ਰਸੂਲਾਂ ਦੇ ਕਰਤੱਬ 28
28
ਪੌਲੁਸ ਰੋਮ ਵਿੱਚ
1ਜਾਂ ਅਸੀਂ ਬਚ ਨਿੱਕਲੇ ਤਾਂ ਅਸਾਂ ਮਲੂਮ ਕੀਤਾ ਜੋ ਏਸ ਟਾਪੂ ਦਾ ਨਾਉਂ ਮਾਲਟਾ ਹੈ 2ਉੱਥੋਂ ਦੇ ਓਪਰੇ ਲੋਕਾਂ ਨੇ ਸਾਡੇ ਨਾਲ ਵੱਡਾ ਭਾਰਾ ਸਲੂਕ ਕੀਤਾ ਕਿ ਉਨ੍ਹਾਂ ਉਸ ਵੇਲੇ ਮੀਂਹ ਦੀ ਝੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾਂ ਸਭਨਾਂ ਨੂੰ ਕੋਲ ਬੁਲਾ ਲਿਆ 3ਅਤੇ ਜਾਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਉੱਤੇ ਪਾਈਆਂ ਤਾਂ ਇੱਕ ਸੱਪ ਸੇਕ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ 4ਤਾਂ ਓਹ ਓਪਰੇ ਲੋਕ ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ ਭਈ ਠੀਕ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰੋਂ ਬਚ ਨਿੱਕਲਿਆ ਪਰ ਨਿਆਉਂ ਇਹ ਨੂੰ ਜੀਉਂਦਾ ਨਹੀਂ ਛੱਡਦਾ! 5ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ 6ਪਰ ਓਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇ ਯਾ ਅਚਾਣਕ ਮਰ ਕੇ ਡਿੱਗ ਪਏ ਪਰ ਜਾਂ ਉਨ੍ਹਾਂ ਬਹੁਤ ਚਿਰ ਤਾਈਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ ਤਾਂ ਉਨ੍ਹਾਂ ਨੂੰ ਹੋਰ ਸੋਚ ਆਈ ਅਤੇ ਕਹਿਣ ਲੱਗੇ ਭਈ ਇਹ ਤਾਂ ਕੋਈ ਦਿਉਤਾ ਹੈ!।। 7ਉਸ ਥਾਂ ਦੇ ਨੇੜੇ ਪੁਬਲਿਯੁਸ ਨਾਮੇ ਉਸ ਟਾਪੂ ਦੇ ਸਰਦਾਰ ਦੀ ਮਿਲਖ ਸੀ । ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਵੱਡੇ ਪ੍ਰੇਮ ਨਾਲ ਤਿੰਨਾਂ ਦਿਨ ਤਾਈਂ ਸਾਡਾ ਆਦਰ ਭਾਉ ਕੀਤਾ 8ਤਾਂ ਐਉਂ ਹੋਇਆ ਜੋ ਪੁਬਲਿਯੁਸ ਦਾ ਪਿਉ ਤਾਪ ਅਤੇ ਮਰੋੜਾਂ ਨਾਲ ਮਾਂਦਾ ਪਿਆ ਹੋਇਆ ਸੀ ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤਾ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ 9ਏਸ ਗੱਲੇ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ 10ਤਾਂ ਉਨ੍ਹਾਂ ਨੇ ਸਾਡਾ ਵੱਡਾ ਆਦਰ ਕੀਤਾ ਅਤੇ ਜਾਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ।।
11ਤਿੰਨਾਂ ਮਹੀਨਿਆਂ ਦੇ ਪਿੱਛੇ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਪਤਾ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ 12ਅਤੇ ਸੈਰਾਕੂਸ ਵਿੱਚ ਉਤਰ ਕੇ ਤਿੰਨ ਦਿਨ ਰਹੇ 13ਫੇਰ ਉੱਤੋਂ ਚੱਕਰ ਖਾ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਪਿੱਛੋਂ ਜਾਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ 14ਉੱਥੇ ਸਾਨੂੰ ਭਾਈ ਮਿਲੇ ਜਿਨ੍ਹਾਂ ਸਾਡੀ ਮਿਨੰਤ ਕੀਤੀ ਜੋ ਇੱਕ ਸਾਤਾ ਸਾਡੇ ਕੋਲ ਰਹੋ, ਅਤੇ ਇਸੇ ਤਰਾਂ ਅਸੀਂ ਰੋਮ ਨੂੰ ਆਏ 15ਉੱਥੋਂ ਭਾਈ ਲੋਕ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ। ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।।
16ਜਾਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਹ ਦੀ ਰਾਖੀ ਕਰਦਾ ਸੀ ਅੱਡ ਰਹਿਣ ਦੀ ਪਰਵਾਨਗੀ ਹੋਈ।।
17ਤਾਂ ਐਉਂ ਹੋਇਆ ਜੋ ਤਿੰਨਾਂ ਦਿਨਾਂ ਪਿੱਛੋਂ ਉਹ ਨੇ ਯਹੂਦੀਆਂ ਦੇ ਵੱਡੇ ਆਦਮੀਆਂ ਨੂੰ ਇਕੱਠੇ ਬੁਲਾ ਲਿਆ ਅਰ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਨੇ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰਸਮਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹੱਥ ਹਵਾਲੇ ਕੀਤਾ ਗਿਆ ਹਾਂ 18ਅਤੇ ਉਨ੍ਹਾਂ ਮੇਰੀ ਜਾਚ ਕਰ ਕੇ ਚਾਹਿਆ ਜੋ ਮੈਨੂੰ ਛੱਡ ਦੇਣ ਇਸ ਲਈ ਜੋ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ 19ਪਰ ਜਾਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਲਾਚਾਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ 20ਸੋ ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲ ਬਾਤ ਕਰੋ ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਐਸ ਸੰਗਲ ਨਾਲ ਜਕੜਿਆ ਹੋਇਆ ਹਾਂ 21ਉਨ੍ਹਾਂ ਉਸ ਨੂੰ ਆਖਿਆ ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਕੋਈ ਚਿੱਠੀ ਆਈ, ਨਾ ਭਾਈਆਂ ਵਿੱਚੋਂ ਕਿਨੇ ਆਣ ਕੇ ਤੇਰੀ ਖਬਰ ਦਿੱਤੀ ਨਾ ਤੇਰੀ ਕੁਝ ਬਦੀ ਸੁਣਾਈ 22ਪਰ ਅਸੀਂ ਇਹੋ ਚੰਗਾ ਜਾਣਦੇ ਹਾਂ ਭਈ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ ਕਿਉਂ ਜੋ ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ ।।
23ਜਦ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇ ਕੇ ਅਤੇ ਮੂਸਾ ਦੀ ਸ਼ਰਾ ਅਤੇ ਨਬੀਆਂ ਵਿੱਚੋ ਯਿਸੂ ਦੇ ਹੱਕ ਵਿੱਚ ਪਰਮਾਣ ਲਿਆ ਕੇ ਸਵੇਰ ਤੋਂ ਲੈ ਕੇ ਸੰਝ ਤਾਈਂ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ 24ਤਾਂ ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ 25ਜਾਂ ਓਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਓਹ ਚੱਲੇ ਗਏ ਕਿ ਪਵਿੱਤ੍ਰ ਆਤਮਾ ਨੂੰ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ, #ਯਸ. 6:9,10-
26ਇਸ ਪਰਜਾ ਦੇ ਕੋਲ ਜਾਹ ਅਤੇ ਆਖ,
ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ
ਸਮਝੋਗੇ,
ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋ ਬੁਝੋਗੇ ਨਾ,
27ਕਿਉਂ ਜੇ ਇਸ ਪਰਜਾ ਦਾ ਮਨ ਮੋਟਾ ਹੋ ਗਿਆ
ਹੈ,
ਅਤੇ ਓਹ ਕੰਨਾ ਨਾਲ ਉੱਚਾ ਸੁਣਦੇ ਹਨ,
ਏਹਨਾ ਨੇ ਆਪਣੀਆਂ ਅੱਖਾਂ ਮੀਟ ਲਈਆਂ
ਹਨ, ਮਤੇ ਓਹ ਅੱਖਾਂ ਨਾਲ ਵੇਖਣ
ਅਤੇ ਕੰਨਾਂ ਨਾਲ ਸੁਣਨ,
ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।।
28-29ਸੋ ਏਹ ਜਾਣੋ ਭਈ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਘੱਲੀ ਗਈ ਹੈ ਅਤੇ ਓਹ ਸੁਣ ਵੀ ਲੈਣਗੀਆਂ।।
30ਤਾਂ ਉਹ ਪੂਰੇ ਦੋ ਵਰਹੇ ਆਪਣੇ ਭਾੜੇ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ 31ਅਰ ਬਿਨਾ ਰੋਕ ਟੋਕ ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।।
Currently Selected:
ਰਸੂਲਾਂ ਦੇ ਕਰਤੱਬ 28: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.