YouVersion Logo
Search Icon

ਗਲਾਤੀਆਂ ਨੂੰ 5

5
ਸਰੀਰ ਅਤੇ ਆਤਮਾ
1ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਪੋ।।
2ਵੇਖੋ, ਮੈਂ ਪੌਲੁਸ ਤੁਹਾਨੂੰ ਆਖਦਾ ਹਾਂ ਭਈ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁਝ ਲਾਭ ਨਾ ਹੋਵੇਗਾ 3ਸਗੋਂ ਮੈਂ ਹਰੇਕ ਮਨੁੱਖ ਉੱਤੇ ਜਿਹੜਾ ਸੁੰਨਤ ਕਰਾਉਂਦਾ ਹੈ ਫੇਰ ਸਾਖੀ ਭਰਦਾ ਹਾਂ ਜੋ ਉਹ ਸਾਰੀ ਸ਼ਰਾ ਨੂੰ ਪੂਰਿਆਂ ਕਰਨ ਦਾ ਕਰਜਾਈ ਹੈ 4ਤੁਸੀਂ ਜੋ ਸ਼ਰਾ ਨਾਲ ਧਰਮੀ ਬਣਨਾ ਚਾਹੁੰਦੇ ਹੋ ਸੋ ਮਸੀਹ ਤੋਂ ਅੱਡ ਹੋ ਗਏ ਹੋ। ਤੁਸੀਂ ਕਿਰਪਾ ਤੋਂ ਡਿੱਗ ਗਏ ਹੋ 5ਅਸੀਂ ਤਾਂ ਆਤਮਾ ਦੇ ਕਾਰਨ ਨਿਹਚਾ ਨਾਲ ਧਰਮ ਦੀ ਆਸ ਦੀ ਉਡੀਕ ਕਰਦੇ ਹਾਂ 6ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਤੋਂ ਕੁਝ ਬਣਦਾ ਹੈ ਸਗੋਂ ਨਿਹਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ 7ਤੁਸੀਂ ਤਾਂ ਚੰਗੀ ਤਰਾਂ ਦੌੜਦੇ ਸਾਓ। ਕਿਹ ਨੇ ਤੁਹਾਨੂੰ ਡੱਕ ਦਿੱਤਾ ਭਈ ਤੁਸੀਂ ਸਚਿਆਈ ਨੂੰ ਨਾ ਮੰਨੋ? 8ਇਹ ਖਚਰ ਵਿਦਿਆ ਤੁਹਾਡੇ ਸੱਦਣ ਵਾਲੇ ਦੀ ਵੱਲੋ ਨਹੀਂ 9ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ 10ਮੈਨੂੰ ਪ੍ਰਭੁ ਵਿੱਚ ਤੁਹਾਡੀ ਵੱਲੋਂ ਭਰੋਸਾ ਹੈ ਜੋ ਤੁਸੀਂ ਹੋਰ ਖਿਆਲ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਘਬਰਾਉਂਦਾ ਹੈ ਉਹ ਭਾਵੇਂ ਕੋਈ ਹੋਵੇ ਆਪਣੀ ਸਜ਼ਾ ਭੋਗੇਗਾ! 11ਪਰ ਹੇ ਭਰਾਵੋ, ਜੇ ਮੈਂ ਹੁਣ ਤੀਕੁਰ ਸੁੰਨਤ ਦੀ ਮਨਾਦੀ ਕਰਦਾ ਹਾਂ ਤਾਂ ਹੁਣ ਤੀਕ ਸਤਾਇਆ ਕਿਉਂ ਜਾਂਦਾ? ਤਦ ਸਲੀਬ ਦੀ ਠੋਕਰ ਤਾਂ ਰਹੀ ਨਾ 12ਕਾਸ਼ ਕਿ ਓਹ ਜਿਹੜੇ ਤੁਹਾਨੂੰ ਭਰਮਾਉਂਦੇ ਹਨ ਆਪਣੇ ਲਿੰਗ ਵੱਢ ਲੈਂਦੇ!।। 13ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਸਾਓ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਔਸਰ ਜਾਣ ਕੇ ਨਾ ਵਰਤੋਂ ਸਗੋਂ ਪ੍ਰੇਮ ਦੇ ਰਾਹੀਂ ਇੱਕ ਦੂਏ ਦੀ ਟਹਿਲ ਸੇਵਾ ਕਰੋ 14ਕਿਉਂ ਜੋ ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ 15ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਖਾਓ ਤਾਂ ਵੇਖਣਾ ਭਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ!।।
16ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ 17ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਕਿਉਂ ਜੋ ਏਹ ਇੱਕ ਦੂਏ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਸੋ ਨਾ ਕਰੋ 18ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰਾ ਦੇ ਮਤਹਿਤ ਨਹੀਂ ਹੋ 19ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਇਹ ਹਨ - ਹਰਾਮਕਾਰੀ, ਗੰਦ ਮੰਦ, ਲੁੱਚਪੁਣਾ 20ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ 21ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ। ਏਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ 22ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ 23ਨਰਮਾਈ, ਸੰਜਮ। ਇਹੋ ਜੇਹਿਆਂ ਗੱਲਾਂ ਦੇ ਵਿਰੁਧ ਕੋਈ ਸ਼ਰਾ ਨਹੀਂ ਹੈ 24ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਂ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ੍ਹ ਦਿੱਤਾ।।
25ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ 26ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਜੇ ਨਾਲ ਖਾਰ ਕਰੀਏ।।

Highlight

Share

Copy

None

Want to have your highlights saved across all your devices? Sign up or sign in