YouVersion Logo
Search Icon

ਪਰਕਾਸ਼ ਦੀ ਪੋਥੀ 6

6
ਛੇਹਾਂ ਮੋਹਰਾਂ ਦਾ ਤੋੜਿਆ ਜਾਣਾ। ਚਾਰ ਸਵਾਰ
1ਜਾਂ ਲੇਲੇ ਨੇ ਓਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ ਅਤੇ ਚੌਹਾਂ ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਅਵਾਜ਼ ਨਾਲ ਇਹ ਆਖਦੇ ਸੁਣਿਆ ਭਈ ਆ ਜਾਹ! 2ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ । ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ ।।
3ਜਾਂ ਉਹ ਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ ਭਈ ਆ ਜਾਹ ! 4ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।।
5ਜਾਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ ਭਈ ਆ ਜਾਹ ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਮੁਸ਼ਕੀ ਘੋੜ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ 6ਅਤੇ ਮੈ ਓਹਨਾਂ ਚੌਹਾਂ ਜੰਤੂਆਂ ਦੇ ਵਿੱਚ ਇੱਕ ਅਵਾਜ਼ ਜਿਹੀ ਇਹ ਆਖਦੇ ਸੁਣੀ ਭਈ ਕਣਕ ਅਠੰਨੀ ਦੀ ਸੇਰ ਭਰ ਅਤੇ ਜੌ ਅਠੰਨੀ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ ਰਸ ਦਾ ਵਿਗਾੜ ਨਾ ਕਰੀਂ!।।
7ਜਾਂ ਉਹ ਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਜੰਤੂ ਦੀ ਅਵਾਜ਼ ਇਹ ਆਖਦੇ ਸੁਣੀ ਭਈ ਆ ਜਾਹ! 8ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕੁੱਲਾ ਘੋੜਾ ਹੈ ਅਤੇ ਜਿਹੜਾ ਓਸ ਉੱਤੇ ਸਵਾਰ ਹੈ ਉਹ ਦਾ ਨਾਉਂ ਮੌਤ ਹੈ ਅਤੇ ਪਤਾਲ ਉਹ ਦੇ ਮਗਰ ਮਗਰ ਚੱਲਿਆ ਆਉਂਦਾ ਹੈ ਅਤੇ ਓਹਨਾਂ ਨੂੰ ਧਰਤੀ ਦੀ ਚੁਥਾਈ ਉੱਤੇ ਇਖ਼ਤਿਆਰ ਦਿੱਤਾ ਗਿਆ ਭਈ ਤਲਵਾਰ ਨਾਲ, ਕਾਲ ਨਾਲ, ਮਰੀ ਨਾਲ ਅਤੇ ਧਰਤੀ ਦਿਆਂ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ।।
9ਜਾਂ ਉਹ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਓਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਓਸ ਸਾਖੀ ਦੇ ਕਾਰਨ ਜੋ ਓਹਨਾਂ ਭਰੀ ਸੀ ਵੱਢੇ ਗਏ ਸਨ 10ਅਤੇ ਓਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸਤ ਹੈਂ ਕਦੋਂ ਤੋੜੀ ਤੂੰ ਨਿਆਉਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈਂ? 11ਅਤੇ ਓਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਓਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ ਅਰਾਮ ਕਰੋ ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਙੁ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ!।।
12ਜਾਂ ਉਹ ਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਅਤੇ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ 13ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਸ ਪਰਕਾਰ ਹੰਜ਼ੀਰ ਦੇ ਬੂਟੇ ਤੋਂ ਜਾਂ ਵੱਡੀ ਅਨ੍ਹੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹ ਦੇ ਕੱਚੇ ਫਲ ਝੜ ਜਾਂਦੇ ਹਨ 14ਅਤੇ ਅਕਾਸ਼ ਵਲ੍ਹੇਟਵੀਂ ਪੋਥੀ ਵਾਂਙੁ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਠਿਕਾਣਿਓਂ ਹਿੱਲ ਗਿਆ 15ਅਤੇ ਧਰਤੇ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫਾਂ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ 16ਅਤੇ ਓਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ! 17ਕਿਉਂ ਜੋ ਓਹਨਾਂ ਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ! ਹੁਣ ਕੌਣ ਖਲੋ ਸੱਕਦਾ ਹੈ?।।

Highlight

Share

Copy

None

Want to have your highlights saved across all your devices? Sign up or sign in