ਜ਼ਬੂਰਾਂ ਦੀ ਪੋਥੀ 139
139
ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ
ਸੁਰ ਪਤੀ ਲਈ ਦਾਊਦ ਦਾ ਭਜਨ
1ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ,
2ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ,
ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ,
3ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ
ਕਰਦਾ ਹੈਂ,
ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ।
4ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ, -
ਵੇਖ ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ
ਜਾਣਦਾ ਹੈਂ।
5ਤੈਂ ਮੈਨੂੰ ਅੱਗੋ ਪਿੱਛੋਂ ਘੇਰ ਰੱਖਿਆ ਹੈ,
ਤੈਂ ਆਪਣਾ ਹੱਥ ਮੇਰੇ ਉੱਤੇ ਧਰਿਆ ਹੈ, -
6ਇਹ ਗਿਆਨ ਮੇਰੇ ਲਈ ਅਚਰਜ ਹੈ,
ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ! ।।
7ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ,
ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ?
8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਵਾਂ, ਤੂੰ ਉੱਥੇ ਹੈਂ,
ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ,
ਵੇਖ, ਤੂੰ ਉੱਥੇ ਹੈਂ!
9ਜੇ ਮੈਂ ਫ਼ਜਰ ਦੇ ਖੰਭ ਲਾ ਲਵਾਂ,
ਅਤੇ ਸਮੁੰਦਰ ਦੇ ਆਖਰ ਵਿੱਚ ਜਾ ਵੱਸਾਂ,
10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ,
ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ!
11ਜੇ ਮੈਂ ਆਖਾਂ ਭਈ ਅਨ੍ਹੇਰਾ ਮੈਨੂੰ ਜ਼ਰੂਰ ਢੱਕ ਲਵੇਗਾ,
ਅਤੇ ਮੇਰੇ ਇਰਦੇ ਗਿਰਦੇ ਦਾ ਚਾਨਣ ਰਾਤ ਹੋ
ਜਾਵੇਗਾ,
12ਫੇਰ ਵੀ ਅਨ੍ਹੇਰਾ ਤੈਥੋਂ ਨਾ ਛਿਪਾਵੇਗਾ,
ਅਤੇ ਰਾਤ ਦਿਨ ਵਾਂਙੁ ਚਮਕੇਗੀ,
ਸੋ ਅਨ੍ਹੇਰਾ ਤੇ ਚਾਨਣਾ ਇੱਕੋ ਜਿਹੇ ਹਨ! ।।
13ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ,
ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ।
14ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ
ਰੀਤੀ ਤੇ ਅਚਰਜ ਹਾਂ,
ਤੇਰੇ ਕੰਮ ਅਚਰਜ ਹਨ,
ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!
15ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ,
ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ,
ਅਤੇ ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਮੇਰਾ
ਕਸੀਦਾ ਕੱਢੀਦਾ ਸੀ।
16ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ,
ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿੱਖੇ ਗਏ,
ਦਿਨ ਮਿਥੇ ਗਏ,
ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ ।
17ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ
ਹਨ,
ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ!
18ਜੇ ਮੈਂ ਉਨ੍ਹਾਂ ਨੂੰ ਗਿਣਾਂ, ਓਹ ਰੇਤ ਦੇ ਦਾਣਿਆਂ ਨਾਲੋਂ
ਵੀ ਵੱਧ ਹਨ,
ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ
ਹਾਂ।।
19ਹੇ ਪਰਮੇਸ਼ੁਰ, ਤੂੰ ਜ਼ਰੂਰ ਦੁਸ਼ਟਾਂ ਨੂੰ ਵੱਢ ਸੁੱਟੇਗਾ,
ਹੇ ਖੂਨੀਓ, ਮੈਥੋਂ ਦੂਰ ਹੋ ਜਾਓ!
20ਜਿਹੜੇ ਤੇਰੇ ਵਿਖੇ ਬੁਰੀ ਚਰਚਾ ਕਰਦੇ ਹਨ,
ਓਹ ਤੇਰੇ ਵੈਰੀ ਆਪਣੇ ਆਪ ਨੂੰ ਵਿਅਰਥ ਉੱਚਾ
ਕਰਦੇ ਹਨ!
21ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ
ਰੱਖਦਾ?
ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ ?
22ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ,
ਓਹ ਮੇਰੇ ਵੈਰੀ ਹੋ ਗਏ ਹਨ।
23ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ,
ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ,
24ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ
ਨਹੀਂ?
ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ! ।।
Currently Selected:
ਜ਼ਬੂਰਾਂ ਦੀ ਪੋਥੀ 139: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.