ਜ਼ਬੂਰਾਂ ਦੀ ਪੋਥੀ 106
106
ਕੱਬੀ ਪਰਜਾ ਤੇ ਧੀਰਜੀ ਯਹੋਵਾਹ ਹੈ
1ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਭਈ ਉਹ
ਭਲਾ ਹੈ,
ਅਤੇ ਉਹ ਦੀ ਦਯਾ ਸਦੀਪਕ ਹੈ!
2ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਨਣ ਕਰ
ਸੱਕਦਾ ਹੈ?
ਕੌਣ ਉਹ ਦੀ ਸਾਰੀ ਉਸਤਤ ਸੁਣਾ ਸੱਕਦਾ ਹੈ?
3ਧੰਨ ਓਹ ਜਿਹੜੇ ਨਿਆਉਂ ਦੀ ਪਾਲਨਾ ਕਰਦੇ ਹਨ,
ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ!
4ਹੇ ਯਹੋਵਾਹ, ਆਪਣੀ ਪਰਜਾ ਦੇ ਪੱਖ ਪਾਤ ਵਿੱਚ
ਮੈਨੂੰ ਚੇਤੇ ਰੱਖ,
ਆਪਣੇ ਬਚਾਓ ਨਾਲ ਮੇਰੀ ਸੁੱਧ ਲੈ,
5ਭਈ ਮੈਂ ਤੇਰੇ ਚੁੱਣੇ ਹੋਇਆਂ ਦੀ ਭਲਿਆਈ ਵੇਖਾਂ,
ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ,
ਅਤੇ ਤੇਰੀ ਮਿਲਖ ਦੇ ਨਾਲ ਫ਼ਖਰ ਕਰਾਂ !।।
6ਅਸਾਂ ਆਪਣੇ ਪਿਉ ਦਾਦਿਆਂ ਜਿਹੇ ਪਾਪ ਕੀਤੇ,
ਅਸਾਂ ਬਦੀ ਅਤੇ ਦੁਸ਼ਟਪੁਣਾ ਕੀਤਾ।
7ਸਾਡੇ ਪਿਉ ਦਾਦਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ
ਨੂੰ ਨਾ ਸਮਝਿਆ,
ਨਾ ਤੇਰੀਆਂ ਬਹੁਤੀਆਂ ਦਿਆਲਗੀਆਂ ਨੂੰ ਚੇਤੇ
ਰੱਖਿਆ,
ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ
ਆਕੀ ਹੋ ਗਏ।
8ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ
ਬਚਾਇਆ,
ਭਈ ਉਹ ਆਪਣੀ ਸ਼ਕਤੀ ਵਿਖਾਵੇ।
9ਉਹ ਨੇ ਨਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ
ਸੁੱਕ ਗਿਆ,
ਅਤੇ ਉਹ ਨੇ ਉਨ੍ਹਾਂ ਨੂੰ ਡੁੰਘਿਆਈਆਂ ਦੇ ਵਿੱਚੋਂ ਦੀ
ਜਿਵੇਂ ਉਜਾੜ ਦੇ ਵਿੱਚੋਂ ਦੀ ਲੰਘਾਇਆ,
10ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਨ ਦੇ ਹੱਥੋਂ ਬਚਾਇਆ,
ਅਤੇ ਵੈਰੀ ਦੇ ਹੱਥੋਂ ਛੁਡਾਇਆ।
11ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ,
ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
12ਉਨ੍ਹਾਂ ਨੇ ਉਹ ਦੀਆਂ ਗੱਲਾਂ ਨੂੰ ਸਤ ਮੰਨਿਆ,
ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ।
13ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ,
ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।
14ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ,
ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ,
15ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ,
ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਕੀਤਾ।।
16ਡੇਰੇ ਵਿੱਚ ਓਹ ਮੂਸਾ,
ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ,
17ਧਰਤੀ ਖੁਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ,
ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ,
18ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ,
ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ।।
19ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ,
ਅਤੇ ਢਾਲੇ ਹੋਏ ਬੁੱਤ ਅੱਗੇ ਮੱਥਾ ਟੇਕਿਆ,
20ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ,
ਘਾਹ ਖਾਣ ਵਾਲੇ ਬਲਦ ਦੇ ਰੂਪ ਨਾਲ ਬਦਲ
ਲਿਆ!
21ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ
ਗਏ,
ਜਿਹ ਨੇ ਮਿਸਰ ਵਿੱਚ ਵੱਡੇ ਵੱਡੇ ਕੰਮ ਕੀਤੇ,
22ਹਾਮ ਦੇ ਦੇਸ ਵਿੱਚ ਅਚਰਜ,
ਅਤੇ ਲਾਲ ਸਮੁੰਦਰ ਉੱਤੇ ਭਿਆਣਕ ਕੰਮ!
23ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ
ਸੁੱਟਦਾ,
ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ
ਅੱਗੇ ਖੜਾ ਨਾ ਹੁੰਦਾ,
ਭਈ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ ।।
24ਫੇਰ ਉਨ੍ਹਾਂ ਨੇ ਉਸ ਮਨ ਭਾਉਂਦੇ ਦੇਸ ਨੂੰ ਤੁੱਛ ਜਾਤਾ,
ਉਨ੍ਹਾਂ ਨੇ ਉਹ ਦੇ ਬਚਨ ਨੂੰ ਸਤ ਨਾ ਮੰਨਿਆ,
25ਪਰ ਆਪਣਿਆਂ ਤੰਬੂਆਂ ਵਿੱਚ ਬੁੜ ਬੁੜ ਕੀਤੀ,
ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ।
26ਤਾਂ ਉਹ ਨੇ ਉਨ੍ਹਾਂ ਲਈ ਸੌਂਹ ਖਾਧੀ,
ਭਈ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ,
27ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ,
ਅਤੇ ਉਨ੍ਹਾਂ ਨੂੰ ਦੇਸਾਂ ਵਿੱਚ ਖਿਲਾਰ ਦਿਆਂਗਾ।।
28ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ
ਦਿੱਤਾ,
ਅਤੇ ਮੁਰਦਿਆਂ ਦੇ ਚੜ੍ਹਾਵਿਆਂ ਨੂੰ ਖਾਧਾ!
29ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ
ਗੁੱਸੇ ਕੀਤਾ,
ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ।
30ਤਾਂ ਫ਼ੀਨਹਾਸ ਵਿਚਕਾਰ ਖਲੋ ਗਿਆ,
ਅਤੇ ਮਰੀ ਰੁਕ ਗਈ,
31ਅਤੇ ਏਹ ਉਹ ਦੇ ਲਈ ਧਰਮ ਗਿਣਿਆ ਗਿਆ,
ਪੀੜ੍ਹੀਓਂ ਪੀੜ੍ਹੀ ਸਦਾ ਲਈ।।
32ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ
ਗੁੱਸੇ ਨੂੰ ਭੜਕਾਇਆ,
ਏਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ,
33ਓਹ ਉਸ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ,
ਤਾਂ ਈ ਉਸ ਨੇ ਆਪਣੇ ਬੁੱਲਾਂ ਤੋਂ ਕੁਵੱਲੀਆਂ ਗੱਲਾਂ
ਕੱਢੀਆਂ।
34ਉਨ੍ਹਾਂ ਨੇ ਓਹਨਾਂ ਉੱਮਤਾਂ ਦਾ ਨਾਸ ਨਾ ਕੀਤਾ,
ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,
35ਸਗੋਂ ਓਹ ਓਹਨਾਂ ਕੌਮਾਂ ਵਿੱਚ ਰਲ ਗਏ
ਅਤੇ ਉਨ੍ਹਾਂ ਨੇ ਓਹਨਾਂ ਦੇ ਕੰਮ ਸਿੱਖ ਲਏ,
36ਅਤੇ ਓਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ,
ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ।
37ਉਨ੍ਹਾਂ ਨੇ ਆਪਣੇ ਪੁੱਤ੍ਰਾਂ ਧੀਆਂ ਨੂੰ
ਭੂਤਨਿਆਂ ਲਈ ਬਲੀਦਾਨ ਕੀਤਾ।
38ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ,
ਅਰਥਾਤ ਆਪਣੇ ਪੁੱਤ੍ਰਾਂ ਧੀਆਂ ਦਾ ਲਹੂ ਵਹਾਇਆ,
ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ
ਕੀਤਾ,
ਸੋ ਦੇਸ ਲਹੂ ਨਾਲ ਪਲੀਤ ਹੋਇਆ।।
39ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ,
ਅਤੇ ਆਪਣੀਂ ਕਰਤੱਬੀਂ ਜ਼ਨਾਹਕਾਰ ਠਹਿਰੇ।
40ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ
ਭੜਕ ਉੱਠਿਆ,
ਅਤੇ ਉਹ ਨੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ।
41ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ,
ਭਈ ਉਨ੍ਹਾਂ ਦੇ ਦੁਸ਼ਮਨ ਉਨ੍ਹਾਂ ਉੱਤੇ ਹੁਕਮ ਕਰਨ।
42ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ,
ਅਤੇ ਓਹ ਓਹਨਾਂ ਦੇ ਹੱਥਾਂ ਹੇਠ ਅਧੀਨ ਹੋ ਗਏ।
43ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ,
ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ
ਰਹੇ,
ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ।
44ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ,
ਤਾਂ ਉਹ ਨੇ ਉਨ੍ਹਾਂ ਦੇ ਦੁਖ ਨੂੰ ਵੇਖਿਆ।
45ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ,
ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ।
46ਉਨ੍ਹਾਂ ਨੇ ਬੰਧੂਏ ਬਣਾਉਣ ਵਾਲਿਆਂ ਦੇ ਅੱਗੇ
ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ।।
47ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ!
ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠੇ ਕਰ,
ਭਈ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ,
ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ!
48ਯਹੋਵਾਹ ਇਸਰਾਏਲ ਦਾ ਪਰਮੇਸ਼ੁਰ,
ਆਦ ਤੋਂ ਅੰਤ ਤੀਕ ਮੁਬਾਰਕ ਹੋਵੇ!
ਹੇ ਸਾਰੀ ਪਰਜਾ, ਆਖ "ਆਮੀਨ!"
ਹਲਲੂਯਾਹ!।।
Currently Selected:
ਜ਼ਬੂਰਾਂ ਦੀ ਪੋਥੀ 106: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.