ਰਸੂਲਾਂ ਦੇ ਕੰਮ 10
10
ਪਤਰਸ ਅਤੇ ਕੁਰਨੇਲਿਯੁਸ
1ਕੈਸਰਿਯਾ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ । ਉਹ ਇਤਾਲਿਯਨ ਪਲਟਨ ਦਾ ਕਪਤਾਨ ਸੀ । 2ਉਹ ਅਤੇ ਉਸ ਦਾ ਸਾਰਾ ਪਰਿਵਾਰ ਸ਼ਰਧਾਲੂ ਅਤੇ ਪਰਮੇਸ਼ਰ ਤੋਂ ਡਰਨ ਵਾਲੇ ਸਨ । ਉਹ ਯਹੂਦੀ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਲਗਾਤਾਰ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ । 3ਇੱਕ ਦਿਨ ਤਿੰਨ ਵਜੇ ਉਸ ਨੂੰ ਇੱਕ ਸਾਫ਼ ਸਾਫ਼ ਦਰਸ਼ਨ ਹੋਇਆ ਜਿਸ ਵਿੱਚ ਉਸ ਨੇ ਪਰਮੇਸ਼ਰ ਦੇ ਇੱਕ ਸਵਰਗਦੂਤ ਨੂੰ ਆਪਣੇ ਕੋਲ ਆਉਂਦੇ ਦੇਖਿਆ ਜਿਸ ਨੇ ਉਸ ਨੂੰ ਕਿਹਾ, “ਕੁਰਨੇਲਿਯੁਸ !” 4ਉਸ ਨੇ ਸਵਰਗਦੂਤ ਵੱਲ ਨੀਝ ਲਾ ਕੇ ਦੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਇਹ ਕੀ ਹੈ ?” ਸਵਰਗਦੂਤ ਨੇ ਉਸ ਨੂੰ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਦਾਨ ਯਾਦਗਾਰੀ ਦੇ ਲਈ ਪਰਮੇਸ਼ਰ ਤੱਕ ਪਹੁੰਚੇ ਹਨ । 5ਹੁਣ ਕੁਝ ਆਦਮੀਆਂ ਨੂੰ ਯਾਪਾ ਭੇਜ ਅਤੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ । 6ਉਹ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਕੋਲ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਉੱਤੇ ਹੈ ।” 7ਜਦੋਂ ਉਹ ਸਵਰਗਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਾ ਗਿਆ ਤਾਂ ਉਸ ਨੇ ਆਪਣੇ ਘਰ ਦੇ ਦੋ ਸੇਵਕਾਂ ਅਤੇ ਇੱਕ ਸ਼ਰਧਾਲੂ ਸਿਪਾਹੀ ਨੂੰ ਸੱਦਿਆ । 8ਉਸ ਨੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਯਾਪਾ ਨੂੰ ਭੇਜਿਆ ।
9ਅਗਲੇ ਦਿਨ ਜਦੋਂ ਉਹ ਲੋਕ ਯਾਤਰਾ ਕਰਦੇ ਹੋਏ ਸ਼ਹਿਰ ਦੇ ਨੇੜੇ ਪਹੁੰਚ ਰਹੇ ਸਨ ਤਾਂ ਲਗਭਗ ਦੁਪਹਿਰ ਦੇ ਵੇਲੇ ਪਤਰਸ ਪ੍ਰਾਰਥਨਾ ਕਰਨ ਦੇ ਲਈ ਛੱਤ ਉੱਤੇ ਗਿਆ । 10ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ । ਪਰ ਜਦੋਂ ਭੋਜਨ ਅਜੇ ਤਿਆਰ ਹੋ ਰਿਹਾ ਸੀ ਤਾਂ ਪਤਰਸ ਨੇ ਇੱਕ ਦਰਸ਼ਨ ਦੇਖਿਆ । 11ਉਸ ਨੇ ਦੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਚਾਰਾਂ ਨੁੱਕਰਾਂ ਤੋਂ ਲਟਕ ਰਹੀ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਜ਼ਮੀਨ ਵੱਲ ਉਤਰ ਰਹੀ ਹੈ । 12ਉਸ ਵਿੱਚ ਸਭ ਤਰ੍ਹਾਂ ਦੇ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ । 13ਫਿਰ ਉਸ ਨੂੰ ਇੱਕ ਆਵਾਜ਼ ਆਈ, “ਪਤਰਸ, ਉੱਠ, ਮਾਰ ਅਤੇ ਖਾ !” 14ਪਤਰਸ ਨੇ ਉੱਤਰ ਦਿੱਤਾ, “ਨਹੀਂ ਪ੍ਰਭੂ ਜੀ, ਇਹ ਨਹੀਂ ਹੋ ਸਕਦਾ ! ਮੈਂ ਕਦੀ ਕੋਈ ਅਪਵਿੱਤਰ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ !” 15ਤਦ ਉਸ ਨੂੰ ਦੂਜੀ ਵਾਰ ਫਿਰ ਆਵਾਜ਼ ਸੁਣਾਈ ਦਿੱਤੀ, “ਜਿਸ ਨੂੰ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ ।” 16ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਫਿਰ ਉਹ ਚੀਜ਼ ਅਕਾਸ਼ ਵਿੱਚ ਇਕਦਮ ਚੁੱਕ ਲਈ ਗਈ ।
17ਪਤਰਸ ਅਜੇ ਇਸ ਉਲਝਨ ਵਿੱਚ ਹੀ ਸੀ ਕਿ ਜੋ ਦਰਸ਼ਨ ਉਸ ਨੂੰ ਹੋਇਆ ਹੈ, ਉਸ ਦਾ ਕੀ ਅਰਥ ਹੋ ਸਕਦਾ ਹੈ ਤਾਂ ਇਸ ਦੌਰਾਨ ਕੁਰਨੇਲਿਯੁਸ ਦੇ ਭੇਜੇ ਹੋਏ ਆਦਮੀ ਘਰ ਪੁੱਛਦੇ-ਪੁੱਛਦੇ ਦਰਵਾਜ਼ੇ ਉੱਤੇ ਆ ਖੜ੍ਹੇ ਹੋਏ । 18ਉਹ ਉੱਚੀ ਆਵਾਜ਼ ਵਿੱਚ ਪੁੱਛਣ ਲੱਗੇ, “ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਕੀ ਉਹ ਇੱਥੇ ਹੀ ਠਹਿਰਿਆ ਹੋਇਆ ਹੈ ?” 19ਪਤਰਸ ਅਜੇ ਵੀ ਉਸ ਦਰਸ਼ਨ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਦੇਖ, ਤਿੰਨ ਆਦਮੀ ਤੈਨੂੰ ਲੱਭ ਰਹੇ ਹਨ । 20ਉੱਠ, ਹੇਠਾਂ ਉਤਰ ਅਤੇ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ ਕਿਉਂਕਿ ਉਹਨਾਂ ਨੂੰ ਮੈਂ ਹੀ ਭੇਜਿਆ ਹੈ ।” 21ਪਤਰਸ ਹੇਠਾਂ ਗਿਆ ਅਤੇ ਉਹਨਾਂ ਆਦਮੀਆਂ ਨੂੰ ਕਿਹਾ, “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ । ਤੁਹਾਡੇ ਆਉਣ ਦਾ ਕੀ ਕਾਰਨ ਹੈ ?” 22ਉਹਨਾਂ ਨੇ ਉੱਤਰ ਦਿੱਤਾ, “ਕਪਤਾਨ ਕੁਰਨੇਲਿਯੁਸ ਨੇ ਸਾਨੂੰ ਭੇਜਿਆ ਹੈ । ਉਹ ਇੱਕ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਆਦਮੀ ਹੈ । ਉਸ ਨੂੰ ਸਾਰੀ ਯਹੂਦੀ ਕੌਮ ਵੀ ਮੰਨਦੀ ਹੈ । ਉਸ ਨੂੰ ਇੱਕ ਪਵਿੱਤਰ ਸਵਰਗਦੂਤ ਦੇ ਰਾਹੀਂ ਹਿਦਾਇਤ ਮਿਲੀ ਹੈ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਉਪਦੇਸ਼ ਸੁਣੇ ।” 23ਤਦ ਪਤਰਸ ਉਹਨਾਂ ਆਦਮੀਆਂ ਨੂੰ ਅੰਦਰ ਲੈ ਗਿਆ ਅਤੇ ਉਹਨਾਂ ਦੀ ਸੇਵਾ ਕੀਤੀ । ਅਗਲੇ ਦਿਨ ਉਹ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਕੁਝ ਭਰਾ ਯਾਪਾ ਤੋਂ ਵੀ ਉਹਨਾਂ ਦੇ ਨਾਲ ਗਏ । 24ਦੂਜੇ ਦਿਨ ਉਹ ਕੈਸਰਿਯਾ ਪਹੁੰਚ ਗਿਆ । ਕੁਰਨੇਲਿਯੁਸ ਉਹਨਾਂ ਦੀ ਉਡੀਕ ਕਰ ਰਿਹਾ ਸੀ । ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਿਆ ਹੋਇਆ ਸੀ । 25ਜਦੋਂ ਪਤਰਸ ਅੰਦਰ ਗਿਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਪਤਰਸ ਦੇ ਚਰਨਾਂ ਵਿੱਚ ਡਿੱਗ ਕੇ ਉਸ ਨੂੰ ਮੱਥਾ ਟੇਕਿਆ । 26ਪਤਰਸ ਨੇ ਉਸ ਨੂੰ ਚੁੱਕਦੇ ਹੋਏ ਕਿਹਾ, “ਉੱਠ, ਮੈਂ ਵੀ ਤਾਂ ਆਦਮੀ ਹੀ ਹਾਂ ।” 27ਫਿਰ ਪਤਰਸ ਕੁਰਨੇਲਿਯੁਸ ਨਾਲ ਗੱਲਾਂ ਕਰਦਾ ਹੋਇਆ ਅੰਦਰ ਆਇਆ ਅਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਦੇਖਿਆ । 28ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪ ਜਾਣਦੇ ਹੋ ਕਿ ਇੱਕ ਯਹੂਦੀ ਦਾ ਕਿਸੇ ਪਰਾਈ ਕੌਮ ਦੇ ਆਦਮੀ ਨਾਲ ਮਿਲਣਾ ਜਾਂ ਘਰ ਜਾਣਾ ਮਨ੍ਹਾ ਹੈ ਪਰ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਕਿਸੇ ਆਦਮੀ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਮੰਨ । 29ਇਸੇ ਲਈ ਜਦੋਂ ਮੈਨੂੰ ਸੱਦਿਆ ਗਿਆ ਤਾਂ ਮੈਂ ਬੇਧੜਕ ਹੋ ਕੇ ਆ ਗਿਆ । ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਉਂ ਸੱਦਿਆ ਹੈ ?”
30ਕੁਰਨੇਲਿਯੁਸ ਨੇ ਉੱਤਰ ਦਿੱਤਾ, “ਚਾਰ ਦਿਨ ਹੋਏ ਜਦੋਂ ਮੈਂ ਇਸੇ ਸਮੇਂ ਆਪਣੇ ਘਰ ਦੀ ਛੱਤ ਉੱਤੇ ਦਿਨ ਦੇ ਕੋਈ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ ਤਦ ਚਮਕੀਲੇ ਕੱਪੜੇ ਪਹਿਨੇ ਹੋਏ ਇੱਕ ਆਦਮੀ ਆ ਕੇ ਮੇਰੇ ਕੋਲ ਖੜ੍ਹਾ ਹੋ ਗਿਆ । 31ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਪਰਮੇਸ਼ਰ ਨੇ ਸੁਣ ਲਈ ਹੈ ਅਤੇ ਤੇਰੇ ਦਾਨ ਨੂੰ ਉਹਨਾਂ ਨੇ ਯਾਦ ਕੀਤਾ ਹੈ । 32ਇਸ ਲਈ ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਸੱਦ ਲਿਆ । ਉਹ ਸਮੁੰਦਰ ਦੇ ਕੰਢੇ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਠਹਿਰਿਆ ਹੋਇਆ ਹੈ ।’ 33ਮੈਂ ਇਕਦਮ ਤੁਹਾਡੇ ਕੋਲ ਆਦਮੀ ਭੇਜੇ । ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆ ਗਏ ਹੋ । ਹੁਣ ਅਸੀਂ ਸਾਰੇ ਪਰਮੇਸ਼ਰ ਦੇ ਸਾਹਮਣੇ ਹਾਜ਼ਰ ਹਾਂ ਕਿ ਜੋ ਕੁਝ ਪਰਮੇਸ਼ਰ ਨੇ ਤੁਹਾਨੂੰ ਕਿਹਾ ਹੈ, ਉਸ ਨੂੰ ਸੁਣੀਏ ।”
ਪਤਰਸ ਦਾ ਸੰਦੇਸ਼
34 #
ਵਿਵ 10:17
ਫਿਰ ਪਤਰਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, “ਹੁਣ ਮੈਂ ਪੂਰੀ ਤਰ੍ਹਾਂ ਨਾਲ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ । 35ਸਗੋਂ ਹਰ ਕੌਮ ਵਿੱਚ ਜਿਹੜਾ ਕੋਈ ਉਹਨਾਂ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ, ਉਸ ਨੂੰ ਉਹ ਸਵੀਕਾਰ ਕਰਦੇ ਹਨ । 36ਉਹਨਾਂ ਨੇ ਇਸਰਾਏਲੀਆਂ ਕੋਲ ਸ਼ਾਂਤੀ ਦਾ ਸ਼ੁਭ ਸਮਾਚਾਰ ਯਿਸੂ ਮਸੀਹ ਦੁਆਰਾ ਭੇਜਿਆ । ਉਹ ਹੀ ਸਭ ਮਨੁੱਖਾਂ ਦੇ ਪ੍ਰਭੂ ਹਨ । 37ਤੁਸੀਂ ਇਹ ਸਭ ਜਾਣਦੇ ਹੀ ਹੋ ਕਿ ਯੂਹੰਨਾ ਦੇ ਬਪਤਿਸਮੇ ਦੇ ਪ੍ਰਚਾਰ ਦੇ ਬਾਅਦ ਗਲੀਲ ਤੋਂ ਸ਼ੁਰੂ ਕਰ ਕੇ ਯਹੂਦਿਯਾ ਵਿੱਚ ਕੀ ਕੁਝ ਹੋਇਆ । 38ਕਿਸ ਤਰ੍ਹਾਂ ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ਪਰਮੇਸ਼ਰ ਨੇ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਭਰਪੂਰ ਕੀਤਾ ਅਤੇ ਉਹ ਹਰ ਥਾਂ ਭਲੇ ਕੰਮ ਕਰਦੇ ਅਤੇ ਸ਼ੈਤਾਨ ਦੇ ਬੰਦੀ ਲੋਕਾਂ ਨੂੰ ਚੰਗਾ ਕਰਦੇ ਰਹੇ ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਸਨ । 39ਜੋ ਕੁਝ ਯਿਸੂ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤਾ, ਉਸ ਸਭ ਦੇ ਅਸੀਂ ਗਵਾਹ ਹਾਂ । ਲੋਕਾਂ ਨੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ । 40ਪਰ ਪਰਮੇਸ਼ਰ ਨੇ ਉਹਨਾਂ ਨੂੰ ਤੀਜੇ ਦਿਨ ਫਿਰ ਜਿਊਂਦਾ ਕਰ ਦਿੱਤਾ ਅਤੇ ਪ੍ਰਗਟ ਵੀ ਕੀਤਾ । 41ਸਾਰੇ ਲੋਕਾਂ ਉੱਤੇ ਨਹੀਂ ਸਗੋਂ ਗਵਾਹਾਂ ਉੱਤੇ ਹੀ ਜਿਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਨਿਯੁਕਤ ਕੀਤਾ ਸੀ ਭਾਵ ਸਾਨੂੰ, ਜਿਹਨਾਂ ਨੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਉਹਨਾਂ ਨਾਲ ਖਾਧਾ ਪੀਤਾ । 42ਫਿਰ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਗਵਾਹੀ ਦੇਵੋ ਕਿ ਇਹ ਉਹ ਹੀ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਅਤੇ ਜਿਊਂਦਿਆਂ ਦਾ ਜੱਜ ਨਿਯੁਕਤ ਕੀਤਾ ਹੈ । 43ਯਿਸੂ ਦੇ ਬਾਰੇ ਹੀ ਸਾਰੇ ਨਬੀ ਗਵਾਹੀ ਦਿੰਦੇ ਹਨ ਕਿ ਜਿਹੜਾ ਕੋਈ ਉਹਨਾਂ ਵਿੱਚ ਵਿਸ਼ਵਾਸ ਕਰੇਗਾ, ਉਸ ਨੂੰ ਉਹਨਾਂ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਮਿਲੇਗੀ ।”
ਪਰਾਈਆਂ ਕੌਮਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ
44ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਉਹਨਾਂ ਸਾਰਿਆਂ ਉੱਤੇ ਜਿਹੜੇ ਵਚਨ ਸੁਣ ਰਹੇ ਸਨ, ਪਵਿੱਤਰ ਆਤਮਾ ਉਤਰ ਆਇਆ । 45ਯਹੂਦੀ ਵਿਸ਼ਵਾਸੀ ਜਿਹੜੇ ਯਾਪਾ ਤੋਂ ਪਤਰਸ ਦੇ ਨਾਲ ਆਏ ਸਨ, ਹੈਰਾਨ ਹੋ ਗਏ ਕਿ ਪਵਿੱਤਰ ਆਤਮਾ ਦਾ ਵਰਦਾਨ ਪਰਾਈਆਂ ਕੌਮਾਂ ਨੂੰ ਵੀ ਦਿੱਤਾ ਗਿਆ ਹੈ । 46ਯਹੂਦੀ ਵਿਸ਼ਵਾਸੀਆਂ ਨੇ ਉਹਨਾਂ ਲੋਕਾਂ ਨੂੰ ਅਣਜਾਣ ਭਾਸ਼ਾਵਾਂ ਬੋਲਦੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਸੁਣਿਆ । ਤਦ ਪਤਰਸ ਨੇ ਪੁੱਛਿਆ, 47“ਜਿਹਨਾਂ ਲੋਕਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਕੀ ਉਹਨਾਂ ਨੂੰ ਕੋਈ ਪਾਣੀ ਦਾ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ ?” 48ਇਸ ਲਈ ਪਤਰਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ । ਫਿਰ ਉਹਨਾਂ ਨੇ ਪਤਰਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਉਹਨਾਂ ਦੇ ਨਾਲ ਰਹਿਣ ।
Currently Selected:
ਰਸੂਲਾਂ ਦੇ ਕੰਮ 10: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India