YouVersion Logo
Search Icon

ਯਸਾਯਾਹ 54

54
ਨਵਾਂ ਯਰੂਸ਼ਲਮ
1ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ!
ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ,
ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ!
ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ
ਨਾਲੋਂ ਵੱਧ ਹਨ,
ਯਹੋਵਾਹ ਆਖਦਾ ਹੈ।
2ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ,
ਓਹ ਆਪਣੇ ਵਾਸਾਂ ਦੇ ਪੜਦੇ ਤਾਣਨ,
ਤੂੰ ਸਰਫਾ ਨਾ ਕਰ,
ਆਪਣੀਆਂ ਲਾਸਾਂ ਲੰਬੀਆਂ ਤੇ ਆਪਣਿਆਂ
ਕੀਲੀਆਂ ਨੂੰ ਤਕੜਾ ਕਰ!
3ਤੂੰ ਤਾਂ ਸੱਜੇ ਖੱਬੇ ਫੈਲੇਂਗੀ,
ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ,
ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ।।
4ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ,
ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ,
ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ
ਜਾਵੇਂਗੀ,
ਅਤੇ ਆਪਣੇ ਰੰਡੇਪੇ ਦੀ ਊਜ ਨੂੰ ਫੇਰ ਚੇਤੇ ਨਾ
ਕਰੇਂਗੀ।
5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ,
ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ।
ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ
ਪੁਰਖ ਹੈ,
ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ।
6ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ
ਅਤੇ ਆਤਮਾ ਵਿੱਚ ਸੋਗਣ ਇਸਤ੍ਰੀ ਵਾਂਙੁ ਬੁਲਾਇਆ,
ਜੁਆਨੀ ਦੀ ਪਤਨੀ ਵਾਂਙੁ ਜਦ ਉਹ ਛੱਡੀ ਜਾਂਦੀ,
ਤੇਰਾ ਪਰਮੇਸ਼ੁਰ ਆਖਦਾ ਹੈ।
7ਪਲਕੁ ਲਈ ਹੀ ਮੈਂ ਤੈਨੂੰ ਤਿਆਗਿਆ ਹੈ,
ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ
ਕਰਾਂਗਾ।
8ਕੋਪ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਪਲਕੁ ਲਈ
ਤੈਥੋਂ ਲੁਕਾਇਆ,
ਪਰ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ
ਕਰਾਂਗਾ,
ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ।।
9ਏਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, -
ਜਿਵੇਂ ਮੈਂ ਸੌਂਹ ਖਾਧੀ ਹੈ,
ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ,
ਤਿਵੇਂ ਮੈਂ ਸੌਂਹ ਖਾਧੀ ਹੈ,
ਕਿ ਮੈਂ ਤੇਰੇ ਉੱਤੇ ਕੋਪਵਾਨ ਨਾ ਹੋਵਾਂਗਾ, ਨਾ ਤੈਨੂੰ
ਝਿੜਕਾਂਗਾ।
10ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ,
ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ,
ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ,
ਯਹੋਵਾਹ ਤੇਰਾ ਦਯਾਲੂ ਆਖਦਾ ਹੈ।।
11ਹੇ ਦੁਖਿਆਰੀਏ, ਅਨ੍ਹੇਰੇ ਦੀਏ ਮਾਰੀਏ ਹੋਈਏ,
ਜਿਹ ਨੂੰ ਦਿਲਾਸਾ ਨਹੀਂ ਮਿਲਿਆ,
ਵੇਖ, ਮੈਂ ਤੇਰੇ ਪੱਥਰਾਂ ਨੂੰ ਕੱਜਲ ਵਿੱਚ ਰੱਖਾਂਗਾ,
ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ।
12ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ,
ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ,
ਅਤੇ ਤੇਰੇ ਸਾਰੇ ਧੂੜਕੋਟ ਨੂੰ ਬਹੁ ਮੁੱਲੇ ਪੱਥਰਾਂ ਨਾਲ
ਬਣਾਵਾਂਗਾ।
13ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ,
ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।
14ਤੂੰ ਧਰਮ ਵਿੱਚ ਕਾਇਮ ਰਹੇਂਗੀ,
ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਏਸ ਲਈ ਤੂੰ ਨਾ
ਡਰੀਂ,
ਅਤੇ ਭੈਜਲ ਤੋਂ ਵੀ, ਕਿਉਂ ਜੋ ਉਹ ਤੇਰੇ ਨੇੜੇ ਨਾ
ਆਵੇਗਾ।
15ਵੇਖ, ਓਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ
ਨਹੀਂ,
ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ
ਡਿੱਗੇਗਾ!
16ਵੇਖ, ਮੈਂ ਲੋਹਾਰ ਉਤਪਤ ਕੀਤਾ,
ਜੋ ਕੋਲਿਆਂ ਦੀ ਅੱਗ ਧੌਂਕਦਾ ਹੈ,
ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ,
ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ
ਕੀਤਾ।
17ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ
ਨਿਕੰਮਾ ਹੋਵੇਗਾ,
ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ
ਉੱਠੇ,
ਤੂੰ ਦੋਸ਼ੀ ਠਹਿਰਾਵੇਂਗੀ, -
ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ,
ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ,
ਯਹੋਵਾਹ ਦਾ ਵਾਕ ਹੈ।।

Highlight

Share

Copy

None

Want to have your highlights saved across all your devices? Sign up or sign in