ਯਸਾਯਾਹ 11
11
ਯਹੋਵਾਹ ਦਾ ਸਤ ਜੁੱਗ
1ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ,
ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ
ਦੇਵੇਗਾ।
2ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ,
ਬੁੱਧ ਤੇ ਸਮਝ ਦਾ ਆਤਮਾ,
ਸਲਾਹ ਤੇ ਸਮਰੱਥਾ ਦਾ ਆਤਮਾ,
ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ।
3ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਹੋਵੇਗਾ,
ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ
ਨਿਆਉਂ ਕਰੇਗਾ,
ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫੈਸਲਾ
ਦੇਵੇਗਾ।
4ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ,
ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ
ਦੇਵੇਗਾ,
ਉਹ ਧਰਤੀ ਨੂੰ ਆਪਣੇ ਮੂੰਹ ਤੇ ਡੰਡੇ ਨਾਲ ਮਾਰੇਗਾ,
ਅਤੇ ਆਪਣੇ ਬੁੱਲਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ
ਮਾਰ ਮੁਕਾਵੇਗਾ।
5ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ,
ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।।
6ਬਘਿਆੜ ਲੇਲੇ ਨਾਲ ਰਹੇਗਾ,
ਅਤੇ ਚਿੱਤਾ ਮੇਮਣੇ ਨਾਲ ਬੈਠੇਗਾ,
ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇੱਕਠੇ ਰਹਿਣਗੇ,
ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।
7ਗਾਂ ਤੇ ਰਿੱਛਨੀ ਚਰਨਗੀਆਂ,
ਅਤੇ ਉਨ੍ਹਾਂ ਦੇ ਬੱਚੇ ਇੱਕਠੇ ਬੈਠਣਗੇ,
ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ।
8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ,
ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ
ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।
9ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ
ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ,
ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ
ਹੋਈ ਹੋਵੇਗੀ,
ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।।
10ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,. – ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ
11ਅਤੇ ਓਸ ਦਿਨ ਐਉਂ ਹੋਵੇਗਾ ਕਿ ਪ੍ਰਭੁ ਫੇਰ ਦੋਬਾਰਾ ਆਪਣੀ ਪਰਜਾ ਦੇ ਬਕੀਏ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੋੜਨ ਲਈ ਆਪਣਾ ਹੱਥ ਪਾਵੇਗਾ।।
12ਉਹ ਕੌਮਾਂ ਲਈ ਇੱਕ ਝੰਡਾ ਖੜਾ ਕਰੇਗਾ,
ਅਤੇ ਇਸਰਾਏਲ ਦੇ ਛੁੱਟੜਾਂ ਨੂੰ ਇਕੱਠਾ ਕਰੇਗਾ,
ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ
ਧਰਤੀ ਦੀਆਂ ਚਹੁੰ ਕੂੰਟਾਂ ਤੋਂ ਜਮਾ ਕਰੇਗਾ।
13ਇਫ਼ਰਾਈਮ ਦੀ ਖੁਣਸ ਜਾਂਦੀ ਰਹੇਗੀ,
ਅਤੇ ਯਹੋਵਾਹ ਦੇ ਵੈਰੀ ਕੱਟੇ ਜਾਣਗੇ,
ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ,
ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ।
14ਤਾਂ ਓਹ ਸਮੁੰਦਰ ਵੱਲ ਫਲਿਸਤੀਆਂ ਦੇ ਮੋਢੇ ਤੇ
ਝਪੱਟਾ ਮਾਰਨਗੇ,
ਅਤੇ ਓਹ ਇਕੱਠੇ ਪੂਰਬੀਆਂ ਨੂੰ ਲੁੱਟ ਲੈਣਗੇ,
ਓਹ ਆਪਣਾ ਹੱਥ ਅਦੋਮ ਅਰ ਮੋਆਬ ਉੱਤੇ
ਪਾਉਣਗੇ,
ਅਤੇ ਅੰਮੋਨੀ ਉਨ੍ਹਾਂ ਨੂੰ ਮੰਨਣਗੇ।
15ਯਹੋਵਾਹ ਮਿਸਰ ਦੀ ਸਮੁੰਦਰੀ ਖਾਡੀ ਦਾ ਸੱਤਿਆ
ਨਾਸ ਕਰ ਦੇਵੇਗਾ,
ਉਹ ਆਪਣਾ ਹੱਥ ਦਰਿਆ ਉੱਤੇ ਲੂ ਨਾਲ
ਹਿਲਾਵੇਗਾ,
ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਕਰ
ਦੇਵੇਗਾ,
ਤਾਂ ਉਹ ਓਹਨਾਂ ਨੂੰ ਜੁੱਤੀਆਂ ਸਣੇ ਪਾਰ ਲੰਘਾਵੇਗਾ।
16ਮੇਰੀ ਪਰਜਾ ਦੇ ਬਕੀਏ ਲਈ ਜਿਹੜਾ ਅੱਸ਼ੂਰ ਤੋਂ
ਬਚ ਗਿਆ,
ਇੱਕ ਸੜਕ ਹੋਵੇਗੀ,
ਜਿਵੇਂ ਇਸਰਾਏਲ ਲਈ ਸੀ,
ਜਦ ਓਹ ਮਿਸਰ ਦੇ ਦੋਸੋਂ ਉਤਾਹਾਂ ਆਏ।।
Currently Selected:
ਯਸਾਯਾਹ 11: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.