የYouVersion አርማ
የፍለጋ አዶ

ਮਰਕੁਸ 5

5
ਪ੍ਰਭੂ ਯਿਸੂ ਦਾ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾਵਾਂ ਨੂੰ ਕੱਢਣਾ
1ਉਹ ਝੀਲ ਦੇ ਦੂਜੇ ਪਾਸੇ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚ ਗਏ । 2ਯਿਸੂ ਅਜੇ ਕਿਸ਼ਤੀ ਵਿੱਚੋਂ ਬਾਹਰ ਹੀ ਆਏ ਸਨ ਕਿ ਇੱਕ ਆਦਮੀ ਜਿਸ ਵਿੱਚ ਅਸ਼ੁੱਧ ਆਤਮਾ ਸੀ, ਕਬਰਾਂ ਵਿੱਚੋਂ ਨਿਕਲ ਕੇ ਉਹਨਾਂ ਨੂੰ ਮਿਲਿਆ । 3ਉਹ ਕਬਰਾਂ ਵਿੱਚ ਰਹਿੰਦਾ ਸੀ । ਉਸ ਨੂੰ ਲੋਕ ਸੰਗਲਾਂ ਨਾਲ ਵੀ ਨਹੀਂ ਬੰਨ੍ਹ ਸਕਦੇ ਸਨ । 4ਕਈ ਵਾਰ ਉਸ ਨੂੰ ਬੇੜੀਆਂ ਪਾਈਆਂ ਗਈਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਪਰ ਉਸ ਨੇ ਹਰ ਵਾਰ ਸੰਗਲਾਂ ਨੂੰ ਤੋੜ ਦਿੱਤਾ ਅਤੇ ਬੇੜੀਆਂ ਨੂੰ ਟੋਟੇ-ਟੋਟੇ ਕਰ ਦਿੱਤਾ ਸੀ । ਕਿਸੇ ਵਿੱਚ ਵੀ ਇੰਨੀ ਤਾਕਤ ਨਹੀਂ ਸੀ ਕਿ ਉਸ ਨੂੰ ਕਾਬੂ ਵਿੱਚ ਰੱਖ ਸਕੇ । 5ਉਹ ਦਿਨ ਰਾਤ ਕਬਰਾਂ ਅਤੇ ਪਹਾੜਾਂ ਵਿੱਚ ਫਿਰਦਾ, ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖ਼ਮੀ ਕਰਦਾ ਰਹਿੰਦਾ ਸੀ ।
6ਉਹ ਯਿਸੂ ਨੂੰ ਦੂਰ ਤੋਂ ਹੀ ਦੇਖ ਕੇ ਦੌੜਿਆ ਅਤੇ ਆ ਕੇ ਉਹਨਾਂ ਦੇ ਪੈਰੀਂ ਪੈ ਕੇ ਕਿਹਾ, 7“ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਯਿਸੂ ! ਤੁਹਾਡਾ ਮੇਰੇ ਨਾਲ ਕੀ ਕੰਮ ? ਮੈਂ ਪਰਮੇਸ਼ਰ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ, ਮੈਨੂੰ ਦੁਖੀ ਨਾ ਕਰੋ ।” 8(ਉਸ ਨੇ ਇਹ ਕਿਹਾ ਕਿਉਂਕਿ ਯਿਸੂ ਉਸ ਨੂੰ ਹੁਕਮ ਦੇ ਰਹੇ ਸਨ ਕਿ ਉਹ ਉਸ ਆਦਮੀ ਵਿੱਚੋਂ ਨਿਕਲ ਜਾਵੇ ।) 9ਫਿਰ ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਕੀ ਨਾਂ ਹੈ ?” ਉਸ ਨੇ ਉੱਤਰ ਦਿੱਤਾ, “ਲਸ਼ਕਰ, ਕਿਉਂਕਿ ਅਸੀਂ ਬਹੁਤ ਹਾਂ ।” 10ਉਸ ਨੇ ਗਿੜਗਿੜਾ ਕੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜੋ !”
11ਉਸ ਵੇਲੇ ਨੇੜੇ ਹੀ ਪਹਾੜ ਦੀ ਢਲਾਨ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ । 12ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ ।” 13ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ । ਇਸ ਲਈ ਅਸ਼ੁੱਧ ਆਤਮਾਵਾਂ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਇੱਜੜ ਜਿਹੜਾ ਕੋਈ ਦੋ ਹਜ਼ਾਰ ਦੀ ਗਿਣਤੀ ਵਿੱਚ ਸੀ, ਢਲਾਨ ਦੇ ਉੱਤੋਂ ਝੀਲ ਵੱਲ ਨੂੰ ਦੌੜਿਆ ਅਤੇ ਉਸ ਵਿੱਚ ਡੁੱਬ ਕੇ ਮਰ ਗਿਆ ।
14ਇਹ ਦੇਖ ਕੇ ਚਰਵਾਹੇ ਉੱਥੋਂ ਦੌੜੇ ਅਤੇ ਪਿੰਡਾਂ ਅਤੇ ਸ਼ਹਿਰ ਵਿੱਚ ਜਾ ਕੇ ਇਸ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਲੋਕ ਇਹ ਦੇਖਣ ਲਈ ਪਿੰਡਾਂ ਅਤੇ ਸ਼ਹਿਰ ਤੋਂ ਬਾਹਰ ਆਏ । 15ਉਹ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਦਾ ਲਸ਼ਕਰ ਸੀ, ਕੱਪੜੇ ਪਹਿਨੇ ਹੋਏ ਅਤੇ ਹੋਸ਼ ਸੰਭਾਲੇ ਉੱਥੇ ਬੈਠੇ ਦੇਖਿਆ । ਲੋਕ ਬਹੁਤ ਡਰ ਗਏ । 16ਉਹ ਜਿਹਨਾਂ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਸੀ, ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਆਦਮੀ ਜਿਸ ਦੇ ਵਿੱਚ ਅਸ਼ੁੱਧ ਆਤਮਾਵਾਂ ਸਨ ਕਿਸ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਸੂਰਾਂ ਦੇ ਨਾਲ ਕੀ ਵਾਪਰਿਆ । 17ਇਸ ਲਈ ਉਹ ਸਾਰੇ ਲੋਕ ਯਿਸੂ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਸਾਡੇ ਇਲਾਕੇ ਵਿੱਚੋਂ ਚਲੇ ਜਾਓ ।
18ਜਦੋਂ ਯਿਸੂ ਕਿਸ਼ਤੀ ਵਿੱਚ ਚੜ੍ਹ ਰਹੇ ਸਨ ਤਾਂ ਉਹ ਆਦਮੀ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਵੀ ਆਪਣੇ ਨਾਲ ਲੈ ਚੱਲੋ ।” 19ਪਰ ਯਿਸੂ ਨੇ ਉਸ ਨੂੰ ਇਸ ਦੀ ਆਗਿਆ ਨਾ ਦਿੱਤੀ ਸਗੋਂ ਉਸ ਨੂੰ ਕਿਹਾ, “ਤੂੰ ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਤੇਰੇ ਉੱਤੇ ਉਹਨਾਂ ਨੇ ਕਿੰਨੀ ਦਇਆ ਕੀਤੀ ਹੈ ।” 20ਉਹ ਆਦਮੀ ਗਿਆ ਅਤੇ ਉਸ ਇਲਾਕੇ ਦੇ ਦਸਾਂ ਸ਼ਹਿਰਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਉਸ ਦੇ ਲਈ ਕੀ ਕੁਝ ਕੀਤਾ ਹੈ । ਇਹ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ।
ਜੈਰੁਸ ਦੀ ਬੇਟੀ ਅਤੇ ਪ੍ਰਭੂ ਯਿਸੂ ਦਾ ਚੋਗਾ ਛੂਹਣ ਵਾਲੀ ਔਰਤ
21ਜਦੋਂ ਯਿਸੂ ਝੀਲ ਦੇ ਪਾਰ ਪਹੁੰਚੇ ਤਾਂ ਝੀਲ ਦੇ ਕੰਢੇ ਉੱਤੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ । 22ਉੱਥੇ ਇੱਕ ਪ੍ਰਾਰਥਨਾ ਘਰ ਦਾ ਅਧਿਕਾਰੀ ਆਇਆ, ਜਿਸ ਦਾ ਨਾਂ ਜੈਰੁਸ ਸੀ । ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਪੈਰੀਂ ਪੈ ਗਿਆ, 23ਅਤੇ ਬੜੀ ਨਿਮਰਤਾ ਦੇ ਨਾਲ ਉਹਨਾਂ ਦੇ ਅੱਗੇ ਬੇਨਤੀ ਕੀਤੀ, “ਮੇਰੀ ਬੇਟੀ ਮਰਨ ਵਾਲੀ ਹੈ । ਕਿਰਪਾ ਕਰ ਕੇ ਆਓ ਅਤੇ ਆਪਣੇ ਹੱਥ ਉਸ ਦੇ ਉੱਤੇ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ।” 24ਯਿਸੂ ਉਸ ਦੇ ਨਾਲ ਚੱਲ ਪਏ ਅਤੇ ਸਾਰੇ ਲੋਕ ਵੀ ਉਹਨਾਂ ਦੇ ਪਿੱਛੇ ਤੁਰ ਪਏ । ਲੋਕ ਇੰਨੇ ਸਨ ਕਿ ਉਹ ਯਿਸੂ ਉੱਤੇ ਡਿੱਗਦੇ ਪਏ ਸਨ ।
25ਉਹਨਾਂ ਲੋਕਾਂ ਵਿੱਚ ਇੱਕ ਔਰਤ ਸੀ ਜਿਹੜੀ ਬਾਰ੍ਹਾਂ ਸਾਲ ਤੋਂ ਖ਼ੂਨ ਵਹਿਣ ਦੀ ਬਿਮਾਰੀ ਕਾਰਨ ਦੁਖੀ ਸੀ । 26ਉਹ ਬਹੁਤ ਹਕੀਮਾਂ ਕੋਲ ਇਲਾਜ ਲਈ ਜਾ ਚੁੱਕੀ ਸੀ । ਉਸ ਨੇ ਆਪਣਾ ਸਾਰਾ ਧਨ ਇਸ ਬਿਮਾਰੀ ਦੇ ਇਲਾਜ ਉੱਤੇ ਖ਼ਰਚ ਕਰ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ਸਗੋਂ ਉਸ ਦੀ ਬਿਮਾਰੀ ਹੋਰ ਵੱਧ ਗਈ ਸੀ । 27ਉਸ ਨੇ ਯਿਸੂ ਦੇ ਬਾਰੇ ਸੁਣਿਆ ਸੀ ਇਸ ਲਈ ਉਹ ਭੀੜ ਵਿੱਚ ਪਿੱਛੋਂ ਦੀ ਹੋ ਕੇ ਉਹਨਾਂ ਦੇ ਕੋਲ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂਹ ਲਿਆ । 28ਉਸ ਦਾ ਕਹਿਣਾ ਸੀ, “ਮੈਂ ਜੇਕਰ ਉਹਨਾਂ ਦੇ ਚੋਗੇ ਨੂੰ ਹੀ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ,” 29ਇਸ ਲਈ ਯਿਸੂ ਦਾ ਚੋਗਾ ਛੂੰਹਦੇ ਹੀ ਇਕਦਮ ਉਸ ਦਾ ਖ਼ੂਨ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਚੰਗੀ ਹੋ ਗਈ ਹੈ । 30ਉਸੇ ਸਮੇਂ ਯਿਸੂ ਨੇ ਵੀ ਆਪਣੇ ਆਪ ਵਿੱਚ ਮਹਿਸੂਸ ਕੀਤਾ ਕਿ ਉਹਨਾਂ ਵਿੱਚੋਂ ਸਮਰੱਥਾ ਨਿਕਲੀ ਹੈ । ਇਸ ਲਈ ਉਹਨਾਂ ਨੇ ਪਿੱਛੇ ਭੀੜ ਵੱਲ ਮੁੜ ਕੇ ਦੇਖਿਆ ਅਤੇ ਪੁੱਛਿਆ, “ਮੇਰੇ ਚੋਗੇ ਨੂੰ ਕਿਸ ਨੇ ਛੂਹਿਆ ਹੈ ?” 31ਉਹਨਾਂ ਦੇ ਚੇਲਿਆਂ ਨੇ ਉੱਤਰ ਦਿੱਤਾ, “ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਤੁਹਾਡੇ ਉੱਤੇ ਡਿੱਗਦੇ ਪਏ ਹਨ, ਤੁਸੀਂ ਫਿਰ ਵੀ ਪੁੱਛ ਰਹੇ ਹੋ ਕਿ ਮੈਨੂੰ ਕਿਸ ਨੇ ਛੂਹਿਆ ਹੈ ?” 32ਪਰ ਯਿਸੂ ਫਿਰ ਵੀ ਚਾਰੇ ਪਾਸੇ ਦੇਖਦੇ ਰਹੇ ਕਿ ਉਸ ਨੂੰ ਦੇਖਣ ਜਿਸ ਨੇ ਇਹ ਕੰਮ ਕੀਤਾ ਹੈ । 33ਤਦ ਉਹ ਔਰਤ ਇਹ ਜਾਣਦੀ ਹੋਈ ਕਿ ਉਸ ਨਾਲ ਕੀ ਹੋਇਆ ਹੈ, ਡਰਦੀ ਅਤੇ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਸਾਰਾ ਸੱਚ ਉਹਨਾਂ ਨੂੰ ਦੱਸ ਦਿੱਤਾ । 34ਯਿਸੂ ਨੇ ਉਸ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ । ਸ਼ਾਂਤੀ ਨਾਲ ਜਾ ਅਤੇ ਇਸ ਰੋਗ ਤੋਂ ਮੁਕਤੀ ਪਾ ।”
35ਅਜੇ ਯਿਸੂ ਇਹ ਕਹਿ ਹੀ ਰਹੇ ਸਨ ਕਿ ਲੋਕ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਦੱਸਿਆ, “ਤੇਰੀ ਬੇਟੀ ਮਰ ਗਈ ਹੈ, ਹੁਣ ਗੁਰੂ ਜੀ ਨੂੰ ਉੱਥੇ ਜਾਣ ਦੀ ਖੇਚਲ ਨਾ ਦੇ ।” 36ਪਰ ਯਿਸੂ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਜੈਰੁਸ ਨੂੰ ਕਿਹਾ, “ਡਰ ਨਾ, ਕੇਵਲ ਵਿਸ਼ਵਾਸ ਰੱਖ ।” 37ਤਦ ਯਿਸੂ ਨੇ ਪਤਰਸ ਅਤੇ ਦੋਨਾਂ ਭਰਾਵਾਂ, ਯਾਕੂਬ ਅਤੇ ਯੂਹੰਨਾ ਤੋਂ ਸਿਵਾਏ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ । 38ਫਿਰ ਜਦੋਂ ਉਹ ਪ੍ਰਾਰਥਨਾ ਘਰ ਦੇ ਅਧਿਕਾਰੀ ਦੇ ਘਰ ਪਹੁੰਚੇ ਤਾਂ ਯਿਸੂ ਨੇ ਉੱਥੇ ਬਹੁਤ ਵੱਡਾ ਰੌਲਾ ਪੈਂਦਾ ਦੇਖਿਆ । ਲੋਕ ਧਾਹਾਂ ਮਾਰ ਕੇ ਰੋ ਰਹੇ ਅਤੇ ਵੈਣ ਪਾ ਰਹੇ ਸਨ । 39ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਰੌਲਾ ਕਿਉਂ ਪਾ ਰਹੇ ਹੋ ਅਤੇ ਕਿਉਂ ਰੋ ਰਹੇ ਹੋ ? ਲੜਕੀ ਮਰੀ ਨਹੀਂ, ਉਹ ਤਾਂ ਸੁੱਤੀ ਪਈ ਹੈ ।” 40ਪਰ ਲੋਕ ਇਹ ਸੁਣ ਕੇ ਯਿਸੂ ਉੱਤੇ ਹੱਸਣ ਲੱਗੇ । ਇਸ ਲਈ ਯਿਸੂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਤਿੰਨਾਂ ਚੇਲਿਆਂ ਨੂੰ ਨਾਲ ਲੈ ਕੇ ਜਿਸ ਕਮਰੇ ਵਿੱਚ ਲੜਕੀ ਸੀ, ਉੱਥੇ ਗਏ ।
41ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਤਲੀਥਾ ਕੁਮ !” ਜਿਸ ਦਾ ਮਤਲਬ ਹੈ, “ਛੋਟੀ ਬੱਚੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ !” 42ਲੜਕੀ ਉਸੇ ਸਮੇਂ ਉੱਠ ਖੜ੍ਹੀ ਹੋਈ ਅਤੇ ਚੱਲਣ ਲੱਗੀ (ਉਹ ਬਾਰ੍ਹਾਂ ਸਾਲਾਂ ਦੀ ਸੀ) । ਇਹ ਦੇਖ ਕੇ ਜਿੰਨੇ ਲੋਕ ਉੱਥੇ ਸਨ, ਹੱਕੇ-ਬੱਕੇ ਰਹਿ ਗਏ । 43ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾ ਕੀਤਾ ਕਿ ਇਹ ਗੱਲ ਦੂਜਿਆਂ ਨੂੰ ਨਾ ਦੱਸਣ ਅਤੇ ਕਿਹਾ, “ਇਸ ਬੱਚੀ ਨੂੰ ਕੁਝ ਖਾਣ ਲਈ ਦਿਓ ।”

Currently Selected:

ਮਰਕੁਸ 5: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ