੨ ਸਮੂਏਲ 14
14
ਅਬਸ਼ਾਲੋਮ ਦੀ ਮਾਫ਼ੀ
1ਸਰੂਯਾਹ ਦੇ ਪੁੱਤ੍ਰ ਯੋਆਬ ਨੇ ਜਦ ਜਾਤਾ ਭਈ ਪਾਤਸ਼ਾਹ ਦਾ ਦਿਲ ਅਬਸ਼ਾਲੋਮ ਵੱਲ ਹੈ 2ਤਾਂ ਯੋਆਬ ਨੇ ਤਕੋਆਹ ਵਿੱਚ ਮਨੁੱਖ ਘੱਲ ਕੇ ਉੱਥੋਂ ਇੱਕ ਸਿਆਣੀ ਤੀਵੀਂ ਸਦਾਈ ਅਤੇ ਉਹ ਨੂੰ ਆਖਿਆ, ਜੋ ਸੋਗ ਦਾ ਭਰਾਵਾ ਪਹਿਨ ਕੇ ਸੋਗੀ ਦਾ ਸਾਂਗ ਬਣਾ ਅਤੇ ਤੇਲ ਆਪਣੇ ਉੱਤੇ ਨਾ ਮਲ ਸਗੋਂ ਅਜਿਹੀ ਬਣ ਜੋ ਜਾਣੀਦਾ ਇਹ ਨੂੰ ਚਰੋਕਣਾ ਹੀ ਕਿਸੇ ਮੋਏ ਹੋਏ ਦਾ ਸੋਗ ਹੈ 3ਅਤੇ ਪਾਤਸ਼ਾਹ ਕੋਲ ਜਾ ਕੇ ਉਸਨਾਲ ਏਹ ਗੱਲ ਕਰ। ਤਾਂ ਯੋਆਬ ਨੇ ਉਹ ਦੇ ਮੂੰਹ ਵਿੱਚ ਗੱਲਾਂ ਪਾ ਦਿੱਤੀਆਂ।।
4ਜਦ ਉਹ ਤਕੋਆਹ ਦੀ ਬੁੱਢੀ ਪਾਤਸ਼ਾਹ ਕੋਲ ਆਈ ਤਾਂ ਮੂੰਹ ਪਰਨੇ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਬੋਲੀ, ਹੇ ਪਾਤਸ਼ਾਹ, ਮੇਰੀ ਦੁਹਾਈ! 5ਤਦ ਪਾਤਸ਼ਾਹ ਨੇ ਉਹ ਨੂੰ ਆਖਿਆ, ਤੈਨੂੰ ਕੀ ਹੋਇਆ? ਉਹ ਬੋਲੀ, ਮੈਂ ਸੱਚ ਮੁੱਚ ਰੰਡੀ ਤੀਵੀਂ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ 6ਤੁਹਾਡੀ ਗੋੱਲੀ ਦੇ ਦੋ ਪੁੱਤ੍ਰ ਸਨ ਸੋ ਦੋਵੇਂ ਪੈਲੀ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਸੀ ਕੋਈ ਨਹੀਂ ਜੋ ਉਨ੍ਹਾਂ ਨੂੰ ਅੱਡ ਕਰੇ ਸੋ ਇੱਕ ਨੇ ਦੂਜੇ ਨੂੰ ਮਰਿਆ ਅਤੇ ਵੱਢ ਸੁੱਟਿਆ 7ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਗੋੱਲੀ ਦਾ ਵਿਰੋਧੀ ਹੋ ਗਿਆ ਹੈ ਅਤੇ ਓਹ ਆਖਦੇ ਹਨ ਭਈ ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਹ ਨੂੰ ਸਾਡੇ ਹੱਥ ਸੌਂਪ ਦੇਹ ਜੋ ਅਸੀਂ ਉਹ ਦੇ ਮਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ ਸੋ ਅਸੀਂ ਪੱਤੀਦਾਰ ਨੂੰ ਵੀ ਮਾਰ ਸੁੱਟਾਂਗੇ! ਇਉ ਓਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਉਂ ਅਤੇ ਬਕੀਏ ਨੂੰ ਧਰਤੀ ਉੱਤੇ ਨਹੀਂ ਛੱਡਦੇ 8ਸੋ ਪਾਤਸ਼ਾਹ ਨੇ ਉਸ ਬੁੱਢੀ ਨੂੰ ਆਖਿਆ, ਤੂੰ ਆਪਣੇ ਘਰ ਜਾਹ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ 9ਤਾਂ ਉਸ ਤਕੋਆਹ ਦੀ ਬੁੱਢੀ ਨੇ ਪਾਤਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ ਪਾਤਸ਼ਾਹ ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਉ ਦੇ ਘਰਾਣੇ ਉੱਤੇ ਹੋਵੇ ਅਤੇ ਪਾਤਸ਼ਾਹ ਅਰ ਉਹ ਦਾ ਸਿੰਘਾਸਣ ਬਿਦੋਸ਼ਾ ਹੋਵੇ 10ਤਦ ਪਾਤਸ਼ਾਹ ਨੇ ਆਖਿਆ, ਜਿਹੜਾ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ ਜੋ ਫੇਰ ਤੈਨੂੰ ਛੋਹ ਵੀ ਨਾ ਸੱਕੇ 11ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਧਿਆਨ ਲਾ ਕੇ ਖ਼ੂਨ ਦੇ ਵੱਟੇ ਲੈਣ ਵਾਲਿਆਂ ਨੂੰ ਅਟਕਾ ਦਿਓ ਅਜਿਹਾ ਨਾ ਹੋਵੇ ਜੋ ਮੇਰੇ ਪੁੱਤ੍ਰ ਨੂੰ ਮਾਰ ਲੈਂਣ। ਤਦ ਉਸ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਤੇਰੇ ਪੁੱਤ੍ਰ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ 12ਤਦ ਉਸ ਤੀਵੀਂ ਨੇ ਆਖਿਆ, ਆਪਣੀ ਗੋੱਲੀ ਨੂੰ ਪਰਵਾਨਗੀ ਦੇਹ ਜੋ ਆਪਣੇ ਮਹਾਰਾਜ ਪਾਤਸ਼ਾਹ ਅੱਗੇ ਇੱਕ ਗੱਲ ਹੋਰ ਬੋਲੇ 13ਉਸ ਆਖਿਆ, ਬੋਲ, ਤਦ ਉਸ ਤੀਵੀਂ ਨੇ ਆਖਿਆ, ਤੁਸਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਵਿੱਚ ਐਉਂ ਕਾਹਨੂੰ ਧਿਆਨ ਕੀਤਾ ਹੈ ਕਿਉਂ ਜੋ ਪਾਤਸ਼ਾਹ ਇਹ ਆਖਦਿਆਂ ਸਾਰ ਹੀ ਦੋਸ਼ੀ ਬਣਿਆ ਇਸ ਲਈ ਜੋ ਪਾਤਸ਼ਾਹ ਆਪਣੇ ਕੱਢੇ ਹੋਏ ਨੂੰ ਫੇਰ ਨਹੀਂ ਸੱਦਦਾ 14ਅਸੀਂ ਸਭਨਾਂ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਜੋ ਫੇਰ ਸੰਮ੍ਹਾਲਿਆ ਨਹੀਂ ਜਾਂਦਾ। ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਉਪਾਓ ਕਰਦਾ ਹੈ ਜੋ ਉਹ ਦੇ ਕੱਢੇ ਹੋਏ ਉਸ ਕੋਲੋਂ ਮੂਲੋਂ ਨਾ ਕੱਢੇ ਜਾਣ 15ਸੋ ਹੁਣ ਮੈਂ ਆਪਣੇ ਮਾਹਰਾਜ ਪਾਤਸ਼ਾਹ ਅੱਗੇ ਏਹ ਆਖਣ ਆਈ ਹਾਂ ਇਸ ਕਰਕੇ ਜੋ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਗੋੱਲੀ ਨੇ ਆਖਿਆ ਭਈ ਮੈਂ ਆਪ ਪਾਤਸ਼ਾਹ ਅੱਗੇ ਬੇਨਤੀ ਕਰਾਂਗੀ। ਕੀ ਜਾਣੀਏ ਜੋ ਪਾਤਸ਼ਾਹ ਆਪਣੀ ਟਹਿਲਣ ਦੀ ਬੇਨਤੀ ਅਨੁਸਾਰ ਕਰੇ? 16ਕਿਉਂ ਜੋ ਪਾਤਸ਼ਾਹ ਅਵਸ਼ ਸੁਣ ਕੇ ਆਪਣੀ ਟਹਿਲਣ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤ੍ਰ ਨੂੰ ਪਰਮੇਸ਼ੁਰ ਦੀ ਦਿੱਤੀ ਹੋਈ ਪੱਤੀ ਵਿੱਚੋਂ ਕੱਢ ਕੇ ਵੱਢਿਆ ਚਾਹੁੰਦਾ ਹੈ ਛੁਡਾਵੇਗਾ 17ਤਦ ਤੁਹਾਡੀ ਗੋਲੀ ਨੇ ਆਖਿਆ, ਮੇਰੇ ਮਹਾਰਾਜ ਪਾਤਸ਼ਾਹ ਦੀ ਗੱਲ ਸੁਖਦਾਇਕ ਹੋਵੇਗੀ ਕਿਉਂ ਜੋ ਮੇਰਾ ਪਾਤਸ਼ਾਹ ਭਲਿਆਈ ਅਤੇ ਬੁਰਿਆਈ ਦੇ ਸਿਆਣਨ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਹੈ, ਸੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ! 18ਤਦ ਪਾਤਸ਼ਾਹ ਨੇ ਉਸ ਤੀਵੀਂ ਨੂੰ ਮੁੜ ਆਖਿਆ, ਜਿਹੜੀ ਗੱਲ ਮੈਂ ਤੈਥੋਂ ਪੁੱਛਣਾ ਹਾਂ ਸੋ ਤੂੰ ਮੈਥੋਂ ਨਾ ਲੁਕਾਵੀਂ। ਤਦ ਉਹ ਤੀਵੀਂ ਬੋਲੀ, ਜੀ ਮਾਹਰਾਜ ਪਾਤਸ਼ਾਹ, ਦੱਸੋ 19ਸੋ ਪਾਤਸ਼ਾਹ ਨੇ ਆਖਿਆ, ਭਲਾ, ਇਸ ਸਾਰੇ ਕੰਮ ਵਿੱਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ? ਉਸ ਤੀਵੀਂ ਨੇ ਉੱਤਰ ਦੇ ਕੇ ਆਖਿਆ, ਤੁਹਾਡੀ ਜਿੰਦ ਦੀ ਸੌਂਹ ਹੇ ਮੇਰੇ ਮਾਹਰਾਜ ਪਾਤਸ਼ਾਹ ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਾਹਰਾਜ ਪਾਤਸ਼ਾਹ ਨੇ ਆਖੀਆਂ ਸੱਜੇ ਯਾ ਖੱਬੇ ਵੱਲ ਮੁੜਨਾ ਅਣਹੋਣਾ ਹੈ! ਤੁਹਾਡੇ ਟਹਿਲੂਏ ਯੋਆਬ ਨੇ ਹੀ ਮੈਨੂੰ ਆਗਿਆ ਕੀਤੀ ਅਤੇ ਉਸ ਨੇ ਹੀ ਏਸ ਸਭ ਗੱਲਾਂ ਤੁਹਾਡੀ ਟਹਿਲਣ ਦੇ ਮੂੰਹ ਵਿੱਚ ਪਾ ਦਿੱਤੀਆਂ 20ਅਤੇ ਤੁਹਾਡੇ ਟਹਿਲੂਏ ਯੋਆਬ ਨੇ ਏਹ ਸਾਰੀ ਗੱਲ ਇਸ ਕਰਕੇ ਕੀਤੀ ਹੈ ਜੋ ਉਹ ਏਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹ ਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ!।।
21ਤਦ ਪਾਤਸ਼ਾਹ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਏਹ ਕੰਮ ਕਰਦਾ ਹਾਂ! ਤੂੰ ਜਾਹ ਅਤੇ ਉਸ ਜੁਆਨ ਅਬਸ਼ਾਲੋਮ ਨੂੰ ਮੋੜ ਲਿਆ 22ਤਦ ਯੋਆਬ ਧਰਤੀ ਉੱਤੇ ਮੂੰਹ ਪਰਨੇ ਡਿੱਗਾ ਅਤੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਆਖਿਆ। ਤਾਂ ਯੋਆਬ ਬੋਲਿਆ, ਅੱਜ ਤੁਹਾਡਾ ਸੇਵਕ ਜਾਣਦਾ ਹੈ ਭਈ ਤੁਹਾਡੀ ਵੱਲੋਂ ਹੇ ਮੇਰੇ ਮਾਹਰਾਜ ਪਾਤਸ਼ਾਹ,ਮੇਰੇ ਉੱਤੇ ਕਿਰਪਾ ਦੀ ਦ੍ਰਿਸ਼ਟ ਹੈ ਇਸ ਲਈ ਜੋ ਪਾਤਸ਼ਾਹ ਨੇ ਆਪਣੇ ਟਹਿਲੂਏ ਦੀ ਬੇਨਤੀ ਮੰਨ ਲਈ 23ਫੇਰ ਯੋਆਬ ਉੱਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲੈ ਆਇਆ 24ਤਦ ਪਾਤਸ਼ਾਹ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਅਤੇ ਮੇਰਾ ਮੂੰਹ ਨਾ ਵੇਖੇ! ਸੋ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਪਾਤਸ਼ਾਹ ਦਾ ਮੂੰਹ ਨਾ ਡਿੱਠਾ।।
25ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹੱਪਣ ਵਿੱਚ ਉਸਤਤ ਜੋਗ ਨਹੀਂ ਸੀ ਕਿਉਂ ਜੋ ਉਹ ਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੀਕੁਰ ਉਹ ਦੇ ਵਿੱਚ ਕੋਈ ਕਾਣ ਨਹੀਂ ਸੀ 26ਜਦ ਉਹ ਆਪਣੇ ਸਿਰ ਦੇ ਵਾਲ ਮੁੰਨਦਾ ਸੀ ਕਿਉਂ ਜੋ ਵਰਹੇ ਦੇ ਛੇਕੜ ਉਹ ਮੁੰਨਦਾ ਹੁੰਦਾ ਸੀ ਉਹ ਵਾਲ ਬਹੁਤ ਸਾਰੇ ਭਾਰੇ ਜੋ ਸਨ ਇਸ ਕਰਕੇ ਉਨ੍ਹਾਂ ਨੂੰ ਮੁੰਨਦਾ ਸੀ ਅਤੇ ਆਪਣੇ ਸਿਰ ਦੇ ਵਾਲ ਢਾਈ#14:26 ਅਥਵਾਦੋ ਸੌ ਸ਼ਕਲ । ਸੇਰ ਪਾਤਸ਼ਾਹੀ ਤੋਲ ਦੇ ਅਨੁਸਾਰ ਤੋਲਦਾ ਸੀ 27ਸੋ ਅਬਸ਼ਾਲੋਮ ਦੇ ਤਿੰਨ ਪੁੱਤ੍ਰ ਜੰਮੇ ਅਤੇ ਇੱਕ ਧੀ ਤਾਮਾਰ ਨਾਮੇ ਸੀ। ਉਹ ਵੱਡੀ ਸੋਹਣੀ ਜਨਾਨੀ ਸੀ 28ਅਤੇ ਅਬਸ਼ਾਲੋਮ ਪੂਰੇ ਦੋ ਵਰਹੇ ਯਰੂਸ਼ਲਮ ਵਿੱਚ ਰਿਹਾ ਪਰ ਪਾਤਸ਼ਾਹ ਦਾ ਮੂੰਹ ਨਾ ਡਿੱਠਾ 29ਸੋ ਅਬਸ਼ਾਲੋਮ ਨੇ ਯੋਆਬ ਨੂੰ ਪਾਤਸ਼ਾਹ ਕੋਲ ਘੱਲਣ ਲਈ ਸੱਦਿਆ ਪਰ ਉਹ ਦੇ ਕੋਲ ਆਉਣ ਨੂੰ ਉਸ ਦਾ ਜੀਅ ਨਹੀਂ ਕਰਦਾ ਸੀ ਅਤੇ ਫੇਰ ਉਸ ਨੇ ਦੂਜੀ ਵੇਰ ਸੱਦਿਆ ਪਰ ਉਹ ਨਾ ਆਇਆ 30ਤਦ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਵੇਖੋ, ਯੋਆਬ ਦੀ ਪੈਲੀ ਮੇਰੀ ਪੈਲੀ ਦੇ ਲਾਗੇ ਅਤੇ ਉੱਥੇ ਉਹ ਦੇ ਜੌਂ ਹਨ ਸੋ ਉਨ੍ਹਾਂ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ! ਸੋ ਅਬਸ਼ਾਲੋਮ ਦੇ ਟਹਿਲੂਆਂ ਨੇ ਪੈਲੀ ਨੂੰ ਅੱਗ ਲਾਈ 31ਤਦ ਯੋਆਬ ਉੱਠਿਆ ਅਤੇ ਅਬਸ਼ਾਲੋਮ ਦੇ ਘਰ ਆਇਆ ਅਤੇ ਉਹ ਨੂੰ ਆਖਿਆ, ਤੇਰੇ ਟਹਿਲੂਆਂ ਨੇ ਮੇਰੀ ਪੈਲੀ ਕਿਉਂ ਸਾੜ ਸੁੱਟੀ? 32ਤਾਂ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੱਦਾ ਘੱਲਿਆ ਭਈ ਐਥੇ ਆ ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਪਾਤਸ਼ਾਹ ਕੋਲ ਘੱਲਾਂ ਭਈ ਮੈਂ ਗਸ਼ੂਰ ਤੋਂ ਐਥੇ ਕਿਉਂ ਆਇਆ? ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ ਸੋ ਹੁਣ ਪਾਤਸ਼ਾਹ ਦਾ ਦਰਸ਼ਣ ਮੈਨੂੰ ਕਰਾਈਂ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ 33ਤਦ ਯੋਆਬ ਨੇ ਪਾਤਸ਼ਾਹ ਕੋਲ ਜਾ ਕੇ ਉਸ ਨੂੰ ਏਹ ਗੱਲ ਆਖੀ ਅਤੇ ਜਾਂ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਪਤਾਸ਼ਾਹ ਕੋਲ ਆਇਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਪਰਨੇ ਡਿੱਗ ਪਿਆ ਅਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।।
Currently Selected:
੨ ਸਮੂਏਲ 14: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.