੧ ਕੁਰਿੰਥੀਆਂ ਨੂੰ 15
15
ਕਿਆਮਤ
1ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ ਖ਼ਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਜਿਹ ਨੂੰ ਤੁਸਾਂ ਕਬੂਲ ਵੀ ਕੀਤਾ ਅਰ ਜਿਹ ਦੇ ਉੱਤੇ ਤੁਸੀਂ ਖਲੋਤੇ ਵੀ ਹੋ 2ਅਤੇ ਜਿਹ ਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ, ਜੇ ਤੁਸੀਂ ਉਸ ਇੰਜੀਲੀ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਪਤੀਜਣਾ ਐਵੇਂ ਗਿਆ 3ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ 4ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ 5ਅਤੇ ਇਹ ਜੋ ਕੇਫਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ 6ਅਤੇ ਮਗਰੋਂ ਕੁੱਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜੀਉਂਦੇ ਹਨ ਪਰ ਕਈ ਸੌ ਗਏ 7ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ 8ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ 9ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ 10ਪਰ ਮੈਂ ਜੋ ਕੁੱਝ ਹਾਂ ਪਰਮੇਸ਼ੁਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹ ਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ 11ਉਪਰੰਤ ਭਾਵੇਂ ਉਹ ਭਾਵੇਂ ਅਸੀਂ ਇਉਂ ਪਰਚਾਰ ਕਰਦੇ ਹਾਂ ਅਤੇ ਇਉਂ ਤੁਸਾਂ ਨਿਹਚਾ ਕੀਤੀ।।
12ਹੁਣ ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ 13ਪਰ ਜੇ ਮੁਰਦਿਆਂ ਦਾ ਜੀ ਉੱਠਣ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ 14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ 15ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਭੀ ਠਹਿਰੇ ਕਿਉਂ ਜੋ ਅਸਾਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਹ ਨੇ ਮਸੀਹ ਨੂੰ ਜੁਆਲਿਆ ਜਿਹ ਨੂੰ ਉਸ ਨੇ ਨਹੀਂ ਜੁਆਲਿਆ ਜੇਕਰ ਮੁਰਦੇ ਨਹੀਂ ਜੀ ਉੱਠਦੇ ਹੈ 16ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਭੀ ਨਹੀਂ ਜੀ ਉੱਠਿਆ ਹੈ 17ਅਤੇ ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਤੁਹਾਡੀ ਨਿਹਚਾ ਅਕਾਰਥ ਹੈ। ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ 18ਤਦ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ ਹੋਏ 19ਜੇ ਨਿਰੇ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।।
20ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆ ਦਾ ਪਹਿਲਾ ਫਲ ਹੈ! 21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ 22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ 23ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ 24ਉਹ ਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ 25ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। 26ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ 27"ਉਸ ਨੇ ਸੱਭੋ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ"#ਜ਼. 9:6 । । ਪਰ ਜਾਂ ਉਹ ਕਹਿੰਦਾ ਹੈ ਜੋ ਸੱਭੋ ਕੁੱਝ ਹੇਠ ਕੀਤਾ ਗਿਆ ਹੈ ਤਾਂ ਪਰਗਟ ਹੈ ਕਿ ਜਿਹ ਨੇ ਸੱਭੋ ਕੁੱਝ ਉਹ ਦੇ ਹੇਠ ਕਰ ਦਿੱਤਾ ਉਹ ਆਪ ਹੇਠ ਹੋਣ ਤੋਂ ਰਹਿਤ ਹੈ 28ਅਤੇ ਜਾਂ ਸੱਭੋ ਕੁੱਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁੱਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁੱਝ ਹੋਵੇ।।
29ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਓਹ ਕਾਹਨੂੰ ਬਪਤਿਸਮਾ ਲੈਂਦੇ ਹਨ? 30ਅਸੀਂ ਭੀ ਹਰ ਘੜੀ ਜੋਖੋਂ ਵਿੱਚ ਕਿਉਂ ਪਏ ਰਹਿੰਦੇ ਹਾਂ? 31ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਮਾਨ ਮੈ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ ਜੋ ਮੈਂ ਹਰ ਰੋਜ ਮਰਦਾ ਹਾਂ 32ਜੇ ਆਦਮੀ ਵਾਂਙੂ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ "ਆਉ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ" 33ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ 34ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹੈ।।
35ਪਰ ਕੋਈ ਆਖੇਗਾ ਭਈ ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ? 36ਨਦਾਨਾ, ਜੋ ਕੁੱਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ 37ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ#15:37 ਯੂਨਾਨੀ ਵਿਚ "ਸਰੀਰ" । ਨਹੀਂ ਬੀਜਦਾ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ 38ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸਨੂੰ ਰੂਪ* ਦਿੰਦਾ ਹੈ ਅਤੇ ਹਰ ਪਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ* 39ਸੱਭੋ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਹੈ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ 40ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ ਹੈ 41ਸੂਰਜ ਦਾ ਪਰਤਾਪ ਹੋਰ ਹੈ ਅਤੇ ਚੰਦਰਮਾ ਦਾ ਪਰਤਾਪ ਹੋਰ ਅਤੇ ਤਾਰਿਆਂ ਦਾ ਪਰਤਾਪ ਹੋਰ ਹੈ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ 42ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ 43ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ ਉਹ ਨਿਰਮਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ 44ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਭੀ ਹੈ 45ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾਂ ਮਨੁੱਖ ਆਦਮ ਜੀਉਂਦੀ ਜਾਨ ਹੋਇਆ, ਛੇਕੜਲਾ ਆਦਮ ਜੀਵਨ ਦਾਤਾ ਆਤਮਾ ਹੋਇਆ 46ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ 47ਪਹਿਲਾ ਮਨੁੱਖ ਮਿੱਟੀ ਦਾ ਬਣਿਆ ਦੂਜਾ ਮਨੁੱਖ ਸੁਰਗੋਂ ਹੈ 48ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸੁਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸੁਰਗ ਦੇ ਹਨ 49ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ।।
50ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸੱਕਦੇ, ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ 51ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹੈ ਜੋ ਅਸੀਂ ਸੱਭੇ ਨਹੀਂ ਸੌਵਾਂਗੇ, 52ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ 53ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ 54ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ#15:54 ਯਸ. 25:8 । ਪੂਰੀ ਹੋ ਜਾਵੇਗੀ, -
ਮੌਤ ਫਤਹ ਦੀ ਬੁਰਕੀ ਹੋ ਗਈ।
55ਹੇ ਮੌਤ, ਤੇਰੀ ਫਤਹ ਕਿੱਥੇ ਹੈ?#ਰੋਮ. 13:14 ।
ਹੇ ਮੌਤ, ਤੇਰਾ ਡੰਗ ਕਿੱਥੇ ਹੈ?।।
56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ 57ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ! 58ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵੱਧਦੇ ਜਾਉ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।।
Currently Selected:
੧ ਕੁਰਿੰਥੀਆਂ ਨੂੰ 15: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.