የYouVersion አርማ
የፍለጋ አዶ

ਮਰਕੁਸ 4

4
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
1 # ਲੂਕਾ 5:1-3 ਇੱਕ ਵਾਰ ਫਿਰ ਯਿਸੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਉਪਦੇਸ਼ ਦੇਣ ਲੱਗੇ ਤਾਂ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ, ਜਿਸ ਦੇ ਕਾਰਨ ਉਹਨਾਂ ਨੂੰ ਇੱਕ ਕਿਸ਼ਤੀ ਵਿੱਚ ਚੜ੍ਹ ਕੇ ਬੈਠਣਾ ਪਿਆ ਜਿਹੜੀ ਝੀਲ ਦੇ ਵਿੱਚ ਸੀ । ਭੀੜ ਕੰਢੇ ਉੱਤੇ ਹੀ ਬੈਠੀ ਰਹੀ । 2ਯਿਸੂ ਨੇ ਉਹਨਾਂ ਨੂੰ ਕਈ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਸਿਖਾਈਆਂ ਅਤੇ ਉਹਨਾਂ ਨੇ ਭੀੜ ਨੂੰ ਕਿਹਾ, 3“ਸੁਣੋ ! ਇੱਕ ਕਿਸਾਨ ਬੀਜ ਬੀਜਣ ਦੇ ਲਈ ਗਿਆ 4ਜਦੋਂ ਉਹ ਛੱਟਾ ਦੇ ਰਿਹਾ ਸੀ ਤਦ ਕੁਝ ਬੀਜ ਰਾਹ ਦੇ ਕੰਢੇ ਡਿੱਗੇ ਜਿਹੜੇ ਪੰਛੀਆਂ ਨੇ ਆ ਕੇ ਚੁਗ ਲਏ । 5ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ ਜਿੱਥੇ ਬਹੁਤ ਮਿੱਟੀ ਨਹੀਂ ਸੀ ਇਸ ਲਈ ਉਹ ਡੂੰਘੀ ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗ ਪਏ । 6ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਉਸ ਦੇ ਸੇਕ ਨਾਲ ਝੁਲਸ ਕੇ ਸੁੱਕ ਗਏ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ । 7ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਜਿਹੜੇ ਉੱਗ ਤਾਂ ਗਏ ਪਰ ਝਾੜੀਆਂ ਦੇ ਕਾਰਨ ਦੱਬ ਗਏ ਅਤੇ ਫਲ ਨਾ ਲਿਆਏ । 8ਪਰ ਬਾਕੀ ਬੀਜ ਚੰਗੀ ਜ਼ਮੀਨ ਵਿੱਚ ਪਏ ਜਿਹੜੇ ਉੱਗੇ, ਵਧੇ ਅਤੇ ਬਹੁਤ ਫਲ ਲਿਆਏ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਸੌ ਗੁਣਾ ।” 9ਅੰਤ ਵਿੱਚ ਯਿਸੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ ।”
10ਜਦੋਂ ਚੇਲਿਆਂ ਅਤੇ ਉਹਨਾਂ ਦੇ ਸਾਥੀਆਂ ਨੇ ਯਿਸੂ ਨੂੰ ਇਕੱਲੇ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਦ੍ਰਿਸ਼ਟਾਂਤਾਂ ਦੇ ਬਾਰੇ ਪੁੱਛਿਆ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, 11“ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਆਮ ਲੋਕ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਸੁਣਦੇ ਹਨ, 12#ਯਸਾ 6:9-10ਤਾਂ ਜੋ
ਉਹ ਦੇਖਣ ਤਾਂ ਸਹੀ, ਪਰ ਨਾ ਪਛਾਨਣ,
ਉਹ ਸੁਣਨ ਤਾਂ ਸਹੀ, ਪਰ ਨਾ ਸਮਝਣ,
ਕਿਤੇ ਉਹ ਪਰਮੇਸ਼ਰ ਵੱਲ ਮੁੜਣ,
ਅਤੇ ਉਹ ਉਹਨਾਂ ਨੂੰ ਮਾਫ਼ ਕਰਨ ।”
13ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਸੱਚਮੁੱਚ ਇਸ ਦ੍ਰਿਸ਼ਟਾਂਤ ਦਾ ਮਤਲਬ ਨਹੀਂ ਸਮਝੇ ? ਫਿਰ ਤੁਸੀਂ ਬਾਕੀ ਦ੍ਰਿਸ਼ਟਾਂਤਾਂ ਦੇ ਮਤਲਬ ਕਿਸ ਤਰ੍ਹਾਂ ਸਮਝੋਗੇ ? 14ਬੀਜਣ ਵਾਲਾ ਪਰਮੇਸ਼ਰ ਦਾ ਵਚਨ ਬੀਜਦਾ ਹੈ । 15ਰਾਹ ਦੇ ਕੰਢੇ ਡਿੱਗਣ ਵਾਲੇ ਬੀਜ ਉਹ ਲੋਕ ਹਨ ਜਿਹਨਾਂ ਵਿੱਚ ਪਰਮੇਸ਼ਰ ਦਾ ਵਚਨ ਬੀਜਿਆ ਤਾਂ ਜਾਂਦਾ ਹੈ ਪਰ ਉਹਨਾਂ ਦੇ ਸੁਣਦੇ ਸਾਰ ਹੀ ਸ਼ੈਤਾਨ ਆ ਕੇ ਬੀਜੇ ਹੋਏ ਵਚਨ ਨੂੰ ਲੈ ਜਾਂਦਾ ਹੈ । 16ਇਸੇ ਤਰ੍ਹਾਂ ਕੁਝ ਲੋਕ ਪਥਰੀਲੀ ਜ਼ਮੀਨ ਵਰਗੇ ਹਨ ਜਿਹੜੇ ਵਚਨ ਨੂੰ ਬੜੀ ਖ਼ੁਸ਼ੀ ਨਾਲ ਸੁਣਦੇ ਅਤੇ ਉਸ ਨੂੰ ਸਵੀਕਾਰ ਵੀ ਕਰਦੇ ਹਨ । 17ਪਰ ਉਹਨਾਂ ਵਿੱਚ ਇਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ । ਇਸ ਲਈ ਥੋੜ੍ਹੇ ਸਮੇਂ ਲਈ ਉਹ ਉਹਨਾਂ ਦੇ ਦਿਲਾਂ ਵਿੱਚ ਰਹਿੰਦਾ ਹੈ, ਫਿਰ ਜਦੋਂ ਵਚਨ ਦੇ ਕਾਰਨ ਉਹਨਾਂ ਉੱਤੇ ਕੋਈ ਦੁੱਖ ਜਾਂ ਤਕਲੀਫ਼ ਆਉਂਦੀ ਹੈ ਤਾਂ ਉਹ ਵਚਨ ਨੂੰ ਛੱਡ ਦਿੰਦੇ ਹਨ । 18ਕੁਝ ਲੋਕ ਕੰਡਿਆਲੀ ਝਾੜੀਆਂ ਵਾਲੀ ਜ਼ਮੀਨ ਵਰਗੇ ਹਨ ਜਿੱਥੇ ਬੀਜ ਬੀਜਿਆ ਗਿਆ ਸੀ । ਇਹ ਲੋਕ ਵਚਨ ਸੁਣਦੇ ਤਾਂ ਹਨ 19ਪਰ ਇਸ ਦੁਨੀਆਂ ਦੀਆਂ ਚਿੰਤਾਵਾਂ, ਧਨ ਦਾ ਮੋਹ ਅਤੇ ਹੋਰ ਚੀਜ਼ਾਂ ਦਾ ਲੋਭ ਆ ਕੇ ਵਚਨ ਨੂੰ ਦਬਾਅ ਦਿੰਦੇ ਹਨ ਅਤੇ ਉਹ ਫਲ ਨਹੀਂ ਲਿਆਉਂਦੇ । 20ਪਰ ਉਹ ਲੋਕ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਬੀਜਾਂ ਵਰਗੇ ਹਨ ਉਹ ਵਚਨ ਨੂੰ ਸੁਣਦੇ, ਮੰਨਦੇ, ਅਤੇ ਫਲਦਾਰ ਹੁੰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ ।”
ਦੀਵੇ ਦਾ ਦ੍ਰਿਸ਼ਟਾਂਤ
21 # ਮੱਤੀ 5:15, ਲੂਕਾ 11:33 ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਕੀ ਕਦੀ ਕੋਈ ਦੀਵਾ ਇਸ ਲਈ ਅੰਦਰ ਲਿਆਉਂਦਾ ਹੈ ਕਿ ਉਸ ਨੂੰ ਭਾਂਡੇ#4:21 ਯੂਨਾਨੀ ਬੋਲੀ ਵਿੱਚ ‘ਮੋਡਿਆਨ’ ਦਾ ਅਰਥ ਉਸ ਭਾਂਡੇ ਤੋਂ ਹੈ, ਜਿਸ ਵਿੱਚ ਕਵਿੰਟਲ ਅਨਾਜ ਆ ਸਕਦਾ ਸੀ । ਪੁਰਾਣੇ ਜ਼ਮਾਨੇ ਵਿੱਚ ਮਾਪ ਲਈ ਤੱਕੜੀਆਂ ਨਹੀਂ ਹੁੰਦੀਆਂ ਸਨ । ਦੇ ਥੱਲੇ ਜਾਂ ਮੰਜੀ ਦੇ ਥੱਲੇ ਰੱਖੇ ? ਕੀ ਉਸ ਨੂੰ ਸ਼ਮਾਦਾਨ#4:21 ਦੀਵਾ ਰੱਖਣ ਦੀ ਥਾਂ ਦੇ ਉੱਤੇ ਨਹੀਂ ਰੱਖਦੇ ? 22#ਮੱਤੀ 10:26, ਲੂਕਾ 12:2ਕੋਈ ਲੁਕੀ ਚੀਜ਼ ਨਹੀਂ ਹੈ ਜਿਹੜੀ ਚਾਨਣ ਵਿੱਚ ਨਾ ਲਿਆਂਦੀ ਜਾਵੇਗੀ, ਕੋਈ ਭੇਤ ਨਹੀਂ ਜਿਹੜਾ ਖੋਲ੍ਹਿਆ ਨਾ ਜਾਵੇਗਾ । 23ਜਿਸ ਦੇ ਕੋਲ ਕੰਨ ਹਨ, ਉਹ ਸੁਣੇ ।”
ਉੱਗਦੇ ਬੀਜ ਦਾ ਦ੍ਰਿਸ਼ਟਾਂਤ
24 # ਮੱਤੀ 7:2, ਲੂਕਾ 6:38 ਯਿਸੂ ਨੇ ਉਹਨਾਂ ਨੂੰ ਇਹ ਕਿਹਾ, “ਧਿਆਨ ਨਾਲ ਸੁਣੋ, ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ ਸਗੋਂ ਤੁਹਾਨੂੰ ਉਸ ਤੋਂ ਵੱਧ ਦਿੱਤਾ ਜਾਵੇਗਾ । 25#ਮੱਤੀ 13:12,25-29, ਲੂਕਾ 19:26ਜਿਸ ਦੇ ਕੋਲ ਕੁਝ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਕੁਝ ਨਹੀਂ, ਉੁਸ ਕੋਲੋਂ ਥੋੜ੍ਹਾ ਜੋ ਉਸ ਦੇ ਕੋਲ ਹੈ, ਉਹ ਵੀ ਲੈ ਲਿਆ ਜਾਵੇਗਾ ।”
26ਯਿਸੂ ਨੇ ਫਿਰ ਕਿਹਾ, “ਪਰਮੇਸ਼ਰ ਦਾ ਰਾਜ ਇਸ ਤਰ੍ਹਾਂ ਦਾ ਹੈ । ਇੱਕ ਆਦਮੀ ਨੇ ਆਪਣੇ ਖੇਤਾਂ ਵਿੱਚ ਬੀਜ ਬੀਜਿਆ ਅਤੇ 27ਇਸ ਦੇ ਬਾਅਦ ਉਹ ਭਾਵੇਂ ਰਾਤ ਨੂੰ ਸੌਂਦਾ ਸੀ ਅਤੇ ਦਿਨ ਨੂੰ ਜਾਗਦਾ ਸੀ, ਬੀਜ ਉੱਗੇ ਅਤੇ ਵਧੇ । ਇਸ ਬਾਰੇ ਉਹ ਆਦਮੀ ਨਹੀਂ ਜਾਣਦਾ ਸੀ ਕਿ ਇਹ ਕਿਸ ਤਰ੍ਹਾਂ ਹੋਇਆ ਹੈ । 28ਜ਼ਮੀਨ ਆਪਣੇ ਆਪ ਅਨਾਜ ਪੈਦਾ ਕਰਦੀ ਹੈ, ਪਹਿਲਾਂ ਕਰੂੰਬਲਾਂ, ਫਿਰ ਸਿੱਟੇ ਅਤੇ ਅੰਤ ਵਿੱਚ ਦਾਣਿਆਂ ਨਾਲ ਭਰੇ ਹੋਏ ਸਿੱਟੇ । 29#ਯੋਏ 3:13ਫਿਰ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਹ ਕਾਮਿਆਂ ਨੂੰ ਭੇਜ ਕੇ ਵਾਢੀ ਸ਼ੁਰੂ ਕਰਦਾ ਹੈ ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ ।”
ਰਾਈ ਦੇ ਬੀਜ ਦਾ ਦ੍ਰਿਸ਼ਟਾਂਤ
30ਫਿਰ ਯਿਸੂ ਨੇ ਪੁੱਛਿਆ, “ਪਰਮੇਸ਼ਰ ਦੇ ਰਾਜ ਦੀ ਤੁਲਨਾ ਅਸੀਂ ਕਿਸ ਨਾਲ ਕਰੀਏ ? ਅਸੀਂ ਕਿਹੜੇ ਦ੍ਰਿਸ਼ਟਾਂਤ ਦੇ ਰਾਹੀਂ ਇਸ ਦੀ ਵਿਆਖਿਆ ਕਰੀਏ ? 31ਇਹ ਰਾਈ ਦੇ ਬੀਜ ਵਰਗਾ ਹੈ ਜਿਹੜਾ ਸੰਸਾਰ ਦੇ ਸਾਰੇ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ 32ਤਾਂ ਇਹ ਉੱਗ ਕੇ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ । ਇਸ ਦੀਆਂ ਟਹਿਣੀਆਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਅਕਾਸ਼ ਦੇ ਪੰਛੀ ਆ ਕੇ ਉਹਨਾਂ ਉੱਤੇ ਆਲ੍ਹਣੇ ਬਣਾ ਸਕਦੇ ਹਨ ।”
33ਅਜਿਹੇ ਕਈ ਹੋਰ ਦ੍ਰਿਸ਼ਟਾਂਤਾਂ ਦੇ ਰਾਹੀਂ ਯਿਸੂ ਨੇ ਲੋਕਾਂ ਨੂੰ ਉਹਨਾਂ ਦੀ ਸਮਝ ਅਨੁਸਾਰ ਉਪਦੇਸ਼ ਦਿੱਤਾ । 34ਉਹ ਦ੍ਰਿਸ਼ਟਾਂਤਾਂ ਤੋਂ ਬਿਨਾਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਸਨ ਪਰ ਨਿੱਜੀ ਤੌਰ ਤੇ ਆਪਣੇ ਚੇਲਿਆਂ ਨੂੰ ਸਭ ਕੁਝ ਸਮਝਾ ਦਿੰਦੇ ਸਨ ।
ਤੂਫ਼ਾਨ ਨੂੰ ਸ਼ਾਂਤ ਕਰਨਾ
35ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਪਾਰ ਚੱਲੀਏ ।” 36ਇਸ ਲਈ ਚੇਲਿਆਂ ਨੇ ਭੀੜ ਨੂੰ ਛੱਡ ਕੇ ਯਿਸੂ ਨੂੰ ਉਸੇ ਤਰ੍ਹਾਂ, ਜਿਸ ਤਰ੍ਹਾਂ ਉਹ ਸਨ, ਆਪਣੇ ਨਾਲ ਇੱਕ ਕਿਸ਼ਤੀ ਵਿੱਚ ਬਿਠਾ ਲਿਆ । ਉਹਨਾਂ ਦੀ ਕਿਸ਼ਤੀ ਨਾਲ ਹੋਰ ਵੀ ਕਿਸ਼ਤੀਆਂ ਸਨ । 37ਅਚਾਨਕ ਹੀ ਇੱਕ ਤੇਜ਼ ਹਨੇਰੀ ਆਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ ਜਿਸ ਕਾਰਨ ਲਹਿਰਾਂ ਉੱਚੀਆਂ ਉੱਠ ਕੇ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਅਤੇ ਕਿਸ਼ਤੀ ਵਿੱਚ ਪਾਣੀ ਭਰ ਗਿਆ । 38ਪਰ ਯਿਸੂ ਕਿਸ਼ਤੀ ਦੇ ਪਿੱਛਲੇ ਹਿੱਸੇ ਵਿੱਚ ਸਿਰ ਥੱਲੇ ਸਿਰ੍ਹਾਣਾ ਰੱਖ ਕੇ ਸੁੱਤੇ ਪਏ ਸਨ । ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਵਾਲੇ ਹਾਂ ?” 39ਉਹ ਉੱਠੇ ਅਤੇ ਹਨੇਰੀ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਕਿਹਾ, “ਸ਼ਾਂਤ ਹੋ ਜਾਓ ! ਥੰਮ੍ਹ ਜਾਓ ” ਹਨੇਰੀ ਉਸੇ ਸਮੇਂ ਥੰਮ੍ਹ ਗਈ ਅਤੇ ਝੀਲ ਪੂਰੀ ਤਰ੍ਹਾਂ ਸ਼ਾਂਤ ਹੋ ਗਈ । 40ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਕਿਉਂ ਘਬਰਾਏ ਹੋਏ ਹੋ ? ਕੀ ਅਜੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਹੋਇਆ ?” 41ਪਰ ਉਹ ਬਹੁਤ ਹੀ ਡਰ ਗਏ ਸਨ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹਨ ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ !”

Currently Selected:

ਮਰਕੁਸ 4: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ