YouVersion Logo
Search Icon

ਰਸੂਲਾਂ ਦੇ ਕਰਤੱਬ 17

17
ਅਥੇਨੈ ਵਿੱਚ ਪੌਲੁਸ ਦਾ ਪਰਚਾਰ
1ਫੇਰ ਓਹ ਅਮਫ਼ਿਪੁਲਿਸ ਅਤੇ ਅਪੁੱਲੋਨਿਯਾ ਦੇ ਵਿੱਚੋਂ ਦੀ ਲੰਘ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦੀ ਇੱਕ ਸਮਾਜ ਸੀ 2ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ 3ਅਤੇ ਅਰਥ ਖੋਲ੍ਹ ਕੇ ਉਹ ਨੇ ਬਿਆਨ ਕੀਤਾ ਭਈ ਮਸੀਹ ਦਾ ਦੁਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜਰੂਰੀ ਸੀ ਅਤੇ ਇਹ ਯਿਸੂ ਜਿਹ ਦੀ ਮੈਂ ਤੁਹਾਨੂੰ ਖਬਰ ਦਿੰਦਾ ਹਾਂ ਓਹੋ ਮਸੀਹ ਹੈ 4ਸੋ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਮੰਨ ਲਿਆ ਅਤੇ ਪੌਲੁਸ ਅਰ ਸੀਲਾਸ ਦੇ ਨਾਲ ਰਲ ਗਏ ਅਰ ਇਸੇ ਤਰਾਂ ਭਗਤ ਯੂਨਾਨੀਆਂ ਵਿੱਚੋਂ ਬਾਹਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ 5ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਲੁੱਚਿਆਂ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਭੀੜ ਲਾ ਕੇ ਨਗਰ ਵਿੱਚ ਰੌਲਾ ਪਾ ਦਿੱਤਾ ਅਤੇ ਯਾਸੋਨ ਦੇ ਘਰ ਉੱਤੇ ਹੱਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣ ਚਾਹੁੰਦੇ ਸਨ 6ਪਰ ਜਾਂ ਓਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ! 7ਯਾਸੋਨ ਨੇ ਉਨ੍ਹਾਂ ਨੂੰ ਉਤਾਰਿਆ ਹੈ ਅਤੇ ਏਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਹੋਰ ਹੈ ਅਰਥਾਤ ਯਿਸੂ 8ਸੋ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦਿਆਂ ਸਰਦਾਰਾਂ ਨੂੰ ਏਹ ਗੱਲਾਂ ਸੁਣਾ ਕੇ ਘਬਰਾ ਦਿੱਤਾ 9ਤਾਂ ਓਹਨਾਂ ਨੇ ਯਾਸੋਨ ਅਰ ਦੂਜਿਆਂ ਤੋਂ ਮੁੱਚਲਕਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।।
10ਪਰ ਭਾਈਆਂ ਨੇ ਤਾਬੜਤੋੜ ਰਾਤ ਦੇ ਵੇਲੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਨੂੰ ਘੱਲ ਦਿੱਤਾ ਅਰ ਓਹ ਉੱਥੇ ਪਹੁੰਚ ਕੇ ਯਹੂਦੀਆਂ ਦੀ ਸਮਾਜ ਵਿੱਚ ਗਏ 11ਏਥੇ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ 12ਇਸ ਲਈ ਬਹੁਤੇ ਉਨ੍ਹਾਂ ਵਿੱਚੋਂ ਯੂਨਾਨੀ ਪਤਵੰਤ ਇਸਤ੍ਰੀਆਂ ਅਤੇ ਪੁਰਖਾਂ ਵਿੱਚੋਂ ਵੀ ਢੇਰ ਸਾਰਿਆਂ ਨੇ ਨਿਹਚਾ ਕੀਤੀ 13ਪਰ ਜਾਂ ਥੱਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਭਈ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਸੁਣਾਉਂਦਾ ਹੈ ਤਾਂ ਉੱਥੇ ਵੀ ਆਣ ਲੋਕਾਂ ਨੂੰ ਉਭਾਰਨ ਅਤੇ ਘਬਰਾ ਦੇਣ ਲੱਗੇ 14ਤਦ ਭਾਈਆਂ ਨੇ ਝੱਟ ਪੌਲੁਸ ਨੂੰ ਵਿਦਿਆ ਕੀਤਾ ਭਈ ਸਮੁੰਦਰ ਤੀਕ ਜਾਵੇ ਅਤੇ ਸੀਲਾਸ ਅਰ ਤਿਮੋਥਿਉਸ ਉੱਥੇ ਹੀ ਰਹੇ 15ਪਰ ਪੌਲੁਸ ਦੇ ਪੁਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤਾਈਂ ਲਿਆਂਦਾ ਅਤੇ ਸੀਲਾਸ ਅਰ ਤਿਮੋਥਿਉਸ ਦੇ ਲਈ ਹੁਕਮ ਲੈ ਕੇ ਭਈ ਜਿਸ ਤਰਾਂ ਹੋ ਸੱਕੇ ਛੇਤੀ ਉਹ ਦੇ ਕੋਲ ਆ ਜਾਣ ਓਹ ਤੁਰ ਪਏ ।।
16ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਜੀ ਜਲ ਗਿਆ 17ਇਸ ਲਈ ਉਹ ਸਮਾਜ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ ਬਜ਼ਾਰ ਵਿੱਚ ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ 18ਅਪਿਕੂਰੀ ਅਤੇ ਸਤੋਂਇਕੀ ਪੰਡਤਾਂ ਵਿੱਚੋਂ ਵੀ ਕਈਕੁ ਉਸ ਨਾਲ ਟਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ? ਭਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਲੂਮ ਹੁੰਦਾ ਹੈ ਕਿਉਂ ਜੋ ਉਹ ਯਿਸੂ ਦੀ ਅਰ ਕਿਆਮਤ ਦੀ ਖੁਸ਼ ਖਬਰੀ ਸੁਣਾਉਂਦਾ ਸੀ 19ਓਹ ਉਸ ਨੂੰ ਫੜ ਕੇ ਅਰਿਯੁਪਗੁਸ ਉੱਤੇ ਲੈ ਗਏ ਅਰ ਬੋਲੇ, ਕੀ ਅਸੀਂ ਪੁੱਛ ਸੱਕਦੇ ਹਾਂ ਭਈ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ? 20ਤੂੰ ਤਾਂ ਸਾਡੇ ਕੰਨੀਂ ਅਨੋਖੀਆਂ ਗੱਲਾਂ ਪਾਉਂਦਾ ਹੈਂ ਸੋ ਅਸੀਂ ਉਨ੍ਹਾਂ ਦਾ ਅਰਥ ਜਾਣਿਆ ਚਾਹੁੰਦੇ ਹਾਂ 21ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ 22ਸੋ ਪੌਲੁਸ ਅਰਿਯੁਪਗੁਸ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਾ, - ਹੇ ਅਥੇਨਿਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ 23ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ "ਅਣਜਾਤੇ ਦੇਵ ਲਈ" । ਉਪਰੰਤ ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ 24ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆ ਮੰਦਰਾਂ ਵਿੱਚ ਨਹੀਂ ਵੱਸਦਾ ਹੈ 25ਅਤੇ ਨਾ ਕਿਸੇ ਚੀਜ਼ ਤੋਂ ਥੁੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਆਪੇ ਸਭਨਾਂ ਨੂੰ ਜੀਉਣ ਸਵਾਸ ਅਤੇ ਸੱਭੋ ਕੁਝ ਦਿੰਦਾ ਹੈ 26ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ 27ਭਈ ਓਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ 28ਕਿਉਂਕਿ ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਭੀ ਕਿੰਨਿਆਂ ਨੇ ਆਖਿਆ ਹੈ ਭਈ ਅਸੀਂ ਤਾਂ ਉਹ ਦੀ ਅੰਸ ਭੀ ਹਾਂ 29ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਜੋਗ ਨਹੀਂ ਜੋ ਇਹ ਸਮਝੀਏ ਭਈ ਪਰਮੇਸ਼ੁਰ ਸੋਨੇ ਚਾਂਦੀ ਯਾ ਪੱਥਰ ਵਰਗਾ ਹੈ ਜਿਹ ਨੂੰ ਮਨੁੱਖ ਦੀ ਹਥੌਟੀ ਅਤੇ ਮਨ ਨੇ ਘੜਿਆ ਹੈ 30ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ 31ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੀ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।।
32ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ 33ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ 34ਪਰੰਤੂ ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ । ਉਨ੍ਹਾਂ ਵਿੱਚ ਦਿਯਾਨੁਮਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।।

Highlight

Share

Copy

None

Want to have your highlights saved across all your devices? Sign up or sign in