ਜ਼ਬੂਰਾਂ ਦੀ ਪੋਥੀ 107
107
ਪੰਜਵਾ ਭਾਗ
ਯਹੋਵਾਹ ਬਚਾਊ
1ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ,
ਅਤੇ ਉਹ ਦੀ ਦਯਾ ਸਦੀਪਕ ਹੈ!
2ਯਹੋਵਾਹ ਦੇ ਛੁਡਾਏ ਹੋਏ ਏਹ ਆਖਣ,
ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ।
3ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ,
ਚੜ੍ਹਦਿਓਂ, ਲਹਿੰਦਿਓਂ, ਉੱਤਰੋਂ ਤੇ ਦੱਖਣੋਂ।।
4ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ,
ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ।
5ਓਹ ਭੁੱਖੇ ਤੇ ਤਿਹਾਏ ਸਨ
ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਢਾਲ ਸਨ।
6ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ
ਦੁਹਾਈ ਦਿੱਤੀ,
ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ
ਛੁਡਾਇਆ।
7ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ,
ਭਈ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚਲੇ ਜਾਣ।
8ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ
ਕਰਦੇ,
ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ
ਦਾ!
9ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ,
ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ।।
10ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ,
ਅਤੇ ਦੁਖ ਤੇ ਲੋਹੇ ਨਾਲ ਜਕੜੇ ਹੋਏ ਸਨ,
11ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ,
ਅਤੇ ਅੱਤ ਮਹਾਨ ਦੀ ਸਲਾਹ ਨੂੰ ਤੁੱਛ ਜਾਤਾ,
12ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ,
ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,
13ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ
ਦੁਹਾਈ ਦਿੱਤੀ,
ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਇਆ।
14ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ
ਲਿਆਇਆ,
ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ।
15ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ
ਕਰਦੇ,
ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ
ਦਾ!
16ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ,
ਤੇ ਲੋਹੇ ਦੇ ਅਰਲਾਂ ਦੇ ਟੋਟੇ ਟੋਟੇ ਕਰ ਦਿੱਤੇ।।
17ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ
ਦੁਖ ਭੋਗਦੇ ਹਨ,
18ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀ ਘਿਣ
ਕਰਦਾ ਹੈ,
ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਅੱਪੜਦੇ ਹਨ।
19ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ
ਦੁਹਾਈ ਦਿੰਦੇ,
ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਉਂਦਾ ਹੈ।
20ਉਹ ਆਪਣਾ ਬਚਨ ਘੱਲ ਕੇ ਉਨ੍ਹਾਂ ਨੂੰ ਚੰਗਾ ਕਰਦਾ
ਹੈ,
ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।
21ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ
ਕਰਦੇ,
ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ
ਦਾ!
22ਓਹ ਧੰਨਵਾਦ ਦੇ ਬਲੀਦਾਨ ਚੜ੍ਹਾਉਣ,
ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ।।
23ਜਿਹੜੇ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ,
ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ
ਕਰਦੇ ਹਨ,
24ਓਹ ਯਹੋਵਾਹ ਦੇ ਕੰਮਾਂ ਨੂੰ,
ਅਤੇ ਉਹ ਦੇ ਅਚਰਜਾਂ ਨੂੰ ਡੁੰਘਿਆਈ ਵਿੱਚ ਵੇਖਦੇ
ਹਨ।
25ਉਹ ਹੁਕਮ ਦੇ ਕੇ ਤੁਫ਼ਾਨ ਵਗਾਉਂਦਾ ਹੈ,
ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ।
26ਓਹ ਅਕਾਸ਼ ਤੀਕੁਰ ਚੜ੍ਹ ਜਾਂਦੇ,
ਓਹ ਡੁੰਘਾਣ ਵਿੱਚ ਆ ਪੈਂਦੇ ਹਨ,
ਉਨ੍ਹਾਂ ਦਾ ਜੀ ਦੁਖ ਦੇ ਕਾਰਨ ਢਲ ਜਾਂਦਾ ਹੈ,
27ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਙੁ ਡਿੱਗਦੇ
ਢਹਿੰਦੇ ਹਨ,
ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।
28ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ
ਦੁਹਾਈ ਦਿੰਦੇ,
ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਕੱਢ
ਲਿਆਉਂਦਾ ਹੈ।
29ਉਹ ਤੁਫ਼ਾਨ ਨੂੰ ਥਮ੍ਹਾ ਦਿੰਦਾ ਹੈ,
ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ
ਹਨ।
30ਤਾਂ ਓਹ ਉਸ ਦੇ ਥਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ
ਹਨ,
ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪੁਚਾ ਦਿੰਦਾ ਹੈ।
31ਕਾਸ਼ ਕਿ ਓਹ ਯਹੋਵਾਹ ਲਈ ਉਹ ਦੀ ਦਯਾ ਦਾ
ਧੰਨਵਾਦ ਕਰਦੇ,
ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ
ਦਾ!
32ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ,
ਅਤੇ ਬਜ਼ੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ
ਕਰਨ।।
33ਉਹ ਨਦੀਆਂ ਨੂੰ ਉਜਾੜ,
ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ
ਦਿੰਦਾ ਹੈ,
34ਉਸ ਦੇ ਵਾਸੀਆਂ ਦੀ ਬੁਰਿਆਈ ਦੇ ਕਾਰਨ
ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ।
35ਉਹ ਉਜਾੜ ਨੂੰ ਝੀਲ,
ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ
ਦਿੰਦਾ ਹੈ,
36ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ,
ਭਈ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ,
37ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ਼ ਲਾਉਣ,
ਅਤੇ ਢੇਰ ਸਾਰੀ ਪੈਦਾਵਾਰ ਲੈਣ।
38ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ
ਹਨ,
ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ।
39ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ,
ਓਹ ਘੱਟ ਜਾਂਦੇ ਅਤੇ ਨਿਉਂਦੇ ਹਨ।
40ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ।
ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੁਆਉਂਦਾ ਹੈ।
41ਪਰ ਉਹ ਕੰਗਾਲ ਨੂੰ ਦੁਖ ਵਿੱਚੋਂ ਉਤਾਹਾਂ ਬਿਠਾਉਂਦਾ
ਹੈ,
ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ।
42ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ,
ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ।
43ਜੋ ਕੋਈ ਬੁੱਧਵਾਨ ਹੈ ਉਹ ਏਹਨਾਂ ਗੱਲਾਂ ਨੂੰ ਮੰਨੇਗਾ,
ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ।।
Currently Selected:
ਜ਼ਬੂਰਾਂ ਦੀ ਪੋਥੀ 107: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.