ਰਸੂਲਾਂ ਦੇ ਕਰਤੱਬ 16
16
ਯੂਰਪ ਦੀ ਪਹਿਲੀ ਚੇਲੀ। ਫ਼ਿਲਿੱਪੀ ਦਰੋਗਾ
1ਉਹ ਦਰਬੇ ਅਤੇ ਲੁਸਤ੍ਰਾ ਵਿੱਚ ਭੀ ਆਇਆ ਅਰ ਵੇਖੋ ਉੱਥੇ ਤਿਮੋਥਿਉਸ ਨਾਮੇ ਇੱਕ ਚੇਲਾ ਹੈਸੀ ਜਿਹੜਾ ਇੱਕ ਨਿਹਚਾਵਾਨ ਯਹੂਦਣ ਦਾ ਪੁੱਤ੍ਰ ਸੀ ਪਰ ਉਹ ਦਾ ਪਿਓ ਯੂਨਾਨੀ ਸੀ 2ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ 3ਪੌਲੁਸ ਨੇ ਚਾਹਿਆ ਭਈ ਇਹ ਮੇਰੇ ਨਾਲ ਚੱਲੇ ਸੋ ਉਨ੍ਹਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ ਉਹ ਨੂੰ ਲੈ ਕੇ ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸੱਭੋ ਜਾਣਦੇ ਸਨ ਭਈ ਉਹ ਦਾ ਪਿਉ ਯੂਨਾਨੀ ਸੀ 4ਓਹ ਨਗਰ ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ 5ਸੋ ਕਲੀਸਿਯਾਂ ਨਿਹਚਾ ਵਿੱਚ ਤਕੜੀਆਂ ਹੁੰਦਿਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।।
6ਓਹ ਫ਼ਰੁਗਿਯਾ ਅਰ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ ਕਿਉਂ ਜੋ ਪਵਿੱਤ੍ਰ ਆਤਮਾ ਨੇ ਉਨ੍ਹਾਂ ਨੂੰ ਆਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ 7ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਜਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ 8ਸੋ ਓਹ ਮੁਸਿਯਾ ਕੋਲ ਦੀ ਲੰਘ ਕੇ ਤ੍ਰੋਆਸ ਵਿੱਚ ਆ ਉੱਤਰੇ 9ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ 10ਜਾਂ ਉਸ ਨੇ ਇਹ ਦਰਸ਼ਣ ਪਾਇਆ ਤਾਂ ਜਤਨ ਕੀਤਾ ਇਸ ਲਈ ਜੋ ਅਸਾਂ ਪੱਕ ਜਾਣਿਆ ਭਈ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ ਖਬਰੀ ਸੁਣਾਈਏ।।
11ਤਾਂ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਭਲਕ ਨਿਯਾਪੁਲਿਸ ਨੂੰ 12ਅਰ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਓਸੇ ਸ਼ਹਿਰ ਵਿੱਚ ਰਹੇ 13ਅਤੇ ਸਬਤ ਦੇ ਦਿਨ ਫਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਭਈ ਬੰਦਗੀ ਕਰਨ ਦਾ ਕੋਈ ਅਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਤੀਵੀਆਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ 14ਅਰ ਲੁਦਿਯਾ ਨਾਮੇ ਥੁਆਤੀਰਾ ਨਗਰ ਦੀ ਇੱਕ ਤੀਵੀਂ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਸੁਣਦੀ ਸੀ। ਉਹ ਦਾ ਮਨ ਪ੍ਰਭੁ ਨੇ ਖੋਲ੍ਹ ਦਿੱਤਾ ਭਈ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ 15ਅਤੇ ਜਾਂ ਉਸ ਨੇ ਆਪਣੇ ਟੱਬਰ ਸਣੇ ਬਪਤਿਸਮਾ ਲਿਆ ਤਾਂ ਮਿੰਨਤ ਕਰ ਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ।।
16ਇਉਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਅਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋੱਲੀ ਸਾਨੂੰ ਮਿਲੀ ਜਿਹ ਦੇ ਵਿੱਚ ਭੇਤ ਬੁਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ 17ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾਂ ਮਾਰਦੀ ਅਤੇ ਕਹਿੰਦੀ ਸੀ ਜੋ ਏਹ ਲੋਕ ਅੱਤ ਮਹਾਂ ਪਰਮੇਸ਼ੁਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ! 18ਉਹ ਬਹੁਤ ਦਿਨਾਂ ਤੀਕੁਰ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾਹ! ਅਤੇ ਉਹ ਉਸੇ ਘੜੀ ਨਿੱਕਲ ਗਈ।।
19ਪਰ ਜਾਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ 20ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਭਈ ਏਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ 21ਅਤੇ ਸਾਨੂੰ ਅਜੇਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ 22ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਦੁਆਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ 23ਉਨ੍ਹਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਨ੍ਹਾਂ ਦੀ ਖਬਰਦਾਰੀ ਕਰ! 24ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕ ਦਿੱਤਾ 25ਪਰ ਅੱਧੀਕੁ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦੇ ਭਜਨ ਗਾਉਂਦੇ ਸਨ ਅਰ ਕੈਦੀ ਉਨ੍ਹਾਂ ਦੀ ਸੁਣਦੇ ਸਨ 26ਤਾਂ ਅਚਾਣਕ ਇੱਕ ਐਡਾ ਭੁਚਾਲ ਆਇਆ ਜੋ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਰ ਝੱਟ ਸਾਰੇ ਬੂਹੇ ਖੁਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁਲ੍ਹ ਗਈਆਂ! 27ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾਂ ਕੈਦਖ਼ਾਨੇ ਦੇ ਬੂਹੇ ਖੁਲ੍ਹੇ ਵੇਖੇ ਤਾਂ ਇਹ ਸਮਝ ਕੇ ਭਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਧੂਈ ਅਤੇ ਆਪ ਨੂੰ ਮਾਰਨ ਲੱਗਾ 28ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪੁਚਾ ਕਿਉਂ ਜੋ ਅਸੀਂ ਸਭ ਏੱਥੇ ਹੀ ਹਾਂ! 29ਪਰ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ 30ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾ ਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ? 31ਉਨ੍ਹਾਂ ਆਖਿਆ, ਪ੍ਰਭੁ ਯਿਸੂ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ 32ਤਾਂ ਉਨ੍ਹਾਂ ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੁ ਦਾ ਬਚਨ ਸੁਣਾਇਆ 33ਅਤੇ ਰਾਤ ਦੀ ਓਸੇ ਘੜੀ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜਖ਼ਮ ਧੋਤੇ ਅਰ ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਓਸੇ ਵੇਲੇ ਬਪਤਿਸਮਾ ਲਿਆ 34ਅਤੇ ਉਨ੍ਹਾਂ ਨੂੰ ਘਰ ਵਿੱਚ ਲਿਆ ਕੇ ਉਨ੍ਹਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸ ਨੇ ਪਰਮੇਸ਼ੁਰ ਦੀ ਪਰਤੀਤ ਕਰ ਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ ਖਬਰੀ ਮਨਾਈ।।
35ਜਾਂ ਦਿਨ ਚੜ੍ਹਿਆ ਤਾਂ ਸਰਦਾਰਾਂ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਭਈ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ 36ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਰਦਾਰਾਂ ਨੇ ਤੁਹਾਨੂੰ ਛੱਡਣ ਲਈ ਕਹਾ ਭਜਿਆ ਹੈ ਸੋ ਹੁਣ ਨਿੱਕਲ ਕੇ ਸੁੱਖ ਸਾਂਦ ਨਾਲ ਚੱਲੇ ਜਾਓ 37ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤਿਆਂ ਬਿਨਾਂ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਓਹ ਸਾਨੂੰ ਚੁੱਪ ਕੀਤੇ ਕੱਢਦੇ ਹਨ? ਇਹ ਕਦੀ ਨਹੀਂ ਹੋਣਾ ਸਗੋਂ ਓਹ ਆਪੋ ਆਣ ਕੇ ਸਾਨੂੰ ਬਾਹਰ ਲੈ ਚੱਲਣ 38ਤਦ ਪਿਆਦਿਆਂ ਨੇ ਏਹ ਗੱਲਾਂ ਸਰਦਾਰਾਂ ਨੂੰ ਜਾ ਸੁਣਾਈਆਂ ਅਤੇ ਜਾਂ ਓਹਨਾਂ ਸੁਣਿਆ ਜੋ ਏਹ ਰੋਮੀ ਹਨ ਤਾਂ ਡਰ ਗਏ 39ਅਤੇ ਆਣ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚੱਲੇ ਜਾਓ 40ਤਦ ਓਹ ਕੈਦੋਂ ਛੁੱਟ ਕੇ ਲੁਦਿਯਾ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਨ੍ਹਾਂ ਨੂੰ ਤੱਸਲੀ ਦਿੱਤੀ ਅਤੇ ਤੁਰ ਪਏ।।
Currently Selected:
ਰਸੂਲਾਂ ਦੇ ਕਰਤੱਬ 16: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.