੨ ਸਮੂਏਲ 13
13
ਅਮਨੋਨ ਅਤੇ ਤਾਮਾਰ
1ਇਸ ਤੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦੇ ਪੁੱਤ੍ਰ ਅਬਸ਼ਾਲੋਮ ਦੀ ਤਾਮਾਰ ਨਾਮੇ ਇੱਕ ਭੈਣ ਸੋਹਣੀ ਸੀ। ਉਹ ਦੇਨਾਲ ਦਾਊਦ ਦੇ ਪੁੱਤ੍ਰ ਅਮਨੋਨ ਨੇ ਪਰੀਤ ਲਾ ਲਾਈ 2ਅਤੇ ਅਮਨੋਨ ਅਜਿਹਾ ਲੱਟੂ ਹੋਇਆ ਜੋ ਆਪਣੀ ਭੈਣ ਤਾਮਾਰ ਦੇ ਕਾਰਨ ਬਿਮਾਰ ਪੈ ਗਿਆ ਕਿਉਂ ਜੋ ਉਹ ਕੁਆਰੀ ਸੀ ਸੋ ਅਮਨੋਨ ਨੇ ਉਹ ਦੇ ਨਾਲ ਕੁਝ ਕਰਨਾ ਆਪਣੇ ਲਈ ਔਖਾ ਸਮਝਿਆ 3ਅਤੇ ਦਾਊਦ ਦੇ ਭਰਾ ਸਿਮਆਹ ਦਾ ਪੁੱਤ੍ਰ ਯੋਨਾਦਾਬ ਅਮਨੋਨ ਦਾ ਮਿੱਤ੍ਰ ਸੀ ਅਤੇ ਇਹ ਯੋਨਾਦਾਬ ਵੱਡਾ ਚਾਤਰ ਮਨੁੱਖ ਸੀ 4ਸੋ ਉਸ ਨੇ ਉਹ ਨੂੰ ਆਖਿਆ, ਤੂੰ ਪਾਤਸ਼ਾਹ ਦਾ ਪੁੱਤ੍ਰ ਹੋ ਕੇ ਦਿਨੋਂ ਦਿਨ ਲਿੱਸਾ ਕਿਉੰ ਹੁੰਦਾ ਜਾਂਦਾ ਹੈਂ? ਭਲਾ, ਤੂੰ ਮੈਨੂੰ ਨਾ ਦੱਸੇਂਗਾ? ਤਦ ਅਮਨੋਨ ਨੇ ਉਸ ਨੂੰ ਆਖਿਆ ਕਿ ਮੇਰੀ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਰੀਤ ਲੱਗ ਗਈ ਹੈ 5ਸੋ ਯੋਨਾਦਾਬ ਨੇ ਉਹ ਨੂੰ ਆਖਿਆ, ਤੂੰ ਮੰਜੇ ਉੱਤੇ ਪੈ ਰਹੁ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਉ ਤੈਨੂੰ ਵੇਖਣ ਆਵੇ ਤਾਂ ਤੂੰ ਉਹ ਨੂੰ ਆਖੀਂ ਜੋ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦਿਓ ਜੋ ਉਹ ਆਵੇ ਅਤੇ ਮੈਨੂੰ ਰੋਟੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈ ਵੇਖਾਂ ਅਤੇ ਉਹ ਦੇ ਹੱਥੋਂ ਖਾਵਾਂ।।
6ਤਦ ਅਮਨੋਨ ਲੰਮਾ ਪੈ ਰਿਹਾ ਅਤੇ ਆਪਣੇ ਆਪ ਨੂੰ ਬਿਮਾਰ ਬਣਾਇਆ ਅਤੇ ਜਦ ਪਾਤਸ਼ਾਹ ਉਸ ਦੇ ਵੇਖਣ ਨੂੰ ਆਇਆ ਤਾਂ ਅਮਨੋਨ ਨੇ ਪਾਤਸ਼ਾਹ ਨੂੰ ਆਖਿਆ, ਮੇਰੀ ਭੈਣ ਤਾਮਾਰ ਨੂੰ ਆਉਣ ਦਿਓ ਜੋ ਉਹ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ ਭਈ ਮੈਂ ਉਸ ਦੇ ਹੱਥੋਂ ਖਾਵਾਂ 7ਤਦ ਦਾਊਦ ਨੇ ਤਾਮਾਰ ਦੇ ਘਰ ਆਖ ਘੱਲਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਹ ਦੇ ਲਈ ਭੋਜਨ ਪਕਾ 8ਸੋ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ। ਉਸ ਨੇ ਆਟਾ ਲੈ ਕੇ ਗੁੰਨ੍ਹਿਆ ਅਤੇ ਉਹਦੇ ਸਾਹਮਣੇ ਪੂਰੀਆਂ ਤਲੀਆਂ 9ਉਸ ਨੇ ਥਾਲੀ ਲੈ ਕੇ ਉਨ੍ਹਾਂ ਨੂੰ ਉਹ ਦੇ ਸਾਹਮਣੇ ਧਰ ਦਿੱਤਾ ਪਰ ਉਹ ਨੇ ਖਾਣ ਤੋਂ ਨਾਂਹ ਕੀਤੀ। ਤਦ ਅਮਨੋਨ ਨੇ ਆਖਿਆ, ਸੱਭੇ ਜਣੇ ਮੇਰੇ ਕੋਲੋਂ ਬਾਹਰ ਨਿੱਕਲ ਜਾਣ ਸੋ ਸਭ ਉਹ ਦੇ ਕੋਲੋਂ ਬਾਹਰ ਨਿੱਕਲ ਗਏ 10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, ਕੋਠੜੀ ਦੇ ਅੰਦਰ ਭੋਜਨ ਲੈ ਆ ਜੋ ਮੈਂ ਤੇਰੇ ਹੱਥੋਂ ਖਾਵਾਂ। ਸੋ ਤਾਮਾਰ ਨੇ ਓਹ ਪੂਰੀਆਂ ਜੋ ਉਸ ਨੇ ਤਲੀਆਂ ਸਨ ਲਈਆਂ ਅਤੇ ਕੋਠੜੀ ਦੇ ਵਿੱਚ ਆਪਣੇ ਭਰਾ ਅਮਨੋਨ ਦੇ ਕੋਲ ਲੈ ਆਈ 11ਜਦ ਉਹ ਭੋਜਨ ਉਹ ਦੇ ਖੁਵਾਉਣ ਲਈ ਉਹ ਦੇ ਸਾਹਮਣੇ ਲੈ ਆਈ ਤਾਂ ਉਹ ਨੇ ਉਸ ਨੂੰ ਫੜ ਲਿਆ ਅਰ ਉਸ ਨੂੰ ਆਖਿਆ, ਕੁੜੇ, ਮੇਰੇ ਨਾਲ ਭੋਗ ਕਰ! 12ਉਹ ਬੋਲੀ, ਨਹੀਂ ਮੇਰੇ ਭਈਆ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜੇਹਾ ਕੰਮ ਕਰਨਾ ਜੋਗ ਨਹੀਂ! ਤੂੰ ਅਜੇਹੀ ਮੂਰਖਤਾਈ ਨਾ ਕਰ! 13ਮੈਂ ਆਪਣਾ ਕਲੰਕ ਕਿੱਥੇ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਘੱਟਿਆਂ ਵਿੱਚੋਂ ਇੱਕ ਘੱਟਾ ਹੋਵੇਗਾ! ਤੂੰ ਹੁਣ ਪਾਤਸ਼ਾਹ ਨੂੰ ਬੋਲ। ਉਹ ਮੈਨੂੰ ਤੈਥੋਂ ਨਾਂਹ ਨਾ ਕਰੇਗਾ 14ਪਰ ਉਹ ਨੇ ਉਸ ਦੀ ਗੱਲ ਨਾ ਮੰਨੀ ਅਤੇ ਉਸ ਦੇ ਨਾਲੋਂ ਤਕੜਾ ਹੋਣ ਦੇ ਕਾਰਨ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ।।
15ਫੇਰ ਅਮਨੋਨ ਨੇ ਉਸ ਦੇ ਨਾਲ ਡਾਢਾ ਵੈਰ ਕੀਤਾ ਅਜਿਹਾ ਜੋ ਉਹ ਵੈਰ ਉਸ ਨਾਲੋਂ ਵੀ ਭਈ ਜਾਂ ਉਸ ਦੇ ਨਾਲ ਪਰੀਤ ਲਾਈ ਸੀ ਵਧੀਕ ਸੀ ਅਤੇ ਅਮਨੋਨ ਨੇ ਉਸ ਨੂੰ ਆਖਿਆ, ਉੱਠ, ਚੱਲੀ ਜਾਹ! 16ਤਾਂ ਉਸ ਨੇ ਉਹ ਨੂੰ ਆਖਿਆ, ਕੋਈ ਕਾਰਨ ਨਹੀਂ ਅਤੇ ਇਹ ਬੁਰਿਆਈ ਜੋ ਤੈਂ ਮੈਨੂੰ ਕੱਢ ਦਿੱਤਾ ਸੋ ਓਸ ਕਲੰਕ ਨਾਲੋਂ ਜੋ ਤੈਂ ਮੇਰੇ ਨਾਲ ਮੂੰਹ ਕਾਲਾ ਕੀਤਾ ਵਧੀਕ ਮਾੜਾ ਹੈ! ਪਰ ਉਹ ਨੇ ਉਸ ਦੀ ਗੱਲ ਨਾ ਸੁਣੀ 17ਤਦ ਅਮਨੋਨ ਨੇ ਆਪਣੇ ਜੁਆਨ ਟਹਿਲੂਏ ਨੂੰ ਜੋ ਉਹ ਦੀ ਟਹਿਲ ਕਰਦਾ ਸੀ ਸੱਦ ਕੇ ਆਖਿਆ, ਏਹ ਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਸ ਦੇ ਮਗਰੋਂ ਬੂਹਾ ਮਾਰ ਲੈ! 18ਉਸ ਦੇ ਉੱਤੇ ਰੰਗ ਬਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਪਾਤਸ਼ਾਹਾਂ ਦੀ ਕੁਆਰੀਆਂ ਧੀਆਂ ਏਹੋ ਜੇਹੇ ਹੀ ਲੀੜੇ ਪਹਿਨਦੀਆਂ ਸਨ। ਗੱਲ ਕਾਹਦੀ, ਉਹ ਦੇ ਟਹਿਲੂਏ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਬੂਹਾ ਮਾਰ ਲਿਆ।।
19ਤਾਮਾਰ ਨੇ ਸਿਰ ਉੱਤੇ ਸੁਆਹ ਪਾਈ ਅਤੇ ਉਹ ਰੰਗ ਬਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ 20ਅਤੇ ਉਸ ਦੇ ਭਰਾ ਅਬਸ਼ਾਲੋਮ ਨੇ ਉਹ ਨੂੰ ਆਖਿਆ, ਕੀ ਤੇਰਾ ਭਰਾ ਅਮਨੋਨ ਤੇਰੇ ਨਾਲ ਲੱਗਾ? ਪਰ ਹੇ ਮੇਰੀ ਭੈਣ, ਹੁਣ ਚੁੱਪ ਕਰ ਰਹੁ ਉਹ ਤੇਰਾ ਭਰਾ ਜੋ ਹੈ ਅਤੇ ਇਸ ਗੱਲ ਲਈ ਮਨ ਵਿੱਚ ਫਿਕਰ ਨਾ ਕਰ। ਤਦ ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ 21ਤਾਂ ਦਾਊਦ ਪਾਤਸ਼ਾਹ ਨੇ ਏਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਬਹੁਤ ਜਾਗਿਆ 22ਅਤੇ ਅਬਸ਼ਾਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਾਲੋਮ ਅਮਨੋਨ ਨਾਲ ਵੈਰ ਰੱਖਦਾ ਸੀ ਇਸ ਕਰਕੇ ਜੋ ਉਸ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ 23ਅਤੇ ਅਜੇਹਾ ਹੋਇਆ ਜੋ ਪੂਰੇ ਦੋਂਹ ਵਰਿਹਾਂ ਪਿੱਛੇ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਅਬਾਲ-ਹਸੋਰ ਵਿੱਚ ਜੋ ਇਫ਼ਰਾਈਮ ਦੇ ਕੋਲ ਹੈ ਉੱਥੇ ਸਨ ਅਤੇ ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤ੍ਰਾਂ ਨੂੰ ਬੁਲਾਇਆ 24ਅਤੇ ਅਬਸ਼ਾਲੋਮ ਪਾਤਸ਼ਾਹ ਕੋਲ ਆਇਆ ਅਤੇ ਆਖਿਆ, ਵੇਖੋ, ਤੇਰੇ ਸੇਵਕ ਦੇ ਉਨੱ ਕਤਰਨ ਵਾਲੇ ਹਨ ਸੋ ਹੁਣ ਮੈਂ ਬੇਨਤੀ ਕਰਨਾ ਜੋ ਪਾਤਸ਼ਾਹ ਅਤੇ ਉਹ ਦੇ ਟਹਿਲੂਏ ਤੇਰੇ ਸੇਵਕ ਦੇ ਨਾਲ ਚੱਲਣ 25ਤਦ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤ੍ਰ ਅਸੀਂ ਸੱਭੇ ਤਾਂ ਇਸ ਵੇਲੇ ਨਾ ਜਾਈਏ ਅਜੇਹਾ ਨਾ ਹੋਵੇ ਜੋ ਤੈਨੂੰ ਭਾਰੂ ਹੋ ਜਾਈਏ ਅਤੇ ਉਸ ਨੇ ਉਕਿਹ ਕੀਤੀ ਪਰ ਉਹ ਨੇ ਜਾਣ ਵੱਲੋਂ ਤਾਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ 26ਤਦ ਅਬਸ਼ਾਲੋਮ ਨੇ ਆਖਿਆ, ਜੇ ਕਦੀ ਐਉਂ ਨਹੀਂ ਹੁੰਦਾ ਤਾਂ ਮੇਰੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਕਰ ਦਿਓ ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਉਹ ਕਿਉਂ ਤੇਰੇ ਨਾਲ ਕਿਉਂ ਜਾਵੇ 27ਤਦ ਅਬਸ਼ਾਲੋਮ ਨੇ ਉਹ ਨੂੰ ਅਕਾਇਆ, ਤਾਂ ਉਸ ਨੇ ਅਮਨੋਨ ਨੂੰ ਅਤੇ ਸਾਰੇ ਰਾਜ ਪੁੱਤ੍ਰਾਂ ਨੂੰ ਉਹ ਦੇ ਨਾਲ ਜਾਣ ਦਿੱਤਾ।। 28ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਛੱਡਿਆ ਸੀ ਭਈ ਸੁਚੇਤ ਰਹੋ। ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਸਤ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਭਈ ਅਮਨੋਨ ਨੂੰ ਮਾਰ ਲਓ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ। ਕੁਝ ਡਰਨਾ ਨਾ? ਭਲਾ, ਮੈਂ ਤੁਹਾਨੂੰ ਆਗਿਆ ਨਹੀਂ ਦਿੱਤੀ? ਸੋ ਤਕੜੇ ਹੋਵੋ, ਵਿਰਆਮ ਬਣੋ! 29ਉਪਰੰਤ ਅਬਸ਼ਾਲੋਮ ਦੇ ਜੁਆਨਾਂ ਨੇ ਜੇਹਾਂ ਅਬਸ਼ਾਲੋਮ ਨੇ ਆਖਿਆ ਸੀ ਤੇਹਾ ਹੀ ਅਮਨੋਨ ਨਾਲ ਕੀਤਾ। ਤਦ ਸਾਰੇ ਰਾਜ-ਪੁੱਤ੍ਰ ਉੱਠੇ ਅਤੇ ਸੱਭੇ ਮਨੁੱਖ ਆਪ ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।।
30ਤਾਂ ਅਜਿਹਾ ਹੋਇਆ ਜੋ ਅਜੇ ਓਹ ਰਾਹ ਵਿੱਚ ਹੀ ਹੈਸਨ ਜੋ ਦਾਊਦ ਨੂੰ ਖਬਰ ਹੋਈ ਭਈ ਅਬਸ਼ਾਲੋਮ ਨੇਸਾਰੇ ਰਾਜ-ਪੁੱਤ੍ਰਾਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ! 31ਤਦ ਪਾਤਸ਼ਾਹ ਉੱਠਿਆ ਅਤੇ ਆਪਣੇ ਲੀੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਹ ਦੇ ਸਾਰੇ ਟਹਿਲੂਏ ਵੀ ਲੀੜੇ ਪਾੜ ਕੇ ਉਹ ਦੇ ਅੱਗੇ ਖਲੋਤੇ 32ਤਦ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤ੍ਰ ਯੋਨਾਦਾਬ ਇਉਂ ਆਖ ਕੇ ਬੋਲਿਆ, ਮੇਰਾ ਮਾਹਰਾਜ ਏਹ ਧਿਆਨ ਨਾ ਕਰੇ ਜੋ ਉਨ੍ਹਾਂ ਨੇ ਸਭਨਾਂ ਜੁਆਨਾਂ ਨੂੰ ਜੋ ਪਾਤਸ਼ਾਹ ਦੇ ਪੁੱਤ੍ਰ ਸਨ ਮਾਰ ਸੁੱਟਿਆ ਸਗੋਂ ਅਮਨੋਨ ਹੀ ਇਕੱਲਾ ਮਾਰਿਆ ਗਿਆ ਇਸ ਕਰਕੇ ਜੋ ਅਬਸ਼ਾਲੋਮ ਨੇ ਜਿਸ ਦਿਹਾੜੇ ਤੋਂ ਅਮਨੋਨ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ ਇਹ ਗੱਲ ਮਿੱਥ ਛੱਡੀ ਸੀ 33ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਭਈ ਸਾਰੇ ਰਾਜ-ਪੁੱਤ੍ਰ ਮਾਰੇ ਗਏ ਕਿਉਂ ਜੋ ਅਮਨੋਨ ਹੀ ਇਕੱਲਾ ਵੱਢਿਆ ਗਿਆ 34ਅਬਸ਼ਾਲੋਮ ਨੱਠ ਗਿਆ ਅਤੇ ਉਸ ਜੁਆਨ ਰਾਖੇ ਨੇ ਜਾਂ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਢੇਰ ਸਾਰੇ ਲੋਕ ਪਹਾੜ ਦੇ ਰਾਹ ਵੱਲੋਂ ਉਹ ਦੇ ਮਗਰ ਆਉਂਦੇ ਹਨ 35ਤਦ ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਰਾਜ-ਪੁੱਤ੍ਰ ਆ ਗਏ ਅਤੇ ਜੇਹਾ ਤੁਹਾਡੇ ਸੇਵਕ ਨੇ ਆਖਿਆ ਸੀ ਤੇਹਾ ਹੀ ਹੋਇਆ 36ਅਤੇ ਅਜਿਹਾ ਹੋਇਆ ਕਿ ਜਦ ਉਹ ਗੱਲ ਆਖ ਚੁੱਕਾ ਤਾਂ ਰਾਜ-ਪੁੱਤ੍ਰ ਆਣ ਪੁੱਜੇ ਅਤੇ ਚੀਕਾਂ ਮਾਰ ਮਾਰ ਰੋਏ ਅਤੇ ਪਾਤਸ਼ਾਹ ਵੀ ਆਪਣੇ ਸਾਰਿਆਂ ਟਹਿਲੂਆਂ ਸਣੇ ਬਹੁਤ ਭੁੱਬਾਂ ਮਾਰ ਮਾਰ ਰੋਇਆ 37ਪਰ ਅਬਸ਼ਾਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਰੂਹ ਦੇ ਪੁੱਤ੍ਰ ਤਲਮੀ ਕੋਲ ਗਿਆ ਅਤੇ ਦਾਊਦ ਰੋਜ਼ ਦਿਹਾੜੀ ਆਪਣੇ ਪੁੱਤ੍ਰ ਦੇ ਲਈ ਸੋਗ ਕਰਦਾ ਸੀ 38ਅਬਸ਼ਾਲੋਮ ਨੱਠ ਕੇ ਗਸ਼ੂਰ ਵਿੱਚ ਆਇਆ ਅਰ ਤਿੰਨ ਵਰਹੇ ਉੱਥੇ ਰਿਹਾ 39ਅਤੇ ਦਾਊਦ ਪਾਤਸ਼ਾਹ ਦਾ ਜੀਅ ਅਬਸ਼ਾਲੋਮ ਦੇ ਕੋਲ ਜਾਣ ਨੂੰ ਵੱਡਾ ਲੋਚਦਾ ਸੀ ਕਿਉਂ ਜੋ ਅਮਨੋਨ ਦੀ ਵੱਲੋਂ ਉਹ ਨੂੰ ਧੀਰਜ ਆ ਗਈ ਸੀ, ਉਹ ਮਰ ਹੀ ਜੋ ਚੁੱਕਾ ਸੀ।।
Currently Selected:
੨ ਸਮੂਏਲ 13: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.