾ ਨੂੰ ਸ਼ਾਂਤੀ ਮਿਲ ਗਈ । ਇਹ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਪ੍ਰਭੂ ਦੇ ਡਰ ਵਿੱਚ ਮਜ਼ਬੂਤ ਹੋ ਰਹੀ ਸੀ ਅਤੇ ਇਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ ।
ਪਤਰਸ ਦੁਆਰਾ ਇੱਕ ਰੋਗੀ ਦਾ ਚੰਗਾ ਹੋਣਾ
32ਪਤਰਸ ਸਭ ਥਾਂਵਾਂ ਦਾ ਦੌਰਾ ਕਰਦਾ ਹੋਇਆ ਲੁੱਦਾ ਵਿੱਚ ਪਰਮੇਸ਼ਰ ਦੇ ਲੋਕਾਂ ਕੋਲ ਪਹੁੰਚਿਆ । 33ਉੱਥੇ ਉਸ ਨੂੰ ਐਨਿਯਾਸ ਨਾਂ ਦਾ ਇੱਕ ਆਦਮੀ ਮਿਲਿਆ, ਜਿਸ ਨੂੰ ਅਧਰੰਗ ਸੀ ਅਤੇ ਅੱਠ ਸਾਲ ਤੋਂ ਮੰਜੇ ਉੱਤੇ ਪਿਆ ਸੀ । 34ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦੇ ਹਨ । ਉੱਠ ਅਤੇ ਆਪਣਾ ਬਿਸਤਰਾ ਲਪੇਟ ।” ਉਹ ਇਕਦਮ ਉੱਠ ਕੇ ਖੜ੍ਹਾ ਹੋ ਗਿਆ । 35ਲੁੱਦਾ ਅਤੇ ਸ਼ਾਰੋਨ ਦੇ ਸਾਰੇ ਰਹਿਣ ਵਾਲਿਆਂ ਨੇ ਉਸ ਨੂੰ ਦੇਖਿਆ ਅਤੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕੀਤਾ ।
ਪਤਰਸ ਦਾ ਤਬੀਥਾ ਨੂੰ ਜਿਊਂਦਾ ਕਰਨਾ
36ਯਾਪਾ ਵਿੱਚ ਤਬੀਥਾ#9:36 ਮੂਲ ਯੂਨਾਨੀ ਭਾਸ਼ਾ ਵਿੱਚ ‘ਦੋਰਕਸ਼ਾ’ ਸ਼ਬਦ ਹੈ, ਜਿਸ ਦਾ ਅਰਥ ‘ਹਰਨੀ’ ਹੈ । ਨਾਂ ਦੀ ਇੱਕ ਚੇਲੀ ਰਹਿੰਦੀ ਸੀ । ਉਹ ਭਲੇ ਕੰਮਾਂ ਅਤੇ ਦਾਨ ਦੇਣ ਵਿੱਚ ਲੱਗੀ ਰਹਿੰਦੀ ਸੀ । 37ਉਹਨਾਂ ਦਿਨਾਂ ਵਿੱਚ ਉਹ ਬਿਮਾਰ ਹੋ ਗਈ ਅਤੇ ਮਰ ਗਈ । ਲੋਕਾਂ ਨੇ ਉਸ ਨੂੰ ਇਸ਼ਨਾਨ ਕਰਵਾ ਕੇ ਚੁਬਾਰੇ ਵਿੱਚ ਰੱਖ ਦਿੱਤਾ । 38ਲੁੱਦਾ ਯਾਪਾ ਦੇ ਨੇੜੇ ਹੀ ਸੀ । ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਆਦਮੀਆਂ ਨੂੰ ਭੇਜਿਆ ਅਤੇ ਬੇਨਤੀ ਕੀਤੀ, “ਕਿਰਪਾ ਕਰ ਕੇ, ਛੇਤੀ ਨਾਲ ਸਾਡੇ ਕੋਲ ਆਓ ।” 39ਪਤਰਸ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਜਦੋਂ ਉਹ ਉੱਥੇ ਪਹੁੰਚੇ ਤਾਂ ਉਹ ਪਤਰਸ ਨੂੰ ਚੁਬਾਰੇ ਵਿੱਚ ਲੈ ਗਏ । ਉੱਥੇ ਸਾਰੀਆਂ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਆਲੇ-ਦੁਆਲੇ ਆ ਗਈਆਂ । ਫਿਰ ਉਹ ਪਤਰਸ ਨੂੰ ਉਹ ਕੁੜਤੇ ਅਤੇ ਚੋਗੇ ਦਿਖਾਉਣ ਲੱਗੀਆਂ ਜਿਹੜੇ ਤਬੀਥਾ ਨੇ ਉਹਨਾਂ ਦੇ ਨਾਲ ਰਹਿੰਦੇ ਹੋਏ ਬਣਾਏ ਸਨ । 40ਪਤਰਸ ਨੇ ਸਭ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ । ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬੀਥਾ ਉੱਠ !” ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਪਤਰਸ ਨੂੰ ਦੇਖ ਕੇ ਉੱਠ ਬੈਠੀ । 41ਪਤਰਸ ਨੇ ਹੱਥ ਦਾ ਸਹਾਰਾ ਦੇ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਵਿਸ਼ਵਾਸੀਆਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜਿਊਂਦੀ ਜਾਗਦੀ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ । 42ਇਹ ਗੱਲ ਸਾਰੇ ਯਾਪਾ ਵਿੱਚ ਫੈਲ ਗਈ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ । 43ਪਤਰਸ ਚਮੜੇ ਦਾ ਕੰਮ ਕਰਨ ਵਾਲੇ ਸ਼ਮਊਨ ਨਾਂ ਦੇ ਆਦਮੀ ਦੇ ਘਰ ਯਾਪਾ ਵਿੱਚ ਬਹੁਤ ਦਿਨਾਂ ਤੱਕ ਰਿਹਾ ।

Highlight

Share

Copy

None

Want to have your highlights saved across all your devices? Sign up or sign in