YouVersion Logo
Search Icon

ਰਸੂਲਾਂ ਦੇ ਕੰਮ 11

11
ਪਤਰਸ ਦਾ ਯਰੂਸ਼ਲਮ ਵਿੱਚ ਜਾ ਕੇ ਆਪਣੀ ਸੇਵਾ ਬਾਰੇ ਦੱਸਣਾ
1 ਰਸੂਲਾਂ ਅਤੇ ਯਹੂਦਿਯਾ ਨਿਵਾਸੀ ਭਰਾਵਾਂ ਨੇ ਸੁਣ ਲਿਆ ਸੀ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦਾ ਵਚਨ ਸਵੀਕਾਰ ਕਰ ਲਿਆ ਹੈ । 2ਇਸ ਲਈ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਸੁੰਨਤੀ ਵਿਸ਼ਵਾਸੀ ਉਸ ਨਾਲ ਝਗੜਾ ਕਰਨ ਲੱਗੇ । 3ਉਹਨਾਂ ਨੇ ਕਿਹਾ, “ਤੂੰ ਅਸੁੰਨਤੀ ਲੋਕਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਭੋਜਨ ਕੀਤਾ ।” 4ਤਦ ਪਤਰਸ ਨੇ ਸ਼ੁਰੂ ਤੋਂ ਲੈ ਕੇ ਇੱਕ ਇੱਕ ਘਟਨਾ ਉਹਨਾਂ ਨੂੰ ਸੁਣਾਈ, 5“ਮੈਂ ਯਾਪਾ ਸ਼ਹਿਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਮੈਂ ਅੰਤਰਲੀਨ ਸੀ ਮੈਨੂੰ ਇੱਕ ਦਰਸ਼ਨ ਹੋਇਆ । ਮੈਂ ਦੇਖਿਆ ਕਿ ਚਾਰਾਂ ਨੁੱਕਰਾਂ ਤੋਂ ਲਟਕਦੀ ਹੋਈ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਅਕਾਸ਼ ਤੋਂ ਉਤਰ ਕੇ ਮੇਰੇ ਕੋਲ ਆਈ । 6ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਵਿੱਚ ਚੌਪਾਏ, ਜੰਗਲੀ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਦਿਖਾਈ ਦਿੱਤੇ । 7ਫਿਰ ਮੈਂ ਇੱਕ ਆਵਾਜ਼ ਸੁਣੀ ਜਿਹੜੀ ਮੈਨੂੰ ਇਹ ਕਹਿ ਰਹੀ ਸੀ, ‘ਪਤਰਸ, ਉੱਠ, ਮਾਰ ਅਤੇ ਖਾ !’ 8ਪਰ ਮੈਂ ਉੱਤਰ ਦਿੱਤਾ, ‘ਨਹੀਂ ਪ੍ਰਭੂ ਜੀ, ਮੇਰੇ ਮੂੰਹ ਵਿੱਚ ਅੱਜ ਤੱਕ ਕੋਈ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਗਈ ।’ 9ਆਵਾਜ਼ ਨੇ ਦੂਜੀ ਵਾਰ ਅਕਾਸ਼ ਤੋਂ ਉੱਤਰ ਦਿੱਤਾ, ‘ਜੋ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਉਸ ਨੂੰ ਤੂੰ ਅਸ਼ੁੱਧ ਨਾ ਕਹਿ ।’ 10ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫਿਰ ਸਭ ਕੁਝ ਅਕਾਸ਼ ਵਿੱਚ ਵਾਪਸ ਚੁੱਕ ਲਿਆ ਗਿਆ । 11ਠੀਕ ਉਸੇ ਸਮੇਂ ਤਿੰਨ ਆਦਮੀ ਉਸ ਘਰ ਦੇ ਸਾਹਮਣੇ ਆ ਖੜ੍ਹੇ ਹੋਏ ਜਿੱਥੇ ਮੈਂ ਰਹਿ ਰਿਹਾ ਸੀ । ਉਹ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ । 12ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ । ਇਹ ਛੇ ਭਰਾ ਵੀ ਮੇਰੇ ਨਾਲ ਗਏ ਅਤੇ ਅਸੀਂ ਕੁਰਨੇਲਿਯੁਸ ਦੇ ਘਰ ਦੇ ਅੰਦਰ ਗਏ । 13ਉਸ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਇੱਕ ਸਵਰਗਦੂਤ ਨੂੰ ਆਪਣੇ ਘਰ ਵਿੱਚ ਖੜ੍ਹਾ ਦੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ । 14ਉਹ ਤੈਨੂੰ ਵਚਨ ਸੁਣਾਏਗਾ ਜਿਸ ਤੋਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪ੍ਰਾਪਤ ਕਰੇਗਾ ।’ 15ਮੈਂ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰ ਆਇਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ ਉੱਤੇ ਉਤਰਿਆ ਸੀ । 16#ਰਸੂਲਾਂ 1:5ਉਸ ਸਮੇਂ ਮੈਨੂੰ ਪ੍ਰਭੂ ਦੇ ਕਹੇ ਹੋਏ ਸ਼ਬਦ ਯਾਦ ਆਏ, ‘ਯੂਹੰਨਾ ਨੇ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ ।’ 17ਇਸ ਲਈ ਜੇਕਰ ਪਰਮੇਸ਼ਰ ਨੇ ਉਹਨਾਂ ਨੂੰ ਵੀ ਉਹ ਹੀ ਵਰਦਾਨ ਦਿੱਤਾ ਜਿਹੜਾ ਸਾਨੂੰ ਦਿੱਤਾ ਸੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਸੀ ਤਾਂ ਮੈਂ ਕੌਣ ਸੀ ਜਿਹੜਾ ਪਰਮੇਸ਼ਰ ਨੂੰ ਰੋਕਦਾ ।” 18ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ, “ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਅਤੇ ਜੀਵਨ ਦਾ ਵਰਦਾਨ ਦਿੱਤਾ ਹੈ !”
ਅੰਤਾਕਿਯਾ ਦੀ ਕਲੀਸੀਯਾ
19 # ਰਸੂਲਾਂ 8:1-4 ਸਤੀਫ਼ਨੁਸ ਦੇ ਉੱਤੇ ਹੋਏ ਅੱਤਿਆਚਾਰ ਦੇ ਕਾਰਨ ਜਿਹੜੇ ਲੋਕ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ, ਸਾਈਪ੍ਰਸ ਅਤੇ ਅੰਤਾਕਿਯਾ ਤੱਕ ਪਹੁੰਚ ਗਏ ਪਰ ਉਹ ਯਹੂਦੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਵਚਨ ਨਹੀਂ ਸੁਣਾਉਂਦੇ ਸਨ । 20ਪਰ ਉਹਨਾਂ ਵਿੱਚੋਂ ਜਿਹੜੇ ਸਾਈਪ੍ਰਸ ਅਤੇ ਕੁਰੇਨੇ ਦੇ ਰਹਿਣ ਵਾਲੇ ਸਨ, ਜਦੋਂ ਉਹ ਅੰਤਾਕਿਯਾ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ । 21ਪ੍ਰਭੂ ਦਾ ਹੱਥ ਉਹਨਾਂ ਉੱਤੇ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਉਹ ਪ੍ਰਭੂ ਦੇ ਵੱਲ ਮੁੜੇ ।
22ਜਦੋਂ ਇਹਨਾਂ ਦੇ ਬਾਰੇ ਯਰੂਸ਼ਲਮ ਦੀ ਕਲੀਸੀਯਾ ਦੇ ਕੰਨਾਂ ਤੱਕ ਖ਼ਬਰ ਪਹੁੰਚੀ ਤਾਂ ਉਹਨਾਂ ਨੇ ਬਰਨਬਾਸ ਨੂੰ ਅੰਤਾਕਿਯਾ ਭੇਜਿਆ । 23ਉੱਥੇ ਪਹੁੰਚ ਕੇ ਉਸ ਨੇ ਪਰਮੇਸ਼ਰ ਦੀ ਕਿਰਪਾ ਦਾ ਸਬੂਤ ਦੇਖਿਆ ਅਤੇ ਅਨੰਦ ਮਨਾਇਆ । ਉਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ-ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ । 24ਬਰਨਬਾਸ ਇੱਕ ਭਲਾ ਆਦਮੀ ਸੀ । ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕੀਤਾ ।
25ਫਿਰ ਬਰਨਬਾਸ ਸੌਲੁਸ ਦੀ ਖੋਜ ਵਿੱਚ ਤਰਸੁਸ ਨੂੰ ਗਿਆ । 26ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਯਾ ਲੈ ਆਇਆ । ਉਹ ਦੋਵੇਂ ਉੱਥੇ ਪੂਰੇ ਇੱਕ ਸਾਲ ਤੱਕ ਕਲੀਸੀਯਾ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ । ਅੰਤਾਕਿਯਾ ਵਿੱਚ ਹੀ ਚੇਲੇ ਪਹਿਲੀ ਵਾਰ ‘ਮਸੀਹੀ’ ਅਖਵਾਏ ।
27ਉਸ ਸਮੇਂ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ । 28#ਰਸੂਲਾਂ 21:10ਉਹਨਾਂ ਵਿੱਚੋਂ ਇੱਕ ਆਗਬੁਸ ਨਾਂ ਦੇ ਨਬੀ ਨੇ ਖੜ੍ਹੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਭਵਿੱਖਬਾਣੀ ਕੀਤੀ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਕਾਲ ਪੈਣ ਵਾਲਾ ਹੈ । (ਇਹ ਕਾਲ ਕਲੌਦਿਯੁਸ ਦੇ ਰਾਜ ਵਿੱਚ ਪਿਆ ।) 29ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰ ਇੱਕ ਆਪਣੀ ਪਹੁੰਚ ਦੇ ਅਨੁਸਾਰ ਯਹੂਦਿਯਾ ਨਿਵਾਸੀ ਭਰਾਵਾਂ ਦੀ ਮਦਦ ਲਈ ਕੁਝ ਭੇਜਣ । 30ਉਹਨਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥ ਬਜ਼ੁਰਗ ਆਗੂਆਂ ਦੇ ਕੋਲ ਮਦਦ ਭੇਜੀ ।

Highlight

Share

Copy

None

Want to have your highlights saved across all your devices? Sign up or sign in