YouVersion Logo
Search Icon

ਰਸੂਲਾਂ ਦੇ ਕਰਤੱਬ 4

4
ਦਲੇਰੀ ਲਈ ਕਲੀਸਿਯਾ ਦੀ ਬੇਨਤੀ
1ਜਾਂ ਓਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਓਹਨਾਂ ਉੱਤੇ ਚੜ੍ਹ ਆਏ 2ਕਿਉਂ ਜੋ ਉਹ ਇਸ ਗੱਲ ਤੋਂ ਚਿੜ ਗਏ ਭਈ ਓਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ 3ਅਤੇ ਓਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕੁਰ ਹਵਾਲਾਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ 4ਪਰ ਉਨ੍ਹਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।।
5ਦੂਜੇ ਦਿਨ ਇਉਂ ਹੋਇਆ ਕਿ ਉਨ੍ਹਾਂ ਨੇ ਸਰਦਾਰ ਅਤੇ ਬਜ਼ੁਰਗ ਅਤੇ ਗ੍ਰੰਥੀ ਯਰੂਸ਼ਲਮ ਵਿੱਚ ਇੱਕਠੇ ਹੋਏ 6ਅਰ ਸਰਦਾਰ ਜਾਜਕ ਅੰਨਾਸ ਉੱਤੇ ਸੀ ਨਾਲੇ ਕਯਾਫ਼ਾ ਅਰ ਯੂਹੰਨਾ ਅਰ ਸਿਕੰਦਰ ਅਤੇ ਜਿੰਨੇ ਸਰਦਾਰ ਦੇ ਸਾਕ ਨਾਤੇ ਦੇ ਸਨ 7ਤਾਂ ਓਹਨਾਂ ਨੂੰ ਵਿਚਾਲੇ ਖੜਾ ਕਰ ਕੇ ਪੁੱਛਿਆ, ਤੁਸਾਂ ਕਿਹੜੀ ਸ਼ਕਤੀ ਯਾ ਕਿਹੜੇ ਨਾਮ ਨਾਲ ਇਹ ਕੀਤਾ? 8ਤਦੋਂ ਪਤਰਸ ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਸਰਦਾਰੋ ਅਤੇ ਬਜ਼ੁਰਗੋ 9ਜੇ ਅੱਜ ਸਾਥੋ ਇਸ ਭਲੇ ਕੰਮ ਦੇ ਵਿਖੇ ਪੁੱਛੀਦਾ ਹੈ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਭਈ ਉਹ ਕਿੱਕਰ ਚੰਗਾ ਕੀਤਾ ਗਿਆ ਹੈ 10ਤਾਂ ਤੁਸਾਂ ਸਭਨਾਂ ਨੂੰ ਅਤੇ ਇਸਰਾਏਲ ਦਿਆਂ ਸਾਰਿਆਂ ਲੋਕਾਂ ਨੂੰ ਮਲੂਮ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਹ ਨੂੰ ਤੁਸਾਂ ਸਲੀਬ ਉੱਤੇ ਚੜ੍ਹਾਇਆ ਅਤੇ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਉੱਸੇ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ 11ਇਹ ਉਹ ਪੱਥਰ ਹੈ ਜਿਹ ਨੂੰ ਤੁਸਾਂ ਰਾਜਾਂ ਨੇ ਰੱਦਿਆ ਜਿਹੜਾ ਖੂੰਜੇ ਦਾ ਸਿਰਾ ਹੋ ਗਿਆ 12ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।।
13ਜਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਜੋ ਉਹ ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ ਤਾਂ ਅਚਰਜ ਮੰਨਿਆ। ਫੇਰ ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ 14ਅਤੇ ਉਹ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਓਹਨਾਂ ਦੇ ਨਾਲ ਖੜਾ ਵੇਖ ਕੇ ਇਹ ਦੇ ਵਿਰੁੱਧ ਕੁਝ ਨਾ ਕਹਿ ਸੱਕੇ 15ਪਰ ਓਹਨਾਂ ਨੂੰ ਸਭਾ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਮਤਾ ਪਕਾਉਣ ਲੱਗੇ 16ਅਤੇ ਕਿਹਾ ਭਈ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਹ ਜੋ ਓਹਨਾਂ ਤੋਂ ਇੱਕ ਪਰਤੱਖ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸੱਕਦੇ 17ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਏ, ਆਓ ਅਸੀਂ ਓਹਨਾਂ ਨੂੰ ਦਬਕਾਈਏ ਜੋ ਓਹ ਐਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ 18ਤਦ ਓਹਨਾਂ ਨੂੰ ਸੱਦ ਕੇ ਤਗੀਦ ਕੀਤੀ ਭਈ ਕਦੇ ਯਿਸੂ ਦੇ ਨਾਮ ਉੱਤੇ ਨਾ ਕੂਣਾ ਨਾ ਸਿੱਖਿਆ ਦੇਣੀ 19ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਪਰਮੇਸ਼ੁਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ? ਤੁਸੀਂ ਆਪੇ ਫ਼ੈਸਲਾ ਕਰੋ 20ਕਿਉਂਕਿ ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ 21ਤਦ ਉਨ੍ਹਾਂ ਨੇ ਓਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ ਕਿਉਂਕਿ ਲੋਕਾਂ ਦੇ ਕਾਰਨ ਓਹਨਾਂ ਉੱਤੇ ਡੰਨ ਲਾਉਣ ਦਾ ਕੋਈ ਰਾਹ ਨਾ ਵੇਖਿਆ ਇਸ ਲਈ ਕਿ ਜੋ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ 22ਕਿਉਂ ਜੋ ਉਹ ਮਨੁੱਖ ਜਿਹ ਦੇ ਉੱਤੇ ਇਹ ਚੰਗਾ ਹੋਣ ਦਾ ਨਿਸ਼ਾਨ ਕੀਤਾ ਗਿਆ ਚਾਹਲੀਆਂ ਵਰਿਹਾਂ ਤੋਂ ਉੱਤੇ ਦਾ ਸੀ।।
23ਤਦ ਓਹ ਛੁੱਟ ਕੇ ਆਪਣੇ ਸਾਥੀਆਂ ਕੋਲ ਆਏ ਅਰ ਜੋ ਕੁਝ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਓਹਨਾਂ ਨੂੰ ਆਖਿਆ ਸੀ ਸੁਣਾ ਦਿੱਤਾ 24ਜਦ ਉਨ੍ਹਾਂ ਨੇ ਇਹ ਸੁਣਿਆ ਤਦ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਮਾਲਕ ਤੂੰਏਂ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ 25ਤੈਂ ਪਵਿੱਤ੍ਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖਿਆ, #ਜ਼. 2:1,2-
ਕੌਮਾਂ ਕਾਹ ਨੂੰ ਡੰਡ ਪਾਈ ਹੈ,
ਅਤੇ ਉੱਮਤਾ ਨੇ ਵਿਅਰਥ ਸੋਚਾਂ ਕਿਉਂ ਕੀਤੀਆਂ
ਹਨ?
26ਧਰਤੀ ਦੇ ਰਾਜੇ ਉੱਠ ਖੜੇ ਹੋਏ,
ਅਤੇ ਹਾਕਮ ਇਕੱਠੇ ਹੋਏ, ਪ੍ਰਭੁ ਅਰ ਉਹ ਦੇ ਮਸੀਹ ਦੇ ਵਿਰੁੱਧ।।
27ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਵਿਰੁੱਧ ਜਿਹ ਨੂੰ ਤੈਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਸਣੇ ਇਕੱਠੇ ਹੋਏ 28ਇਸ ਲਈ ਕਿ ਜੋ ਕੁਝ ਤੇਰੇ ਹੱਥ ਅਤੇ ਤੇਰੀ ਮੱਤ ਨੇ ਅਗੇਤਾ ਠਹਿਰਾ ਰੱਖਿਆ ਸੀ ਭਈ ਹੋਵੇ, ਸੋਈ ਕਰਨ 29ਅਤੇ ਹੁਣ ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ 30ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇਂ ਅਤੇ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਭੇ ਪਰਗਟ ਹੋਣ 31ਜਦ ਓਹ ਬੇਨਤੀ ਕਰ ਹਟੇ ਤਾਂ ਉਹ ਥਾਂ ਜਿੱਥੇ ਓਹ ਇਕੱਠੇ ਹੋਏ ਸਨ ਹਿੱਲ ਗਿਆ ਅਤੇ ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।।
32ਨਿਹਚਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਰ ਕਿਸੇ ਨੇ ਆਪਣੇ ਮਾਲ ਵਿੱਚੋਂ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਓਹ ਸਾਰੀਆਂ ਵਸਤਾਂ ਵਿੱਚ ਭਾਈ ਵਾਲ ਸਨ 33ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੁ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਸਨ ਅਰ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ 34ਉਨ੍ਹਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ ਇਸ ਲਈ ਕਿ ਜਿਹੜੇ ਜਮੀਨਾਂ ਅਤੇ ਘਰਾਂ ਦੇ ਮਾਲਕ ਸਨ ਓਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ 35ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।।
36ਯੂਸੁਫ਼ ਜਿਹ ਦਾ ਰਸੂਲਾਂ ਨੇ ਬਰਨਾਬਾਸ ਅਰਥਾਤ ਉਪਦੇਸ਼ ਦਾ ਪੁੱਤ੍ਰ ਨਾਉਂ ਧਰਿਆ ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕੁਪਰੁਸੀ ਸੀ 37ਉਹ ਦੇ ਕੋਲ ਕੁਝ ਜਮੀਨ ਸੀ ਸੋ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ।।

Highlight

Share

Copy

None

Want to have your highlights saved across all your devices? Sign up or sign in