ਉਤਪਤ 47
47
ਯੂਸੁਫ਼ ਮਿਸਰੀਆਂ ਦਾ ਬਚਾਉਣ ਵਾਲਾ
1ਯੂਸੁਫ਼ ਗਿਆ ਅਰ ਫ਼ਿਰਊਨ ਨੂੰ ਦੱਸਿਆ ਕਿ ਮੇਰਾ ਪਿਤਾ ਅਰ ਭਰਾ ਅਰ ਉਨ੍ਹਾਂ ਦੇ ਇੱਜੜ ਅਰ ਚੌਣੇ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਕਨਾਨ ਦੇਸ ਤੋਂ ਆ ਗਏ ਹਨ ਅਰ ਵੇਖੋ ਉਹ ਗੋਸ਼ਨ ਦੀ ਧਰਤੀ ਵਿੱਚ ਹਨ 2ਤਾਂ ਓਸ ਆਪਣੇ ਸਭਨਾਂ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁੱਖ ਖੜੇ ਕੀਤੇ 3ਅਤੇ ਫ਼ਿਰਊਨ ਨੇ ਉਸ ਦੇ ਭਰਾਵਾਂ ਨੂੰ ਆਖਿਆ, ਤੁਹਾਡਾ ਕੀ ਕੰਮ ਹੈ? ਤਾਂ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ 4ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਅਸਾਂ ਏਸ ਦੇਸ ਵਿੱਚ ਟਿਕਣ ਨੂੰ ਆਏ ਹਾਂ ਕਿਉਂਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ ਨਾਲੇ ਕਨਾਨ ਦੇਸ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੀ ਧਰਤੀ ਵਿੱਚ ਰਹਿਣ ਦਿਓ 5ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਰ ਤੇਰੇ ਭਰਾ ਤੇਰੇ ਕੋਲ ਆਏ ਹਨ 6ਮਿਸਰ ਦੇਸ ਤੇਰੇ ਅੱਗੇ ਹੈ। ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ ਵਿੱਚ ਵੱਸਣ ਦੇਹ ਅਤੇ ਜੇਕਰ ਤੂੰ ਜਾਣਦਾ ਹੈ ਭਈ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਮੁਖ਼ਤਿਆਰ ਠਹਿਰਾ ਦੇਹ 7ਤਾਂ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਰ ਫ਼ਿਰਊਨ ਦੇ ਸਨਮੁਖ ਖੜਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ 8ਫ਼ਿਰਊਨ ਨੇ ਯਾਕੂਬ ਨੂੰ ਆਖਿਆ ਤੇਰੀ ਉਮਰ ਕਿੱਨਿਆਂ ਵਰਿਹਾਂ ਦੀ ਹੈ? 9ਯਾਕੂਬ ਨੇ ਫ਼ਿਰਊਨ ਨੂੰ ਆਖਿਆ ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਵਰਹੇ ਦੇ ਹਨ। ਮੇਰੇ ਜੀਵਨ ਦੇ ਦਿਨ ਥੋੜੇ ਅਤੇ ਬੁਰੇ ਹੋਏ ਹਨ ਅਤੇ ਮੇਰੇ ਪਿਓ ਦਾਦੇ ਦੇ ਮੁਸਾਫਰੀ ਦੇ ਜੀਵਨ ਦੇ ਵਰਿਹਾਂ ਦੇ ਬਰਾਬਰ ਨਹੀਂ ਹੋਏ ਹਨ 10ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ 11ਯੂਸੁਫ਼ ਨੇ ਆਪਣੇ ਪਿਤਾ ਅਰ ਆਪਣੇ ਭਰਾਵਾਂ ਨੂੰ ਵਸਾਇਆ ਅਰ ਉਨ੍ਹਾਂ ਨੂੰ ਮਿਸਰ ਦੇਸ ਦੀ ਸਭ ਤੋਂ ਚੰਗੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ ਮਿਲਖ ਦਿੱਤੀ 12ਅਰ ਯੂਸੁਫ਼ ਆਪਣੇ ਪਿਤਾ ਅਰ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਸਾਰੇ ਘਰਾਣੇ ਦੀ ਉਨ੍ਹਾਂ ਦੇ ਨਿਆਂਣਿਆਂ ਦੀ ਲੋੜ ਅਨੁਸਾਰ ਰੋਟੀ ਨਾਲ ਪਾਲਣਾ ਕਰਦਾ ਸੀ 13ਸਾਰੀ ਧਰਤੀ ਉੱਤੇ ਰੋਟੀ ਨਹੀਂ ਸੀ ਕਿਉਂਜੋ ਕਾਲ ਡਾਢਾ ਭਾਰੀ ਸੀ ਅਰ ਮਿਸਰ ਦੇਸ ਅਰ ਕਨਾਨ ਦੇਸ ਕਾਲ ਦੇ ਕਾਰਨ ਹੁੱਸ ਗਏ ਸਨ 14ਯੂਸੁਫ਼ ਨੇ ਸਾਰੀ ਚਾਂਦੀ ਜਿਹੜੀ ਮਿਸਰ ਦੇ ਦੇਸ ਵਿੱਚੋਂ ਅਰ ਕਨਾਨ ਦੇ ਦੇਸ ਵਿੱਚੋਂ ਅੰਨ ਵਿਹਾਜਣ ਦੇ ਬਦਲੇ ਲੱਭੀ ਇਕੱਠੀ ਕਰ ਲਈ ਅਰ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ 15ਜਦ ਮਿਸਰ ਦੇਸ ਅਰ ਕਨਾਨ ਦੇਸ ਦੀ ਚਾਂਦੀ ਖਰਚ ਹੋ ਗਈ ਤਾਂ ਸਾਰੇ ਮਿਸਰੀ ਏਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ 16ਤਾਂ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਰ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਡੰਗਰਾਂ ਦੇ ਬਦਲੇ ਅੰਨ ਦਿਆਂਗਾ 17ਤਾਂ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ ਅਤੇ ਡੰਗਰਾਂ ਅਤੇ ਇੱਜੜਾਂ ਅਤੇ ਖੋਤਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਵਰਹੇ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ 18ਜਦ ਉਹ ਵਰਹਾ ਬੀਤ ਗਿਆ ਤਾਂ ਦੂਜੇ ਵਰਹੇ ਓਹ ਉਹ ਦੇ ਕੋਲ ਫੇਰ ਆਏ ਅਰ ਉਸ ਨੂੰ ਆਖਿਆ, ਅਸੀਂ ਆਪਣੇ ਸਵਾਮੀ ਤੋਂ ਲੁਕਾ ਨਹੀਂ ਸੱਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਰ ਮਾਲ ਡੰਗਰ ਵੀ ਸਾਡੇ ਸਵਾਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸਵਾਮੀ ਦੇ ਅੱਗੇ ਸਾਡੇ ਸਰੀਰਾਂ ਅਰ ਜ਼ਮੀਨ ਤੋਂ ਬਿਨਾ ਹੋਰ ਕੁਝ ਬਾਕੀ ਨਹੀਂ ਰਿਹਾ 19ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਰ ਸਾਡੀ ਜ਼ਮੀਨ ਵੀ। ਸਾਨੂੰ ਅਰ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਣੇ ਫ਼ਿਰਊਨ ਦੇ ਦਾਸ ਹੋਵਾਂਗੇ ਪਰ ਸਾਨੂੰ ਬੀ ਦਿਓ ਜੋ ਅਸੀਂ ਜੀਵੀਏ ਅਰ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ 20ਤਾਂ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ ਕਿਉਂਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਏਸ ਕਰਕੇ ਵੇਚ ਦਿੱਤੇ ਭਈ ਕਾਲ ਨੇ ਉਨ੍ਹਾਂ ਨੂੰ ਡਾਢਾ ਜਿੱਚ ਕੀਤਾ ਸੀ ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ 21ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੀਕ ਨਗਰਾਂ ਵਿੱਚ ਇੱਕਠਾ ਕੀਤਾ 22ਕੇਵਲ ਪੁਜਾਰੀਆਂ ਦੀ ਜ਼ਮੀਨ ਮੁੱਲ ਨਾ ਲਈ ਕਿਉਂਜੋ ਪੁਜਾਰੀਆਂ ਨੂੰ ਫ਼ਿਰਊਨ ਵੱਲੋਂ ਸ਼ਾਹੀ ਰਸਤ ਮਿਲਦੀ ਸੀ ਅਰ ਉਨ੍ਹਾਂ ਨੇ ਆਪਣੀ ਸ਼ਾਹੀ ਰਸਤ ਵਿੱਚੋਂ ਜੋ ਫ਼ਿਰਊਨ ਨੇ ਉਨ੍ਹਾਂ ਨੂੰ ਦਿੱਤੀ ਹੋਈ ਸੀ ਖਾਧਾ ਏਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ 23ਤਾਂ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਰ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਲਈ ਫ਼ਿਰਊਨ ਲਈ ਮੁੱਲ ਲੈ ਲਿਆ ਹੈ 24ਵੇਖੋ ਬੀ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਰ ਐਉਂ ਹੋਵੇਗਾ ਕਿ ਫਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਤੁਹਾਡੇ ਚਾਰ ਹਿੱਸੇ ਖੇਤ ਦੇ ਬੀ ਲਈ ਅਰ ਤੁਹਾਡੇ ਖਾਣ ਲਈ ਅਰ ਤੁਹਾਡੇ ਘਰਾਣੇ ਅਰ ਤੁਹਾਡੇ ਨਿਆਣਿਆਂ ਦੇ ਖਾਣ ਲਈ ਹੋਣਗੇ 25ਉਨ੍ਹਾਂ ਆਖਿਆ, ਤੁਸਾਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਦਯਾ ਦੀ ਨਿਗਾਹ ਹੋਵੇ ਤਾਂ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ 26ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੀਕ ਹੈ ਠਹਿਰਾਇਆ ਭਈ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਕੇਵਲ ਪੁਜਾਰੀਆਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ 27ਤਾਂ ਇਸਰਾਏਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਨ ਦੀ ਧਰਤੀ ਵਿੱਚ ਰਹੇ ਅਰ ਉਨ੍ਹਾਂ ਨੇ ਉੱਥੇ ਮਿਲਖ ਪਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਰ ਵਧੇ 28ਅਰ ਯਾਕੂਬ ਮਿਸਰ ਦੇ ਦੇਸ ਵਿੱਚ ਸਤਾਰਾਂ ਵਰਹੇ ਜੀਵਿਆ ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਵਰਿਹਾਂ ਦੀ ਹੋਈ 29ਤਾਂ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਸੋ ਉਸ ਆਪਣੇ ਪੁੱਤ੍ਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਰ ਕਿਰਪਾ ਅਰ ਸਚਿਆਈ ਨਾਲ ਮੇਰੇ ਸੰਗ ਵਰਤੀਂ 30ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਂਵਾ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਂਵੀ ਅਰ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਉਸ ਆਖਿਆ, ਮੈਂ ਤੇਰੇ ਆਖਣ ਦੇ ਅਨੁਸਾਰ ਕਰਾਂਗਾ 31ਅਤੇ ਉਸ ਨੇ ਆਖਿਆ, ਮੇਰੇ ਨਾਲ ਸੌਂਹ ਖਾਹ ਤਾਂ ਉਸ ਨੇ ਉਸ ਦੇ ਨਾਲ ਸੌਂਹ ਖਾਧੀ ਅਤੇ ਇਸਰਾਏਲ ਆਪਣੇ ਮੰਜੇ ਦੇ ਸਰਹਾਣੇ ਉੱਤੇ ਨਿਉਂ ਗਿਆ।।
Currently Selected:
ਉਤਪਤ 47: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.