YouVersion Logo
Search Icon

੨ ਸਮੂਏਲ 5

5
ਦਾਊਦ ਸਾਰੇ ਇਸਰਾਏਲ ਦਾ ਪਾਤਸ਼ਾਹ ਬਣ ਜਾਂਦਾ ਹੈ
1ਇਹ ਦੇ ਪਿੱਛੋਂ ਇਸਰਾਏਲ ਦੇ ਸਾਰੇ ਗੋਤ ਹਬਰੋਨ ਦੇ ਵਿੱਚ ਦਾਊਦ ਕੋਲ ਆਏ ਅਤੇ ਉਹ ਨੂੰ ਆਖਿਆ ਕਿ ਵੇਖੋ, ਅਸੀਂ ਤੁਹਾਡੀ ਹੀ ਹੱਡੀ ਤੇ ਬੋਟੀ ਹਾਂ 2ਅਤੇ ਪਿੱਛਲੇ ਸਮੇਂ ਵਿੱਚ ਵੀ ਜਿਸ ਵੇਲੇ ਸਾਡਾ ਪਾਤਸ਼ਾਹ ਸ਼ਾਊਲ ਸੀ ਤਾਂ ਤੁਸੀਂ ਹੀ ਇਸਰਾਏਲ ਨੂੰ ਬਾਹਰ ਲੈ ਜਾਂਦੇ ਅਤੇ ਫੇਰ ਮੋੜ ਲਿਆਉਂਦੇ ਸਾਓ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਜੋ ਤੂੰ ਮੇਰੀ ਪਰਜਾ ਇਸਰਾਏਲ ਨੂੰ ਚੁਗਾਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪਰਧਾਨ ਹੋਵੇਂਗਾ 3ਗੱਲ ਕਾਹਦੀ, ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਪਾਤਸ਼ਾਹ ਕੋਲ ਆਏ ਅਤੇ ਦਾਊਦ ਪਾਤਸ਼ਾਹ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਨੇਮ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।।
4ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਤੀਹਾਂ ਵਰਿਹਾਂ ਦਾ ਸੀ ਅਤੇ ਉਸ ਨੇ ਚਾਲੀ ਵਰਹੇ ਰਾਜ ਕੀਤਾ 5ਉਸ ਨੇ ਸੱਤ ਵਰਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਰ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਵਰਹੇ ਰਾਜ ਕੀਤਾ।। 6ਫੇਰ ਪਾਤਸ਼ਾਹ ਆਪਣਿਆਂ ਮਨੁੱਖਾਂ ਸਣੇ ਯਰੂਸ਼ਲਮ ਨੂੰ ਯਬੂਸੀਆਂ ਕੋਲ ਗਿਆ ਜੋ ਉਸ ਦੇਸ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ ਸੀ ਭਈ ਤੂੰ ਏਥੇ ਨਾ ਵੜ੍ਹੇਂਗਾ ਪਰੰਤੂ ਅੰਨ੍ਹੇ ਅਤੇ ਲੰਙੇ ਤੈਨੂੰ ਰੋਕਣਗੇ ਅਤੇ ਉਨ੍ਹਾਂ ਨੇ ਸਮਝਿਆ ਭਈ ਦਾਊਦ ਐਥੇ ਨਹੀਂ ਵੜ ਸੱਕੇਗਾ 7ਪਰ ਦਾਊਦ ਨੇ ਸੀਯੋਨ ਦਾ ਕੋਟ ਲੈ ਲਿਆ ਅਤੇ ਉਹੋ ਦਾਊਦ ਦਾ ਸ਼ਹਿਰ ਬਣਿਆ 8ਅਤੇ ਉਸ ਦਿਨ ਦਾਊਦ ਨੇ ਆਖਿਆ ਸੀ ਭਈ ਜਿਹੜਾ ਕੋਈ ਯਬੂਸੀਆਂ ਅਤੇ ਲੰਙਿਆਂ ਅਤੇ ਅੰਨ੍ਹਿਆਂ ਨੂੰ ਜੋ ਦਾਊਦ ਦੇ ਪ੍ਰਾਣਾਂ ਦੇ ਵੈਰੀ ਹਨ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ। ਇਸੇ ਲਈ ਇਹ ਕਹਾਉਤ ਤੁਰ ਪਈ ਕਿ ਅੰਨ੍ਹਿਆਂ ਅਤੇ ਲੰਙਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ 9ਤਾਂ ਦਾਊਦ ਕੋਟ ਵਿੱਚ ਰਿਹਾ ਅਤੇ ਉਸ ਨੇ ਉਹ ਦਾ ਨਾਉਂ ਦਾਊਦ ਦਾ ਸ਼ਹਿਰ ਧਰਿਆ ਅਤੇ ਦਾਊਦ ਨੇ ਮਿੱਲੋਂ ਦੇ ਆਲੇ ਦੁਆਲੇ ਅਰ ਉਹ ਦੇ ਅੰਦਰ ਮਕਾਨ ਬਣਾਏ 10ਦਾਊਦ ਵੱਧਦਾ ਚੱਲਿਆ ਗਿਆ ਅਰ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਸ ਦੇ ਅੰਸ ਸੰਗ ਸੀ।। 11ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਹਲਕਾਰੇ ਅਤੇ ਦਿਆਰ ਦੀ ਲੱਕੜ ਅਤੇ ਤਖਾਣ ਅਤੇ ਪੱਥਰ ਘੜਨ ਵਾਲੇ ਦਾਊਦ ਕੋਲ ਘੱਲੇ ਅਰ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ 12ਤਾਂ ਦਾਊਦ ਠੀਕ ਜਾਣਦਾ ਸੀ ਜੋ ਯਹੋਵਾਹ ਨੇ ਮੈਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਸੀ।। 13ਸੋ ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿੱਚ ਹੋਰ ਸੁਰੀਤਾਂ ਅਤੇ ਇਸਤ੍ਰੀਆਂ ਵਿਆਹੀਆਂ ਅਤੇ ਦਾਊਦ ਤੋਂ ਪੁੱਤ੍ਰ ਧੀਆਂ ਵੀ ਹੋਰ ਜੰਮੇ 14ਅਤੇ ਉਨ੍ਹਾਂ ਪੁੱਤ੍ਰਾਂ ਦੇ ਨਾਉਂ ਜੋ ਯਰੂਸ਼ਲਮ ਵਿੱਚ ਜੰਮੇ ਏਹ ਸਨ, - ਸ਼ਮੂਆਹ, ਸ਼ੋਬਾਬ, ਨਾਥਾਨ ਅਰ ਸੁਲੇਮਾਨ 15ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ 16ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।।
17ਜਾਂ ਫਲਿਸਤੀਆਂ ਨੇ ਸੁਣਿਆ ਜੋ ਉਨ੍ਹਾਂ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰਿਆਂ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਅਤੇ ਦਾਊਦ ਨੇ ਸੁਣਿਆ ਸੋ ਉਹ ਕੋਟ ਵਿੱਚ ਲਹਿ ਗਿਆ 18ਅਤੇ ਫਲਿਸਤੀ ਆਏ ਅਰ ਰਫ਼ਾਈਆਂ ਦੀ ਦੂਣ ਵਿੱਚ ਖਿੰਡ ਗਏ 19ਤਦ ਦਾਊਦ ਨੇ ਯਹੋਵਾਹ ਕੋਲੋਂ ਮਤਾ ਪੁੱਛਿਆ, ਭਲਾ, ਮੈਂ ਫਲਿਸਤੀਆਂ ਉੱਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਸੌਂਪ ਦੇਵੇਂਗਾ? ਯਹੋਵਾਹ ਨੇ ਦਾਊਦ ਨੂੰ ਆਖਿਆ, ਚੜ੍ਹਾਈ ਕਰ ਕਿਉਂ ਜੋ ਨਿਸੰਗ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਸੌਪਾਂਗਾ 20ਸੋ ਦਾਊਦ ਬਆਲ ਪਰਾਸੀਮ ਵਿੱਚ ਆਇਆ ਅਤੇ ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾਹ ਨੇ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਉਂ ਢਹਿ ਪਿਆ ਜਿਵੇਂ ਮੋਘੇ ਵਿੱਚੋਂ ਪਾਣੀ ਰੋੜ ਲੈ ਜਾਂਦਾ ਹੈ! ਇਸ ਲਈ ਉਸ ਨੇ ਉਸ ਥਾਉਂ ਦਾ ਨਾਉਂ ਬਆਲ ਪਰਾਸੀਮ ਧਰਿਆ 21ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉੱਥੇ ਛੱਡਿਆ ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਕ ਲਿਆ।।
22ਫਲਿਸਤੀ ਫੇਰ ਚੜ੍ਹੇ ਅਤੇ ਰਫ਼ਾਈਆਂ ਦੀ ਦੂਣ ਵਿੱਚ ਖਿੰਡ ਗਏ 23ਸੋ ਦਾਊਦ ਨੇ ਯਹੋਵਾਹ ਕੋਲੋਂ ਫੇਰ ਸਲਾਹ ਪੁੱਛੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ ਪਰ ਮਗਰ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰਛਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹੱਲਾ ਕਰ 24ਅਤੇ ਅਜਿਹਾ ਹੋਵੇ ਭਈ ਜਿਸ ਵੇਲੇ ਤੂੰ ਤੂਤਾਂ ਦੇ ਬਿਰਛਾਂ ਦੀਆਂ ਉਤਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਜੋ ਉਸ ਵੇਲੇ ਯਹੋਵਾਹ ਤੇਰੇ ਅੱਗੇ ਅੱਗੇ ਤੁਰ ਕੇ ਫਲਿਸਤੀਆਂ ਦੇ ਦਲ ਨੂੰ ਮਾਰੇਗਾ 25ਸੋ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਦਾਊਦ ਨੇ ਤਿਵੇਂ ਹੀ ਕੀਤਾ ਅਤੇ ਫਲਿਸਤੀਆਂ ਨੂੰ ਗੱਬਾਹ ਤੋਂ ਲੈ ਕੇ ਗਜਰ ਵਿੱਚ ਅੱਪੜਨ ਤੀਕ ਮਾਰਿਆ।।

Highlight

Share

Copy

None

Want to have your highlights saved across all your devices? Sign up or sign in