YouVersion Logo
Search Icon

ਯਸਾਯਾਹ 10

10
ਅੱਸ਼ੂਰ ਦੀ ਚੜ੍ਹਾਈ ਤੇ ਬਰਬਾਦੀ
1ਹਾਇ ਓਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ
ਬਣਾਉਂਦੇ ਹਨ,
ਅਤੇ ਓਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ
ਲਿਖੀ ਜਾਂਦੇ ਹਨ!
2ਭਈ ਓਹ ਗਰੀਬਾਂ ਨੂੰ ਇਨਸਾਫ ਤੋਂ ਮੋੜ ਦੇਣ,
ਅਤੇ ਮੇਰੀ ਪਰਜਾ ਤੇ ਮਸਕੀਨਾਂ ਦਾ ਹੱਕ ਖੋਹ ਲੈਣ,
ਭਈ ਵਿਧਵਾ ਓਹਨਾਂ ਦੀ ਲੁੱਟ ਹੋਣ,
ਅਤੇ ਓਹ ਯਤੀਮਾਂ ਨੂੰ ਸ਼ਿਕਾਰ ਬਣਾਉਣ!
3ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ,
ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ?
ਤੁਸੀਂ ਸਹਾਇਤਾ ਲਈ ਕਿਹ ਦੇ ਕੋਲ ਨੱਠੋਗੇ,
ਅਤੇ ਆਪਣਾ ਮਾਲ ਧਨ ਕਿੱਥੇ ਛੱਡੋਗੇ?
4ਏਹੋ ਈ ਹੈ ਭਈ ਓਹ ਕੈਦੀਆਂ ਦੇ ਹੇਠ ਨਿਉ ਜਾਣ,
ਅਤੇ ਵੱਢਿਆਂ ਹੋਇਆਂ ਦੇ ਹੇਠ ਡਿੱਗ ਪੈਣ।
ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ
ਹਟਿਆ,
ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।।
5ਹਾਇ ਅੱਸ਼ੂਰ – ਮੇਰੇ ਕ੍ਰੋਧ ਦੇ ਡੰਡੇ ਉੱਤੇ!
ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ ਮੇਰਾ
ਗ਼ਜ਼ਬ ਹੈ।
6ਮੈਂ ਉਹ ਨੂੰ ਇੱਕ ਬੇਧਰਮ ਕੌਮ ਉੱਤੇ ਘੱਲਾਂਗਾ,
ਅਤੇ ਆਪਣੇ ਕਹਿਰ ਦੇ ਲੋਕਾਂ ਦੇ ਵਿਰੁੱਧ ਹੁਕਮ
ਦਿਆਂਗਾ,
ਭਈ ਉਹ ਲੁੱਟ ਲੁੱਟੇ ਤੇ ਮਾਲ ਚੁਰਾਵੇ,
ਅਤੇ ਗਲੀਆਂ ਦੇ ਚਿੱਕੜ ਵਾਂਙੁ ਓਹਨਾਂ ਨੂੰ ਮਿੱਧੇ।
7ਪਰ ਐਉਂ ਉਹ ਦੀ ਮਨਸ਼ਾ ਨਹੀਂ,
ਨਾ ਉਹ ਦਾ ਮਨ ਐਉਂ ਸੋਚਦਾ ਹੈ,
ਸਗੋਂ ਉਹ ਦੇ ਮਨ ਵਿੱਚ ਮਲੀਆ ਮੇਟ ਕਰਨਾ,
ਅਤੇ ਬਹੁਤ ਸਾਰੀਆਂ ਕੌਮਾਂ ਨੂੰ ਕੱਟਣਾ ਹੈ।
8ਉਹ ਤਾਂ ਆਖਦਾ ਹੈ,
ਭਲਾ, ਮੇਰੇ ਸਾਰੇ ਸਰਦਾਰ ਰਾਜੇ ਨਹੀਂ?
9ਕੀ ਕਲਨੋ ਕਰਕਮੀਸ਼ ਵਰਗਾ ਨਹੀਂ?
ਕੀ ਹਮਾਥ ਅਰਪਦ ਵਰਗਾ ਨਹੀਂ?
ਕੀ ਸਾਮਰਿਯਾ ਦੰਮਿਸਕ ਵਰਗਾ ਨਹੀਂ?
10ਜਿਵੇਂ ਮੇਰਾ ਹੱਥ ਬੁੱਤਾਂ ਦੀਆਂ ਪਾਤਸ਼ਾਹੀਆਂ ਤੀਕ
ਅੱਪੜਿਆ,
ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ,
ਯਰੂਸ਼ਲਮ ਤੇ ਸਾਮਰਿਯਾ ਦੀਆਂ ਨਾਲੋਂ ਬਹੁਤੀਆਂ
ਸਨ,
11ਜਿਵੇਂ ਮੈਂ ਸਾਮਰਿਯਾ ਅਰ ਉਸ ਦਿਆਂ ਬੁੱਤਾਂ ਨਾਲ
ਕੀਤਾ,
ਤਿਵੇਂ ਮੈਂ ਯਰੂਸ਼ਲਮ ਅਰ ਉਸ ਦੀਆਂ ਮੂਰਤੀਆਂ
ਨਾਲ ਨਾ ਕਰਾਂਗਾ?।।
12ਤਾਂ ਐਉਂ ਹੋਵੇਗਾ ਕਿ ਜਦ ਪ੍ਰਭੁ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਦੇ ਘੁਮੰਡੀ ਦਿਲ ਦੀ ਕਰਨੀ ਦੀ, ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।
13ਉਹ ਤਾਂ ਆਖਦਾ ਹੈ,
ਮੈਂ ਆਪਣੇ ਹੱਥ ਦੇ ਬਲ ਨਾਲ ਏਹ ਕੀਤਾ,
ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ
ਰੱਖਦਾ ਹਾਂ!
ਮੈਂ ਲੋਕਾਂ ਦੀਆਂ ਹੱਦਾਂ ਨੂੰ ਸਰਕਾਇਆ,
ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ ਧਨ ਨੂੰ ਲੁੱਟਿਆ,
ਅਤੇ ਸੂਰਮੇ ਵਾਂਙੁ ਮੈਂ ਬਿਰਾਜਮਾਨਾਂ ਨੂੰ ਹੇਠਾਂ ਲਾਹ
ਦਿੱਤਾ!
14ਮੇਰੇ ਹੱਥ ਨੇ ਲੋਕਾਂ ਦੇ ਮਾਲ ਧਨ ਨੂੰ ਇਉਂ ਲੱਭ
ਲਿਆ ਹੈ ਜਿਵੇਂ ਆਹਲਣੇ ਨੂੰ,
ਅਤੇ ਜਿਵੇਂ ਕੋਈ ਛੱਡੇ ਹੋਏ ਆਂਡੇ ਸਮੇਟਦਾ ਹੈ,
ਤਿਵੇਂ ਮੈਂ ਸਾਰੀ ਧਰਤੀ ਨੂੰ ਸਮੇਟ ਲਿਆ,
ਅਤੇ ਨਾ ਕਿਸੇ ਨੇ ਪਰ ਹਿਲਾਇਆ,
ਅਤੇ ਮੂੰਹ ਖੋਲ੍ਹਿਆ, ਨਾ ਚੀਂ ਚੀਂ ਕੀਤੀ।।
15ਭਲਾ, ਕੁਹਾੜਾ ਆਪਣੇ ਚੁਲਾਉਣ ਵਾਲੇ ਅੱਗੇ
ਆਕੜੇ?
ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ?
ਜਿਵੇਂ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ,
ਜਿਵੇਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ!
16ਏਸ ਲਈ ਪ੍ਰਭੁ, ਸੈਨਾ ਦਾ ਯਹੋਵਾਹ,
ਉਹ ਦੇ ਮੋਟੇ ਤਾਜ਼ੇ ਜੋਧਿਆਂ ਵਿੱਚ ਮੜੱਪਣ ਘੱਲੇਗਾ,
ਅਤੇ ਉਹ ਦੇ ਤੇਜ ਦੇ ਹੇਠ ਅੱਗ ਦੇ ਸਾੜੇ ਵਾਂਙੁ
ਸਾੜ ਬਲੇਗੀ।
17ਇਸਰਾਏਲ ਦੀ ਜੋਤ ਅੱਗ,
ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ,
ਉਹ ਉਸ ਦੇ ਕੰਡੇ ਅਰ ਕੰਡਿਆਲੇ ਇੱਕੋ ਈ ਦਿਨ
ਵਿੱਚ ਸਾੜ ਕੇ ਭਸਮ ਕਰ ਦੇਵੇਗੀ।
18ਉਹ ਉਸ ਦੇ ਬਣ ਅਰ ਉਸ ਦੀ ਫਲਦਾਰ ਭੋਂ ਦੇ
ਪਰਤਾਪ ਨੂੰ,
ਜਾਨ ਅਤੇ ਮਾਸ ਨੂੰ ਮਿਟਾ ਦੇਵੇਗਾ।
ਉਹ ਇਉਂ ਹੋਵੇਗਾ ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ
ਹੈ।
19ਉਹ ਦੇ ਬਣ ਦੇ ਰੁੱਖਾਂ ਦਾ ਬਕੀਆ ਐੱਨਾ ਥੋੜਾ
ਹੋਵੇਗਾ,
ਭਈ ਮੁੰਡਾ ਵੀ ਉਨ੍ਹਾਂ ਨੂੰ ਲਿਖ ਸੱਕੇ।।
20ਓਸ ਦਿਨ ਐਉਂ ਹੋਵੇਗਾ ਕਿ ਇਸਰਾਏਲ ਦਾ ਬਕੀਆ ਅਤੇ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ 21ਇੱਕ ਬਕੀਆ, ਯਾਕੂਬ ਦਾ ਬਕੀਆ, ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਗਾ 22ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਙੁ ਹੋਵੇ, ਉਹ ਦਾ ਇੱਕ ਬਕੀਆ ਹੀ ਮੁੜੇਗਾ। ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਨਾਲ ਹੜ੍ਹੀ ਆਉਂਦੀ ਹੈ 23ਕਿਉਂ ਜੋ ਸੈਨਾਂ ਦਾ ਯਹੋਵਾਹ ਸਾਰੀ ਧਰਤੀ ਦੇ ਵਿਚਕਾਰ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ।।
24ਏਸ ਲਈ ਪ੍ਰਭੁ ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, ਹੇ ਮੇਰੀ ਪਰਜਾ ਸੀਯੋਨ ਦੇ ਵਾਸੀਓ, ਅੱਸ਼ੂਰੀਆਂ ਤੋਂ ਨਾ ਡਰੋ ਜਦ ਓਹ ਡੰਡੇ ਨਾਲ ਮਾਰਨ ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਙੁ ਆਪਣੀ ਲਾਠੀ ਚੁੱਕਣ 25ਕਿਉਂ ਜੋ ਬਹੁਤ ਥੋੜੇ ਚਿਰ ਵਿੱਚ ਮੇਰਾ ਗ਼ਜ਼ਬ ਮੁੱਕ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ 26ਸੈਨਾਂ ਦਾ ਯਹੋਵਾਹ ਉਸ ਉੱਤੇ ਕੋਟਲਾ ਮਾਰੇਗਾ, ਜਿਵੇਂ ਓਰੇਬ ਦੀ ਚਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ ਅਤੇ ਜਿਵੇਂ ਮਿਸਰ ਉੱਤੇ ਚੁੱਕੀ ਉਹ ਉਸ ਨੂੰ ਚੁੱਕੇਗਾ 27ਅਤੇ ਉਸ ਦਿਨ ਐਉਂ ਹੋਵੇਗਾ ਕਿ ਉਹ ਦਾ ਭਾਰ ਤੇਰੇ ਮੋਢਿਆਂ ਤੋਂ ਅਤੇ ਉਹ ਦਾ ਜੂਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੂਲਾ ਚਰਬੀ ਦੇ ਕਾਰਨ ਤੋੜਿਆ ਜਾਵੇਗਾ।।
28ਉਹ ਅੱਯਾਬ ਉੱਤੇ ਆਇਆ,
ਉਹ ਮਿਗਰੋਨ ਵਿੱਚ ਦੀ ਲੰਘ ਗਿਆ,
ਮਿਕਮਾਸ਼ ਵਿੱਚ ਆਪਣਾ ਅਸਬਾਬ ਰੱਖਿਆ ਹੈ!
29ਓਹ ਘਾਟੀ ਦੇ ਪਾਰ ਹੋ ਗਏ,
ਗਬਾ ਉਨ੍ਹਾਂ ਦਾ ਟਿਕਾਣਾ ਹੋਇਆ,
ਰਾਮਾਹ ਕੰਬਦਾ ਹੈ,
ਸ਼ਾਊਲ ਦਾ ਗਿਬਆਹ ਨੱਠ ਤੁਰਿਆ!
30ਹੇ ਗੱਲੀਮ ਦੀਏ ਧੀਏ, ਉੱਚੀ ਦੇ ਕੇ ਚਿੱਲਾ!
ਹੇ ਲੈਸ਼ਾਹ, ਧਿਆਨ ਦੇਹ!
ਹੇ ਅਨਾਥੋਥ,#10:30 ਅਥਵਾ, ਹੇ ਬਿਚਾਰੇ ਅਨਾਥੋਥ । ਉਹ ਨੂੰ ਉੱਤਰ ਦੇਹ!
31ਮਦਮੇਨਾਹ ਭੱਜ ਤੁਰਿਆ,
ਗੇਬੀਮ ਦੇ ਵਾਸੀ ਪਨਾਹ ਭਾਲਦੇ ਹਨ।
32ਅੱਜ ਦੇ ਦਿਨ ਉਹ ਨੋਬ ਉੱਤੇ ਠਹਿਰੇਗਾ,
ਉਹ ਸੀਯੋਨ ਦੇ ਧੀ ਦੇ ਪਰਬਤ ਉੱਤੇ,
ਯਰੂਸ਼ਲਮ ਦੇ ਟਿੱਬੇ ਉੱਤੇ ਆਪਣਾ ਮੁੱਕਾ
ਵਿਖਾਵੇਗਾ!।।
33ਵੇਖੋ, ਪ੍ਰਭੁ ਸੈਨਾਂ ਦਾ ਯਹੋਵਾਹ,
ਭੈ ਨਾਲ ਟਹਿਣੀਆਂ ਨੂੰ ਛਾਂਗੇਗਾ,
ਲੰਮੇ ਕੱਦ ਦੇ ਵੱਢੇ ਜਾਣਗੇ,
ਅਤੇ ਉੱਚੇ ਅੱਝੇ ਕੀਤੇ ਜਾਣਗੇ।
34ਉਹ ਬਣ ਦੀਆਂ ਝੰਗੀਆਂ ਕੁਹਾੜੇ ਨਾਲ ਵੱਡ
ਸੁੱਟੇਗਾ,
ਅਤੇ ਲਬਾਨੋਨ ਤੇਜਵਾਨ ਦੇ ਹੱਥੀਂ ਡਿੱਗ ਪਵੇਗਾ।।

Highlight

Share

Copy

None

Want to have your highlights saved across all your devices? Sign up or sign in