YouVersion Logo
Search Icon

ਹੋਸ਼ੇਆ 1

1
ਹੋਸ਼ੇਆ ਦਾ ਵਿਆਹ
1ਯਹੋਵਾਹ ਦੀ ਬਾਣੀ ਜਿਹੜੀ ਯਹੂਦਾਹ ਦੇ ਪਾਤਸ਼ਾਹਾਂ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਦੇ ਦਿਨਾਂ ਵਿੱਚ ਬਏਰੀ ਦੇ ਪੁੱਤ੍ਰ ਹੋਸ਼ੇਆ ਨੂੰ ਆਈ।।
2ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾਹ, ਆਪਣੇ ਲਈ ਇੱਕ ਜ਼ਾਨੀ ਤੀਵੀਂ ਅਤੇ ਜ਼ਨਾਹ ਦੇ ਬੱਚੇ ਲੈ ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਜ਼ਨਾਹ ਕੀਤਾ ਹੈ 3ਤਾਂ ਉਸ ਨੇ ਜਾਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਉਹ ਗਰਭਵੰਤੀ ਹੋਈ ਅਤੇ ਉਹ ਦੇ ਲਈ ਪੁੱਤ੍ਰ ਜਣੀ 4ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਉਂ ਯਿਜ਼ਰਏਲ ਰੱਖ ਕਿਉਂ ਜੋ ਥੋੜੇ ਚਿਰ ਨੂੰ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੀ ਪਾਤਸ਼ਾਹੀ ਨੂੰ ਮੁਕਾ ਦਿਆਂਗਾ 5ਤਾਂ ਉਸੇ ਦਿਨ ਐਉਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ।।
6ਉਹ ਫੇਰ ਗਰਭਵੰਤੀ ਹੋਈ ਅਤੇ ਇੱਕ ਧੀ ਜਣੀ ਅਤੇ ਉਸ ਨੇ ਉਹ ਨੂੰ ਆਖਿਆ, ਏਸ ਦਾ ਨਾਉਂ "ਲੋ-ਰੁਹਾਮਾਹ" ਰੱਖ, ਕਿਉਂ ਜੋ ਮੈਂ ਫੇਰ ਇਸਰਾਏਲ ਦੇ ਘਰਾਣੇ ਉੱਤੇ ਰਹਮ ਹੋਰ ਨਾ ਕਰਾਂਗਾ, ਨਾ ਓਹਨਾਂ ਨੂੰ ਕਦੇ ਵੀ ਮਾਫ਼ ਕਰਾਂਗਾ 7ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਮ ਕਰਾਂਗਾ ਅਤੇ ਮੈਂ ਓਹਨਾਂ ਨੂੰ ਯਹੋਵਾਹ ਓਹਨਾਂ ਦੇ ਪਰਮੇਸ਼ੁਰ ਦੇ ਰਾਹੀਂ ਬਚਾਵਾਂਗਾ ਪਰ ਮੈ ਓਹਨਾਂ ਨੂੰ ਧਣੁਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆ ਨਾਲ ਯਾ ਸਵਾਰਾਂ ਨਾਲ ਨਾ ਬਚਾਵਾਂਗਾ।।
8ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਦੇ ਪਿੱਛੋਂ ਉਹ ਗਰਭਵੰਤੀ ਹੋਈ ਅਤੇ ਪੁੱਤ੍ਰ ਜਣੀ 9ਤਾਂ ਉਸ ਨੇ ਆਖਿਆ, ਏਹ ਦਾ ਨਾਉਂ "ਲੋ-ਅੰਮੀ" ਰੱਖ ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਨਹੀਂ ਹੋਵਾਂਗਾ।।
10ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਙੁ ਹੋਵੇਗੀ ਜਿਹੜੀ ਮਿਣੀ ਗਿਣੀ ਨਹੀਂ ਜਾ ਸੱਕਦੀ। ਐਉਂ ਹੋਵੇਗਾ ਕਿ ਜਿਸ ਥਾਂ ਓਹਨਾਂ ਨੂੰ ਕਿਹਾ ਗਿਆ ਸੀ, "ਤੁਸੀਂ ਮੇਰੀ ਪਰਜਾ ਨਹੀਂ ਹੋ" ਉੱਥੇ ਓਹਨਾਂ ਨੂੰ ਕਿਹਾ ਜਾਵੇਗਾ, "ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤ੍ਰ ਹੋ" 11ਅਤੇ ਯਹੂਦੀ ਅਤੇ ਇਸਰਾਏਲੀ ਫੇਰ ਇਕੱਠੇ ਹੋਣਗੇ ਅਤੇ ਓਹ ਆਪਣੇ ਲਈ ਇੱਕ ਪਰਮੁਖ ਠਹਿਰਾਉਣਗੇ । ਓਹ ਏਸ ਦੇ ਵਿੱਚੋਂ ਉਤਾਹਾਂ ਜਾਣਗੇ ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ।।

Highlight

Share

Copy

None

Want to have your highlights saved across all your devices? Sign up or sign in

Videos for ਹੋਸ਼ੇਆ 1