ਜ਼ਬੂਰਾਂ ਦੀ ਪੋਥੀ 78
78
ਇਤਿਹਾਸਕ ਉਪਦੇਸ਼
ਆਸਾਫ਼ ਦਾ ਮਸਕੀਲ
1ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ
ਕੰਨ ਧਰੋ,
ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ।
2ਮੈਂ ਆਪਣਾ ਮੂੰਹ ਦਰਿਸ਼ਟਾਤਾਂ ਵਿੱਚ ਖੋਲ੍ਹਾਂਗਾ,
ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਰਾਂਗਾ,
3ਜਿਹੜੀਆਂ ਅਸਾਂ ਸੁਣੀਆਂ ਤੇ ਜਾਤੀਆਂ,
ਅਤੇ ਸਾਡੇ ਪਿਉ ਦਾਦਿਆਂ ਨੇ ਸਾਨੂੰ ਦੱਸੀਆਂ।
4ਅਸੀਂ ਓਹਨਾਂ ਨੂੰ ਉਨ੍ਹਾਂ ਦੀ ਅੰਸ ਤੋਂ ਨਾ ਲੁਕਾਵਾਂਗੇ,
ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ,
ਉਸ ਦੀ ਸ਼ਕਤੀ ਅਤੇ ਅਚਰਜ ਕੰਮ ਜੋ ਉਸ ਨੇ ਕੀਤੇ
ਦੱਸਾਂਗੇ।।
5ਉਸ ਨੇ ਤਾਂ ਯਾਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ,
ਅਤੇ ਇਸਰਾਏਲ ਵਿੱਚ ਇੱਕ ਬਿਵਸਥਾ ਠਹਿਰਾਈ,
ਜਿਹ ਦਾ ਹੁਕਮ ਉਸ ਨੇ ਸਾਡੇ ਪਿਉ ਦਾਦਿਆਂ ਨੂੰ
ਦਿੱਤਾ,
ਭਈ ਓਹ ਆਪਣੀ ਅੰਸ ਨੂੰ ਸਿਖਾਉਣ,
6ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਓਹ ਬੱਚੇ,
ਜਿਹੜੇ ਜੰਮਣਗੇ ਉਨ੍ਹਾਂ ਨੂੰ ਜਾਣ ਲੈਣ,
ਕਿ ਓਹ ਵੀ ਉੱਠ ਕੇ ਆਪਣੀ ਅੰਸ ਨੂੰ ਦੱਸਣ
7ਭਈ ਓਹ ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ,
ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਾ ਭੁੱਲਣ,
ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ,
8ਅਤੇ ਓਹ ਆਪਣੇ ਪਿਉ ਦਾਦਿਆਂ ਵਾਂਙੁ ਨਾ ਹੋਣ,
ਇੱਕ ਕੱਬੀ ਤੇ ਆਕੀ ਪੀੜ੍ਹੀ,
ਅਜੇਹੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ
ਰੱਖਿਆ,
ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ੍ਹ ਨਾ
ਰਿਹਾ।।
9ਇਫ਼ਰਾਈਮ ਦੀ ਅੰਸ ਸ਼ਸਤਰ ਧਾਰੀ ਹੋ ਕੇ ਤੇ ਧਣੁਖ
ਲੈ ਕੇ
ਲੜਾਈ ਦੇ ਦਿਨ ਪਿੱਛੇ ਮੁੜ ਆਈ।
10ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਨਾ ਨਾ ਕੀਤੀ,
ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਹ
ਕੀਤੀ।
11ਓਹ ਉਸ ਦੇ ਕੰਮਾਂ ਅਤੇ ਅਚਰਜ ਕਰਤੱਬਾਂ ਨੂੰ,
ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ।
12ਉਨ੍ਹਾਂ ਦੇ ਪਿਉ ਦਾਦਿਆਂ ਦੇ ਅੱਗੇ ਮਿਸਰ ਦੇਸ
ਵਿੱਚ,
ਸੋਅਨ ਦੀ ਰੜ ਵਿੱਚ ਉਸ ਨੇ ਇੱਕ ਅਚਰਜ ਕੰਮ
ਕੀਤਾ।
13ਉਸ ਨੇ ਸਮੁੰਦਰ ਨੂੰ ਚੀਰ ਕੇ ਉਨ੍ਹਾਂ ਨੂੰ ਪਾਰ
ਲੰਘਾਇਆ,
ਅਤੇ ਪਾਣੀ ਨੂੰ ਢੇਰ ਵਾਂਙੁ ਖੜਾ ਕਰ ਦਿੱਤਾ।
14ਉਸ ਨੇ ਦਿਨ ਨੂੰ ਬੱਦਲ ਨਾਲ,
ਅਤੇ ਸਾਰੀ ਰਾਤ ਨੂੰ ਅੱਗ ਦੀ ਲੋ ਨਾਲ ਉਨ੍ਹਾਂ ਦੀ
ਅਗਵਾਈ ਕੀਤੀ।
15ਉਸ ਨੇ ਉਜਾੜ ਵਿੱਚ ਚਟਾਨ ਪਾੜ ਕੇ,
ਉਨ੍ਹਾਂ ਨੂੰ ਜਾਣੀਦਾ ਡੁੰਘਿਆਈਆਂ ਵਿੱਚੋਂ ਬਹੁਤ
ਪਾਣੀ ਪਿਲਾਇਆ,
16ਉਸ ਨੇ ਢਿੱਗ ਵਿੱਚੋਂ ਧਾਰਾਂ ਕੱਢੀਆਂ,
ਅਤੇ ਪਾਣੀ ਦਰਿਆਵਾਂ ਵਾਂਙੁ ਵਗਾਇਆ।
17ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ,
ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ।
18ਉਨ੍ਹਾਂ ਨੇ ਆਪਈ ਖੁੱਦਿਆ ਲਈ ਭੋਜਨ ਮੰਗ ਕੇ
ਆਪਣੇ ਮਨ ਵਿੱਚ ਪਰਮੇਸ਼ੁਰ ਦਾ ਪਰਤਾਵਾ ਕੀਤਾ।
19ਓਹ ਪਰਮੇਸ਼ੁਰ ਦੇ ਵਿਰੁੱਧ ਬੋਲੇ,
ਉਨ੍ਹਾਂ ਨੇ ਆਖਿਆ, ਕੀ ਪਰਮੇਸ਼ੁਰ ਉਜਾੜ ਵਿੱਚ ਹੀ
ਲੰਗਰ ਦਾ ਅਡੰਬਰ ਰਚ ਸੱਕੇਗਾ?
20ਵੇਖੋ, ਉਸ ਨੇ ਚਟਾਨ ਨੂੰ ਮਾਰਿਆ, ਪਾਣੀ ਫੁੱਟ
ਨਿੱਕਲਿਆ,
ਅਤੇ ਧਾਰਾਂ ਵਗ ਪਈਆਂ, -
ਕੀ ਉਹ ਰੋਟੀ ਵੀ ਦੇ ਸੱਕੇਗਾ?
ਨਾਲੇ ਆਪਣੀ ਪਰਜਾ ਨੂੰ ਮਹਾ ਪਰਸ਼ਾਦ ਵੀ
ਅੱਪੜਾਵੇਗਾ?
21ਏਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ
ਕ੍ਰੋਧਵਾਨ ਹੋਇਆ,
ਅਤੇ ਯਾਕੂਬ ਵਿੱਚ ਅੱਗ ਭੜਕੀ,
ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ,
22ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ,
ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ।
23ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ,
ਅਤੇ ਅਕਾਸ਼ ਦੇ ਦਰਵੱਜੇ ਖੋਲ੍ਹ ਦਿੱਤੇ,
24ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ,
ਅਤੇ ਉਨ੍ਹਾਂ ਨੂੰ ਸੁਰਗੀ ਅੰਨ ਦਿੱਤਾ।
25ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ,
ਉਸ ਨੇ ਰੱਜਵੀਂ ਰੋਟੀ ਘੱਲੀ।
26ਉਸ ਨੇ ਅਕਾਸ਼ ਦੇ ਵਿੱਚ ਪੁਰੇ ਦੀ ਹਵਾ ਵਗਾਈ,
ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ,
27ਅਤੇ ਉਨ੍ਹਾਂ ਉੱਤੇ ਧੂੜ ਵਾਂਙੁ ਮਹਾਂ ਪਰਸ਼ਾਦ,
ਅਤੇ ਸਮੁੰਦਰ ਦੀ ਰੇਤ ਵਾਂਙੁ ਪੰਖੇਰੂ ਵਰ੍ਹਾਏ,
28ਅਤੇ ਉਨ੍ਹਾਂ ਦੇ ਡੇਰੇ ਵਿੱਚ
ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ ਦੁਆਲੇ ਗਿਰਾਏ।
29ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ,
ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ।
30ਓਹ ਆਪਣੀ ਹਿਰਸ ਤੋਂ ਨਾ ਹਟੇ,
ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ,
31ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ,
ਅਤੇ ਉਸ ਨੇ ਉਨ੍ਹਾਂ ਦੇ ਡਾਢੇ ਮੋਟਿਆਂ ਨੂੰ ਵੱਡ
ਸੁੱਟਿਆ,
ਅਤੇ ਇਸਰਾਏਲ ਦੇ ਗਭਰੂਆਂ ਨੂੰ ਨਿਵਾ ਲਿਆ।।
32ਤਾਂ ਏਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ,
ਅਤੇ ਉਸ ਦੇ ਅਚਰਜ ਕਰਤੱਬਾਂ ਤੇ ਪਰਤੀਤ ਨਾ
ਕੀਤੀ।
33ਏਸ ਕਾਰਨ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ
ਅਤੇ ਉਨ੍ਹਾਂ ਦੇ ਵਰ੍ਹੇ ਭੈ ਵਿੱਚ ਮੁਕਾਏ।
34ਜਦ ਉਸ ਨੇ ਉਨ੍ਹਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ
ਭਾਲ ਕੀਤੀ।
ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ
ਢੂੰਡਿਆ।
35ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ
ਚਟਾਨ ਹੈ,
ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ
ਹੈ।
36ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ ਪੱਤੋਂ ਕੀਤੀ,
ਅਤੇ ਆਪਣੀ ਜ਼ਬਾਨ ਨਾਲ ਉਸ ਦੇ ਲਈ ਝੂਠ
ਮਾਰਿਆ,
37ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ
ਸਨ,
ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
38ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ
ਖਿਮਾ ਕੀਤਾ,
ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ,
ਹਾਂ, ਬਹੁਤ ਵਾਰੀ ਉਸ ਨੇ ਆਪਣੇ ਕ੍ਰੋਧ ਰੋਕ ਛੱਡਿਆ,
ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।
39ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ,
ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ
ਆਉਂਦੀ।।
40ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ,
ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ!
41ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ,
ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ,
ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ
ਛੁਡਾਇਆ,
43ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ,
ਅਤੇ ਸੋਅਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ।
44ਉਸ ਨੇ ਉਨ੍ਹਾਂ ਦੇ ਦਰਿਆਵਾਂ ਨੂੰ ਲਹੂ ਬਣਾ ਦਿੱਤਾ,
ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਉਹ ਉਨ੍ਹਾਂ ਤੋਂ ਪੀ
ਨਾ ਸੱਕੇ।
45ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਘੱਲੇ ਜਿਹੜੇ ਉਨ੍ਹਾਂ
ਨੂੰ ਖਾ ਗਏ,
ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆ ਨਾਸ ਕੀਤਾ।
46ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ,
ਅਤੇ ਉਨ੍ਹਾਂ ਦੀ ਮਿਹਨਤ ਸਲਾਂ ਨੂੰ ਦਿੱਤੀ।
47ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜਿਆਂ
ਨਾਲ,
ਅਤੇ ਉਨ੍ਹਾਂ ਦਿਆਂ ਗੁਲਰ ਦਿਆਂ ਰੁੱਖਾਂ ਨੂੰ ਵੱਡੇ ਵੱਡੇ
ਓਲਿਆਂ ਨਾਲ ਬਰਬਾਦ ਕਰ ਸੁੱਟਿਆ।
48ਉਸ ਨੇ ਉਨ੍ਹਾਂ ਦੇ ਪਸੂਆਂ ਨੂੰ ਗੜਿਆਂ ਦੇ
ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ
ਕੀਤਾ।
49ਉਸ ਨੇ ਬੁਰਿਆਈਆਂ ਦੇ ਦੂਤਾਂ ਨੂੰ ਘੱਲ ਕੇ
ਆਪਣੇ ਕ੍ਰੋਧ ਦਾ ਡਾਢਾ ਕਹਿਰ, ਰੋਸਾ, ਗਜ਼ਬ ਅਤੇ
ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ।
50ਉਸ ਨੇ ਆਪਣੇ ਕ੍ਰੋਧ ਦੇ ਲਈ ਰਾਹ ਸਿੱਧਾ ਕੀਤਾ,
ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ,
ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ
ਕੀਤਾ।
51ਉਸ ਨੇ ਮਿਸਰ ਵਿੱਚ ਸਾਰੇ ਪਲੋਠੇ ਮਾਰ ਸੁੱਟੇ,
ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ
ਮੁੱਢ ਸਨ,
52ਪਰ ਆਪਣੀ ਪਰਜਾ ਨੂੰ ਭੇਡਾਂ ਵਾਂਙੁ ਲੈ ਤੁਰਿਆ,
ਅਤੇ ਉਜਾੜ ਵਿੱਚ ਇੱਜੜ ਵਾਂਙੁ ਉਨ੍ਹਾਂ ਦੀ ਅਗਵਾਈ
ਕੀਤੀ,
53ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ,
ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢਕ ਲਿਆ।
54ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ
ਤੀਕ ਅਪੜਾਇਆ,
ਏਸ ਪਹਾੜ ਤੀਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ
ਲਿਆ ਸੀ।
55ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ,
ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ ਦਿੱਤੀ,
ਅਤੇ ਇਸਰਾਏਲ ਦਿਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ
ਵਿੱਚ ਵਸਾਇਆ।।
56ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ
ਅਤੇ ਉਸ ਤੋਂ ਆਕੀ ਹੋ ਗਏ,
ਅਤੇ ਉਸ ਦੀਆਂ ਸਾਖੀਆਂ ਦੀ ਪਾਲਨਾ ਨਾ ਕੀਤੀ।
57ਸਗੋਂ ਓਹ ਫਿਰ ਗਏ ਅਤੇ ਆਪਣੇ ਪਿਓ ਦਾਦਿਆਂ
ਵਾਂਙੁ ਛਲੀਏ ਹੋ ਗਏ,
ਓਹ ਵਿੰਗੇ ਧਣੁਖ ਵਾਂਙੁ ਕੁੱਬੇ ਹੋ ਗਏ ਸਨ।
58ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ
ਗੁੱਸੇ ਨੂੰ ਛੇੜਿਆ,
ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ
ਕਾਰਨ ਉਸ ਦੀ ਅਣਖ ਨੂੰ ਹਿਲਾਇਆ।
59ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤਪਿਆ,
ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ।
60ਉਸ ਨੇ ਸ਼ੀਲੋਹ ਦੇ ਡੇਹਰੇ ਨੂੰ ਅਤੇ ਉਸ ਤੰਬੂ ਨੂੰ
ਜਿਹੜਾ ਉਸ ਨੇ ਆਦਮੀਆਂ ਵਿੱਚ ਖੜਾ ਕੀਤਾ ਸੀ
ਛੱਡ ਦਿੱਤਾ।
61ਉਸ ਨੇ ਉਹ ਦਾ ਬਲ ਅਸੀਰੀ ਵਿੱਚ
ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ।
62ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ
ਪਾਇਆ,
ਅਤੇ ਆਪਣੀ ਮਿਲਖ ਨਾਲ ਅੱਤ ਕ੍ਰੋਧਵਾਨ ਹੋਇਆ।
63ਉਨ੍ਹਾਂ ਦੇ ਗਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ,
ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ
ਗਏ।
64ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ,
ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ।
65ਤਾਂ ਪ੍ਰਭੁ ਸੁੱਤੇ ਹੋਏ ਵਾਂਙੁ ਜਾਗ ਉੱਠਿਆ,
ਉਸ ਸੂਰਮੇ ਵਾਂਙੁ ਜਿਹੜਾ ਨਸ਼ੇ ਵਿੱਚ ਲਲਕਾਰੇ
ਮਾਰਦਾ ਹੈ।
66ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਹਾਂ
ਹਟਾ ਦਿੱਤਾ,
ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ
ਬਣਾਇਆ।
67ਨਾਲੇ ਉਸ ਨੇ ਯੂਸੁਫ਼ ਦੇ ਤੰਬੂ ਨੂੰ ਤਿਆਗ ਦਿੱਤਾ,
ਅਤੇ ਇਫ਼ਰਾਈਮ ਦੇ ਗੋਤ ਵਿੱਚੋਂ ਨਾ ਚੁਣਿਆ।
68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,
ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ
ਪਿਆਰਾ ਸੀ,
69ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ
ਆਪਣਾ ਪਵਿੱਤਰ ਅਸਥਾਨ ਉਸਾਰਿਆ,
ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ
ਲਈ ਅਟੱਲ ਕਰ ਰੱਖਿਆ ਹੈ।
70ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ,
ਅਤੇ ਭੇਡਾਂ ਦੇ ਵਾੜਿਆਂ ਵਿੱਚੋਂ ਉਹ ਨੂੰ ਲੈ
ਲਿਆ।
71ਉਹ ਉਹ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ
ਚੱਲਣ ਤੋਂ ਹਟਾ ਲਿਆਇਆ
ਭਈ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ
ਮਿਲਖ ਇਸਰਾਏਲ ਨੂੰ ਚੁਰਾਵੇ।
72ਸੋ ਉਹ ਨੇ ਆਪਣੇ ਮਨ ਦੀ ਸਚਿਆਈ ਨਾਲ ਉਨ੍ਹਾਂ
ਨੂੰ ਚਰਾਇਆ,
ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਨ੍ਹਾਂ ਦੀ
ਅਗਵਾਈ ਕੀਤੀ।।
Currently Selected:
ਜ਼ਬੂਰਾਂ ਦੀ ਪੋਥੀ 78: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.