ਗਲਾਤੀਆਂ ਨੂੰ 4
4
ਪੁਰਾਣੇ ਨੇਮ ਦੀ ਗੁਲਾਮੀ ਤੋਂ ਨਵੇਂ ਨੇਮ ਦੀ ਅਜ਼ਾਦੀ
1ਹੁਣ ਮੈਂ ਆਖਦਾ ਹਾਂ ਭਈ ਅਧਕਾਰੀ ਜਿਨ੍ਹਾਂ ਚਿਰ ਬਾਲਕ ਹੈ ਉਸ ਵਿੱਚ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ 2ਪਰ ਉਸ ਮਿਆਦ ਤੀਕ ਜੋ ਪਿਤਾ ਨੇ ਪਹਿਲਾਂ ਠਹਿਰਾਈ ਹੈ ਸਰਬਰਾਹਾਂ ਅਤੇ ਮੁਖਤਿਆਰਾਂ ਦੇ ਮਤਹਿਤ ਹੈ 3ਤਿਵੇਂ ਅਸੀਂ ਵੀ ਜਦ ਬਾਲਕ ਸਾਂ ਤਦ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ 4ਪਰ ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਾ ਦੇ ਮਤਹਿਤ ਜੰਮਿਆ 5ਇਸ ਲਈ ਜੋ ਮੁੱਲ ਦੇ ਕੇ ਓਹਨਾਂ ਨੂੰ ਜਿਹੜੇ ਸ਼ਰਾ ਦੇ ਮਤਹਿਤ ਹਨ ਛੁਡਾਵੇ ਭਈ ਲੇਪਾਲਕ ਪੁੱਤ੍ਰ ਹੋਣ ਦੀ ਪਦਵੀ ਸਾਨੂੰ ਪਰਾਪਤ ਹੋਵੇ 6ਅਤੇ ਤੁਸੀਂ ਜੋ ਪੁੱਤ੍ਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਘੱਲ ਦਿੱਤਾ ਜਿਹੜਾ “ਅੱਬਾ” ਅਰਥਾਤ “ਹੇ ਪਿਤਾ” ਪੁਕਾਰਦਾ ਹੈ 7ਸੋ ਤੂੰ ਅਗਾਹਾਂ ਨੂੰ ਗੁਲਾਮ ਨਹੀਂ ਸਗੋਂ ਪੁੱਤ੍ਰ ਹੈਂ ਅਤੇ ਜੇ ਪੁੱਤ੍ਰ ਹੈਂ ਤਾਂ ਪਰਮੇਸ਼ੁਰ ਦੇ ਰਾਹੀਂ ਅਧਕਾਰੀ ਵੀ ਹੈਂ।।
8ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਜੋ ਸਾਓ ਤੁਸੀਂ ਓਹਨਾਂ ਦੇ ਬੰਧਨ ਵਿੱਚ ਸਾਓ ਜਿਹੜੇ ਅਸਲ ਵਿੱਚ ਇਸ਼ੁਰ ਨਹੀਂ ਸਨ 9ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿੱਕੁਰ ਤੁਸੀਂ ਫੇਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓ ਆਇਆ ਚਾਹੁੰਦੇ ਹੋ? 10ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਹਾਂ ਨੂੰ ਮੰਨਦੇ ਹੋ ! 11ਤੁਹਾਡੇ ਲਈ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ।।
12ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ। ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ, 13ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਮਾਂਦਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ ਖਬਰੀ ਸੁਣਾਈ 14ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸਾਂ ਤੁੱਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਨਿਆਈਂ ਸਗੋਂ ਮਸੀਹ ਯਿਸੂ ਦੀ ਨਿਆਈਂ ਕਬੂਲ ਕੀਤਾ 15ਸੋ ਹੁਣ ਤੁਹਾਡਾ ਧੰਨਵਾਦ ਕਿੱਥੇ ਗਿਆ? ਕਿਉਂ ਜੋ ਮੈਂ ਤੁਹਾਡੇ ਲਈ ਸਾਖੀ ਭਰਦਾ ਹਾਂ ਭਈ ਜੇ ਹੋ ਸੱਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ ! 16ਫੇਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ? 17ਉਹ ਤੁਹਾਨੂੰ ਫੁਸਲਾਉਂਦੇ ਤਾਂ ਬਹੁਤ ਹਨ ਪਰ ਭਲੀ ਨੀਤ ਨਾਲ ਨਹੀਂ ਸਗੋਂ ਓਹ ਤੁਹਾਨੂੰ ਛੇਕਿਆ ਚਾਹੁੰਦੇ ਹਨ ਭਈ ਤੁਸੀਂ ਵੀ ਓਹਨਾਂ ਨੂੰ ਫੁਸਲਾਓ 18ਪਰ ਭਲਾ ਇਹ ਹੈ ਜੋ ਭਲੀ ਗੱਲੇ ਸਦਾ ਤੁਹਾਨੂੰ ਫੁਸਲਾਉਣ ਅਤੇ ਨਾ ਕੇਵਲ ਓਸ ਵੇਲੇ ਜਾਂ ਮੈਂ ਤੁਹਾਡੇ ਕੋਲ ਹੋਵਾਂ 19ਹੇ ਮੇਰੇ ਬੱਚਿਓ, ਜਿੰਨਾ ਚਿਰ ਤੁਹਾਡੇ ਵਿੱਚ ਮਸੀਹ ਸੂਰਤ ਨਾ ਫੜ ਲੈ ਮੈਨੂੰ ਤੁਹਾਡੇ ਲਈ ਫੇਰ ਪੀੜਾਂ ਲੱਗੀਆਂ ਹੋਈਆਂ ਹਨ 20ਅਤੇ ਮੈਂ ਚਾਹੁੰਦਾ ਸਾਂ ਜੋ ਹੁਣ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰਾਂ ਬੋਲਦਾ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ।।
21ਤੁਸੀਂ ਜੋ ਸ਼ਰਾ ਦੇ ਮਤਹਿਤ ਹੋਣਾ ਚਾਹੁੰਦੇ ਹੋ ਮੈਨੂੰ ਦੱਸੋਂ, ਭਲਾ, ਤੁਸੀਂ ਸ਼ਰਾ ਨੂੰ ਨਹੀਂ ਸੁਣਦੇ? 22ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤ੍ਰ ਹੋਏ, ਇੱਕ ਗੋੱਲੀ ਤੋਂ ਅਤੇ ਦੂਜਾ ਅਜ਼ਾਦ ਤੋਂ 23ਪਰ ਜਿਹੜਾ ਗੋੱਲੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ 24ਏਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਜੋ ਏਹ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜੋਂ ਹੈ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ 25ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦੀ ਯਰੂਸ਼ਲਮ ਉਹ ਦਾ ਜਵਾਬ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ 26ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ 27ਕਿਉਂ ਜੋ ਲਿਖਿਆ ਹੋਇਆ ਹੈ -
ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ !
ਖੁਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਹ ਨੂੰ ਪੀੜਾਂ
ਨਹੀਂ ਲੱਗੀਆਂ!
ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।।
28ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਙੁ ਬਚਨ ਦੀ ਸੰਤਾਨ ਹਾਂ 29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ ਹੁੰਦਾ ਹੈ 30ਪਰ ਧਰਮ ਪੁਸਤਕ ਕੀ ਆਖਦਾ ਹੈ? ਗੋੱਲੀ ਅਤੇ ਉਸ ਦੇ ਪੁਤ੍ਰ ਨੂੰ ਕੱਢ ਦੇਹ ਕਿਉਂ ਜੋ ਗੋੱਲੀ ਦਾ ਪੁੱਤ੍ਰ ਅਜ਼ਾਦ ਦੇ ਪੁੱਤ੍ਰ ਦੇ ਨਾਲ ਅਧਕਾਰੀ ਨਹੀਂ ਹੋਵੇਗਾ 31ਇਸ ਲਈ, ਹੇ ਭਰਾਵੋ, ਅਸੀਂ ਗੋੱਲੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ।।
Currently Selected:
ਗਲਾਤੀਆਂ ਨੂੰ 4: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Free Reading Plans and Devotionals related to ਗਲਾਤੀਆਂ ਨੂੰ 4

Walk Through The Bible 365 - June

Letters of Paul: 30-Day Reading Plan

Free For All: Galatians
