੨ ਸਮੂਏਲ 7
7
ਦਾਊਦ ਦੀ ਬੇਨਤੀ
1ਅਜਿਹਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ ਅਤੇ ਯਹੋਵਾਹ ਨੇ ਉਸ ਦੇ ਚੁਫੇਰੇ ਦੇ ਵੈਰੀਆਂ ਤੋਂ ਉਹ ਨੂੰ ਸੁਖ ਦਿੱਤਾ 2ਤਦ ਪਾਤਸ਼ਾਹ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਜੋ ਮੈਂ ਦਿਆਰ ਦੀਆਂ ਲਕੜੀਆਂ ਦੇ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਪੜਦਿਆਂ ਦੇ ਵਿਚਕਾਰ ਰਹਿੰਦਾ ਹੈ 3ਤਦ ਨਾਥਾਨ ਨੇ ਪਾਤਸ਼ਾਹ ਨੂੰ ਆਖਿਆ, ਜਾਹ, ਜੋ ਕੁਝ ਤੇਰੇ ਮਨ ਵਿੱਚ ਹੈ ਸਭ ਕਰ ਕਿਉਂ ਜੋ ਯਹੋਵਾਹ ਤੇਰੇ ਨਾਲ ਹੈ।।
4ਉਸੇ ਰਾਤ ਅਜਿਹਾ ਹੋਇਆ ਜੋ ਯਹੋਵਾਹ ਦਾ ਬਚਨ ਨਾਥਾਨ ਨੂੰ ਆਇਆ ਕਿ ਜਾ ਕੇ ਮੇਰੇ ਦਾਸ ਦਾਊਦ ਨੂੰ ਆਖ, ਯਹੋਵਾਹ ਇਉਂ ਫਰਮਾਉਂਦਾ ਹੈ 5ਭਲਾ, ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ? 6ਜਦ ਦਾ ਮੈਂ ਇਸਰਾਏਲ ਨੂੰ ਮਿਸਰੋ ਕੱਢ ਲਿਆਇਆ ਹਾਂ ਅੱਜ ਤੋੜੀ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਯਾ ਡੇਹਰੇ ਵਿੱਚ ਫਿਰਦਾ ਰਿਹਾ 7ਅਤੇ ਜਿੱਥੇ ਜਿੱਥੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਫਿਰਦਾ ਰਿਹਾ ਹਾਂ ਤਾਂ ਭਲਾ, ਮੈਂ ਕਿਸੇ ਇਸਰਾਏਲੀ ਗੋਤ ਨੂੰ ਜਿਹ ਨੂੰ ਮੈਂ ਆਪਣੀ ਇਸਰਾਏਲੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ ਕਦੀ ਆਖਿਆ ਹੈ ਭਈ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉ ਨਹੀਂ ਬਣਾਉਂਦੇ? 8ਸੋ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ ਭਈ ਸੈਨਾਂ ਦਾ ਯਹੋਵਾਹ ਏਹ ਆਖਦਾ ਹੈ, ਮੈਂ ਤੈਨੂੰ ਵਲਗਣਾਂ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦੇ ਉੱਤੇ ਪਰਧਾਨ ਬਣਾ ਦਿੱਤਾ 9ਅਤੇ ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਸਾਰਿਆਂ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਉਂ ਜਗਤ ਵਿੱਚ ਵੱਡਾ ਹੈ ਤੇਰਾ ਨਾਉਂ ਵੱਡਾ ਕੀਤਾ 10ਨਾਲੇ ਮੈਂ ਆਪਣੀ ਪਰਜਾ ਇਸਰਾਏਲ ਦੇ ਲਈ ਇੱਕ ਥਾਂ ਠਹਿਰਾ ਦਿਆਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜੋ ਓਹ ਆਪਣੇ ਠੀਕ ਥਾਂ ਵਿੱਚ ਵੱਸਣ ਅਤੇ ਫੇਰ ਨਾ ਭੌਂਣ ਅਤੇ ਅਪਰਾਧੀਆਂ ਦੇ ਪੁੱਤ੍ਰ ਅੱਗੇ ਵਾਂਗਰ ਉਨ੍ਹਾਂ ਨੂੰ ਫੇਰ ਨਾ ਦੁਖ ਦੇਣਗੇ 11ਨਾ ਉਸ ਦਿਨ ਵਾਂਙੁ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਾਰਏਲ ਉੱਤੇ ਹੋਵੇ ਅਤੇ ਤੇਰੇ ਸਾਰੇ ਵੈਰੀਆਂ ਤੋਂ ਤੈਨੂੰ ਸੁਖ ਦਿੱਤਾ। ਫੇਰ ਯਹੋਵਾਹ ਤੈਨੂੰ ਦੱਸਦਾ ਹੈ ਜੋ ਯਹੋਵਾਹ ਤੇਰੇ ਲਈ ਘਰ ਵੀ ਬਣਾਵੇਗਾ 12ਅਤੇ ਜਦ ਤੇਰੇ ਦਿਨ ਪੂਰੇ ਹੋਣਗੇ ਅਤੇ ਤੂੰ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਰਹੇਂਗਾ ਅਤੇ ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ 13ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ 14ਅਤੇ ਮੈਂ ਉਹ ਦਾ ਪਿਤਾ ਬਣਾਂਗਾ ਅਰ ਉਹ ਮੇਰਾ ਪੁੱਤ੍ਰ ਹੋਵੇਗਾ ਸੋ ਜੇ ਕਦੀ ਉਹ ਦੋਸ਼ ਕਰੇਗਾ ਤਾਂ ਮੈਂ ਉਹ ਨੂੰ ਮਨੁੱਖਾਂ ਦੇ ਬੈਂਤ ਅਤੇ ਆਦਮ ਦੀ ਸੰਤਾਨ ਦੇ ਕੋਟੜਿਆਂ ਨਾਲ ਸਵਾਰਾਂਗਾ 15ਪਰ ਮੇਰੀ ਦਯਾ ਉਸ ਤੋਂ ਵੱਖਰੀ ਨਾ ਹੋਵੇਗੀ ਜਿੱਕਰ ਸ਼ਾਊਲ ਤੋਂ ਮੈਂ ਉਹ ਵੱਖਰੀ ਕੀਤੀ ਜਿਸ ਨੂੰ ਮੈਂ ਤੇਰੇ ਅੱਗੋਂ ਨਾਸ ਕੀਤਾ 16ਸਗੋਂ ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅੱਟਲ ਰਹੇਗੀ 17ਸੋ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਸਾਰੀ ਦਰਿਸ਼ਟ ਅਨੁਸਾਰ ਦਾਊਦ ਨੂੰ ਆਖਿਆ।।
18ਤਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਅੱਗੇ ਬੈਠ ਕੇ ਆਖਿਆ, ਹੇ ਪ੍ਰਭੁ ਯਹੋਵਾਹ, ਮੈਂ ਕੌਣ ਹਾਂ ਅਤੇ ਮੇਰਾ ਘਰ ਕੀ ਹੈ ਜੋ ਤੈਂ ਮੈਨੂੰ ਐਥੋਂ ਤੋੜੀ ਅਪੜਾ ਦਿੱਤਾ? 19ਅਤੇ ਏਹ ਵੀ ਹੇ ਪ੍ਰਭੁ ਯਹੋਵਾਹ, ਅਜੇ ਤੇਰੀ ਨਿਗਾਹ ਵਿੱਚ ਕੁੱਝ ਹੋਇਆ ਹੀ ਨਹੀਂ ਜੋ ਤੈਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ ਅਤੇ ਹੇ ਪ੍ਰਭੁ ਯਹੋਵਾਹ, ਭਲਾ, ਏਹ ਮਨੁੱਖ ਦਾ ਅਧਕਾਰ ਹੈ! 20ਅਤੇ ਦਾਊਦ ਦੀ ਕੀ ਮਜਾਲ ਹੈ ਜੋ ਤੈਨੂੰ ਕੁਝ ਹੋਰ ਆਖੇ? ਹੇ ਪ੍ਰਭੁ ਯਹੋਵਾਹ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ 21ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਦੇ ਅਨੁਸਾਰ ਏਹ ਸਾਰੇ ਵੱਡੇ ਕੰਮ ਆਪਣੇ ਦਾਸ ਨੂੰ ਜਣਾਉਣ ਲਈ ਤੈਂ ਕੀਤੇ 22ਸੋ ਤੂੰ ਹੇ ਯਹੋਵਾਹ ਪਰਮੇਸ਼ੁਰ, ਵੱਡਾ ਹੈਂ ਕਿਉਂ ਜੋ ਕੋਈ ਤੇਰੇ ਸਮਾਨ ਨਹੀਂ ਅਤੇ ਜਿੱਥੋਂ ਤੋੜੀ ਅਸੀਂ ਆਪਣੀ ਕੰਨੀਂ ਸੁਣਿਆ ਹੈ ਤੈਥੋਂ ਬਾਝ ਹੋਰ ਕੋਈ ਪਰਮੇਸ਼ੁਰ ਨਹੀਂ 23ਅਤੇ ਇਸ ਸੰਸਾਰ ਵਿੱਚ ਤੇਰੀ ਪਰਜਾ ਇਸਰਾਏਲ ਦੇ ਸਮਾਨ ਕਿਹੜੀ ਕੌਮ ਹੈ ਜਿਹ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਹ ਨੂੰ ਆਪਣੀ ਪਰਜਾ ਬਣਾਵੇ, ਨਾਲੇ ਆਪਣੇ ਲਈ ਇੱਕ ਨਾਮ ਬਣਾਵੇ ਅਤੇ ਤੁਹਾਡੇ ਲਈ ਅਤੇ ਤੇਰੇ ਦੇਸ ਦੇ ਲਈ ਵੱਡੀਆਂ ਤੇ ਡਰਾਉਣੀਆਂ ਸ਼ਕਤੀਆਂ ਆਪਣੀ ਪਰਜਾ ਦੇ ਅੱਗੇ ਵਿਖਾਵੇ ਜਿਹ ਨੂੰ ਤੂੰ ਮਿਸਰ ਤੋਂ, ਕੌਮਾਂ ਤੋਂ ਅਤੇ ਉਨ੍ਹਾਂ ਦਿਆਂ ਦੇਵਤਿਆਂ ਤੋਂ ਆਪਣੇ ਲਈ ਛੁਟਕਾਰਾ ਦਿੱਤਾ ਹੈ? 24ਤੈਂ ਆਪਣੇ ਲਈ ਆਪਣੀ ਪਰਜਾ ਇਸਰਾਏਲ ਨੂੰ ਕਾਇਮ ਕੀਤਾ ਜੋ ਸਦੀਪਕ ਤੋੜੀ ਉਹ ਤੇਰੀ ਪਰਜਾ ਹੋਵੇ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ 25ਹੁਣ ਤੂੰ ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਹ ਦੇ ਟੱਬਰ ਲਈ ਬੋਲਿਆ ਹੈਂ ਸਦੀਪਕ ਤੋੜੀ ਅਟੱਲ ਕਰ ਅਤੇ ਜੇਹਾ ਤੂੰ ਬੋਲਿਆ ਹੈ ਤੇਹਾ ਹੀ ਕਰ 26ਅਤੇ ਏਹ ਆਖ ਕੇ ਤੇਰੇ ਨਾਮ ਦੀ ਸਦੀਪਕ ਤੋੜੀ ਵਡਿਆਈ ਹੋਵੇ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਉੱਤੇ ਪਰਮੇਸ਼ੁਰ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ 27ਕਿਉਂ ਜੋ ਤੈਂ, ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਅਤੇ ਆਖਿਆ ਭਈ ਮੈਂਤੇਰੇ ਲਈ ਘਰ ਬਣਾਵਾਂਗਾ ਸੋ ਤੇਰੇ ਦਾਸ ਨੇ ਆਪਣੇ ਮਨ ਵਿੱਚ ਏਹ ਠਹਿਰਾਇਆ ਹੈ ਜੋ ਤੇਰੇ ਅੱਗੇ ਏਹ ਬੇਨਤੀ ਕਰੇ 28ਅਤੇ ਹੇ ਯਹੋਵਾਹ ਪ੍ਰਭੁ, ਤੂੰ ਓਹੋ ਪਰਮੇਸ਼ੁਰ ਹੈਂ ਅਤੇ ਤੇਰੇ ਬਚਨ ਸੱਚੇ ਹਨ ਅਤੇ ਤੈਂ ਆਪਣੇ ਦਾਸ ਨਾਲ ਉਸ ਭਲਿਆਈ ਦਾ ਬਚਨ ਕੀਤਾ ਹੈ 29ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਜੋ ਉਹ ਤੇਰੇ ਅੱਗੇ ਸਦੀਪਕ ਤੋੜੀ ਅਟੱਲ ਰਹੇ ਕਿਉਂ ਜੋ ਤੈਂ ਹੀ, ਹੇ ਯਹੋਵਾਹ ਪ੍ਰਭੁ, ਏਹ ਆਖਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੋੜੀ ਮੁਬਾਰਕ ਹੋਵੇ।।
Currently Selected:
੨ ਸਮੂਏਲ 7: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.